You’re viewing a text-only version of this website that uses less data. View the main version of the website including all images and videos.
ਫ਼ੈਕਟ ਚੈੱਕ : ਚੰਦਰਯਾਨ-3 ਬਾਰੇ ਬੀਬੀਸੀ ਦੇ ਚਾਰ ਸਾਲ ਪੁਰਾਣੇ ਵੀਡੀਓ ਦੀ ਗ਼ਲਤ ਵਰਤੋਂ
ਬੀਬੀਸੀ ਵਰਲਡ ਨਿਊਜ਼ 'ਤੇ ਪ੍ਰਸਾਰਿਤ ਹੋਏ ਚਾਰ ਸਾਲ ਪੁਰਾਣੇ ਵੀਡੀਓ ਨੂੰ ਕੱਟ-ਵੱਢ ਕਰ ਕੇ, ਤਾਜ਼ਾ ਵੀਡੀਓ ਬਣਾਉਂਦੇ ਹੋਏ ਗ਼ਲਤ ਢੰਗ ਨਾਲ ਸਾਂਝਾ ਕੀਤਾ ਗਿਆ ਹੈ।
ਭਾਰਤ ਦੇ ਚੰਦਰਯਾਨ-3 ਉਪਗ੍ਰਹਿ ਨੇ ਬੁੱਧਵਾਰ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਵਿਕਰਮ ਲੈਂਡਰ ਨੂੰ ਉਤਾਰ ਕੇ ਇਤਿਹਾਸ ਰਚ ਦਿੱਤਾ ਹੈ।
ਭਾਰਤੀ ਪੁਲਾੜ ਸੰਸਥਾ 'ਇਸਰੋ' ਦੇ ਇਸ ਮਹੱਤਵਪੂਰਨ ਮਿਸ਼ਨ 'ਤੇ ਦੇਸ਼-ਦੁਨੀਆਂ ਵਿੱਚ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਅਤੇ ਦੁਨੀਆਂ ਭਰ ਦੇ ਮੀਡੀਆ ਨੇ ਵੀ ਇਸ ਨੂੰ ਪਹਿਲ ਦੇ ਆਧਾਰ 'ਤੇ ਕਵਰ ਕੀਤਾ।
ਇਸ ਵਿੱਚ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਅਤੇ ਬੀਬੀਸੀ ਦੇ ਅੰਤਰਰਾਸ਼ਟਰੀ ਪ੍ਰਸਾਰਣ ਵੀ ਸ਼ਾਮਲ ਸਨ।
ਵਿਕਰਮ ਲੈਂਡਰ ਦੇ ਚੰਦਰਮਾ 'ਤੇ ਉਤਰਨ ਤੋਂ ਥੋੜ੍ਹੀ ਹੀ ਦੇਰ ਬਾਅਦ, ਭਾਰਤੀ ਸੋਸ਼ਲ ਮੀਡੀਆ, ਖਾਸ ਤੌਰ 'ਤੇ ਐਕਸ, ਜਿਸ ਨੂੰ ਪਹਿਲਾਂ ਟਵਿੱਟਰ ਕਿਹਾ ਜਾਂਦਾ ਸੀ, ਉਸ 'ਤੇ ਬੀਬੀਸੀ ਦਾ ਸਾਲ 2019 'ਚ ਪ੍ਰਸਾਰਿਤ ਇੱਕ ਵੀਡੀਓ ਤੋੜ-ਮਰੋੜ ਕੇ ਸ਼ੇਅਰ ਕੀਤਾ ਜਾਣ ਲੱਗਾ।
ਦਰਅਸਲ, ਜਿਹੜਾ ਵੀਡੀਓ ਤੋੜ-ਮਰੋੜ ਕੇ ਸ਼ੇਅਰ ਕੀਤਾ ਜਾਣ ਲੱਗਾ, ਉਹ ਬੀਬੀਸੀ ਵਰਲਡ ਟੈਲੀਵਿਜ਼ਨ ਦੇ ਇੱਕ ਪ੍ਰੈਜ਼ੇਂਟਰ ਅਤੇ ਬੀਬੀਸੀ ਦੇ ਇੱਕ ਭਾਰਤੀ ਪੱਤਰਕਾਰ ਵਿਚਕਾਰ ਹੋ ਰਹੀ ਚਰਚਾ ਸੀ, ਜੋ ਕਿ ਸਾਲ 2019 ਵਿੱਚ ਚੰਦਰਯਾਨ-2 ਦੇ ਲਾਂਚ ਤੋਂ ਠੀਕ ਪਹਿਲਾਂ ਹੋ ਰਹੀ ਸੀ।
ਫਿਲਹਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਤੋੜੀ-ਮਰੋੜੀ ਵੀਡੀਓ ਦਾ ਚੰਦਰਯਾਨ-3 ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਉਸ ਵੀਡੀਓ 'ਚ ਸਿਰਫ ਪ੍ਰੈਜ਼ੇਂਟਰ ਦੇ ਸਵਾਲ ਨੂੰ ਹੀ ਰਹਿਣ ਦਿੱਤਾ ਗਿਆ ਹੈ ਜਦਕਿ ਪਹਿਲੇ ਵਾਕ ਤੋਂ ਬਾਅਦ ਜਵਾਬ ਨੂੰ ਕੱਟ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ, ਇਹ ਸਪੱਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਇਹ ਵੀਡੀਓ ਪੁਰਾਣਾ ਹੈ, ਉਸ 'ਤੇ ਬੀਬੀਸੀ ਵਰਲਡ ਨਿਊਜ਼ ਦਾ ਲੋਗੋ ਹੈ, ਅਸਲੀਅਤ ਇਹ ਹੈ ਕਿ ਇਹ ਚੈਨਲ ਹੁਣ ਪ੍ਰਸਾਰਣ ਹੀ ਨਹੀਂ ਕਰਦਾ ਹੈ।
ਵੀਡੀਓ 'ਚ ਸਵਾਲ ਦੇ ਜਵਾਬ 'ਚ ਬੀਬੀਸੀ ਪੱਤਰਕਾਰ ਨੇ ਇਹੀ ਕਿਹਾ ਸੀ ਕਿ ''ਇਕ ਫ਼ੈਕਟ ਇਹ ਵੀ ਹੈ ਕਿ ਭਾਰਤ ਦਾ ਪੁਲਾੜ ਪ੍ਰੋਗਰਾਮ ਖਾਸਾ ਕਿਫ਼ਾਇਤੀ ਰਿਹਾ ਹੈ ਅਮਰੀਕਾ, ਫਰਾਂਸ ਅਤੇ ਰੂਸ ਦੇ ਮੁਕਾਬਲੇ। ਪਰ ਇਸ ਤੋਂ ਵੀ ਜ਼ਰੂਰੀ ਗੱਲ ਇਹ ਹੈ ਕਿ ਇਸ ਨੂੰ ਕਈ ਵਾਰ ਸਫ਼ਲਤਾ ਵੀ ਮਿਲਦੀ ਰਹੀ ਹੈ, ਜਿਸ ਦੀ ਪ੍ਰਸ਼ੰਸਾ ਵੀ ਦੁਨੀਆਂ ਨੇ ਕੀਤੀ ਹੈ।''
ਬਹੁਤ ਸਾਰੇ ਜਾਣੇ-ਪਛਾਣੇ ਲੋਕਾਂ ਨੇ ਇਸ ਗੁੰਮਰਾਹਕੁੰਨ ਟਵੀਟ ਨੂੰ ਸਾਂਝਾ ਕੀਤਾ ਜਾਂ ਉਸ 'ਤੇ ਟਿੱਪਣੀ ਕੀਤੀ, ਇਹ ਜਾਣੇ ਬਗ਼ੈਰ ਕਿ ਇਹ ਇੱਕ ਡੌਕਟਰਡ (ਤੋੜ-ਮਰੋੜ ਕੇ ਪੇਸ਼ ਕੀਤਾ) ਵੀਡੀਓ ਹੈ।
ਬੁੱਧਵਾਰ ਰਾਤ ਨੂੰ ਦੇਸ਼ ਦੇ ਇੱਕ ਪ੍ਰਮੁੱਖ ਟੀਵੀ ਚੈਨਲ 'ਆਜਤਕ' ਦੇ ਟਵਿੱਟਰ ਹੈਂਡਲ ਨੇ ਵੀ ਇਸ ਗ਼ਲਤ ਵੀਡੀਓ ਨੂੰ ਅਧਾਰ ਬਣਾਉਂਦੇ ਹੋਏ ਇੱਕ ਟਵੀਟ ਕੀਤਾ।
ਜਦੋਂ ਇਹ ਗੱਲ ਨਿਊਜ਼ ਚੈਨਲ ਦੇ ਧਿਆਨ 'ਚ ਲਿਆਂਦੀ ਗਈ ਤਾਂ ਉਨ੍ਹਾਂ ਨੇ ਉਸ ਟਵੀਟ ਨੂੰ ਡਿਲੀਟ ਕਰ ਦਿੱਤਾ।
End of ਹੋਰ ਸਬੰਧਿਤ ਖ਼ਬਰਾਂ ਪੜ੍ਹੋ-