ਪੰਜਾਬ: ਠੇਕੇ 'ਤੇ ਸਕੈਨ ਕਰੋ ਤੇ ਬੋਤਲ ਬਾਰੇ ਜਾਣਕਾਰੀ ਲਵੋ, ਇੰਝ ਕੰਮ ਕਰੇਗੀ ਐਪ  

ਪ੍ਰਕਾਸ਼ਿਤ

ਪੰਜਾਬ 'ਚ ਸ਼ਰਾਬ ਮਾਫ਼ੀਆ 'ਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਵੱਲੋਂ ਇੱਕ ਖ਼ਾਸ ਐਪ ਲਾਂਚ ਕੀਤੀ ਗਈ ਹੈ।

ਜਿਸ ਦੀ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪ ਦਿੱਤੀ ਹੈ।

ਇਸ ਐਪ ਦਾ ਨਾਮ 'ਐਕਸਾਈਜ਼ ਕਿਊਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ' ਹੈ ਜੋ ਕਿ ਪੰਜਾਬ ਸਰਕਾਰ ਦੇ ਟਰੇਸ ਐਂਡ ਟਰੈਕ ਪ੍ਰੋਜੈਕਟ ਦਾ ਹਿੱਸਾ ਹੈ।

ਆਪਣੇ ਇੱਕ ਟਵੀਟ ਵਿੱਚ ਚੀਮਾ ਨੇ ਦੱਸਿਆ ਕਿ ਇਸ ਐਪ ਦੀ ਮਦਦ ਨਾਲ ਗਾਹਕ ਕੁਝ ਹੀ ਸਕਿੰਟਾਂ ਵਿੱਚ ਸ਼ਰਾਬ ਦੀ ਗੁਣਵੱਤਾ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਵਸਥਾ ਬਣਾਈ ਰੱਖਣ ਅਤੇ ਨਿੱਕੀ-ਮੋਟੀਆਂ ਚੋਰੀਆਂ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ।

ਹਾਲ ਹੀ ਵਿੱਚ ਬਿਹਾਰ ਸੂਬੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਮੌਤਾਂ ਹੋਈਆਂ ਹਨ ਤੇ ਇਹ ਮੁੱਦਾ ਕੌਮੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਿਆ ਹੈ।

ਪੰਜਾਬ ਵਿੱਚ ਨਕਲੀ ਸ਼ਰਾਬ 'ਤੇ ਲੱਗੇਗੀ ਰੋਕ - ਚੀਮਾ

ਐਪ ਲਾਂਚ ਮੌਕੇ ਚੀਮਾ ਨੇ ਕਿਹਾ, ''ਇਹ ਐਪ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ ਕਿ ਪੰਜਾਬ ਵਿੱਚ ਨਕਲੀ ਜਾਂ ਡਿਊਟੀ ਅਦਾ ਨਾ ਕਰਨ ਵਾਲੀ ਸ਼ਰਾਬ ਦੀ ਵਿਕਰੀ ਨਾ ਕੀਤੀ ਜਾ ਸਕੇ।''

ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਲੋਕਾਂ ਦੀ ਸਿਹਤ ਬਚਾਉਣ ਦੇ ਨਾਲ-ਨਾਲ ਐਕਸਾਈਜ਼ ਡਿਊਟੀ ਚੋਰੀ 'ਤੇ ਵੀ ਲਗਾਮ ਲੱਗੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ 24 ਘੰਟੇ ਦਾ ਸਹਾਇਤਾ ਨੰਬਰ ਵੀ ਜਾਰੀ ਕੀਤਾ ਹੈ - 9875961126

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਗੈਰਕਾਨੂੰਨੀ ਸ਼ਰਾਬ ਦਾ ਵਪਾਰ ਕਰਨ ਦਾ ਮਾਮਲਾ ਨਜ਼ਰ ਆਵੇ ਤਾਂ ਉਹ ਤੁਰੰਤ ਇਸ ਨੰਬਰ ਉੱਤੇ ਇਸ ਦੀ ਸ਼ਿਕਾਇਤ ਕਰਨ।

  • ਸ਼ਰਾਬ ਦੀ ਗੁਣਵੱਤਾ ਜਾਂਚਣ ਲਈ ਪੰਜਾਬ ਸਰਕਾਰ ਨੇ ਲਾਂਚ ਕੀਤੀ 'ਐਕਸਾਈਜ਼ ਕਿਊਆਰ ਕੋਡ ਲੇਬਲ ਵੈਰੀਫਿਕੇਸ਼ਨ ਸਿਟੀਜ਼ਨ ਐਪ
  • ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁਤਾਬਕ, ਇਸ ਰਾਹੀਂ ਨਕਲੀ ਸ਼ਰਾਬ, ਸ਼ਰਾਬ ਮਾਫ਼ੀਆ ਤੇ ਟੈਕਸ ਚੋਰੀ 'ਤੇ ਲੱਗੇਗੀ ਰੋਕ
  • ਬੋਤਲ ਦੇ ਕਿਊਆਰ ਕੋਡ ਨੂੰ ਸਕੈਨ ਕਰਕੇ ਸ਼ਰਾਬ ਦੀ ਸਾਰੀ ਜਾਣਕਾਰੀ ਦੇਵੇਗੀ ਐਪ
  • ਆਮ ਲੋਕ ਸ਼ਰਾਬ ਦੀ ਗੈਰ ਕਾਨੂੰਨੀ ਵਿੱਕਰੀ ਦੀ ਕਰ ਸਕਣਗੇ ਸਿੱਧੀ ਸ਼ਿਕਾਇਤ
  • ਇਸ ਦੇ ਨਾਲ ਹੀ ਸਰਕਾਰ ਨੇ 24 ਘੰਟੇ ਦਾ ਸਹਾਇਤਾ ਨੰਬਰ ਵੀ ਜਾਰੀ ਕੀਤਾ ਹੈ

ਐਪ ਕਿਵੇਂ ਕਰੇਗੀ ਕੰਮ

ਪੰਜਾਬ ਸੂਬੇ 'ਚ ਵਿਕਣ ਵਾਲੀ ਸ਼ਰਾਬ ਦੀ ਹਰੇਕ ਬੋਤਲ 'ਤੇ ਕਿਊਆਰ ਕੋਡ ਹੁੰਦਾ ਹੈ।

ਇਸ ਐਪ ਦੀ ਮਦਦ ਨਾਲ ਸ਼ਰਾਬ ਦੀ ਬੋਤਲ 'ਤੇ ਦਿੱਤੇ ਗਏ ਕਿਊਆਰ ਕੋਡ ਨੂੰ ਸਕੈਨ ਕਰਨ 'ਤੇ ਉਸ ਸ਼ਰਾਬ ਬਾਰੇ ਸਾਰੀ ਜਾਣਕਾਰੀ ਆ ਜਾਵੇਗੀ।

ਇਸ ਵਿੱਚ ਬੋਤਲ ਦਾ ਲੇਬਲ ਕੋਡ, ਕੰਪਨੀ ਦਾ ਨਾਮ, ਬ੍ਰਾਂਡ ਦਾ ਨਾਮ, ਬੋਤਲ ਵਿੱਚ ਸ਼ਰਾਬ ਦੀ ਡਿਗਰੀ, ਐਲਕੋਹਲ ਦੀ ਮਾਤਰਾ, ਸ਼ਰਾਬ ਦੀ ਉਤਪਾਦਨ ਮਿਤੀ ਆਦਿ ਬਾਰੇ ਪਤਾ ਲੱਗੇਗਾ।

ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਇੱਕ ਸਕੈਨਰ ਖੁੱਲ੍ਹ ਜਾਂਦਾ ਹੈ, ਜਿਸ ਦੀ ਮਦਦ ਨਾਲ ਬੋਤਲ ਦੇ ਕਿਊਆਰ ਕੋਡ ਨੂੰ ਸਕੈਨ ਕੀਤਾ ਜਾ ਸਕਦਾ ਹੈ।

ਗਾਹਕ ਆਪਣੀ ਸੁਵਿਧਾ ਅਨੁਸਾਰ ਕੋਡ ਨੂੰ ਟਾਈਪ ਵੀ ਕਰ ਸਕਦੇ ਹਨ ਅਤੇ ਤੁਰੰਤ ਹੀ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ।

'ਇਹ ਐਪ ਐਂਡਰਾਇਡ ਅਤੇ ਆਈਓਐੱਸ ਦੋਵੇਂ ਤਰ੍ਹਾਂ ਦੇ ਮੋਬਾਈਲ ਫੋਨਾਂ 'ਤੇ ਆਸਾਨੀ ਨਾਲ ਡਾਊਨਲੋਡ ਅਤੇ ਇੰਸਟਾਲ ਕੀਤੀ ਜਾ ਸਕਦੀ ਹੈ।''

'ਇਹ ਐਪ ਗੂਗਲ ਪਲੇ ਅਤੇ ਐੱਪਲ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤੀ ਜਾ ਸਕਦੀ ਹੈ।

ਉਪਭੋਗਤਾ ਸਿੱਧੀ ਸ਼ਿਕਾਇਤ ਦਰਜ ਕਰਾ ਸਕਣਗੇ

ਐਪ ਦੀ ਇੱਕ ਹੋਰ ਖਾਸੀਅਤ ਹੈ ਕਿ ਗਾਹਕ ਕਿਸੇ ਵੀ ਤਰ੍ਹਾਂ ਦੀ ਗੜਬੜੀ ਹੋਣ ਦੀ ਸੂਰਤ ਵਿੱਚ ਐਪ ਰਾਹੀਂ ਸਿੱਧਾ ਹੀ ਐਕਸਾਈਜ਼ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਇਸ 'ਟਰੈਕ ਤੇ ਟਰੇਸ' ਪ੍ਰੋਜੈਕਟ ਦੀ ਮਦਦ ਨਾਲ ਵਿਭਾਗ ਪੂਰੇ ਸੂਬੇ ਵਿੱਚ ਸ਼ਰਾਬ ਦੀ ਸਪਲਾਈ 'ਤੇ ਨਜ਼ਰ ਰੱਖ ਸਕੇਗਾ।

ਸਿਰਫ਼ ਵਿੱਤ ਵਿਭਾਗ ਹੀ ਨਹੀਂ ਬਲਕਿ ਇਸ ਰਾਹੀਂ ਸ਼ਰਾਬ ਦੇ ਵਪਾਰ 'ਚ ਸ਼ਾਮਲ ਲੋਕ ਵੀ ਇਸ ਦੀ ਸਪਲਾਈ 'ਤੇ ਨਜ਼ਰ ਰੱਖ ਸਕਣਗੇ।

ਐਪ ਦੇ ਮੁੱਖ ਪੇਜ 'ਤੇ ਹੀ ਸ਼ਿਕਾਇਤ ਜਾਂ ਰਿਪੋਰਟ ਦਾ ਆਪਸ਼ਨ ਵੀ ਹੈ।

ਇੱਥੇ ਜ਼ਰੂਰੀ ਜਾਣਕਾਰੀ ਭਰਨ ਤੋਂ ਬਾਅਦ ਤੁਸੀਂ ਆਪਣੀ ਰਿਪੋਰਟ ਦਰਜ ਕਰਵਾ ਸਕਦੇ ਹੋ।

ਸਿਰਫ਼ ਪੰਜਾਬ ਹੀ ਅਜਿਹਾ ਸੂਬਾ ਨਹੀਂ ਹੈ ਜਿੱਥੇ ਇਹ ਪਹਿਲ ਕੀਤੀ ਗਈ ਹੈ।

ਪੰਜਾਬ ਤੋਂ ਇਲਾਵਾ ਯੂਪੀ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਸਣੇ ਕਈ ਸੂਬਿਆਂ ਵਿੱਚ ਇਸ ਤਰ੍ਹਾਂ ਦੀ ਟਰੈਕਿੰਕ ਸਿਸਟਮ ਦੀ ਸੁਵਿਧਾ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)