ਚੰਡੀਗੜ੍ਹ ਮੇਅਰ ਚੋਣਾਂ: ਭਾਜਪਾ ਨੇ ਜਿੱਤੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ

ਪ੍ਰਕਾਸ਼ਿਤ

ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਭਾਜਪਾ ਨੇ ਜਿੱਤ ਲਈ ਹੈ।

ਸੀਨੀਅਰ ਡਿਪਟੀ ਮੇਅਰ ਦੀ ਚੋਣ ਵਿੱਚ ਕੁਲਦੀਪ ਸਿੰਘ ਸੰਧੂ ਨੂੰ 19 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਗੁਰਪ੍ਰੀਤ ਗੱਬੀ ਨੂੰ 16 ਵੋਟਾਂ ਮਿਲੀਆਂ। ਇੱਕ ਵੋਟ ਅਯੋਗ ਕਰਾਰ ਦਿੱਤੀ ਗਈ।

ਇਸ ਤਰ੍ਹਾਂ ਡਿਪਟੀ ਮੇਅਰ ਦੇ ਅਹੁਦੇ ਲਈ ਵੀ ਭਾਜਪਾ ਉਮੀਦਵਾਰ ਨੇ ਚੋਣ ਜਿੱਤ ਲਈ ਹੈ।

ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਰਜਿੰਦਰ ਸ਼ਰਮਾ 19 ਵੋਟਾਂ ਹਾਸਿਲ ਕਰਨ ਵਿੱਚ ਕਾਮਯਾਬ ਰਹੇ। ਉਨ੍ਹਾਂ ਦੇ ਵਿਰੋਧੀ ‘ਆਪ’ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਨੂੰ 17 ਵੋਟਾਂ ਮਿਲੀਆਂ।

ਸੁਪਰੀਮ ਕੋਰਟ ਨੇ ਕੁਲਦੀਪ ਕੁਮਾਰ ਨੂੰ ਮੇਅਰ ਵਜੋਂ ਜੇਤੂ ਐਲਾਨਿਆ ਸੀ

ਸੁਪਰੀਮ ਕੋਰਟ ਨੇ 20 ਫਰਵਰੀ ਨੂੰ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਲਈ ਹੋਈ ਚੋਣ ਨੂੰ ਰੱਦ ਕਰਦਿਆਂ ਕਾਂਗਰਸੀ ਉਮੀਦਵਾਰ ਨੂੰ ਮੇਅਰ ਐਲਾਨ ਦਿੱਤਾ ਸੀ।

ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਦੀ ਪਹਿਲਾਂ ਹਾਰ ਐਲਾਨ ਦਿੱਤੀ ਗਈ ਸੀ।

ਪਰ ਸੁਪਰੀਮ ਕੋਰਟ ਨੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੂੰ ਬੇਨਿਯਮੀਆਂ ਦਾ ਦੋਸ਼ੀ ਪਾਇਆ ਸੀ ਅਤੇ ਭਾਜਪਾ ਉਮੀਦਵਾਰ ਦੀ ਚੋਣ ਰੱਦ ਕਰ ਦਿੱਤੀ ਸੀ।

30 ਜਨਵਰੀ ਨੂੰ ਹੋਈਆਂ ਚੰਡੀਗੜ੍ਹ ਮੇਅਰ ਚੋਣਾਂ ਤੋਂ ਬਾਅਦ ਪ੍ਰਿਜ਼ਾਇਡਿੰਗ ਅਫ਼ਸਰ ਅਨਿਲ ਮਸੀਹ ਨੇ ਭਾਜਪਾ ਉਮੀਦਵਾਰ ਮਨੋਜ ਕੁਮਾਰ ਨੂੰ ਜੇਤੂ ਕਰਾਰ ਦਿੱਤਾ ਸੀ।

ਭਾਜਪਾ ਆਗੂ ਨੂੰ ਕੁਲ 16 ਵੋਟਾਂ ਪਈਆਂ ਸਨ।

ਪ੍ਰਿਜ਼ਾਇਡਿੰਗ ਅਫ਼ਸਰ ਨੇ ਮੇਅਰ ਚੋਣਾਂ ਵਿੱਚ ਪਈਆਂ ਕੁਲ 36 ਵਿੱਚੋਂ 8 ਵੋਟਾਂ ਨੂੰ ਅਵੈਧ ਕਰਾਰ ਦਿੱਤਾ ਸੀ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕੁਲ 20 ਵੋਟਾਂ ਪਈਆਂ ਸਨ।

ਸੁਪਰੀਮ ਕੋਰਟ ਨੇ ਆਪ ਉਮੀਦਵਾਰ ਦੇ ਪੱਖ ਵਿੱਚ ਪਈਆਂ ਅਵੈਧ ਕਰਾਰ ਦਿੱਤੀਆਂ ਗਈਆਂ 8 ਵੋਟਾਂ ਨੂੰ ਜਾਇਜ਼ ਐਲਾਨਿਆ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਿਜ਼ਾਇਡਿੰਗ ਅਫ਼ਸਰ ਉੱਤੇ ਕਾਰਵਾਈ ਹੋਵੇ।

ਅਸਲ ਵਿੱਚ ਪ੍ਰਿਜ਼ਾਇਡਿੰਗ ਅਫਸਰ ਅਨਿਲ ਮਸੀਹ ਉੱਤੇ ਇਲਜ਼ਾਮ ਲੱਗੇ ਸੀ ਕਿ ਉਨ੍ਹਾਂ ਨੇ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਸੀ।

ਉਨ੍ਹਾਂ ਦਾ ਇੱਕ ਵੀਡੀਓ ਵੀ ਜਨਤਕ ਹੋਇਆ ਸੀ ਜਿਸ ਵਿੱਚ ਉਹ ਕਥਿਤ ਤੌਰ ਉੱਤੇ ਬੈਲਟ ਪੇਪਰਾਂ ਨਾਲ ਛੇੜਛਾੜ ਕਰਦੇ ਨਜ਼ਰ ਆ ਰਹੇ ਸਨ।

ਜਦੋਂ ਅਨਿਲ ਮਸੀਹ ਨੇ ਭਾਜਪਾ ਉਮੀਦਵਾਰ ਨੂੰ ਮੇਅਰ ਚੋਣਾਂ ਦਾ ਉਮੀਦਵਾਰ ਐਲਾਨਿਆ ਸੀ ਤਾਂ ਆਮ ਆਦਮੀ ਪਾਰਟੀ ਇਸ ਨਤੀਜੇ ਦੇ ਖਿਲਾਫ਼ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਗਈ ਅਤੇ ਫਿਰ ਸੁਪਰੀਮ ਕੋਰਟ ਵਿੱਚ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜੇਤੂ ਐਲਾਨੇ ਜਾਣ ਦੇ ਨਾਲ-ਨਾਲ ਸੁਪਰੀਮ ਕੋਰਟ ਨੇ ਮੇਅਰ ਚੋਣਾਂ ਕਰਵਾਉਣ ਵਾਲੇ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਨੂੰ ਵੀ ਝਾੜ ਪਾਈ।

ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਭਾਜਪਾ ਦੇ ਮੇਅਰ ਮਨੋਜ ਸੋਨਕਰ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।

ਚੰਡੀਗੜ੍ਹ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਨੇ ਕਿਹਾ, "ਮੈਂ ਮਾਣਯੋਗ ਅਦਾਲਤ ਦਾ ਧੰਨਵਾਦ ਕਰਨਾ ਚਾਹਾਂਗਾ, ਇਹ ਚੰਡੀਗੜ੍ਹ ਦੇ ਲੋਕਾਂ ਦੀ ਜਿੱਤ ਹੈ ਅਤੇ ਇੰਡੀਆਂ ਗੱਠਜੋੜ ਦੀ ਜਿੱਤ ਹੈ।"

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਉੱਤੇ ਸੰਤੁਸ਼ਟੀ ਜਤਾਈ ਹੈ।

ਅਨਿਲ ਮਸੀਹ ਉੱਤੇ ਕਾਰਵਾਈ

ਸੁਪਰੀਮ ਕੋਰਟ ਨੇ ਪ੍ਰਿਜ਼ਾਇਡਿੰਗ ਅਫ਼ਸਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।

ਅਦਾਲਤ ਨੇ ਅਨਿਲ ਮਸੀਹ ਨੂੰ ਕੋਡ ਓਫ ਕ੍ਰਿਮਿਨਲ ਪ੍ਰੋਸੀਜਰ ਦੇ ਸੈਕਸ਼ਨ 340 ਤਹਿਤ ਨੋਟਿਸ ਵੀ ਜਾਰੀ ਕੀਤਾ ਗਿਆ।

ਅਦਾਲਤ ਨੇ ਉਨ੍ਹਾਂ ਕੋਲੋਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਨੋਟਿਸ ਦਾ ਜਵਾਬ ਤਲਬ ਕੀਤਾ ਸੀ।

ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਸੀ, “ਅਦਾਲਤ ਲਈ ਆਰਟੀਕਲ 142 ਦੇ ਤਹਿਤ ਇਹ ਜ਼ਰੂਰੀ ਹੈ ਕਿ ਲੋਕਤੰਤਰ ਦੀ ਪ੍ਰਕਿਰਿਆ ਨੂੰ ਕਿਸੇ ਛਲਾਵੇ ਨਾਲ ਨੁਕਸਾਨ ਨਾ ਪਹੁੰਚੇ।”

ਅਦਾਲਤ ਨੇ ਕਿਹਾ, “ਨਤੀਜਿਆਂ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਦਰਸਾਇਆ ਗਿਆ ਕਿ ਪਟੀਸ਼ਨਕਰਤਾ ਨੂੰ 12 ਵੋਟਾਂ ਪਾਈਆਂ ਅਤੇ 8 ਵੋਟਾਂ ਨੂੰ ਅਵੈਧ ਕਰਾਰ ਦਿੱਤਾ ਗਿਆ, ਇਹ 8 ਵੋਟਾਂ ਪਟੀਸ਼ਨਕਰਤਾ ਨੂੰ ਵੈਧ ਤੌਰ ਉੱਤੇ ਪਾਈਆਂ ਸਨ।”

“ਸਾਡਾ ਇਹ ਮੰਨਣਾ ਹੈ ਕਿ ਪੂਰੀ ਚੋਣ ਪ੍ਰਕਿਰਿਆ ਨੂੰ ਪਾਸੇ ਕਰਨਾ ਸਹੀ ਨਹੀਂ ਹੋਵੇਗਾ ਜਦੋਂ ਕਿ ਘਾਟ ਸਿਰਫ਼ ਵੋਟ ਗਿਣਨ ਦੀ ਪ੍ਰਕਿਰਿਆ ਵਿੱਚ ਸਾਹਮਣੇ ਆਈ ਹੈ, ਇਸ ਵੇਲੇ ਪ੍ਰਿਜ਼ਾਇਡਿੰਗ ਅਫ਼ਸਰ ਸਾਰੀ ਪ੍ਰਕਿਰਿਆ ਨੂੰ ਲਾਂਭੇ ਕਰਦਾ ਕੈਮਰੇ ਵਿੱਚ ਰਿਕਾਰਡ ਹੋਇਆ, ਸਾਰੀ ਚੋਣ ਪ੍ਰਕਿਰਿਆ ਨੂੰ ਪਾਸੇ ਕਰਨਾ ਲੋਕਤੰਤਰ ਦੇ ਬੁਨਿਆਦੀ ਸਿਧਾਂਤ ਨੂੰ ਹੋਰ ਨੁਕਸਾਨ ਪਹੁੰਚਾਵੇਗਾ।”

ਬੀਬੀਸੀ ਨੇ ਇਹ ਸਵਾਲ ਚੰਗੀਗੜ੍ਹ ਦੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਅਤੇ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਚ ਐੱਸਐੱਸ ਆਹਲੂਵਾਲੀਆ ਨੂੰ ਕੀਤਾ।

ਪ੍ਰਦੀਪ ਛਾਬੜਾ ਨੇ ਕਿਹਾ ਕਿ ਨਗਰ ਨਿਗਮ ਵਿੱਚ ਫਲੋਰ ਟੈਸਟ ਨਹੀਂ ਹੁੰਦਾ ਜੇਕਰ ਵਿਰੋਧੀ ਪਾਰਟੀ ਬੇਭਰੋਸਗੀ ਮਤਾ ਲਿਆਉਣਾ ਚਾਹੁੰਦੀ ਹੈ ਤਾਂ ਉਸ ਦੇ ਕੋਲ ਦੋ ਤਿਹਾਈ ਸਮਰਥਨ ਹੋਣਾ ਚਾਹੀਦਾ ਹੈ ਜੋ ਇਸ ਵੇਲੇ ਭਾਜਪਾ ਦੇ ਕੋਲ ਨਹੀਂ ਹੈ।

ਉਨ੍ਹਾਂ ਕਿਹਾ, "ਭਾਜਪਾ ਦਾ ਬੇਭਰੋਸਗੀ ਮਤਾ ਉਦੋਂ ਹੀ ਆ ਸਕਦਾ ਹੈ ਜੇਕਰ ਕਾਂਗਰਸ ਵੋਟ ਪ੍ਰਕਿਰਿਆ ਵਿੱਚ ਹਿੱਸਾ ਨਾ ਲਵੇ, ਜੋ ਹੁੰਦਾ ਹਾਲੇ ਨਹੀਂ ਦਿਖਦਾ।"

ਆਹਲੂਵਾਲੀਆ ਨੇ ਕਿਹਾ ਕਿ ਕਾਂਗਰਸ ਅਤੇ ਆਪ ਪੂਰੀ ਤਰ੍ਹਾਂ ਇੱਕਜੁੱਟ ਹਨ।

ਉਨ੍ਹਾਂ ਕਿਹਾ, "ਡਿਪਟੀ ਮੇਅਰ ਦੀ ਚੋਣ ਦੇ ਲਈ ਦੋਵੇਂ ਪਾਰਟੀਆਂ ਦੀ ਅੱਜ ਚੰਡੀਗੜ੍ਹ ਵਿੱਚ ਬੈਠਕ ਹੋ ਰਹੀ ਹੈ ਜਿਸ ਵਿੱਚ ਰਣਨੀਤੀ ਤੈਅ ਕੀਤੀ ਜਾਵੇਗੀ।"

18 ਜਨਵਰੀ ਦੀ ਥਾਂ 30 ਜਨਵਰੀ ਨੂੰ ਕਿਉਂ ਹੋਈਆਂ ਸੀ ਚੋਣਾਂ

30 ਜਨਵਰੀ ਨੂੰ ਹੋੋਈਆਂ ਚੋਣਾਂ ਪਹਿਲਾਂ 18 ਜਨਵਰੀ ਨੂੰ ਹੋਣੀਆਂ ਤੈਅ ਹੋਈਆਂ ਸਨ ਪਰ ਇਨ੍ਹਾਂ ਨੂੰ ਅੱਗੇ ਪਾ ਦਿੱਤਾ ਗਿਆ ਸੀ।

ਉਸ ਵੇਲੇ ਇਨ੍ਹਾਂ ਚੋਣਾਂ ਨੂੰ ਅੱਗੇ ਪਾਉਣ ਪਿਛਲਾ ਕਾਰਨ ਇਨ੍ਹਾਂ ਲਈ ਪ੍ਰੀਜ਼ਾਇਡਿੰਗ ਅਥਾਰਟੀ ਵਜੋਂ ਨਾਮਜ਼ਦ ਕੀਤੇ ਗਏ ਅਨਿਲ ਮਸੀਹ ਦੀ ਸਿਹਤ ਖ਼ਰਾਬ ਹੋਣਾ ਦੱਸਿਆ ਗਿਆ ਸੀ।

ਏਐਨਆਈ ਖ਼ਬਰ ਏਜੰਸੀ ਮੁਤਾਬਕ ਪੰਜਾਬ ਹਰਿਆਣਾ ਹਾਈਕੋਰਟ ਨੇ 24 ਜਨਵਰੀ ਨੂੰ ਇਹ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਦੇ ਮੇਅਰ ਦੀਆਂ ਚੋਣਾਂ 30 ਜਨਵਰੀ ਨੂੰ ਹੋਣਗੀਆਂ ਅਤੇ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਗਈ ਸੀ।

ਇਨ੍ਹਾਂ ਚੋਣਾਂ ਨੂੰ ਰਾਸ਼ਟਰੀ ਪੱਧਰ ਉੱਤੇ ਮਹੱਤਵਪੂਰਨ ਦੱਸਿਆ ਜਾ ਰਿਹਾ ਸੀ। ਇਸ ਨੂੰ ਇੰਡੀਆ ਬਲੌਕ ਦੀਆਂ ਪਹਿਲੀਆਂ ਚੋਣਾਂ ਵਜੋਂ ਦੇਖਿਆ ਗਿਆ ਸੀ।

ਚੰਡੀਗੜ੍ਹ ਹਾਊਸ ਵਿੱਚ ਕੁੱਲ ਕਿੰਨੇ ਮੈਂਬਰ

ਚੰਡੀਗੜ੍ਹ ਨਗਰ ਨਿਗਮ ਹਾਊਸ ਵਿੱਚ ਕੁਲ 35 ਮੈਂਬਰ ਚੁਣੇ ਜਾਂਦੇ ਹਨ। 9 ਕੌਂਸਲਰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੁੰਦਾ।

ਚੰਡੀਗੜ੍ਹ ਤੋਂ ਪਾਰਲੀਮੈਂਟ ਮੈਂਬਰ ਵੀ ਨਗਰ ਨਿਗਮ ਹਾਊਸ ਦਾ ਮੈਂਬਰ ਹੁੰਦਾ ਹੈ ਜੋ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)