You’re viewing a text-only version of this website that uses less data. View the main version of the website including all images and videos.
ਗਿੱਦੜਬਾਹਾ ਜ਼ਿਮਨੀ ਚੋਣ: ਮਨਪ੍ਰੀਤ ਬਾਦਲ ਨੂੰ ਕਿਸ ਗੱਲ ਦਾ ਪਛਤਾਵਾ, ਅਮ੍ਰਿਤਾ ਵੜਿੰਗ ਤੇ ਡਿੰਪੀ ਢਿੱਲੋਂ ਦੇ ਕੀ ਹਨ ਵਾਅਦੇ
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿੱਚ ਜ਼ਿਮਨੀ ਚੋਣਾਂ ਲਈ ਸਿਆਸੀ ਅਖਾੜਾ ਭਖਿਆ ਹੋਇਆ ਹੈ।
ਅਜਿਹੇ ਵਿੱਚ ਸਭ ਦੀਆਂ ਨਜ਼ਰਾਂ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਉੱਤੇ ਟਿਕੀਆਂ ਹੋਈਆਂ ਹਨ, ਜਿਸ ਵਿੱਚ ਪੰਜਾਬ ਕਾਂਗਰਸ ਤੋਂ ਅਮ੍ਰਿਤਾ ਵੜਿੰਗ ਆਪਣਾ ਸਿਆਸੀ ਗੜ੍ਹ ਬਚਾਉਣ ਲਈ ਪੂਰੀ ਵਾਹ ਲਾ ਰਹੇ ਹਨ।
ਅਮ੍ਰਿਤਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਹਨ।
ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਇਸ ਹਲਕੇ ਵਿੱਚ ਵਾਪਸੀ ਦੀ ਰਾਹ ਤਲਾਸ਼ ਰਹੇ ਹਨ।
ਆਮ ਆਦਮੀ ਪਾਰਟੀ ਅਤੇ ਇਸਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਇਸ ਹਲਕੇ ਵਿੱਚ ਜਿੱਤ ਦਾ ਖਾਤਾ ਖੋਲ੍ਹਣ ਲਈ ਚੋਣ ਲੜ ਰਹੇ ਹਨ।
ਭਾਵੇਂ ਕਿ ਕਿਸੇ ਸਮੇਂ ਇਹ ਹਲਕਾ ਬਾਦਲ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਦੌਰਾਨ ਉਮੀਦਵਾਰ ਖੜ੍ਹੇ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਹੈ।
ਇਸ ਹਲਕੇ ਦੀ ਖਾਸ ਗੱਲ ਇਹ ਹੈ ਕਿ ਇਸਦੀ ਨੁਮਾਇੰਦਗੀ ਹਮੇਸ਼ਾ ਦਿੱਗਜ਼ ਸਿਆਸਤਦਾਨਾਂ ਨੇ ਹੀ ਕੀਤੀ ਹੈ।
ਇਹਨਾਂ ਸਿਆਸਤਦਾਨਾਂ ਦਾ ਸਿਆਸੀ ਭਵਿੱਖ ਹਮੇਸ਼ਾ ਰੌਸ਼ਨ ਹੀ ਰਿਹਾ ਹੈ।
ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸਿਆਸਤਦਾਨ, ਸੂਬੇ ਦੀ ਸਿਆਸਤ ਵਿੱਚ ਸਭ ਤੋਂ ਉੱਪਰਲੀ ਪੌੜੀ, ਮੁੱਖ ਮੰਤਰੀ ਦੀ ਕੁਰਸੀ ਤੱਕ ਵੀ ਪਹੁੰਚੇ ਅਤੇ ਕੈਬਨਿਟ ਮੰਤਰੀਆਂ ਦੇ ਅਹੁਦਿਆਂ ਉੱਪਰ ਵੀ ਰਹੇ।
ਇਸਦੇ ਬਾਵਜੂਦ ਗਿੱਦੜਬਾਹਾ ਹਲਕੇ ਦੀ ਬਦਕਿਸਮਤੀ ਇਹ ਰਹੀ ਹੈ ਕਿ ਅਜੇ ਵੀ ਇੱਥੇ ਜ਼ਿਮਨੀ ਚੋਣਾਂ ਮੁਢਲੀਆਂ ਸਹੂਲਤਾਂ ਵਾਸਤੇ ਹੀ ਲੜੀਆਂ ਜਾ ਰਹੀਆਂ ਹਨ।
ਇਹਨਾਂ ਮੁਢਲੀਆਂ ਸਹੂਲਤਾਂ ਵਿੱਚ ਟੁੱਟੀਆਂ ਸੜਕਾਂ, ਗਲੀਆਂ-ਨਾਲੀਆਂ, ਖਰਾਬ ਸੀਵਰੇਜ ਸਿਸਟਮ ਅਤੇ ਪੀਣ ਯੋਗ ਪਾਣੀ ਦੀ ਸਪਲਾਈ ਸ਼ਾਮਲ ਹੈ।
ਮਨਪ੍ਰੀਤ ਬਾਦਲ ਕਿਹੜੇ ਮੁੱਦਿਆਂ ਉੱਤੇ ਚੋਣ ਲੜ ਰਹੇ ਹਨ?
ਚੋਣ ਪ੍ਰਚਾਰ ਦੌਰਾਨ ਮਨਪ੍ਰੀਤ ਬਾਦਲ ਗਿੱਦੜਬਾਹਾ ਵਿੱਚ ਬਠਿੰਡਾ-ਸ਼੍ਰੀਗੰਗਾਨਗਰ ਲਾਈਨ ਲਈ ਰੇਲਵੇ ਓਵਰਪਾਸ ਅਤੇ ਅੰਡਰਪਾਸ ਬਣਾਉਣ ਦਾ ਵਾਅਦਾ ਕਰ ਰਹੇ ਹਨ।
ਉਹ ਅਮਰੂਤ 2 ਅਤੇ ਸਵੱਛ ਭਾਰਤ ਸਕੀਮ ਤਹਿਤ ਗਿੱਦੜਬਾਹਾ ਵਿੱਚ ਸੀਵਰੇਜ, ਵਾਟਰ ਸਪਲਾਈ, ਪਾਰਕਾਂ, ਸਟ੍ਰੀਟ ਲਾਈਟਾਂ ਦੀ ਸਹੂਲਤ ਦਾ ਕੰਮ ਮੁਕੰਮਲ ਕਰਨ ਦੀ ਗੱਲ ਵੀ ਆਖ ਰਹੇ ਹਨ।
ਇਸ ਤੋਂ ਇਲਾਵਾ ਉਹ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਬੀਪੀਐਲ ਪਰਿਵਾਰਾਂ ਲਈ 20000 ਘਰਾਂ ਲਈ ਫੰਡ, ਪ੍ਰਧਾਨ ਮੰਤਰੀ ਕੁਸਮ ਸਕੀਮ ਤਹਿਤ ਗਿੱਦੜਬਾਹਾ ਲਈ 15,000 ਸੂਰਜੀ ਊਰਜਾ ਨਾਲ ਚੱਲਣ ਵਾਲੇ ਟਿਊਬਵੈਲ ਕੁਨੈਕਸ਼ਨ, 50 ਪਿੰਡਾਂ ਦੇ ਸਿੰਚਾਈ ਚੈਨਲਾਂ (ਖਾਲ਼ਿਆਂ) ਦੇ ਵਿਕਾਸ ਲਈ ਸੀਏਡੀਏ ਤੋਂ ਸਹਾਇਤਾ ਅਤੇ ਗਿੱਦੜਬਾਹਾ ਪਿੰਡ ਲਈ ਨਵੀਂ ਬੈਂਕ ਸ਼ਾਖਾ ਸਥਾਪਤ ਕਰਨ ਦਾ ਵਾਅਦਾ ਵੀ ਕਰ ਰਹੇ ਹਨ।
ਇਹਨਾਂ ਮੁੱਦਿਆਂ ਅਤੇ ਵਾਅਦਿਆਂ ਬਾਰੇ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਮੁਲਾਕਾਤ ਕੀਤੀ ਸੀ।
'ਆਪ' ਦੇ ਡਿੰਪੀ ਢਿੱਲੋਂ ਦੇ ਮੁੱਦੇ
ਹਰਦੀਪ ਸਿੰਘ ਡਿੰਪੀ ਢਿੱਲੋਂ ਆਪਣੇ ਵਿਰੋਧੀ ਉਮੀਦਵਾਰਾਂ ਦੀ ਹਲਕੇ ਵਿੱਚੋਂ ਗ਼ੈਰ ਹਾਜ਼ਰੀ ਅਤੇ ਹਲਕੇ ਦਾ ਵਿਕਾਸ ਪੱਖੋਂ ਪੱਛੜੇ ਹੋਣ ਦੀ ਗੱਲ ਕਰ ਰਹੇ ਹਨ।
ਉਹ ਹਲਕੇ ਵਿੱਚ ਸੀਵਰੇਜ, ਪੀਣ ਯੋਗ ਪਾਣੀ ਦੀ ਸਮੱਸਿਆ, ਟੁੱਟੀਆਂ ਸੜਕਾਂ ਅਤੇ ਸਿਹਤ ਸਹੂਲਤਾਂ ਦੀ ਘਾਟ ਦੇ ਮੁੱਦਿਆਂ ਨੂੰ ਲੈ ਕੇ ਵੋਟਾਂ ਮੰਗ ਰਹੇ ਹਨ।
ਡਿੰਪੀ ਮੁਤਾਬਕ ਹਲਕੇ ਦਾ ਸੀਵਰੇਜ ਅਤੇ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਸਿਸਟਮ ਪੂਰੀ ਤਰ੍ਹਾਂ ਵਿਗੜਿਆ ਪਿਆ ਹੈ।
ਗਲੀਆਂ ਅਤੇ ਸੜਕਾਂ ਟੁੱਟੀਆਂ ਹੋਈਆਂ ਹਨ। ਸਿਹਤ ਸਹੂਲਤਾਂ ਦੀ ਘਾਟ ਵੀ ਪੂਰੀ ਕਰਨ ਵਾਲੀ ਹੈ ਪਰ ਉਨ੍ਹਾਂ ਦੀ ਤਰਜੀਹ ਸੀਵਰੇਜ ਅਤੇ ਵਾਟਰ ਵਰਕਸ ਦੇ ਸਪਲਾਈ ਸਿਸਟਮ ਵਿੱਚ ਸੁਧਾਰ ਕਰਨਾ ਹੈ।
ਇਸ ਤੋਂ ਇਲਾਵਾ ਉਹ ਗਿੱਦੜਬਾਹੇ ਦੀ ਸਬਜ਼ੀ ਮੰਡੀ ਅਤੇ ਆਨਾਜ਼ ਮੰਡੀ ਦੇ ਵਿਕਾਸ ਕਾਰਜ ਮੁਕੰਮਲ ਕਰਨ ਦੀ ਗੱਲ ਵੀ ਕਰਦੇ ਹਨ।
ਡਿੰਪੀ ਢਿੱਲੋਂ ਆਪਣੇ ਵਿਰੋਧੀਆਂ ਵੱਲੋਂ ਹਲਕੇ ਬਦਲਣ ਕਰਕੇ ਵੀ ਉਨ੍ਹਾਂ ਦੀ ਆਲੋਚਨਾ ਕਰਦੇ ਹਨ।
ਉਹ ਕਹਿੰਦੇ ਹਨ ਮਨਪ੍ਰੀਤ ਬਾਦਲ ਨੂੰ ਗਿੱਦੜਬਾਹੇ ਦੇ ਲੋਕਾਂ ਨੇ 4 ਵਾਰ ਵਿਧਾਇਕ ਬਣਾਇਆ ਪਰ ਉਹ ਗਿੱਦੜਬਾਹੇ ਦੇ ਲੋਕਾਂ ਨੂੰ ਛੱਡ ਕੇ ਬਠਿੰਡੇ ਚਲੇ ਗਏ ਅਤੇ ਹੁਣ ਬਠਿੰਡੇ ਦੇ ਲੋਕਾਂ ਨੂੰ ਛੱਡ ਕੇ ਗਿੱਦੜਬਾਹੇ ਆ ਗਏ।
ਇਸੇ ਤਰ੍ਹਾਂ ਰਾਜਾ ਵੜਿੰਗ ਨੂੰ ਲੋਕਾਂ ਨੇ 3 ਵਾਰ ਵਿਧਾਇਕ ਬਣਾਇਆ ਪਰ ਉਹ ਲੁਧਿਆਣਾ ਚਲੇ ਗਏ।
ਅਮ੍ਰਿਤਾ ਵੜਿੰਗ ਕਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਹਨ ?
ਕਾਂਗਰਸ ਦੀ ਉਮੀਦਵਾਰ ਅਮ੍ਰਿਤਾ ਵੜਿੰਗ ਆਪਣੇ ਪਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਅਤੇ ਹਲਕੇ ਦੀ ਪਹਿਲੀ ਮਹਿਲਾ ਉਮੀਦਵਾਰ ਹੋਣ ਦਾ ਨਾਅਰਾ ਦੇ ਕੇ ਵੋਟਾਂ ਮੰਗ ਰਹੇ ਹਨ।
ਇਸ ਤੋਂ ਇਲਾਵਾ ਉਹ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਨਾ ਕਰਨਾ ਦੀ ਆਲੋਚਨਾ ਵੀ ਕਰ ਰਹੇ ਹਨ।
ਇਸ ਵਿੱਚ ਖਾਸ ਕਰਕੇ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਹਾਲੇ ਤੱਕ ਨਾ ਦੇਣਾ ਵੀ ਸ਼ਾਮਿਲ ਹੈ।
ਅਮ੍ਰਿਤਾ ਵੜਿੰਗ ਕਹਿੰਦੇ ਹਨ ਇਹ ਸ਼ਰਮਨਾਕ ਹੈ ਕਿ ਸੀਵਰੇਜ ਸਿਸਟਮ ਦੀ ਜ਼ਰੂਰੀ ਰੱਖ-ਰਖਾਅ, ਜੋ ਲੋਕਾਂ ਲਈ ਇੱਕ ਬੁਨਿਆਦੀ ਲੋੜ ਹੈ, ਨੂੰ ਪਿਛਲੇ ਕੁਝ ਮਹੀਨਿਆਂ ਵਿੱਚ ਬਹੁਤ ਮਾੜੇ ਢੰਗ ਨਾਲ ਸੰਭਾਲਿਆ ਗਿਆ ਹੈ।
ਸਰਕਾਰ ਗਿੱਦੜਬਾਹਾ ਲਈ ਲੋੜੀਂਦੇ ਫੰਡ ਅਲਾਟ ਕਰਨ ਵਿੱਚ ਅਸਫ਼ਲ ਰਹੀ ਹੈ, ਜਿਸ ਨਾਲ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ ਹੈ।
ਉਹ ਕਹਿੰਦੇ ਹਨ, “ ਮੈਂ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰਾਂਗੀ ਕਿ ਇਹ ਫੰਡ ਜਾਰੀ ਕੀਤੇ ਜਾਣ ਅਤੇ ਗਿੱਦੜਬਾਹਾ ਦੇ ਸੀਵਰੇਜ ਸਿਸਟਮ ਨੂੰ ਉਸ ਮਿਆਰ ਤੱਕ ਅੱਪਗ੍ਰੇਡ ਕੀਤਾ ਜਾਵੇ ਜਿਸ ਦੇ ਅਸੀਂ ਹੱਕਦਾਰ ਹਾਂ।”
ਅੰਮ੍ਰਿਤਾ ਵੜਿੰਗ ਕਹਿੰਦੇ ਹਨ ਕਿ 'ਆਪ' ਨੇ ਆਪਣੀ ਚੋਣ ਮੁਹਿੰਮ ਦੌਰਾਨ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਪੂਰਾ ਨਹੀਂ ਹੋਇਆ ਹੈ। ਇਸ ਵਾਅਦੇ ਨੂੰ ਕਈ ਸਾਲ ਹੋ ਗਏ ਹਨ, ਪਰ ਅਜੇ ਤੱਕ ਪੰਜਾਬ ਦੀਆਂ ਔਰਤਾਂ ਨੇ ਇੱਕ ਰੁਪਿਆ ਵੀ ਨਹੀਂ ਦੇਖਿਆ।
ਇਸ ਤੋਂ ਇਲਾਵਾ ਝੋਨੇ ਦੀ ਖਰੀਦ ਪ੍ਰਬੰਧਾਂ ਉੱਤੇ ਸਵਾਲ ਕਰਦੇ ਹਨ ਅਤੇ ਸਰਕਾਰ ਨੂੰ ਘੇਰਦੇ ਹਨ।
ਮਨਪ੍ਰੀਤ ਦੇ 16, ਰਾਜ ਵੜਿੰਗ ਦੇ 13 ਬਨਾਮ ਡਿੰਪੀ ਦੇ 2 ਸਾਲ
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਕਹਿੰਦੇ ਹਨ ਕਿ ਮਨਪ੍ਰੀਤ ਬਾਦਲ 16 ਸਾਲ ਅਤੇ ਰਾਜਾ ਵੜਿੰਗ 13 ਸਾਲ ਹਲਕੇ ਦੇ ਵਿਧਾਇਕ ਰਹੇ ਪਰ ਹਲਕਾ ਫਿਰ ਵੀ ਪੱਛੜਿਆ ਰਿਹਾ।
ਉਹ ਦਾਅਵਾ ਕਰਦੇ ਹਨ ਕਿ ਜਿੰਨੇ ਕੰਮ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਮਿਲ ਕੇ 29 ਸਾਲਾਂ ਵਿੱਚ ਨਹੀਂ ਕਰ ਸਕੇ, ਉਨ੍ਹਾਂ ਤੋਂ ਵੱਧ ਉਹ 2 ਸਾਲ ਵਿੱਚ ਕਰਨਗੇ।
ਇਹ ਵੀ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਦੇ 2 ਸਾਲ ਇਹਨਾਂ ਦੇ 29 ਸਾਲਾਂ ਉੱਤੇ ਭਾਰੀ ਨਾ ਪਏ ਤਾਂ ਉਹ ਦੋਬਾਰਾ ਲੋਕਾਂ ਵਿੱਚ ਵੋਟਾਂ ਨਹੀਂ ਮੰਗਣਗੇ।
ਉਹ ਕਹਿੰਦੇ ਹਨ, 'ਗਿੱਦੜਬਾਹਾ ਹਲਕੇ ਦੇ ਸਾਬਕਾ ਵਿਧਾਇਕ ਅਮਰਿੰਦਰ ਸਿੰਘ 13 ਸਾਲ ਨੁਮਾਇੰਦਗੀ ਕਰਨ ਦੇ ਬਾਵਜੂਦ ਹਲਕੇ ਦਾ ਵਿਕਾਸ ਨਹੀਂ ਕਰਵਾ ਸਕੇ।'
'2012 ਤੋਂ 2017 ਤੱਕ ਰਾਜਾ ਵੜਿੰਗ ਇਹ ਕਹਿ ਕੇ ਲੋਕਾਂ ਅਤੇ ਹਲਕੇ ਦੇ ਵਿਕਾਸ ਦੇ ਕੰਮ ਟਾਲਦੇ ਰਹੇ ਕਿ ਸੱਤਾ ਵਿੱਚ ਅਕਾਲੀ ਦਲ ਦੀ ਸਰਕਾਰ ਹੈ।'
'2017 ਵਿੱਚ ਕਾਂਗਰਸ ਦੀ ਸਰਕਾਰ ਬਣੀ ਅਤੇ ਰਾਜਾ ਵੜਿੰਗ ਕੈਬਨਿਟ ਮੰਤਰੀ ਵੀ ਰਹੇ। ਪਰ ਬਾਵਜੂਦ ਇਸਦੇ ਉਹ ਹਲਕੇ ਦੇ ਕੰਮ ਨਹੀਂ ਕਰਵਾ ਸਕੇ। 2022 ਵਿੱਚ ਉਹ ਫਿਰ ਵਿਧਾਇਕ ਬਣੇ। ਪਰ ਲੋਕਾਂ ਦੀ ਸਾਰ ਫਿਰ ਵੀ ਨਾ ਲਈ।'
ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਬਾਰੇ ਡਿੰਪੀ ਢਿੱਲੋਂ ਕਹਿੰਦੇ ਹਨ ਕਿ ਉਹ 16 ਸਾਲ ਗਿੱਦੜਬਾਹੇ ਤੋਂ ਵਿਧਾਇਕ ਰਹੇ, 2 ਸਾਲ ਵਿੱਤ ਮੰਤਰੀ ਰਹੇ। ਬਾਵਜੂਦ ਇਸਦੇ ਉਹ ਹਲਕੇ ਦਾ ਕੁੱਝ ਵੀ ਸੰਵਾਰ ਨਹੀਂ ਸਕੇ।
ਮਨਪ੍ਰੀਤ ਬਾਦਲ ਦੀ ਪ੍ਰਕਾਸ਼ ਸਿੰਘ ਬਾਦਲ ਉੱਤੇ ਟੇਕ
ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਗਿੱਦੜਬਾਹਾ ਤੋਂ ਵਿਧਾਇਕ ਚੁਣੇ ਗਏ ਸਨ। ਅੱਜ ਵੀ ਇਸ ਹਲਕੇ ਵਿੱਚ ਉਨ੍ਹਾਂ ਦਾ ਰਸੂਖ ਹੈ। ਇਸ ਲਈ ਮਨਪ੍ਰੀਤ ਸਿੰਘ ਬਾਦਲ ਆਪਣੇ ਚੋਣ ਪ੍ਰਚਾਰ ਦੌਰਾਨ ਹਰ ਜਗ੍ਹਾ ਉਨ੍ਹਾਂ ਦਾ ਜ਼ਿਕਰ ਕਰਦੇ ਹਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਵੀ ਉਨ੍ਹਾਂ ਕਿਹਾ ਸੀ ਕਿ "ਜਦੋਂ ਵਿੱਤ ਮੰਤਰੀ ਰਹਿੰਦਿਆਂ ਉਨ੍ਹਾਂ ਦੇ ਅਕਾਲੀ ਦਲ ਨਾਲ ਮਤਭੇਦ ਪੈਦਾ ਹੋਏ ਸਨ ਤਾਂ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਛੱਡਣਾ ਨਹੀਂ ਚਾਹੀਦਾ ਸੀ।ਸਗੋਂ ਸਿਆਸਤ ਹੀ ਛੱਡ ਦੇਣੀ ਚਾਹੀਦੀ ਸੀ। ਇਸਦਾ ਉਨ੍ਹਾਂ ਨੂੰ ਪਛਤਾਵਾ ਹੈ।"
ਇਸ ਸਭ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਜ਼ਿਮਨੀ ਚੋਣਾਂ ਤੋਂ ਕਿਨਾਰਾ ਕੀਤਾ ਹੋਇਆ ਹੈ।
ਦਿੱਗਜ਼ਾਂ ਦਾ ਹਲਕਾ
ਗਿੱਦੜਬਾਹਾ ਨੂੰ ਸਿਆਸਤ ਦੇ ਦਿੱਗਜ਼ਾਂ ਦਾ ਹਲਕਾ ਮੰਨਿਆ ਜਾਂਦਾ ਹੈ। ਇਸ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸਿਆਸਤਦਾਨ ਪੰਜਾਬ ਦੀ ਸਿਆਸਤ ਦੀਆਂ ਉੱਪਰਲੀਆਂ ਪੌੜੀਆਂ ਚੜ੍ਹੇ।
- ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰ ਇਸ ਹਲਕੇ ਦੀ ਨੁਮਾਇੰਦਗੀ ਕੀਤੀ। ਉਹ 1969, 1972, 1977, 1980 ਅਤੇ 1985 ਵਿੱਚ ਗਿੱਦੜਬਾਹੇ ਤੋਂ ਵਿਧਾਇਕ ਬਣੇ।
- ਕਾਂਗਰਸ ਦੇ ਹਰਚਰਨ ਸਿੰਘ ਬਰਾੜ 1995 ਵਿੱਚ ਪੰਜਾਬ ਦੇ 13ਵੇਂ ਮੁੱਖ ਮੰਤਰੀ ਬਣੇ ਸਨ। ਉਹ 1967 ਵਿੱਚ ਗਿੱਦੜਬਾਹਾ ਤੋਂ ਵਿਧਾਇਕ ਚੁਣੇ ਗਏ ਸਨ।
- ਮਨਪ੍ਰੀਤ ਸਿੰਘ ਬਾਦਲ 1995 ਤੋਂ 2012 ਤੱਕ ਚਾਰ ਵਾਰ ਇੱਥੋਂ ਵਿਧਾਇਕ ਬਣੇ। ਉਹ ਦੋ ਵਾਰ ਪੰਜਾਬ ਦੇ ਵਿੱਤ ਮੰਤਰੀ ਰਹੇ।
- ਅਮਰਿੰਦਰ ਸਿੰਘ ਰਾਜਾ ਵੜਿੰਗ 2012 ਤੋਂ ਮਗਰੋਂ 3 ਵਾਰ ਵਿਧਾਇਕ ਚੁਣੇ ਗਏ ਅਤੇ ਫਿਰ ਉਹ ਪੰਜਾਬ ਦਾ ਟਰਾਂਸਪੋਰਟ ਮੰਤਰੀ ਅਤੇ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ।
ਪੰਜਾਬ ਦੇ ਚਾਰ ਹਲਕਿਆਂ 'ਚ ਹੋ ਰਹੀਆਂ ਜ਼ਿਮਨੀ ਚੋਣਾਂ
ਪੰਜਾਬ ਵਿੱਚ ਬਰਨਾਲਾ, ਗਿੱਦੜਬਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ।
ਇਹਨਾਂ ਚਾਰੇ ਸੀਟਾਂ ਉੱਤੇ ਜ਼ਿਮਨੀ ਚੋਣ ਲਈ ਵੋਟਾਂ 20 ਨਵੰਬਰ 2024 ਨੂੰ ਪੈਣੀਆਂ ਹਨ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣੇ ਹਨ।
ਕਾਂਗਰਸ ਨੇ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ, ਚੱਬੇਵਾਲ ਤੋਂ ਰਣਜੀਤ ਕੁਮਾਰ, ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਅਤੇ ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ।
ਆਮ ਆਦਮੀ ਪਾਰਟੀ ਨੇ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ, ਚੱਬੇਵਾਲ ਤੋਂ ਇਸ਼ਾਨ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਭਾਜਪਾ ਨੇ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ, ਬਰਨਾਲਾ ਤੋਂ ਕੇਵਲ ਢਿੱਲੋਂ ਤੇ ਡੇਰਾ ਬਾਬਾ ਨਾਨਕ ਤੋਂ ਰਵੀ ਕਰਨ ਕਾਹਲੋਂ ਨੂੰ ਉਮੀਦਵਾਰ ਐਲਾਨਿਆ ਹੈ। ਚੌਥੀ ਸੀਟ ਲਈ ਉਮੀਦਵਾਰ ਦਾ ਐਲਾਨ ਅਜੇ ਬਾਕੀ ਹੈ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਤੋਂ ਚੁਣੇ ਹੋਏ ਵਿਧਾਇਕ ਮੀਤ ਹੇਅਰ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਰਾਜ ਕੁਮਾਰ ਚੱਬੇਵਾਲ ਐੱਮਪੀ ਬਣੇ ਗਏ ਸਨ।
ਇਸ ਲਈ ਇਹ ਸੀਟਾਂ ਖਾਲ੍ਹੀ ਹੋ ਗਈਆਂ ਸਨ ਜਿਸ ਤੋਂ ਬਾਅਦ ਹੁਣ ਇਹਨਾਂ ਸੀਟਾਂ ਉੱਤੇ ਚੋਣ ਕਰਵਾਈ ਜਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ