ਅਮਰੀਕਾ ਦੇ ਹਾਊਸ ਆਫ਼ ਰਿਪਰਜ਼ੈਨਟੇਟਿਵਜ਼ ’ਚ ਪਹਿਲੀ ਵਾਰ ਅਰਦਾਸ, ਗ੍ਰੰਥੀ ਨੇ ਇਤਿਹਾਸਕ ਪਲਾਂ ਬਾਰੇ ਕੀ ਕਿਹਾ

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

“ਯੂਐੱਸ ਹਾਊਸ ਦੇ ਸੈਸ਼ਨ ਵਿੱਚ ਅਰਦਾਸ ਕਰਨ ਨਾਲ ਪੂਰੇ ਅਮਰੀਕਾ ਵਿੱਚ ਇਹ ਗੱਲ ਪਹੁੰਚੀ ਹੈ ਕਿ ਸਿੱਖਾਂ ਦੀ ਇੱਕ ਵੱਖਰੀ ਪਛਾਣ ਹੈ। ਇਸ ਤੋਂ ਪਹਿਲਾਂ ਕਈ ਵਾਰ ਤਾਲਿਬਾਨ ਕਾਰਨ ਪੈਦਾ ਹੋਏ ਭਰਮ ਕਰਕੇ ਪਿਛਲੇ ਸਾਲਾਂ ਵਿੱਚ ਕੁਝ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ।”

ਯੂਐੱਸ ਹਾਊਸ ਆਫ਼ ਰਿਪਰਜ਼ੈਨਟੇਟਿਵਜ਼ ਵਿੱਚ ਪਹਿਲੀ ਵਾਰ ‘ਇਤਿਹਾਸਿਕ’ ਮੌਕੇ ਅਰਦਾਸ ਕਰਨ ਵਾਲੇ ਗਿਆਨੀ ਜਸਵਿੰਦਰ ਸਿੰਘ ਨੇ ਇਹ ਗੱਲ ਬੀਬੀਸੀ ਨਾਲ ਗੱਲਬਾਤ ਵਿੱਚ ਕੀਤੀ।

ਸ਼ੁੱਕਰਵਾਰ ਨੂੰ ਗਿਆਨੀ ਜਸਵਿੰਦਰ ਸਿੰਘ ਦੇ ਅਰਦਾਸ ਕਰਨ ਨਾਲ ਯੂਐੱਸ ਹਾਊਸ ਆਫ਼ ਰਿਪਰਜ਼ੈਨਟੇਟਿਵਜ਼ ਦਾ ਸੈਸ਼ਨ ਸ਼ੁਰੂ ਹੋਇਆ ਸੀ।

ਇਸ ਤੋਂ ਪਹਿਲਾਂ ਹੁਣ ਤੱਕ ਦੇ ਇਤਿਹਾਸ ਵਿੱਚ ਇਸਾਈ ਪਾਦਰੀ ਹੀ ਸੈਸ਼ਨ ਸ਼ੁਰੂ ਹੋਣ ’ਤੇ ਪ੍ਰਾਰਥਨਾ ਕਰਦੇ ਸੀ।

ਲੇਬਰ ਪਾਰਟੀ ਦੇ ਆਗੂ ਅਤੇ ਨਿਊ ਜਰਸੀ ਦੇ ਕਾਂਗਰੇਸ਼ਨਲ ਡੋਨਾਲਡ ਨੌਰਕਰੌਸ ਨੇ ਗਿਆਨੀ ਜਸਵਿੰਦਰ ਸਿੰਘ ਦੇ ਅਰਦਾਸ ਕਰਨ ਨੂੰ ਮਾਣ ਵਾਲੀ ਗੱਲ ਕਿਹਾ ਹੈ।

ਉਨ੍ਹਾਂ ਇਸ ਅਰਦਾਸ ਨੂੰ ਇਤਿਹਾਸਕ ਘੜੀ ਵੀ ਕਰਾਰ ਦਿੱਤਾ।

ਹਾਊਸ ’ਚ ਅਰਦਾਸ ਦੇ ਪਲਾਂ ਬਾਰੇ ਜਸਵਿੰਦਰ ਸਿੰਘ ਨੇ ਕੀ ਕਿਹਾ?

ਗਿਆਨੀ ਜਸਵਿੰਦਰ ਸਿੰਘ ਨਿਊ ਜਰਸੀ ਦੇ ਪਾਇਨ ਹਿੱਲ ਗੁਰਦੁਆਰਾ ਸਾਹਿਬ ਵਿੱਚ ਮੁੱਖ ਗ੍ਰੰਥੀ ਹਨ।

ਹਾਊਸ ਵਿੱਚ ਅਰਦਾਸ ਕਰਨ ਦੇ ਤਜ਼ਰਬੇ ਬਾਰੇ ਉਨ੍ਹਾਂ ਕਿਹਾ, “ਇਹ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪਾਦਰੀ ਤੋਂ ਬਿਨਾਂ ਕਿਸੇ ਹੋਰ ਧਰਮ ਦੇ ਵਿਅਕਤੀ ਨੇ ਅਰਦਾਸ ਕੀਤੀ ਹੋਵੇ। ਇਹ ਸਿੱਖਾਂ ਲਈ ਵੱਡੀ ਪ੍ਰਾਪਤੀ ਹੈ। ਇਸ ਤੋਂ ਪਹਿਲਾਂ ਸੈਸ਼ਨ ਪਾਦਰੀ ਦੀ ਪ੍ਰਾਰਥਨਾ ਨਾਲ ਹੀ ਸ਼ੁਰੂ ਹੁੰਦੇ ਆਏ ਹਨ।”

ਗਿਆਨੀ ਜਸਵਿੰਦਰ ਸਿੰਘ ਦੱਸਦੇ ਹਨ, “ਯੂਐੱਸ ਹਾਊਸ ਆਫ਼ ਰਿਪਰਜ਼ੈਨਟੇਟਿਵਜ਼ ਬਹੁਤ ਮਹੱਤਵਪੂਰਨ ਥਾਂ ਹੈ। ਇੱਥੇ ਅਮਰੀਕਾ ਦੇ ਰਾਸ਼ਟਰਪਤੀ, ਸਪੀਕਰ ਅਤੇ ਐੱਮਪੀ ਹੁੰਦੇ ਹਨ। ਉਸ ਦਿਨ ਰਾਸ਼ਟਰਪਤੀ ਮੌਜੂਦ ਨਹੀਂ ਸਨ ਪਰ ਅਸੀਂ ਅਰਦਾਸ ਰਾਸ਼ਟਰਪਤੀ ਵਾਲੀ ਥਾਂ ਕੋਲ ਹੀ ਕੀਤੀ ਸੀ।”

ਅੰਮ੍ਰਿਤਧਾਰੀ ਸਿੱਖਾਂ ਦੇ ਪੰਜ ਕਕਾਰ ਹਨ ਜਿਨ੍ਹਾਂ ਵਿੱਚ ਕਿਰਪਾਨ, ਕੜਾ, ਕਛਹਿਰਾ, ਕੇਸ ਅਤੇ ਕੰਘਾ ਹਨ। ਇਹਨਾਂ ਵਿੱਚੋਂ ਕਿਰਪਾਨ ਤੇ ਕੜਾ ਪਾਉਣ ਬਾਰੇ ਕੁਝ ਥਾਵਾਂ ਅਤੇ ਦੇਸ਼ਾਂ ਵਿੱਚ ਇਤਰਾਜ਼ ਕੀਤਾ ਜਾਂਦਾ ਹੈ।

ਪਰ ਜਸਵਿੰਦਰ ਸਿੰਘ ਕਹਿੰਦੇ ਹਨ ਕਿ ਉਹ ਯੂਐੱਸ ਹਾਊਸ ਵਿੱਚ ਪੂਰੇ ਸਿੱਖੀ ਸਰੂਪ ਵਿੱਚ ਗਏ ਸਨ ਜਿੱਥੇ ਉਹਨਾਂ ਦੇ ਕਿਰਪਾਨ ਲਿਜਾਣ ਉਪਰ ਕੋਈ ਰੋਕ ਨਹੀਂ ਸੀ।

ਜਸਵਿੰਦਰ ਸਿੰਘ ਦੱਸਦੇ ਹਨ, “ਮੈਂ ਆਪਣੀ ਕਿਰਪਾਨ ਨਾਲ ਲੈ ਕੇ ਗਿਆ ਸੀ। ਮੇਰਾ ਸਿੱਖੀ ਪਹਿਵਾਰਾ ਵੀ ਉੱਥੇ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਲੋਕ ਮੇਰੇ ਨਾਲ ਫੋਟੋਆਂ ਖਿਚਵਾ ਰਹੇ ਸਨ। ਇਹਨਾਂ ਵਿੱਚ ਹਰ ਮੂਲ ਦੇ ਲੋਕ ਯਾਨੀ ਗੋਰੇ ਤੇ ਅਫ਼ਰੀਕੀ ਮੂਲ ਦੇ ਐੱਮਪੀ ਵੀ ਸ਼ਾਮਿਲ ਸਨ। ਇਹ ਸਿੱਖਾਂ ਲਈ ਬੜੇ ਮਾਣ ਵਾਲੀ ਗੱਲ ਹੈ।”

'ਸਿੱਖ ਧਰਮ ਦਾ ਸੁਨੇਹਾ'

ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੁਲਾਰੇ ਹਰਜਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ, “ਅਸੀਂ ਇਸ ਕਾਂਗਰਸ ਦੇ ਮੈਂਬਰਾਂ ਲਈ ਅਰਦਾਸ ਕੀਤੀ ਹੈ ਜੋ ਸੰਸਾਰ ਦੀ ਆਜ਼ਾਦੀ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ।''

ਉਨ੍ਹਾਂ ਕਿਹਾ, ''ਅਸੀਂ ਪੂਰੀ ਮਨੁੱਖਤਾ ਲਈ ਇੱਕ ਜਾਤੀ ਦੇ ਰੂਪ ਵਿੱਚ ਅਰਦਾਸ ਅਤੇ ਪ੍ਰਾਰਥਨਾ ਕਰਦੇ ਹਾਂ, ਇਸ ਲਈ ਇੱਥੇ ਇਹੋ ਸੰਦੇਸ਼ ਦਿੱਤਾ ਗਿਆ। ਇਹੋ ਹੀ ਸਿੱਖ ਧਰਮ ਦਾ ਵਿਸ਼ਵਵਿਆਪੀ ਸੰਦੇਸ਼ ਹੈ।"

ਯੂਐੱਸ ਹਾਊਸ ਆਫ਼ ਰਿਪਰਜ਼ੈਨਟੇਟਿਵਜ਼ ਕੀ ਹੈ?

ਅਮਰੀਕੀ ਕਾਂਗਰਸ ਦੇ ਦੋ ਸਦਨ ਹਨ ਜਿੰਨਾਂ ਨੂੰ ਯੂਐੱਸ ਹਾਊਸ ਆਫ਼ ਰਿਪਰਜ਼ੈਨਟੇਟਿਵਜ਼ ਅਤੇ ਯੂਐੱਸ ਸੈਨੇਟ ਕਿਹਾ ਜਾਂਦਾ ਹੈ।

ਹਾਊਸ ਦੇ ਕੁੱਲ ਮੈਂਬਰਾਂ ਦੀ ਗਿਣਤੀ 435 ਹੈ ਅਤੇ ਹਰੇਕ ਸੂਬੇ ਤੋਂ ਮੈਂਬਰਾਂ ਦੀ ਗਿਣਤੀ ਵਸੋਂ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ।

ਹਾਊਸ ਆਫ਼ ਰੀਪਰਜੈਂਟੇਟਿਵ ਦੇ ਮੈਂਬਰਾਂ ਦੀ ਚੋਣ ਦੋ ਸਾਲਾਂ ਲਈ ਕੀਤੀ ਜਾਂਦੀ ਹੈ।

ਹਰੇਕ ਪ੍ਰਤੀਨਿਧੀ ਇੱਕ ਖਾਸ ਕਾਂਗਰੇਸ਼ਨਲ ਜ਼ਿਲ੍ਹੇ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ।

ਇਸ ਦੇ ਮੈਂਬਰ ਬਿਲ ਪੇਸ਼ ਕਰਦੇ ਹਨ ਅਤੇ ਕਈ ਹੋਰ ਕਮੇਟੀਆਂ ਵਿੱਚ ਵੀ ਸੇਵਾ ਨਿਭਾਉਂਦੇ ਹਨ।

ਹਾਊਸ ’ਚ ਅਰਦਾਸ ਬਾਰੇ ਖ਼ਾਸ ਗੱਲਾਂ:

  • ਯੂਐੱਸ ਹਾਊਸ ਆਫ਼ ਰਿਪਰਜ਼ੈਨਟੇਟਿਵਜ਼ ਵਿੱਚ ਪਹਿਲੀ ਵਾਰ ਸਿੱਖ ਅਰਦਾਸ ਹੋਈ।
  • ਇਸ ਤੋਂ ਪਹਿਲਾਂ ਇਸਾਈ ਪਾਦਰੀ ਹੀ ਸੈਸ਼ਨ ਸ਼ੁਰੂ ਹੋਣ ’ਤੇ ਪ੍ਰਾਰਥਨਾ ਕਰਦੇ ਸਨ।
  • ਨਿਊ ਜਰਸੀ ਦੇ ਕਾਂਗਰੇਸ਼ਨਲ ਨੇ ਗਿਆਨੀ ਜਸਵਿੰਦਰ ਸਿੰਘ ਦਾ ਸਨਮਾਨ ਕੀਤਾ।
  • ਅਰਦਾਸ ਕਰਨ ਵਾਲੇ ਗਿਆਨੀ ਜਸਵਿੰਦਰ ਸਿੰਘ ਰੋਪੜ ਜ਼ਿਲ੍ਹੇ ਨਾਲ ਸਬੰਧਤ ਹਨ।

ਗਿਆਨੀ ਜਸਵਿੰਦਰ ਸਿੰਘ ਦੀ ਕੀ ਪਿਛੋਕੜ ਹੈ?

ਗਿਆਨੀ ਜਸਵਿੰਦਰ ਸਿੰਘ ਰੋਪੜ ਜ਼ਿਲੇਂ ਦੇ ਪਿੰਡ ਚਬਰੇਵਾਲ ਦੇ ਰਹਿਣ ਵਾਲੇ ਹਨ ਅਤੇ ਅੱਜਕੱਲ੍ਹ ਅਮਰੀਕਾ ਵਿੱਚ ਗ੍ਰੀਨ ਕਾਰਡ ਹੋਲਡਰ ਹਨ।

ਜਸਵਿੰਦਰ ਸਿੰਘ ਦੱਸਦੇ ਹਨ, “ ਮੈਂ ਸਿੱਖ ਸਟੱਡੀਜ਼ ਵਿੱਚ ਡਿਪਲੋਮਾ ਸਿੱਖ ਮਿਸ਼ਨਰੀ ਕਾਲਜ਼ ਲੁਧਿਆਣਾ ਤੋਂ ਸਾਲ 2003 ਵਿੱਚ ਕੀਤਾ ਸੀ ਅਤੇ ਬਾਅਦ ਵਿੱਚ ਉੱਥੇ ਸਾਲ 2007 ਤੱਕ ਸਿੱਖ ਧਰਮ ਬਾਰੇ ਪੜ੍ਹਾਇਆ ਵੀ ਸੀ।”

ਉਹ ਕਹਿੰਦੇ ਹਨ, “ਉਸ ਤੋਂ ਬਾਅਦ ਮੈਂ ਕੁਝ ਸਾਲ ਤੱਕ ਕੈਨੇਡਾ ਰਿਹਾ ਅਤੇ ਸਾਲ 2013 ਵਿੱਚ ਅਮਰੀਕਾ ਚਲਾ ਗਿਆ। ਇੱਥੇ ਸਾਲ 2016 ਤੱਕ ਮੈਂ ਧਰਮ ਪ੍ਰਚਾਰ ਕਰਦਾ ਰਿਹਾ ਅਤੇ ਅਕਸਰ ਭਾਰਤ ਆਉਂਦਾ ਜਾਂਦਾ ਸੀ। ਪਰ ਸਾਲ 2019 ਵਿੱਚ ਮੈਨੂੰ ਇੱਥੇ ਗਰੀਨ ਕਾਰਡ ਮਿਲ ਗਿਆ। ਉਸ ਤੋਂ ਬਾਅਦ ਮੈਨੂੰ ਗੁਰਦੁਆਰਾ ਪਾਇਨ ਹਿੱਲ ਵਿੱਚ ਮੁੱਖ ਗ੍ਰੰਥੀ ਦੀ ਸੇਵਾ ਮਿਲ ਗਈ।”

ਪੰਜਾਬ ਵਿੱਚ ਜਸਵਿੰਦਰ ਸਿੰਘ ਦੇ ਪਰਿਵਾਰ ਦਾ ਸਨਮਾਨ

ਯੂਐੱਸ ਹਾਊਸ ਆਫ਼ ਰੀਪਰਜੈਂਟੇਟਿਵ ਵਿੱਚ ਅਰਦਾਸ ਕਰਨ ਕਾਰਨ ਗਿਆਨੀ ਜਸਵਿੰਦਰ ਸਿੰਘ ਦੇ ਪਰਿਵਾਰ ਦਾ ਪੰਜਾਬ ਵਿੱਚ ਲੋਕਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ।

ਰੋਪੜ ਤੋਂ ਬੀਬੀਸੀ ਸਹਿਯੋਗੀ ਬਿਮਲ ਸੈਣੀ ਅਨੁਸਾਰ ਐਤਵਾਰ ਨੂੰ ਗ੍ਰੰਥੀ ਜਸਵਿੰਦਰ ਸਿੰਘ ਦੇ ਜੱਦੀ ਪਿੰਡ ਚਬਰੇਵਾਲ (ਨੂਰਪੁਰ ਬੇਦੀ) ਵਿੱਚ ਪਿੰਡ ਵਾਸੀਆਂ ਨੇ ਇਸ ਅਰਦਾਸ ਸਮਾਗਮ ’ਤੇ ਖੁਸ਼ੀ ਪ੍ਰਗਟ ਕੀਤੀ।

ਜਸਵਿੰਦਰ ਸਿੰਘ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਭਰਾ ਨੇ ਮੁੰਡਲੀ ਵਿਦਿਆ ਸਰਕਾਰੀ ਪ੍ਰਾਇਮਰੀ ਸਕੂਲ ਸੁੱਖੇ ਮਾਜਰਾ ਅਤੇ ਸੈਕੰਡਰੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਤੋਂ ਪ੍ਰਾਪਤ ਕੀਤੀ ਸੀ। ਉਹਨਾਂ ਨੇ ਪ੍ਰਿੰਸੀਪਲ ਸੁਰਿੰਦਰ ਸਿੰਘ ਪਾਸੋਂ ਗੁਰਮਿਤ ਵਿਦਿਆ ਗ੍ਰਹਿਣ ਕੀਤੀ ਸੀ।

ਇਸ ਬਾਰੇ ਗਿਆਨੀ ਜਸਵਿੰਦਰ ਸਿੰਘ ਕਹਿੰਦੇ ਹਨ, “ਇਹ ਸੇਵਾ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਇਸ ਵਿੱਚ ਮੈਂ ਕਰਨ ਵਾਲਾ ਤਾਂ ਕੋਈ ਨਹੀਂ ਹਾਂ, ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਹੋਈ ਸੇਵਾ ਸੀ ਜਿਸ ਨੂੰ ਮੈਂ ਨਿਭਾਇਆ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)