ਜੈਸਮਿਨ ਕੌਰ ਦਾ ‘ਜਸਟ ਲੁਕਿੰਗ ਲਾਈਕ ਆ ਵਾਓ’ 2023 ’ਚ ਸੋਸ਼ਲ ਮੀਡੀਆ ’ਤੇ ਪਿਆ ਭਾਰੀ

ਤਸਵੀਰ ਸਰੋਤ, instagram/designmachinesuitslive
- ਲੇਖਕ, ਮੇਰਿਲ ਸੇਬੇਸਟਿਅਨ
- ਰੋਲ, ਬੀਬੀਸੀ ਨਿਊਜ਼, ਕੋਚੀ
- ਪ੍ਰਕਾਸ਼ਿਤ
ਭਾਰਤ ਨੂੰ ਸਾਲ 2023 ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਮਿਲੀਆਂ ਕਾਮਯਾਬੀਆਂ ਨਾਲ ਭਾਰਤੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਪਰ ਦੂਜੇ ਪਾਸੇ ਕੁਝ ਗੱਲਾਂ ਉੱਤੇ ਵਿਵਾਦ ਵੀ ਹੋਇਆ।
ਇਨ੍ਹਾਂ ਪਲਾਂ ਨੇ ਇਸ ਸਾਲ ਭਾਰਤੀਆਂ ਨੂੰ ਇੱਕਜੁੱਟ ਹੋ ਕੇ ਖ਼ੁਸ਼ੀਆਂ ਮਨਾਉਣ ਅਤੇ ਗੁੱਸਾ ਜ਼ਾਹਰ ਕਰਨ ਦਾ ਮੌਕਾ ਦਿੱਤਾ।
ਆਓ ਜਾਣਦੇ ਹਾਂ ਕਿ 2023 ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਕੁਝ ਅਜਿਹੇ ਹੀ ਪਲਾਂ ਬਾਰੇ।
ਜਸਟ ਲੁਕਿੰਗ ਲਾਈਕ ਆ ਵਾਓ!

ਤਸਵੀਰ ਸਰੋਤ, instagram/designmachinesuitslive
ਜੈਸਮਿਨ ਕੌਰ ਦੇ ‘ਜਸਟ ਲੁਕਿੰਗ ਲਾਈਕ ਆ ਵਾਓ!’ ਉਹ ਬੋਲ ਸਨ ਜਿਸ ਨੇ ਸਾਲ ਜਿੱਤ ਲਿਆ।
ਜੈਸਮਿਨ ਕਰੀਬ 20 ਸਾਲ ਤੋਂ ਦਿੱਲੀ ਵਿੱਚ ਕੱਪੜੇ ਦੀ ਦੁਕਾਨ ਚਲਾ ਰਹੇ ਹਨ। ਇਸ ਸਾਲ ਅਕਤੂਬਰ ਵਿੱਚ ਉਹ ਆਪਣੀ ਦੁਕਾਨ ਉੱਤੇ ਮੌਜੂਦ ਸੂਟ ਦੇ ਡਿਜ਼ਾਈਨਾਂ ਅਤੇ ਉਨ੍ਹਾਂ ਬਾਰੇ ਸ਼ਲਾਘਾ ਕਰਦਿਆਂ ਵਾਇਰਲ ਹੋ ਗਏ।
ਉਹ ਆਪਣੀ ਦੁਕਾਨ ਉੱਤੇ ਆਏ ਨਵੇਂ ਡਿਜ਼ਾਈਨਾਂ ਦੇ ਪ੍ਰਮੋਸ਼ਨ ਲਈ ਇੰਸਟਾਗ੍ਰਾਮ ਦਾ ਇਸਤੇਮਾਲ ਕਰਦੇ ਹਨ। ਅਕਸਰ ਉਹ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਨਵੇਂ ਕੱਪੜੇ ਪਹਿਨ ਕੇ ਮੌਡਲਿਗ ਕਰਦੇ ਹਨ।
ਉਹ ਇਹਨਾਂ ਵੀਡੀਓਜ਼ ਵਿੱਚੋਂ ਇੱਕ ’ਚ ਕਹਿੰਦੇ ਹਨ, ‘‘ਸੋ ਬਿਊਟੀਫੁਲ, ਸੋ ਐਲੀਗੈਂਟ, ਜਸਟ ਲੁਕਿੰਗ ਲਾਈਕ ਆ ਵਾਓ!’’ ਇਸ ਤਰ੍ਹਾਂ ਉਨ੍ਹਾਂ ਵੱਲੋਂ ਇੱਕ ਸੂਟ ਬਾਰੇ ਦੱਸਣ ਦਾ ਤਰੀਕਾ ਐਨਾ ਮਸ਼ਹੂਰ ਹੋਇਆ ਕਿ ਇਹ ਉਨ੍ਹਾਂ ਦਾ ਤਕੀਆ ਕਲਾਮ ਬਣ ਗਿਆ।
ਜੈਸਮਿਨ ਦੀ ਆਵਾਜ਼ ਉੱਤੇ ਲਿਪ-ਸਿੰਗ ਕਰਦੇ ਹੋਏ ਬਣਾਈਆਂ ਗਈਆਂ ਲਗਭਗ ਦੋ ਮਿਲੀਅਨ (20 ਲੱਖ) ਇੰਸਟਾਗ੍ਰਾਮ ਰੀਲਜ਼ ਵਿੱਚ ਦੀਪਿਕਾ ਪਾਦੁਕੋਣ ਵਰਗੇ ਬਾਲੀਵੁੱਡ ਕਲਾਕਾਰਾਂ ਤੋਂ ਇਲਾਵਾ ਸੰਗੀਤਕਾਰ ਅਤੇ ਇੱਥੋਂ ਤੱਕ ਕਿ ਸਿਆਸਤਦਾਨ ਵੀ ਸ਼ਾਮਲ ਸਨ।
ਇਸ ਸਫ਼ਲਤਾ ਤੋਂ ਹੈਰਾਨ ਜੈਸਮਿਨ ਨੇ ਕਿਹਾ ਕਿ ਇਹ ਦੱਸਣ ਔਖਾ ਹੈ ਕਿ ਉਹ ਕਿੰਨੇ ਖ਼ੁਸ਼ ਹਨ।
ਅੰਗਰੇਜ਼ੀ ਅਖ਼ਬਾਰ ‘ਹਿੰਦੁਸਤਾਨ ਟਾਈਮਜ਼’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ, ‘‘ਮੈਂ ਤਿੰਨ ਸਾਲ ਤੋਂ ਇੰਸਟਾ ਲਾਈਵ ਕਰ ਰਹੀ ਹਾਂ ਅਤੇ ਅਚਾਨਕ ਮੈਂ ਵਾਇਰਲ ਹੋ ਗਈ। ਹੁਣ ਜਦੋਂ ਪ੍ਰਿਅੰਕਾ ਚੋਪੜਾ ਦੇ ਪਤੀ (ਨਿਕ ਜੋਨਸ) ਨੇ ਵੀ ਇਹ ਕਿਹਾ ਹੈ ਤਾਂ ਮੈਨੂੰ ਵਾਓ ਲਗ ਰਿਹਾ ਹੈ। ਮੇਰੀ ਜ਼ਿੰਦਗੀ ਬਦਲ ਗਈ ਹੈ।’’
ਓਰੀ ਵੀ ਵਾਇਰਲ, ਪਰ ਇਹ ਕੌਣ ਹਨ?

ਤਸਵੀਰ ਸਰੋਤ, Getty Images
ਜੈਸਮਿਨ ਦੀ ਵਾਇਰਲ ਸਫ਼ਲਤਾ ਦੇ ਨਾਲ-ਨਾਲ ਇੱਕ ਸ਼ਖ਼ਸ ਓਰੀ ਦਾ ਨਾਮ ਵੀ ਚਰਚਾ ਵਿੱਚ ਰਿਹਾ। ਪਰ ਆਖ਼ਿਰ ਓਰੀ ਕੌਣ ਹਨ?
ਇਹੀ ਸਵਾਲ ਸੀ ਜਿਸ ਦਾ ਜਵਾਬ ਨਵੰਬਰ ਮਹੀਨੇ ਵਿੱਚ ਹਰ ਕੋਈ ਜਾਣਨਾ ਚਾਹੁੰਦਾ ਸੀ, ਜਦੋਂ ਭਾਰਤ ਦੀਆਂ ਸਭ ਤੋਂ ਵੱਡੀਆਂ ਹਸਤੀਆਂ ਦੇ ਨਾਲ ਇੱਕ ਨੌਜਵਾਨ (ਓਰੀ) ਦੀਆਂ ਤਸਵੀਰਾਂ ਵਾਇਰਲ ਹੋਣ ਲੱਗੀਆਂ।
ਓਰੀ ਨਾਮ ਨਾਲ ਮਸ਼ਹੂਰ ਓਰਹਾਨ ਅਵਤ੍ਰਾਮਣੀ ਨੂੰ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਜਿਵੇਂ ਦੀਪਿਕਾ ਪਾਦੁਕੋਣ ਅਤੇ ਕਰੀਨਾ ਕਪੂਰ ਤੋਂ ਲੈ ਕੇ ਭਾਰਤੀ ਅਰਬਪਤੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਦੇ ਨਾਲ ਦੇਖਿਆ ਗਿਆ ਸੀ।
ਉਨ੍ਹਾਂ ਨੂੰ ਨੀਤਾ ਮੁਕੇਸ਼ ਅੰਬਾਨੀ ਸੱਭਿਆਚਾਰਕ ਕੇਂਦਰ ਦੇ ਉਦਘਾਟਨ ਵਰਗੇ ਪ੍ਰੋਗਰਾਮਾਂ ਵਿੱਚ ਦੇਖਿਆ ਗਿਆ। ਉਨ੍ਹਾਂ ਨੂੰ ਸੁਪਰ ਸਟਾਰ ਸ਼ਾਹਰੁਖ਼ ਖ਼ਾਨ ਦੇ ਘਰ ਪਾਰਟੀ ਕਰਦਿਆਂ ਦੇਖਿਆ ਗਿਆ।
ਪਰ ਉਹ ਐਨੇ ਮਸ਼ਹੂਰ ਕਿਉਂ ਸਨ ਅਤੇ ਉਨ੍ਹਾਂ ਨੇ ਕੀ ਕੀਤਾ? ਕਈ ਖ਼ਬਰਾਂ ਅਤੇ ਲੇਖਾਂ ਵਿੱਚ ਇਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ।
‘ਕੋਸਮੋਪੌਲਿਟਨ ਇੰਡੀਆ’ ਨਾਲ ਇੱਕ ਵਾਇਰਲ ਇੰਟਰਵਿਊ ਵਿੱਚ ਓਰੀ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਕੀ ਕਰਦੇ ਹਨ।
ਉਨ੍ਹਾਂ ਨੇ ਕਿਹਾ, ‘‘ਮੈਂ ਕੰਮ ਕਰ ਰਿਹਾ ਹਾਂ....ਪਰ ਮੈਂ ਖ਼ੁਦ ਉੱਤੇ ਕੰਮ ਕਰ ਰਿਹਾ ਹਾਂ।’’
ਇੱਕ ਹੋਰ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, ‘‘ਮੈਂ ਜੀ ਰਿਹਾ ਹਾਂ, ਮੈਂ ਇੱਕ ਜਿਗਰ ਹਾਂ।’’
ਉਨ੍ਹਾਂ ਦੇ ਜਵਾਬ ਲੋਕਾਂ ਨੂੰ ਹੈਰਾਨ ਕਰਦੇ ਰਹੇ, ਓਰੀ ਨੇ ਆਖ਼ਿਰ ਵਿੱਚ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਜਿਉਣ ਲਈ ਕੀ ਕੀਤਾ।
ਸੁਧਾ ਮੂਰਤੀ ਦਾ ‘ਚਮਚਾ’ ਲਿਆਇਆ ਸੋਸ਼ਲ ਮੀਡੀਆ ’ਤੇ ਤੂਫ਼ਾਨ

ਤਸਵੀਰ ਸਰੋਤ, Getty Images
ਮਸ਼ਹੂਰ ਲੇਖਿਕਾ ਅਤੇ ਪਰਉਪਕਾਰੀ ਸੁਧਾ ਮੂਰਤੀ ਦੇ ਬਿਆਨ ਨਾਲ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਵਿਦੇਸ਼ ਯਾਤਰਾ ਦੌਰਾਨ ਮਾਸਾਹਾਰੀ ਭੋਜਣ ਦੇ ਨਾਲ ਕਿਸੇ ਵੀ ਸੰਪਰਕ ਤੋਂ ਬਚਣ ਲਈ ਆਪਣਾ ਭੋਜਣ ਅਤੇ ਚਮਚਾ ਖ਼ੁਦ ਲੈ ਕੇ ਜਾਂਦੇ ਹਨ।
ਆਂਡਾ ਵੀ ਨਾ ਖਾਣ ਵਾਲੀ ‘ਸ਼ੁੱਧ ਸ਼ਾਕਾਹਾਰੀ’ ਮੂਰਤੀ ਨੇ ਕਿਹਾ, ‘‘ਮੇਰਾ ਸਭ ਤੋਂ ਵੱਡਾ ਡਰ ਇਹ ਹੈ ਕਿ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਪਕਵਾਨਾਂ ਲਈ ਇੱਕ ਹੀ ਚਮਚੇ ਦਾ ਇਸਤੇਮਾਲ ਕੀਤਾ ਗਿਆ ਹੋਵੇਗਾ।’’
ਸੋਸ਼ਲ ਮੀਡੀਆ ਉਨ੍ਹਾਂ ਦੀ ਆਲੋਚਨਾ ਕਰਨ ਵਾਲੇ ਅਤੇ ਉਨ੍ਹਾਂ ਦਾ ਬਚਾਅ ਕਰਨ ਵਾਲੇ ਬਰਾਬਰ ਰੂਪ ਵਿੱਚ ਵੰਡੇ ਹੋਏ ਸਨ।
ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੇ ਕਿਹਾ ਕਿ ਇਹ ਵਿਅਕੀਗਤ ਪਸੰਦ ਦਾ ਮਾਮਲਾ ਹੈ, ਜਦਕਿ ਆਲੋਚਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਭਾਰਤ ਦੀ ਸਖ਼ਤ ਜਾਤੀ ਵਿਵਸਥਾ ਅਤੇ ਉਨ੍ਹਾਂ ਦੀ ਉੱਚੀ ਜਾਤੀ ਦੀ ਬ੍ਰਾਹਮਣਵਾਦੀ ਸੰਵੇਦਨਾਵਾਂ ਵੱਲੋਂ ਨਿਰਧਾਰਿਤ ਪਵਿੱਤਰਤਾਂ ਦੀਆਂ ਧਾਰਨਾਵਾਂ ਵਿੱਚ ਨਿਹਿੱਤ ਸੀ।
ਕੁਝ ਲੋਕਾਂ ਨੇ ਉਨ੍ਹਾਂ ਦੇ ਜਵਾਈ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਪਕੇ ਹੋਏ ਮਾਸ ਨੂੰ ਪਲੇਟ ਵਿੱਚ ਲਿਜਾਂਦੇ ਹੋਏ ਦੀ ਉਨ੍ਹਾਂ ਦੀ ਤਸਵੀਰ ਵੀ ਸ਼ੇਅਰ ਕੀਤੀ।
ਇੱਕ ਨੌਜਵਾਨ ਨੂੰ ਕਿੰਨੇ ਘੰਟੇ ਕੰਮ ਕਰਨਾ ਚਾਹੀਦਾ ਹੈ?

ਤਸਵੀਰ ਸਰੋਤ, Getty Images
ਸੁਧਾ ਮੂਰਤੀ ਦੇ ਬਿਆਨ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੇ ਪਤੀ ਅਤੇ ਭਾਰਤੀ ਸਾਫ਼ਟਵੇਅਰ ਅਰਬਪਤੀ ਐੱਨਆਰ ਨਾਰਾਇਣ ਮੂਰਤੀ ਦੇਸ਼ ਦੀ ਕੰਮ ਕਰਨ ਦੀ ਸੱਭਿਅਤਾ ਉੱਤੇ ਆਪਣੀ ਟਿੱਪਣੀ ਕਾਰਨ ਚਰਚਾ ਵਿੱਚ ਆ ਗਏ।
ਨਾਰਾਇਣ ਮੂਰਤੀ ਨੇ ਇੱਕ ਪੌਡਕਾਸਟ ਉੱਤੇ ਨੌਜਵਾਨ ਭਾਰਤੀਆਂ ਨੂੰ ਹਫ਼ਤੇ ਵਿੱਚ 70 ਘੰਟੇ ਕੰਮ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ, ‘‘ਜਦੋਂ ਤੱਕ ਅਸੀਂ ਆਪਣੀ ਕਾਰਜ ਉਤਪਾਦਕਤਾ ਵਿੱਚ ਸੁਧਾਰ ਨਹੀਂ ਕਰਦੇ...ਅਸੀਂ ਉਨ੍ਹਾਂ ਮੁਲਕਾਂ ਨਾਲ ਮੁਕਾਬਲਾਂ ਨਹੀਂ ਕਰ ਸਕਾਂਗੇ ਜਿਨ੍ਹਾਂ ਨੇ ਜ਼ਬਰਦਸਤ ਤਰੱਕੀ ਕੀਤੀ ਹੈ।’’
ਨਾਰਾਇਣ ਮੂਰਤੀ ਨੂੰ ਹੋਰ ਉਦਯੋਗਪਤੀਆਂ ਦਾ ਸਮਰਥਨ ਮਿਲਿਆ, ਜਿਨ੍ਹਾਂ ਨੇ ਕਿਹਾ ਕਿ ਭਾਰਤ ਵਰਗੀ ਵੱਧਦੀ ਅਰਵਿਵਸਥਾ ਨੂੰ ਇਹੀ ਚਾਹੀਦਾ ਸੀ।
ਪਰ ਸੋਸ਼ਲ ਮੀਡੀਆ ਉੱਤੇ ਕਈ ਲੋਕਾਂ ਨੇ ਕਰਮਚਾਰੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦੀ ਅਣਦੇਖੀ ਕਰਨ ਅਤੇ ਖ਼ਰਾਬ ਕੰਮਕਾਜ ਦੀ ਸੱਭਿਅਤਾ ਨੂੰ ਵਧਾਵਾ ਦੇਣ ਲਈ ਉਨ੍ਹਾਂ ਦੀ ਆਲੋਚਨਾ ਕੀਤੀ।
ਕਈ ਲੋਕਾਂ ਨੇ ਉਨ੍ਹਾਂ ਅਧਿਐਨਾਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਰਤੀਆਂ ਨੇ ਪਹਿਲਾਂ ਤੋਂ ਹੀ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਘੱਟ ਪੈਸੇ ਉੱਤੇ ਬਹੁਤ ਲੰਬੇ ਸਮੇਂ ਤੱਕ ਕੰਮ ਕੀਤਾ ਹੈ।
ਇਹ ਬਹਿਸ ਅਜਿਹੇ ਸਮੇਂ ਵਿੱਚ ਹੋਈ ਜਦੋਂ ਵਿਕਸਿਤ ਦੇਸ਼ ਕੰਮ ਦੇ ਛੋਟੇ ਹਫ਼ਤਿਆਂ ਦਾ ਪ੍ਰਯੋਗ ਕਰ ਰਹੇ ਹਨ।
ਜਦੋਂ ਵੀ ਮੂਰਤੀ ਦੀ ਕੰਪਨੀ ਇੰਫੋਸਿਸ ਦੇ ਸ਼ੇਅਰ ਦੀ ਕੀਮਤ ਡਿੱਗਦੀ ਜਾਂ ਉਨ੍ਹਾਂ ਦੀ ਕੰਪਨੀ ਨੂੰ ਕੋਈ ਨਹੀਂ ਮਿਲਦਾ ਤਾਂ ਸੋਸ਼ਲ ਮੀਡੀਆ ਉੱਤੇ ’70 ਘੰਟੇ’ ਟਿੱਪਣੀ ਦੀ ਵਰਤੋਂ ਮਜ਼ਾਕ ਦੈ ਰੂਪ ਵਿੱਚ ਕੀਤੀ ਜਾਂਦੀ ਹੈ।
ਵਾਇਰਲ ਦਾਦਾ-ਦਾਦੀ
ਸਾਲ 2016 ਵਿੱਚ ਆਈ ਡਿਜ਼ਨੀ ਦੀ ਐਨਿਮੇਟੇਡ ਫ਼ਿਲਮ ‘ਜ਼ੂਟੋਪੀਆ’ ਦੇ ਇੱਕ ਦ੍ਰਿਸ਼ ਨੂੰ ਮੁੜ ਸੁਰਜੀਤ ਕਰਨ ਲਈ ਕੇਰਲ ਦੇ ਰੇਟਨੱਮਾ ਅਤੇ ਤੁਲਸੀਧਰਨ ਵਾਇਰਲ ਹੋ ਗਏ।
ਇਸ ਵੀਡੀਓ ਵਿੱਚ ਇਸ ਬਜ਼ੁਰਗ ਜੋੜੇ ਨੂੰ ਫ਼ਿਲਮ ਦੇ ਦੋ ਮੁੱਖ ਕਿਰਦਾਰਾਂ ਦੇ ਸੇਲਫ਼ੀ ਪੋਜ਼ ਦੀ ਨਕਲ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਵੀਡੀਓ ਨੂੰ ਇੱਕ ਹਫ਼ਤੇ ਅੰਦਰ ਇੰਸਟਾਗ੍ਰਾਮ ਉੱਤੇ ਇੱਕ ਕਰੋੜ ਵਾਰ ਦੇਖਿਆ ਗਿਆ।
ਇਹ ਬਜ਼ੁਰਗ ਜੋੜਾ ਆਪਣੇ ਪੋਤੇ-ਪੋਤੀਆਂ ਦੀ ਮਦਦ ਨਾਲ ‘ਅਚਮਾਸ’ ਦੇ ਨਾਮ ਨਾਲ ਇੰਸਟਾਗ੍ਰਾਮ ਅਕਾਊਂਟ ਚਲਾਉਂਦਾ ਹੈ।
ਉਨ੍ਹਾਂ ਦਾ ਵੀਡੀਓ ਇੱਕ ਹਫ਼ਤੇ ਪਹਿਲਾਂ ਸ਼ੂਟ ਕੀਤਾ ਗਿਆ ਸੀ, ਪਰ ਉਸ ਨੂੰ ਨਵੰਬਰ ਵਿੱਚ ਪੋਸਟ ਕੀਤਾ ਗਿਆ ਜਦੋਂ ਫ਼ਿਲਮ ਦੇ ਸੇਲਫ਼ੀ ਸੀਨ ਨੂੰ ਮੁੜ ਬਣਾਉਣਾ ਇੰਸਟਾਗ੍ਰਾਮ ਰੀਲਜ਼ ਉੱਤੇ ਪੌਪੂਲਰ ਟ੍ਰੇਂਡ ਬਣ ਗਿਆ।
ਰੇਟਨੱਮਾ ਨੇ ‘ਮਲਯਾਲੀ ਮਨੋਰਮਾ’ ਨੂੰ ਦੱਸਿਆ, ‘‘ਇਹ ਪਹਿਲੀ ਵਾਰ ਹੈ ਜਦੋਂ ਅਸੀਂ ਇੱਕ ਜੋੜੇ ਦੇ ਰੂਪ ਵਿੱਚ 10 ਲੱਖ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਰਹੇ ਹਾਂ।’’
ਇਸ ਜੋੜੇ ਦੀ ਮਸ਼ਹੂਰੀ ਘੱਟ ਹੋਣ ਦਾ ਕੋਈ ਸੰਕੇਤ ਨਜ਼ਕ ਨਹੀਂ ਆ ਰਿਹਾ। ਉਨ੍ਹਾਂ ਦੀ ਵੀਡੀਓ ਨੂੰ ਹੁਣ 141 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।
ਆਸਕਰ ਵਿੱਚ ਭਾਰਤੀ ਫ਼ਿਲਮਾਂ

ਤਸਵੀਰ ਸਰੋਤ, RRR
ਖ਼ੁਸ਼ੀ ਦੇ ਦੋ ਪਲ ਸਨ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਇੱਕਜੁੱਟ ਕੀਤਾ। ਇਨ੍ਹਾਂ ਨੇ ਸਾਲ 2023 ਵਿੱਚ ਸੋਸ਼ਲ ਮੀਡੀਆ ਉੱਤੇ ਵੀ ਜਿੱਤ ਦਰਜ ਕੀਤੀ।
ਸਾਲ 2023 ਦੀ ਸ਼ੁਰੂਆਤ ਨਿਰਦੇਸ਼ਕ ਕਾਰਤਿਕੀ ਗੋਂਜ਼ਾਲਵਿਸ ਅਤੇ ਨਿਰਮਾਤਾ ਗੁਨੀਤ ਮੋਂਗਾ ਦੀ ‘ਦਿ ਐਲੀਫ਼ੈਂਟ ਵ੍ਹਿਸਪਰਰਜ਼’ ਦੇ ਲਈ ਆਸਕਰ ਜਿੱਤਣ ਨਾਲ ਹੋਈ। ਇਹ ਅਕਾਦਮੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਦਸਤਾਵੇਜ਼ੀ ਫ਼ਿਲਮ ਹੈ।
ਇਹ ਫ਼ਿਲਮ ਬੋਮਨ ਅਤੇ ਬੇਲੀ ਨਾਮ ਦੇ ਇੱਕ ਭਾਰਤੀ ਜੋੜੇ ਅਤੇ ਇੱਕ ਅਨਾਥ ਹਾਥੀ ਦੇ ਬੱਚੇ ਨਾਲ ਉਨ੍ਹਾਂ ਦੇ ਰਿਸ਼ਤੇ ਦੀ ਕਹਾਣੀ ਦੱਸਦੀ ਹੈ। ਇਸ ਹਾਥੀ ਦੇ ਬੱਚੇ ਦੀ ਉਹ ਦੇਖਭਾਲ ਕਰਦੇ ਹਨ।
ਸਾਲ 2022 ਵਿੱਚ ਰਿਲੀਜ਼ ਹੋਣ ਤੋਂ ਬਾਅਦ ਆਪਣੀ ਅੰਤਰਰਾਸ਼ਟਰੀ ਮਕਬੂਲੀਅਤ ਦੇ ਸਿਖ਼ਰ ਉੱਤੇ ਚੜ੍ਹਦੇ ਹੋਏ, ਤੇਲੁਗੂ ਫ਼ਿਲਮ ‘ਆਰਆਰਆਰ’ ਦੇ ਗਾਣੇ ‘ਨਾਟੂ ਨਾਟੂ’ ਨੇ ਵੀ ਇਤਿਹਾਸ ਰਚ ਦਿੱਤਾ। ਉਹ ਆਸਕਰ ਜਿੱਤਣ ਵਾਲਾ ਪਹਿਲਾ ਭਾਰਤੀ ਫ਼ਿਲਮੀ ਗੀਤ ਬਣ ਗਿਆ।
ਇਸ ਬਲਾਕਬਸਟਰ ਗੀਤ ਨੇ ਆਪਣੀ ਕੈਟੇਗਰੀ ਵਿੱਚ ਲੇਡੀ ਗਾਗਾ ਅਤੇ ਰਿਹਾਨਾ ਵਰਗੇ ਦਿੱਗਜਾਂ ਨੂੰ ਪਛਾੜਿਆ।
ਇਸ ਜੋਸ਼ੀਲੇ ਗਾਣੇ ਦੀ ਕੋਰਿਓਗ੍ਰਾਫ਼ ਕੀਤੀ ਗਈ ਡਾਂਸ ਪਰਫਾਰਮੈਂਸ ਨੂੰ ਸ਼ੋਅ ਵਿੱਚ ਲੋਕਾਂ ਨੇ ਖੜ੍ਹੇ ਹੋ ਕੇ ਸ਼ਲਾਘਾ ਕੀਤੀ।
ਚੰਨ ਉੱਤੇ ਪਹੁੰਚਿਆ ਭਾਰਤ

ਤਸਵੀਰ ਸਰੋਤ, Getty Images
ਇਸ ਤੋਂ ਬਾਅਦ ਅਗਸਤ ਵਿੱਚ ਅਰਬਾਂ ਲੋਕਾਂ ਨੇ ਦੇਖਿਆ ਕਿ ਭਾਰਤ ਦਾ ਚੰਦਰਮਾ ਮਿਸ਼ਨ ਚੰਦਰਯਾਨ-3, ਚੰਨ ਦੇ ਦੱਖਣੀ ਧੁਰੇ ਦੇ ਕੋਲ ਉਤਰਨ ਵਾਲਾ ਪਹਿਲਾ ਮਿਸ਼ਨ ਬਣ ਗਿਆ।
ਚੰਨ ਦੇ ਦੱਖਣੀ ਧੁਰੇ ਉੱਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਨੇ ਭਾਰਤ ਨੂੰ ਅਮਰੀਕਾ, ਪੂਰਬੀ ਸੋਵੀਅਤ ਸੰਘ ਅਤੇ ਚੀਨ ਤੋਂ ਬਾਅਦ ਚੰਨ ਉੱਤੇ ਸੋਫ਼ਟ ਲੈਂਡਿੰਗ ਕਰਨ ਵਾਲਾ ਚੌਥਾ ਦੇਸ਼ ਬਣਾ ਦਿੱਤਾ।
ਇਸਰੋ ਅਤੇ ਦੇਸ਼ ਭਰ ਵਿੱਚ ਇਸ ਪਲ ਦਾ ਜਸ਼ਨ ਮਨਾ ਰਹੇ ਲੋਕਾਂ ਦੇ ਦ੍ਰਿਸ਼ ਸੋਸ਼ਲ ਮੀਡੀਆ ਅਤੇ ਟੀਵੀ ਸਕਰੀਨਾਂ ਉੱਤੇ ਛਾਏ ਰਹੇ।
ਇਸਰੋ ਦੀ ਲੈਂਡਿੰਗ ਦੀ ਲਾਈਵਸਟ੍ਰੀਮ ਨੂੰ ਯੂਟਿਊਬ ਉੱਤੇ ਅੱਠ ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ। ਇਸ ਨੇ ਯੂਟਿਊਬ ਉੱਤੇ ਇੱਕ ਨਵਾਂ ਰਿਕਾਰਡ ਬਣਾਇਆ।












