You’re viewing a text-only version of this website that uses less data. View the main version of the website including all images and videos.
ਕਿੰਗ ਕੋਬਰਾ ਦੀ ਪ੍ਰਜਾਤੀ ਦੇ ਉਹ ਰਹੱਸ ਉਜਾਗਰ ਹੋਏ ਜਿਨ੍ਹਾਂ ਬਾਰੇ ਹੁਣ ਤੱਕ ਕੋਈ ਨਹੀਂ ਜਾਣਦਾ ਸੀ
- ਲੇਖਕ, ਕੇ ਸੁਬਾਗੁਨਮ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਕਿੰਗ ਕੋਬਰਾ ਦਾ ਨਾਮ ਸੁਣਦਿਆਂ ਹੀ ਜ਼ਹਿਨ ਵਿੱਚ ਇਸ ਦੇ ਜਾਨਲੇਵਾ ਜ਼ਹਿਰ ਦਾ ਖ਼ਿਆਲ ਆਉਂਦਾ ਹੈ। ਇਸ ਦੇ ਨਾਲ ਹੀ ਮਨੁੱਖ ਦੀ ਇਸ ਖ਼ੂਬਸੂਰਤੀ ਤੇ ਇਸ ਦੇ ਆਮ ਸੱਪਾਂ ਨਾਲ ਵੱਡੇ ਹੋਣ ਬਾਰੇ ਹੋਰ ਜਾਣਨ ਪ੍ਰਤੀ ਰੁਚੀ ਵੀ ਹਮੇਸ਼ਾ ਹੀ ਰਹੀ ਹੈ।
ਕਿੰਗ ਕੋਬਰਾ ਬਾਰੇ ਮਸ਼ਹੂਰ ਹਰਪੇਟੋਲੋਜਿਸਟ ਡਾਕਟਰ ਗੌਰੀ ਸ਼ੰਕਰ ਨੇ ਇਸ ਬਾਰੇ ਬੇਮਿਸਾਲ ਖੋਜ ਕੀਤੀ ਹੈ।
ਇਸ ਵਿੱਚ ਉਨ੍ਹਾਂ ਨੂੰ ਪਤਾ ਲਗਿਆ ਹੈ ਕਿ ਅਸਲ ਵਿੱਚ ਕਿੰਗ ਕੋਬਰਾ ਦੀਆਂ ਚਾਰ ਵੱਖ-ਵੱਖ ਕਿਸਮਾਂ ਹਨ।
ਹਾਲਾਂਕਿ, ਡਾਕਟਰ ਸ਼ੰਕਰ ਨੂੰ ਕਿੰਗ ਕੋਬਰਾ ਨੂੰ ਇਸ ਖੋਜ ਲਈ ਇੱਕ ਬਹੁਤ ਹੀ ਡਰਾਉਣੇ ਤਜ਼ਰਬੇ ਨੇ ਪ੍ਰੇਰਿਤ ਕੀਤਾ ਸੀ।
ਸਾਲ 2005 'ਚ ਉਨ੍ਹਾਂ ਨੂੰ ਕਿੰਗ ਕੋਬਰਾ ਨੇ ਡੰਗ ਲਿਆ ਸੀ ਜਿਸ ਕਾਰਨ ਉਹ ਮੌਤ ਦੇ ਮੂੰਹ ਵਿੱਚੋਂ ਨਿਕਲੇ।
ਇਸ ਘਟਨਾ ਤੋਂ ਬਾਅਦ ਉਨ੍ਹਾਂ ਅੰਦਰ ਕਿੰਗ ਕੋਬਰਾ ਬਾਰੇ ਜਾਣਨ ਦੀ ਤੀਬਰ ਇੱਛਾ ਨੇ ਜਨਮ ਲਿਆ।
ਇੱਕ ਸਦੀ ਪੁਰਾਣਾ ਰਾਜ਼ ਆਇਆ ਸਾਹਮਣੇ
ਕਿੰਗ ਕੋਬਰਾ ਬਾਰੇ ਸਭ ਤੋਂ ਪਹਿਲਾਂ ਵਿਗਿਆਨੀਆਂ ਨੂੰ 1836 ਵਿੱਚ ਪਤਾ ਲੱਗਿਆ ਸੀ।
ਜਦੋਂ ਡੈਨਮਾਰਕ ਦੇ ਇੱਕ ਖੋਜਕਾਰ ਥੀਓਡੋਰ ਐਡਵਰਡ ਕੈਂਟਰ ਨੇ ਇਸ ਬਾਰੇ ਦੁਨੀਆ ਨੂੰ ਦੱਸਿਆ।
ਹਾਲਾਂਕਿ, ਹਾਲ ਹੀ ਵਿੱਚ ਹੋਈ ਇੱਕ ਵੱਡੀ ਖੋਜ ਤੋਂ ਪਤਾ ਲੱਗਿਆ ਹੈ ਕਿ ਕਿੰਗ ਕੋਬਰਾ ਦੀਆਂ ਇੱਕ ਨਹੀਂ ਸਗੋਂ ਚਾਰ ਵੱਖ-ਵੱਖ ਪ੍ਰਜਾਤੀਆਂ ਹਨ।
ਡਾਕਟਰ ਐੱਸਆਰ ਗਣੇਸ਼ ਦੀ ਅਗਵਾਈ ਵਾਲੀ ਖੋਜ ਟੀਮ ਦੇ ਮੁੱਖ ਮੈਂਬਰ ਡਾਕਟਰ ਗੌਰੀ ਸ਼ੰਕਰ ਨੇ ਦੱਸਿਆ, “ਅਸੀਂ ਕਿੰਗ ਕੋਬਰਾ ਬਾਰੇ ਜ਼ਿਆਦਾ ਨਹੀਂ ਜਾਣਦੇ ਕਿਉਂਕਿ ਅਸੀਂ ਉਨ੍ਹਾਂ ਥਾਵਾਂ ਉੱਤੇ ਖੋਜ ਨਹੀਂ ਕੀਤੀ ਜਿੱਥੇ ਕੁਦਰਤੀ ਤੌਰ ’ਤੇ ਇਹ ਸੱਪ ਰਹਿੰਦੇ ਹਨ।”
“ਪਰ, ਇਹ ਖੋਜ ਭਵਿੱਖ ਦੀ ਖੋਜ ਲਈ ਨਵੇਂ ਰਾਹ ਖੋਲ੍ਹੇਗੀ।”
ਉਹ ਕਹਿੰਦੇ ਹਨ ਕਿ ਕਿੰਗ ਕੋਬਰਾ ਬਾਰੇ ਕਈ ਹੋਰ ਰਹੱਸਾਂ ਦਾ ਖੁਲਾਸਾ ਹੋਣਾ ਬਾਕੀ ਹੈ। ਇਹ ਖੋਜ ਉਨ੍ਹਾਂ ਬਾਰੇ ਹੋਰ ਜਾਣਨ ਦੀ ਸ਼ੁਰੂਆਤ ਹੈ।
ਚਾਰ ਵੱਖ-ਵੱਖ ਪ੍ਰਜਾਤੀਆਂ
ਖੋਜ ਟੀਮ ਨੇ ਕਈ ਇਲਾਕਿਆਂ ਤੋਂ 200 ਤੋਂ ਵੱਧ ਕਿੰਗ ਕੋਬਰਾ ਦੇ ਜੀਨੋਮ (ਡੀਐੱਨਏ) ਦਾ ਅਧਿਐਨ ਕਰਕੇ ਚਾਰ ਪ੍ਰਜਾਤੀਆਂ ਬਾਰੇ ਪਤਾ ਲਾਇਆ ਹੈ।
ਓਫੀਓਫੈਗਸ ਕਲਿੰਗਾ: ਭਾਰਤ ਦੇ ਪੱਛਮੀ ਘਾਟਾਂ ਵਿੱਚ ਪਾਏ ਜਾਣ ਵਾਲੇ ਕੋਬਰਾ।
ਓਫੀਓਫੈਗਸ ਹੈਨਾ: ਪੂਰਬੀ ਪਾਕਿਸਤਾਨ, ਉੱਤਰੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ਵਿੱਚ ਪਾਇਆ ਜਾਂਦਾ ਹੈ।
ਓਫੀਓਫੈਗਸ ਬੰਗਾਰਸ: ਭਾਰਤ ਅਤੇ ਚੀਨ ਦੇ ਕਈ ਇਲਾਕਿਆਂ ਵਿੱਚ ਰਹਿੰਦੇ ਹਨ।
ਓਫੀਓਫੈਗਸ ਸਾਲਵਾਟਾਨਾ: ਇੰਡੋ-ਮਲੇਸ਼ੀਆ ਅਤੇ ਫਿਲੀਪੀਨਜ਼ ਵਿੱਚ ਲੂਜ਼ੋਨ ਟਾਪੂ ਤੱਕ ਪਾਇਆ ਜਾਂਦਾ ਹੈ।
ਐਂਟੀ-ਵੇਨਮ ਮਾਹਰ ਡਾਕਟਰ ਮਨੋਜ ਦਾ ਕਹਿਣਾ ਹੈ ਕਿ ਇਹ ਖੋਜ ਲੰਬੇ ਸਮੇਂ ਤੋਂ ਪ੍ਰਚਲਿਤ ਧਾਰਨਾਵਾਂ ਨੂੰ ਚੁਣੌਤੀ ਦਿੰਦੀ ਹੈ ਅਤੇ ਕਿੰਗ ਕੋਬਰਾ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਦੀ ਹੈ।
ਡਾਕਟਰ ਮਨੋਜ ਵਰਤਮਾਨ ਵਿੱਚ ਆਈਸੀਐਓੱਮਆਰ ਦੇ ਨਾਲ ਰਸੇਲ ਵਾਈਪਰ ਦੇ ਡੰਗਣ ਤੋਂ ਬਚਾਅ ਲਈ ਇੱਕ ਖ਼ਾਸ ਦਵਾਈ ਬਣਾਉਣ ਲਈ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, "ਇਹ ਖੋਜ ਦਰਸਾਉਂਦੀ ਹੈ ਕਿ ਕਿੰਗ ਕੋਬਰਾ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਉਨ੍ਹਾਂ ਬਾਰੇ ਅਧਿਐਨ ਕਰਦੇ ਰਹਿਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਇਸ ਦਿਲਚਸਪ ਪ੍ਰਜਾਤੀ ਬਾਰੇ ਹੋਰ ਜਾਣਕਾਰੀ ਮਿਲ ਸਕੇ।"
ਇੱਕ ਨਵੀਂ ਸਪੀਸੀਜ਼ ਦੀ ਖੋਜ
ਸਦੀਆਂ ਤੋਂ, ਇਹ ਮੰਨਿਆ ਜਾਂਦਾ ਸੀ ਕਿ ਭਾਰਤ ਵਿੱਚ ਕਿੰਗ ਕੋਬਰਾ ਦੀ ਸਿਰਫ਼ ਇੱਕ ਪ੍ਰਜਾਤੀ ਪਾਈ ਜਾਂਦੀ ਹੈ, ਜਿਸਦਾ ਨਾਮ ਓਫੀਓਫੈਗਸ ਹੈਨਾ ਹੈ।
ਹਾਲਾਂਕਿ, ਡਾਕਟਰ ਗੌਰੀ ਸ਼ੰਕਰ ਅਤੇ ਉਨ੍ਹਾਂ ਦੀ ਟੀਮ ਨੇ ਦਸ ਸਾਲਾਂ ਦੀ ਖੋਜ ਤੋਂ ਬਾਅਦ ਪਤਾ ਲਾਇਆ ਹੈ ਕਿ ਇਹ ਕਿੰਗ ਕੋਬਰਾ ਦੀ ਇੱਕ ਖ਼ਾਸ ਪ੍ਰਜਾਤੀ (ਓਫੀਓਫੈਗਸ ਕਲਿੰਗਾ) ਹੈ, ਜੋ ਸਿਰਫ ਪੱਛਮੀ ਘਾਟ ਵਿੱਚ ਪਾਈ ਜਾਂਦੀ ਹੈ।
ਤੁਹਾਨੂੰ ਇਹ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲੇਗੀ।
‘ਕਲਿੰਗਾ’ ਨਾਮ ਕਰਨਾਟਕ ਦੇ ਸਥਾਨਕ ਲੋਕਾਂ ਵੱਲੋਂ ਕਿੰਗ ਕੋਬਰਾ ਲਈ ਵਰਤੇ ਗਏ ਨਾਮ ਤੋਂ ਲਿਆ ਗਿਆ ਹੈ।
ਇਸ ਨਾਂ ਨੂੰ ਰੱਖ ਕੇ ਖੋਜਕਰਤਾਵਾਂ ਨੇ ਸਥਾਨਕ ਸੱਭਿਆਚਾਰ ਅਤੇ ਉੱਥੋਂ ਦੇ ਲੋਕਾਂ ਵੱਲੋ ਸੱਪ ਨੂੰ ਦਿੱਤੀ ਜਾਣ ਵਾਲੀ ਅਹਿਮੀਅਤ ਪ੍ਰਤੀ ਸਤਿਕਾਰ ਦਿਖਾਇਆ ਹੈ।
ਡਾਕਟਰ ਸ਼ੰਕਰ ਕਹਿੰਦੇ ਹਨ, “ਉੱਤਰ ਕੰਨੜ ਵਰਗੇ ਇਲਾਕਿਆਂ ਵਿੱਚ ਰਹਿਣ ਵਾਲੇ ਭਾਈਚਾਰੇ ਕਿੰਗ ਕੋਬਰਾ ਤੋਂ ਨਹੀਂ ਡਰਦੇ। ਉਹ ਉਸਦਾ ਸਤਿਕਾਰ ਕਰਦੇ ਹਨ। ”
“ਇਹ ਇਸ ਲਈ ਹੈ ਕਿਉਂਕਿ ਕਿੰਗ ਕੋਬਰਾ ਜ਼ਹਿਰੀਲੇ ਸੱਪਾਂ ਸਮੇਤ ਹੋਰ ਸੱਪਾਂ ਨੂੰ ਖਾਂਦੇ ਹਨ। ਇਨ੍ਹਾਂ ਹੋਰ ਸੱਪਾਂ ਨੂੰ ਖਾ ਕੇ, ਕਿੰਗ ਕੋਬਰਾ ਲੋਕਾਂ ਲਈ ਇੱਕ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ।"
ਉਹ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਓਫੀਓਫੈਗਸ ਕਲਿੰਗਾ ਦੀ ਖੋਜ ਦਰਸਾਉਂਦੀ ਹੈ ਕਿ ਅਜੇ ਵੀ ਬਹੁਤ ਕੁਝ ਖੋਜਣ ਵਾਲਾ ਬਾਕੀ ਹੈ ਅਤੇ ਇਨ੍ਹਾਂ ਇਲਾਕਿਆਂ ਵੀ ਜਿੱਥੇ ਇਸ ਬਾਰੇ ਚੰਗੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਵੀ ਹੈ।
ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਵਿਗਿਆਨਕ ਖੋਜਾਂ ਅਤੇ ਕੁਦਰਤ ਨੂੰ ਬਚਾਉਣ ਦੇ ਯਤਨਾਂ ਵਿੱਚ ਸਥਾਨਕ ਲੋਕਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਨਾ ਕਿੰਨਾ ਜ਼ਰੂਰੀ ਹੈ।
ਇਸੇ ਤਰ੍ਹਾਂ, ਫ਼ਿਲੀਪੀਨਜ਼ ਦੇ ਲੁਜੋਨ ਟਾਪੂਆਂ ਵਿੱਚ ਪਾਈ ਜਾਣ ਵਾਲੀ ਕਿੰਗ ਕੋਬਰਾ ਪ੍ਰਜਾਤੀ ਦਾ ਨਾਮ ‘ਸਲਵਾਟਾਨਾ’ ਰੱਖਿਆ ਗਿਆ ਸੀ। ਜਿਸ ਦੀ ਵਰਤੋਂ ਉੱਥੋਂ ਦੇ ਸਥਾਨਕ ਲੋਕ ਕਰਦੇ ਹਨ।
ਡਾਕਟਰ ਸ਼ੰਕਰ ਕਹਿੰਦੇ ਹਨ, "ਇਸ ਤੋਂ ਬਾਅਦ, ਦੁਨੀਆ ਭਰ ਦੇ ਲੋਕ ਕਿੰਗ ਕੋਬਰਾ ਲਈ ਸਥਾਨਕ ਲੋਕਾਂ ਵੱਲੋਂ ਵਰਤੇ ਜਾਣ ਵਾਲੇ ਨਾਮ ਤੋਂ ਪਛਾਣਨਗੇ, ਜੋ ਸੱਪਾਂ ਨੂੰ ਬਚਾਉਣ ਦੇ ਨਵੇਂ ਤਰੀਕੇ ਲੱਭਣ ਵਿੱਚ ਮਦਦ ਕਰ ਸਕਦਾ ਹੈ।"
ਸੱਪ ਦੇ ਕੱਟਣ ਦੀ ਰੋਕਥਾਮ ਸਾਹਮਣੇ ਚੁਣੌਤੀਆਂ
ਭਾਰਤ ਵਿੱਚ ਚਾਰ ਬਹੁਤ ਖਤਰਨਾਕ ਸੱਪ ਹਨ, ਜਿਨ੍ਹਾਂ ਨੂੰ ‘ਬਿਗ ਫੋਰ’ ਕਿਹਾ ਜਾਂਦਾ ਹੈ।
ਜਿਨ੍ਹਾਂ ਦੇ ਨਾਮ ਇੰਡੀਅਨ ਕੋਬਰਾ, ਇੰਡੀਅਨ ਕਰੇਟ, ਰਸੇਲ ਵਾਈਪਰ ਅਤੇ ਸਾਅ-ਸਕੇਲਡ ਵਾਈਪਰ ਹਨ।
ਭਾਰਤ ਵਿੱਚ ਸੱਪਾਂ ਦੇ ਕੱਟਣ ਨਾਲ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਲਈ ਇਨ੍ਹਾਂ ਪ੍ਰਜਾਤੀਆਂ ਦੇ ਸੱਪ ਹੀ ਜ਼ਿੰਮੇਵਾਰ ਹਨ।
ਡਾਕਟਰ ਐੱਨਐੱਸ ਮਨੋਜ ਆਈਸੀਐੱਮਆਰ ਦੇ ਵਿਗਿਆਨਿਕ ਅਤੇ ਯੂਨੀਵਰਸਲ ਸਨੇਕਬਾਈਟ ਐਜੂਕੇਸ਼ਨ ਐਂਡ ਰਿਸਰਚ ਇੰਸਟੀਚਿਊਟ ਦੇ ਸੰਸਥਾਪਕ ਹਨ।
ਉਨ੍ਹਾਂ ਮੁਤਾਬਕ ਇਹ ਚਾਰ ਸੱਪ ਦੇਸ਼ ਵਿੱਚ ਸੱਪਾਂ ਦੇ ਡੰਗਣ ਕਾਰਨ ਹੋਣ ਵਾਲੀਆਂ ਮੌਤਾਂ ਵਿੱਚੋਂ 90 ਫ਼ੀਸਦੀ ਮੌਤਾਂ ਦਾ ਕਾਰਨ ਬਣਦੇ ਹਨ।
ਭਾਰਤ ਵਿੱਚ ਸੱਪ ਦੇ ਕੱਟਣ ਦੇ ਇਲਾਜ ਵਿੱਚ ਇੱਕ ਵੱਡੀ ਸਮੱਸਿਆ ਇਹ ਹੈ ਕਿ ਇਸਦੇ ਲਈ ਲੋੜੀਂਦੀਆਂ ਦਵਾਈਆਂ ਉਪਲੱਬਧ ਨਹੀਂ ਹਨ।
ਭਾਰਤ ਵਿੱਚ, ਜ਼ਿਆਦਾਤਰ ਮੌਕਿਆਂ 'ਤੇ ਇੱਕੋ ਤਰ੍ਹਾਂ ਦੀ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੀ ਵਰਤੋਂ ਚਾਰ ਖਤਰਨਾਕ ਸੱਪਾਂ ਦੇ ਕੱਟਣ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਪਰ, ਵੱਖ-ਵੱਖ ਸੱਪਾਂ ਲਈ ਕੋਈ ਵੱਖਰੀ ਖ਼ਾਸ ਦਵਾਈ ਮੌਜੂਦ ਨਹੀਂ ਹੈ।
ਜੇਕਰ ਕਿੰਗ ਕੋਬਰਾ ਦੇ ਕੱਟਣ ਦੀ ਗੱਲ ਕਰੀਏ ਤਾਂ ਸਥਿਤੀ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ।
ਡਾਕਟਰ ਗੌਰੀ ਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਕਿੰਗ ਕੋਬਰਾ ਦੇ ਕੱਟੇ ਦੇ ਪ੍ਰਭਾਵਾਂ ਤੋਂ ਬਚਣ ਲਈ ਕੋਈ ਵਿਸ਼ੇਸ਼ ਦਵਾਈ ਨਹੀਂ ਹੈ।
ਉਨ੍ਹਾਂ ਕੋਲ ਜਿਹੜੀਆਂ ਦਵਾਈਆਂ ਹਨ, ਇੱਤੋਂ ਤੱਕ ਕਿ ਥਾਈਲੈਂਡ ਤੋਂ ਆਉਂਣ ਵਾਲੀਆਂ ਦਵਾਦੀਆਂ ਵੀ, ਅਕਸਰ ਬਹੁਤ ਵਧੀਆ ਕੰਮ ਨਹੀਂ ਕਰਦੀਆਂ।
ਡਾਕਟਰ ਸ਼ੰਕਰ ਨੇ ਕਿੰਗ ਕੋਬਰਾ ਦੇ ਕੱਟਣ ਤੋਂ ਬਾਅਦ ਦੇ ਆਪਣੇ ਇਲਾਜ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਦੱਸਦੇ ਹਨ।
ਉਹ ਕਹਿੰਦੇ ਹਨ, "ਖੁਸ਼ਕਿਸਮਤੀ ਨਾਲ ਕੋਬਰਾ ਦਾ ਡੰਗ ਬਹੁਤ ਖ਼ਤਰਨਾਕ ਨਹੀਂ ਸੀ ਅਤੇ ਮੇਰੇ ਨਰਵਸ ਸਿਸਟਮ ਨੂੰ ਕੋਈ ਨੁਕਸਾਨ ਨਹੀਂ ਹੋਇਆ।"
“ਪਰ ਮੈਂ ਅਜੇ ਵੀ ਬਿਮਾਰ ਮਹਿਸੂਸ ਕਰਦਾ ਹਾਂ। ਸਰੀਰ ਉੱਤੇ ਭਾਰਤ ਅਤੇ ਥਾਈਲੈਂਡ ਦੋਵਾਂ ਤੋਂ ਲਈਆਂ ਗਈਆਂ ਦਵਾਈਆਂ ਦਾ ਕੋਈ ਅਸਰ ਨਹੀਂ ਹੋਇਆ।"
“ਕਿਉਂਕਿ ਦਵਾਈਆਂ ਕੰਮ ਨਹੀਂ ਕਰ ਰਹੀਆਂ ਸਨ, ਡਾਕਟਰਾਂ ਨੇ ਜ਼ਹਿਰ ਨਾਲ ਲੜਨ ਦੀ ਬਜਾਇ ਲੱਛਣਾਂ ਦਾ ਇਲਾਜ ਕਰਨ 'ਤੇ ਧਿਆਨ ਦਿੱਤਾ। ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਡਾਕਟਰਾਂ ਨੇ ਕੋਵਿਡ -19 ਦੇ ਸ਼ੁਰੂਆਤੀ ਦਿਨਾਂ ਵਿੱਚ ਪੀੜਤਾਂ ਦੇ ਲੱਛਣਾਂ ਦਾ ਇਲਾਜ ਕੀਤਾ ਸੀ, ਨਾ ਕਿ ਕੋਵਿਡ ਦਾ। ”
ਡਾਕਟਰ ਸ਼ੰਕਰ ਜ਼ੋਰ ਦਿੰਦੇ ਹਨ, “ਸਾਨੂੰ ਹਰ ਕਿਸਮ ਦੇ ਸੱਪ ਦੇ ਡੰਗਣ ਲਈ ਵਿਸ਼ੇਸ਼ ਦਵਾਈਆਂ ਦੀ ਲੋੜ ਹੁੰਦੀ ਹੈ, ਤਾਂ ਜੋ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਹਾਲਾਂਕਿ, ਕਿੰਗ ਕੋਬਰਾ ਦੇ ਕੱਟਨ ਦੀਆਂ ਘਟਨਾਵਾਂ ਇੰਨੀਆਂ ਆਮ ਨਹੀਂ ਹਨ ਜਿੰਨੀਆਂ 'ਬਿਗ ਫੋਰ' ਸੱਪਾਂ ਦੇ ਕੱਟੇ ਜਾਣ ਦੀਆਂ ਹਨ।
ਡਾਕਟਰ ਗੌਰੀ ਸ਼ੰਕਰ ਦਾ ਮੰਨਣਾ ਹੈ ਕਿ ਫ਼ਿਰ ਵੀ ਕਿੰਗ ਕੋਬਰਾ ਦੇ ਕੱਟਣ ਲਈ ਵਿਸ਼ੇਸ਼ ਦਵਾਈ ਦਾ ਹੋਣਾ ਜ਼ਰੂਰੀ ਹੈ।
ਇਸ ਨਾਲ ਲੋਕ ਕਿੰਗ ਕੋਬਰਾ ਤੋਂ ਘੱਟ ਡਰਣਗੇ ਅਤੇ ਕਿੰਗ ਕੋਬਰਾ ਦੀ ਸੁਰੱਖਿਆ ਵਿੱਚ ਵੀ ਮਦਦ ਕਰਨਗੇ।
ਇਸ ਤੋਂ ਇਲਾਵਾ, ਦੁਨੀਆ ਭਰ ਵਿੱਚ ਕਿੰਗ ਕੋਬਰਾ ਦੀਆਂ ਚਾਰ ਵੱਖ-ਵੱਖ ਕਿਸਮਾਂ ਦੀ ਖੋਜ ਦਰਸਾਉਂਦੀ ਹੈ ਕਿ ਸੱਪ ਦਾ ਜ਼ਹਿਰ ਬਹੁਤ ਗੁੰਝਲਦਾਰ ਹੈ।
ਨਾਲ ਹੀ ਸਾਨੂੰ ਹਰ ਕਿਸਮ ਦੇ ਸੱਪ ਦੇ ਡੰਗਣ ਮੌਕੇ ਮਨੁੱਖ ਜਾਨ ਦੇ ਬਚਾਅ ਲਈ ਦਵਾਈਆਂ ਦੀ ਲੋੜ ਹੁੰਦੀ ਹੈ।
ਖ਼ਾਸ-ਐਂਟੀਵੇਨਮ ਦੀ ਲੋੜ
ਸੱਪ ਦੇ ਜ਼ਹਿਰ ਦੇ ਪ੍ਰਭਾਵਾਂ ਨੂੰ ਖ਼ਤਮ ਕਰਨ ਵਾਲੀਆਂ ਦਵਾਈਆਂ ਬਣਾਉਣਾ ਬਹੁਤ ਗੁੰਝਲਦਾਰ ਅਤੇ ਮਹਿੰਗਾ ਹੈ।
ਵਿਸ਼ਵ ਸਿਹਤ ਸੰਗਠਨ ਸਭ ਤੋਂ ਜ਼ਹਿਰੀਲੇ ਸੱਪਾਂ ਦੇ ਕੱਟਣ ਦੇ ਖ਼ਤਰੇ ਨੂੰ ਖਤਮ ਕਰਨ ਲਈ ਦਵਾਈਆਂ ਵਿਕਸਿਤ ਕਰਨ ਨੂੰ ਤਰਜ਼ੀਹ ਦਿੰਦਾ ਰਿਹਾ ਹੈ।
ਭਾਰਤ ਵਿੱਚ, ‘ਬਿਗ ਫੋਰ ਸੱਪਾਂ’ ਦੇ ਕੱਟਣ ਨਾਲ ਇੱਕ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।
ਪਰ ਇਸ ਦੇ ਮੁਕਾਬਲੇ ਕਿੰਗ ਕੋਬਰਾ ਦੇ ਕੱਟਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਹੈ।
ਡਾਕਟਰ ਮਨੋਜ ਅਤੇ ਡਾਕਟਰ ਗਣੇਸ਼ ਦੇ ਮੁਤਾਬਕ, "ਇਹੀ ਕਾਰਨ ਹੈ ਕਿ ਕਿੰਗ ਕੋਬਰਾ ਦੇ ਜ਼ਹਿਰ ਦੇ ਪ੍ਰਭਾਵਾਂ ਨੂੰ ਖ਼ਤਮ ਕਰਨ ਵਾਲੀਆਂ ਦਵਾਈਆਂ ਬਣਾਉਣਾ ਸਾਡੀ ਤਰਜੀਹ ਨਹੀਂ ਰਹੀ।"
ਹਾਲ ਹੀ ਵਿੱਚ, ਕਿੰਗ ਕੋਬਰਾ ਦੀਆਂ ਕਈ ਕਿਸਮਾਂ ਦੀ ਖੋਜ ਅਤੇ ਖ਼ਾਸ ਕਰਕੇ ਓਫੀਓਫੈਗਸ ਕਲਿੰਗਾ ਦੀ ਖੋਜ ਨੇ ਇੱਕ ਵਿਸ਼ੇਸ਼ ਕਿਸਮ ਦੀ ਦਵਾਈ ਦੀ ਜ਼ਰੂਰਤ ਵੱਲ ਧਿਆਨ ਖਿੱਚਿਆ ਹੈ।
ਡਾਕਟਰ ਸ਼ੰਕਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਭਾਰਤ ਵਿੱਚ ਮੌਜੂਦਾ ਸਮੇਂ ਵਿੱਚ ਉਪਲਬਧ ਪੌਲੀਵੈਲੈਂਟ ਐਂਟੀਵੇਨਮ ਅਤੇ ਥਾਈਲੈਂਡ ਤੋਂ ਆਉਣ ਵਾਲੀ ਮੋਨੋਵੈਲੈਂਟ ਐਂਟੀਵੇਨਮ, ਦੋਵੇਂ ਹੀ ਇਸ ਖ਼ਾਸ ਪ੍ਰਜਾਤੀ ਦੇ ਸੱਪਾਂ ਦੀ ਜ਼ਹਿਰ ਨੂੰ ਖ਼ਤਮ ਕਰਨ ਵਿੱਚ ਮਦਦ ਨਹੀਂ ਕਰ ਸਕਦੇ।
ਇਸ ਸਮੱਸਿਆ ਨੂੰ ਦੂਰ ਕਰਨ ਲਈ, ਉਹ ਓਫੀਓਫੈਗਸ ਕਲਿੰਗਾ ਲਈ ਇੱਕ ਮੋਨੋਵੈਲੈਂਟ ਐਂਟੀ-ਵੇਨਮ ਤਿਆਰ ਕਰਨ ਦੀ ਲੋੜ ਉੱਤੇ ਜ਼ੋਰ ਦਿੰਦੇ ਹਨ।
ਇਸ ਤੋਂ ਇਲਾਵਾ, ਸੱਪਾਂ ਦਾ ਡਰ ਅਤੇ ਉਨ੍ਹਾਂ ਬਾਰੇ ਗ਼ਲਤ ਧਾਰਨਾਵਾਂ ਅਕਸਰ ਉਨ੍ਹਾਂ ਦੇ ਮਾਰੇ ਜਾਣ ਦਾ ਕਾਰਨ ਬਣਦੀਆਂ ਹਨ।
ਡਾਕਟਰ ਸ਼ੰਕਰ ਦਾ ਮੰਨਣਾ ਹੈ ਕਿ ਕਿੰਗ ਕੋਬਰਾ ਸਪੀਸੀਜ਼ ਲਈ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਲੀ ਮੋਨੋਵੇਲੈਂਟ ਐਂਟੀ-ਵੇਨਮ ਬਣਾ ਕੇ, ਉਸ ਡਰ ਨੂੰ ਖਤਮ ਕੀਤਾ ਜਾ ਸਕਦਾ ਹੈ ਅਤੇ ਸੱਪਾਂ ਦੀ ਸੰਭਾਲ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ, "ਇਹ ਸਮਝ ਕੇ ਕਿ ਇਨ੍ਹਾਂ ਸੱਪਾਂ ਤੋਂ ਕੋਈ ਖਤਰਾ ਨਹੀਂ ਹੈ, ਸ਼ਾਇਦ ਲੋਕ ਉਨ੍ਹਾਂ ਜੀਵਾਂ ਦਾ ਸਤਿਕਾਰ ਕਰਨ ਲੱਗ ਜਾਣਗੇ ਅਤੇ ਅਸੀਂ ਅਜਿਹੇ ਭਵਿੱਖ ਲਈ ਕੰਮ ਕਰ ਸਕਦੇ ਹਾਂ ਜਿੱਥੇ ਮਨੁੱਖ ਅਤੇ ਸੱਪ ਦੋਵੇਂ ਸੁਰੱਖਿਅਤ ਰਹਿ ਸਕਣ।"
ਹਾਲਾਂਕਿ, ਡਾਕਟਰ ਮਨੋਜ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਇਸ ਨੂੰ ਬਣਾਉਣ ਦੀ ਲਾਗਤ ਅਤੇ ਇਸ ਨੂੰ ਬਣਾਉਣ ਦੀ ਵਿਧੀ ਨੂੰ ਕਿਵੇਂ ਸਰਲ ਬਣਾਇਆ ਜਾਵੇ ਇਸ ਬਾਰੇ ਵਿਚਾਰ ਕਰਨਾ ਪਵੇਗਾ।
ਇਹ ਕਿੰਗ ਕੋਬਰਾ ਦੀਆਂ ਪ੍ਰਜਾਤੀਆਂ ਸਣੇ ਵੱਖ-ਵੱਖ ਸੱਪਾਂ ਲਈ ਮੋਨੋਵੇਲੈਂਟ ਐਂਟੀ ਵੇਨਮ ਦੇ ਵਿਕਾਸ ਵਿੱਚ ਮਦਦ ਕਰੇਗਾ।
ਕੋਬਰਾ ਅਤੇ ਕਿੰਗ ਕੋਬਰਾ ਵਿੱਚ ਫ਼ਰਕ
ਕੋਬਰਾ ਅਤੇ ਕਿੰਗ ਕੋਬਰਾ ਨੂੰ ਬੋਲਚਾਲ ਦੀ ਭਾਸ਼ਾ ਵਿੱਚ ਅਕਸਰ ਕੋਬਰਾ ਕਿਹਾ ਜਾਂਦਾ ਹੈ।
ਜਦੋਂ ਕਿ ਦੋਵੇਂ ਵੱਖ-ਵੱਖ ਪੀੜ੍ਹੀਆਂ ਤੋਂ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ ਅਤੇ ਵਿਵਹਾਰ ਵਿੱਚ ਫ਼ਰਕ ਹੈ।
ਪ੍ਰਜਾਤੀ
ਕੋਬਰਾ ਨਾਜਾ ਪ੍ਰਜਾਤੀ ਨਾਲ ਸਬੰਧ ਰੱਖਦੇ ਹਨ, ਜਦੋਂ ਕਿ ਕਿੰਗ ਕੋਬਰਾ ਓਫੀਓਫੈਗਸ ਪ੍ਰਜਾਤੀ ਦੇ ਹਨ।
ਕਿੱਥੇ ਰਹਿੰਦੇ ਹਨ
ਕੋਬਰਾ ਅਕਸਰ ਖੇਤਾਂ ਅਤੇ ਸ਼ਹਿਰੀ ਖੇਤਰਾਂ ਤੇ ਇਸ ਦੇ ਨਾਲ-ਨਾਲ ਮਨੁੱਖੀ ਆਬਾਦੀ ਵਾਲੇ ਇਲਾਕਿਆਂ ਵਿੱਚ ਪਾਏ ਜਾਂਦੇ ਹਨ।
ਜਦੋਂ ਕਿ ਕਿੰਗ ਕੋਬਰਾ ਜਿਆਦਾਤਰ ਸੰਘਣੇ ਜੰਗਲਾਂ, ਉਚਾਈ ਵਾਲੇ ਇਲਾਕਿਆਂ ਅਤੇ ਘੱਟ ਆਬਾਦੀ ਵਾਲੇ ਖੇਤਰਾਂ ਵਿੱਚ ਪਾਏ ਜਾਂਦੇ ਹਨ।
ਰੀਪ੍ਰੋਡਕਸ਼ਨ
ਕੋਬਰਾ ਆਪਣੇ ਅੰਡਿਆਂ ਦੀ ਰੱਖਿਆ ਕਰਦਾ ਹੈ, ਪਰ ਉਨ੍ਹਾਂ ਨੂੰ ਆਲ੍ਹਣੇ ਵਿੱਚ ਨਹੀਂ ਰੱਖਦਾ
ਜਦੋਂ ਕਿ ਕਿੰਗ ਕੋਬਰਾ ਇੱਕ ਵਿਲੱਖਣ ਆਲ੍ਹਣਾ ਬਣਾਉਂਦਾ ਹੈ ਅਤੇ ਆਪਣੇ ਅੰਡੇ ਰੱਖ ਕੇ ਇਸਦੀ ਰੱਖਿਆ ਕਰਦਾ ਹੈ।
ਖ਼ੁਰਾਕ
ਕੋਬਰਾ ਮੁੱਖ ਤੌਰ 'ਤੇ ਛੋਟੇ ਜਾਨਵਰਾਂ ਨੂੰ ਖਾਂਦੇ ਹਨ। ਜਿਵੇਂ ਚੂਹਾ, ਗਿਲਹਿਰੀ, ਪੰਛੀ ਅਤੇ ਡੱਡੂ।
ਜਦੋਂ ਕਿ ਕਿੰਗ ਕੋਬਰਾ ਸਿਰਫ ਸੱਪਾਂ ਨੂੰ ਖਾਂਦੇ ਹਨ, ਇਨ੍ਹਾਂ ਵਿੱਚ ਕੋਬਰਾ, ਕਰੇਟ ਅਤੇ ਵਾਈਪਰ ਵਰਗੀਆਂ ਹੋਰ ਜ਼ਹਿਰੀਲੀਆਂ ਕਿਸਮਾਂ ਸਣੇ ਵੱਖ-ਵੱਖ ਕਿਸਮਾਂ ਦੇ ਸੱਪ ਸ਼ਾਮਲ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ