You’re viewing a text-only version of this website that uses less data. View the main version of the website including all images and videos.
ਚੰਡੀਗੜ੍ਹ ਮੇਅਰ ਚੋਣਾਂ: ਸੁਪਰੀਮ ਕੋਰਟ ਨੇ ਕਿਹਾ ਬੈਲੇਟ ਪੇਪਰ ਅਦਾਲਤ ਵਿੱਚ ਲਿਆਂਦੇ ਜਾਣ, ਮੁੜ ਹੋਵੇਗੀ ਗਿਣਤੀ
ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਚੰਡੀਗੜ੍ਹ ਮੇਅਰ ਚੋਣਾਂ ਦੇ ਮਾਮਲੇ ਵਿੱਚ ਸੁਣਵਾਈ ਹੋਈ।
ਚੰਡੀਗੜ੍ਹ ਮੇਅਰ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ।
ਸੁਪਰੀਮ ਕੋਰਟ ਵਿੱਚ ਅੱਜ ਇਹ ਦੂਜੀ ਸੁਣਵਾਈ ਸੀ।
ਇਸ ਮੌਕੇ ਅਦਾਲਤ ਵਿੱਚ ਮੇਅਰ ਚੋਣਾਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਵੀ ਹਾਜ਼ਰ ਸਨ।
ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਕੁਝ ਬੈਲੇਟ ਪੇਪਰਜ਼ ਉੱਤੇ ਨਿਸ਼ਾਨ ਲਗਾਏ ਜਾਣ ਬਾਰੇ ਵੀ ਸਵਾਲ ਕੀਤਾ।
ਸੁਪਰੀਮ ਕੋਰਟ ਨੇ ਕਿਹਾ ਕਿ ਬੈਲਟ ਪੇਪਰ ਦੀ ਦੁਬਾਰਾ ਗਿਣਤੀ ਕਰਕੇ ਕੋਈ ਫ਼ੈਸਲਾ ਲਿਆ ਜਾਵੇਗਾ।
ਬੈਲੇਟ ਪੇਪਰ ਕੱਲ ਅਦਾਲਤ ਵਿੱਚ ਲਿਆਂਦੇ ਜਾਣ ਅਤੇ ਰਿਟਰਨਿੰਗ ਅਫ਼ਸਰ ਵੱਲੋਂ ਲਾਏ ਗਏ ਨਿਸ਼ਾਨਾਂ ਨੂੰ ਨਜ਼ਰਦਾਜ਼ ਕਰਕੇ ਗਿਣਤੀ ਕੀਤੀ ਜਾਵੇ।
ਸੁਪਰੀਮ ਕੋਰਟ ਨੇ 'ਹੋਰਸ ਟਰੇਡਿੰਗ' ਉੱਤੇ ਵੀ ਚਿੰਤਾ ਜ਼ਾਹਰ ਕੀਤੀ।
ਸੁਪਰੀਮ ਕੋਰਟ ਨੇ ਡਿਪਟੀ ਕਮਿਸ਼ਨਰ ਨੂੰ ਇਹ ਵੀ ਹੁਕਮ ਦਿੱਤਾ ਕਿ ਨਵਾਂ ਰਿਟਰਨਿੰਗ ਅਫ਼ਸਰ ਲਾਇਆ ਜਾਵੇ।
ਸੁਪਰੀਮ ਕੋਰਟ ਨੇ ਕਿਹਾ ਕਿ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਨੇ ਕਿਹਾ, "5 ਫਰਵਰੀ ਤੋਂ ਬਾਅਦ ਅੱਜ ਸੁਣਵਾਈ ਹੋਈ ਹੈ, ਕੋਰਟ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ ਨੇ ਇਹ ਮੰਨਿਆ ਕਿ ਉਨ੍ਹਾਂ ਨੇ ਬੈਲਟ ਪੇਪਰ ਉੱਤੇ ਨਿਸ਼ਾਨ ਲਾਏ ਤੇ ਇਹ ਵੀ ਕਿਹਾ ਕਿ ਇਨ੍ਹਾਂ ਉੱਤੇ ਉਮੀਦਵਾਰਾਂ ਨੇ ਪਹਿਲਾਂ ਹੀ ਨਿਸ਼ਾਨ ਲਗਾਏ ਹੋਏ ਸਨ।"
ਸੁਪਰੀਮ ਕੋਰਨ ਨੇ ਕਿਹਾ ਕਿ ਹਾਈਕੋਰਟ ਕੋਲ ਸੁਰੱਖਿਅਤ ਪਿਆ ਸਾਰਾ ਰਿਕਾਰਡ ਕੱਲ੍ਹ ਸੁਪਰੀਮ ਕੋਰਟ ਵਿੱਚ 2 ਵਜੇ ਲਿਆਂਦਾ ਜਾਵੇ ਅਤੇ ਕੋਰਟ ਸਾਰਾ ਅਸਲੀ ਰਿਕਾਰਡ ਵੇਖ ਕੇ ਹੀ ਕੋਈ ਐਕਸ਼ਨ ਲਵੇਗਾ।
ਨਵੇਂ ਮੇਅਰ ਨੇ ਦਿੱਤਾ ਅਸਤੀਫ਼ਾ
ਭਾਜਪਾ ਆਗੂ ਮਨੋਜ ਸੋਨਕਰ ਨੇ ਐਤਵਾਰ ਨੂੰ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਸ ਦੇ ਨਾਲ ਹੀ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
30 ਜਨਵਰੀ ਨੂੰ ਹੋਈਆਂ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਦੀ ਜਿੱਤ ਹੋਈ ਸੀ। ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਭਾਜਪਾ ਉੱਤੇ ਧਾਂਦਲੀ ਦੇ ਇਲਜ਼ਾਮ ਲਗਾਏ।
ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਇਆ ਸੀ, ਜਿਸ ਵਿੱਚ ਪ੍ਰਿਜ਼ਾਇਡਿੰਗ ਅਫ਼ਸਰ ਆਮ ਆਦਮੀ ਪਾਰਟੀ ਦੇ ਵੋਟਾਂ ਨਾਲ ਕਥਿਤ ਤੌਰ ਉੱਤੇ ਛੇੜਛਾੜ ਕਰਦੇ ਦਿਖ ਰਹੇ ਸੀ।
ਫ਼ਰਵਰੀ ਦੇ ਪਹਿਲੇ ਹਫ਼ਤੇ ਵਿੱਚ ਸੁਪਰੀਮ ਕੋਰਟ ਨੇ ਇਸ ਮਾਮਲੇ ਉੱਤੇ ਸੁਣਵਾਈ ਕਰਦਿਆਂ ਕਿਹਾ ਸੀ - ‘‘ਇਹ ਲੋਕਤੰਤਰ ਦਾ ਮਖੌਲ ਹੈ। ਜੋ ਹੋਇਆ, ਅਸੀਂ ਉਸ ਨਾਲ ਹੈਰਾਨ ਹਾਂ। ਅਸੀਂ ਲੋਕਤੰਤਰ ਦਾ ਇਸ ਤਰ੍ਹਾਂ ਕਤਲ ਨਹੀਂ ਹੋਣ ਦੇ ਸਕਦੇ।’’
ਕਿਉਂ ਹੋਇਆ ਸੀ ਹੰਗਾਮਾ?
ਦਰਅਸਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਮੈਂਬਰਾਂ ਵੱਲੋਂ ਭਾਜਪਾ ਉੱਤੇ ਵੋਟਾਂ ਦੇ ਗਿਣਤੀ ਵਿੱਚ ਧਾਂਦਲੀ ਦੇ ਇਲਜ਼ਾਮ ਲਗਾਏ ਗਏ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਭਾਜਪਾ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ।
ਸਾਰੀ ਚੋਣ ਪ੍ਰਕਿਰਿਆ ਕੈਮਰਿਆਂ ਵਿੱਚ ਰਿਕਾਰਡ ਕੀਤੀ ਜਾ ਰਹੀ ਸੀ।
ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਕੇ ਵੋਟ ਪ੍ਰਕਿਰਿਆ ਦੀ ਵੀਡੀਓ ਦਿਖਾਉਂਦਿਆਂ ਹੋਇਆਂ ਧਾਂਦਲੀ ਦੇ ਇਲਜ਼ਾਮ ਲਗਾਏ।
ਉਨ੍ਹਾਂ ਨੇ ਪ੍ਰਜ਼ਾਇਡਿੰਗ ਅਫ਼ਸਰ ਦੀ ਭੂਮਿਕਾ ਉੱਤੇ ਸਵਾਲ ਚੁੱਕੇ। ਉਨ੍ਹਾਂ ਨੇ ਵੀਡੀਓ ਦਿਖਾਉਂਦਿਆਂ ਹੋਇਆਂ ਅਫ਼ਸਰ ਵੱਲੋਂ ਇੰਡੀਆ ਬਲੌਕ ਦੇ ਹੱਕ ਵਿੱਚ ਪਾਈਆਂ ਗਈਆਂ ਵੋਟਾਂ ਯਾਨਿ ਬੈਲਟ ਪੇਪਰ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲਗਾਏ।
ਉਨ੍ਹਾਂ ਅੱਗੇ ਕਿਹਾ ਸੀ , "ਪਹਿਲੀ ਗੱਲ ਪ੍ਰਜ਼ਾਇਡਿੰਗ ਅਫ਼ਸਰ ਸਮੇਂ ਤੋਂ 40 ਮਿੰਟ ਲੇਟ ਆਏ, ਜਿਸ ਵੇਲੇ ਅਫ਼ਸਰ ਵੱਲੋਂ ਵੋਟਾਂ ਦੇਖੀਆਂ ਜਾ ਰਹੀਆਂ ਸਨ, ਉਸ ਵੇਲੇ ਦੋਵੇਂ ਧਿਰਾਂ ਦੇ ਪੋਲਿੰਗ ਏਜੰਟ ਉੱਥੇ ਹਾਜ਼ਰ ਕਿਉਂ ਨਹੀਂ ਸਨ?"
ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਦੋ ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ ਸਨ ਅਤੇ ਇਸ ਵਾਰ 8 ਨੂੰ ਅਯੋਗ ਕਿਹਾ ਗਿਆ।
ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਸੀ ਕਿ ਪ੍ਰਜ਼ਾਇਡਿੰਗ ਅਫ਼ਸਰ ਅਨਿਲ ਮਸੀਹ ਭਾਜਪਾ ਦੇ ਘੱਟਗਿਣਤੀ ਮੋਰਚਾ ਦੇ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਸੀ ਕਿ ਪ੍ਰਜ਼ਾਇਡਿੰਗ ਅਫ਼ਸਰ ਉੱਤੇ ਪੁਲਿਸ ਕੇਸ ਹੋਣਾ ਚਾਹੀਦਾ ਹੈ।
ਅਰਵਿੰਦ ਕੇਜਰੀਵਾਲ ਨੇ ਵੀ 30 ਜਨਵਰੀ ਨੂੰ ਇਸ ਨੂੰ ‘ਲੋਕਤੰਤਰ ਲਈ ਕਾਲਾ ਦਿਨ’ ਦੱਸਿਆ ਸੀ।
ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਦੀ ਪਾਰਟੀ ਦੇ ਕੌਂਸਲਰਾਂ ਨੂੰ ਡਰਾਇਆ ਵੀ ਗਿਆ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ 16 ਵੋਟਾਂ ਭਾਜਪਾ ਦੀਆਂ ਸਨ, ਜਦਕਿ 20 ਕਾਂਗਰਸ ਅਤੇ ਆਪ ਦੀਆਂ ਸਨ।
ਉਨ੍ਹਾਂ ਕਿਹਾ ਸੀ, "ਭਾਜਪਾ ਵਾਲੀਆਂ ਵੋਟਾਂ ਪੈ ਗਈਆਂ ਪਰ ਉਨ੍ਹਾਂ ਦੀਆਂ ਗ਼ੈਰ-ਕਾਨੂੰਨੀ ਕਰਾਰ ਦਿੱਤੀਆਂ ਗਈਆਂ।ਪ੍ਰਜ਼ਾਇਡਿੰਗ ਅਫ਼ਸਰ ਨੂੰ ਕੁਝ ਬੈਲਟ ਪੇਪਰਜ਼ ਉੱਤੇ ਦੋ ਵਾਰੀ ਸਹੀ ਲਗਾਉਂਦਿਆਂ ਦੇਖਿਆ ਜਾ ਸਕਦਾ ਹੈ।"
ਹਾਲਾਂਕਿ, ਉਸ ਵੇਲੇ ਨਵੇਂ ਬਣੇ ਮੇਅਰ ਮਨੋਜ ਸੋਨਕਰ ਨੇ ਇਸ ਬਾਰੇ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਸੀ।
ਉਨ੍ਹਾਂ ਕਿਹਾ ਸੀ, "ਇਲਜ਼ਾਮ ਲਗਾਉਣਾ ਉਨ੍ਹਾਂ ਦਾ ਕੰਮ ਹੈ ਅਤੇ ਆਪ ਤੇ ਕਾਂਗਰਸ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ।ਇਸ ਲਈ ਇਲਜ਼ਾਮ ਲਾਇਆ ਜਾ ਰਿਹਾ ਹੈ।"
ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੀ ਕਿਹਾ ਸੀ
ਚੰਡੀਗੜ੍ਹ ਮੇਅਰ ਦੀ ਚੋਣ ਦੇ ਮੁੱਦੇ ਨੂੰ ਲੈ ਕੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ, "ਇਹ ਸਾਫ਼ ਹੈ ਕਿ ਚੰਡੀਗੜ੍ਹ ਨਗਰ ਨਿਗਮ ਮੇਅਰ ਚੋਣਾਂ ਦੇ ਪ੍ਰਜ਼ਾਇਡਿੰਗ ਅਫ਼ਸਰ ਨੇ ਬੈਲਟ ਪੇਪਰ ਨਾਲ ਛੇੜਛਾੜ ਕੀਤੀ ਹੈ।"
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਸੀ, "ਕੀ ਇਹ ਚੋਣਾਂ ਕਰਵਾਉਣ ਦਾ ਤਰੀਕਾ ਹੈ? ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ। ਅਸੀਂ ਡਰੇ ਹੋਏ ਹਾਂ।"
ਦਰਅਸਲ, ਚੰਡੀਗੜ੍ਹ ਵਿੱਚ 30 ਜਨਵਰੀ ਨੂੰ ਹੋਈ ਮੇਅਰ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ ਪ੍ਰਜ਼ਾਇਡਿੰਗ ਅਫ਼ਸਰ 'ਤੇ ਵੋਟਾਂ ’ਚ ਹੇਰਾਫੇਰੀ ਦਾ ਇਲਜ਼ਾਮ ਲਗਾਇਆ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਵਾਈ ਸੀ।
ਇਸੇ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਨਗਰ ਨਿਗਮ ਦੀਆਂ ਬੈਠਕਾਂ 'ਤੇ ਰੋਕ ਲਗਾਉਂਦਿਆਂ ਹੋਰ ਅਹਿਮ ਟਿੱਪਣੀਆਂ ਵੀ ਕੀਤੀਆਂ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਸੁਪਰੀਮ ਕੋਰਟ ਨੇ ਚੋਣਾਂ ਕਰਵਾਉਣ ਵਾਲੇ ਨਗਰ ਨਿਗਮ ਚੋਣ ਅਧਿਕਾਰੀ ਨੂੰ ਫਟਕਾਰ ਲਗਾਈ ਸੀ। ਅਦਾਲਤ ਨੇ ਕਿਹਾ ਕਿ ਇਹ ਸਾਫ਼ ਹੈ ਕਿ ਚੰਡੀਗੜ੍ਹ ਮੇਅਰ ਚੋਣਾਂ ਦੇ ਪ੍ਰਜ਼ਾਇਡਿੰਗ ਅਫ਼ਸਰ ਨੇ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਹੈ।
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਸੀ, "ਕੀ ਇਹ ਰਿਟਰਨਿੰਗ ਅਫ਼ਸਰ ਦਾ ਰਵੱਈਆ ਹੋਣਾ ਚਾਹੀਦਾ ਹੈ? ਉਹ ਕੈਮਰੇ ਵੱਲ ਦੇਖਦੇ ਹਨ ਅਤੇ ਬੈਲਟ ਪੇਪਰਾਂ ਨਾਲ ਛੇੜਛਾੜ ਕਰਦੇ ਹਨ। ਜਿਸ ਬੈਲੇਟ ਪੇਪਰ 'ਤੇ ਕਰੌਸ ਦਾ ਨਿਸ਼ਾਨ ਬਣਿਆ ਹੋਇਆ ਹੈ, ਉਸ ਨੂੰ ਟ੍ਰੇਅ ਵਿੱਚ ਰੱਖ ਦਿੰਦੇ ਹਨ।"
"ਬੈਲਟ ਪੇਪਰ 'ਤੇ ਕਰੌਸ ਦਾ ਨਿਸ਼ਾਨ ਬਣਿਆ ਹੋਇਆ ਹੈ ਉਹ ਖ਼ਰਾਬ ਕਰ ਦਿੰਦੇ ਹਨ ਅਤੇ ਫਿਰ ਕੈਮਰੇ ਵੱਲ ਦੇਖਦੇ ਹਨ। ਉਨ੍ਹਾਂ ਨੂੰ ਕਹੋ ਕਿ ਸੁਪਰੀਮ ਕੋਰਟ ਉਨ੍ਹਾਂ ਨੂੰ ਦੇਖ ਰਿਹਾ ਹੈ। ਅਸੀਂ ਲੋਕਤੰਤਰ ਦਾ ਇਸ ਤਰ੍ਹਾਂ ਕਤਲ ਨਹੀਂ ਹੋਣ ਦੇਵਾਂਗੇ। ਦੇਸ਼ ਵਿੱਚ ਸਥਿਰਤਾ ਲਿਆਉਣ ਲਈ ਸਭ ਤੋਂ ਮਹੱਤਵਪੂਰਨ ਤਾਕਤ ਚੋਣ ਪ੍ਰਕਿਰਿਆ ਦੀ ਸ਼ੁੱਧਤਾ ਹੈ।"
ਅਦਾਲਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਰਾਹੀਂ ਬੈਲਟ ਪੇਪਰਾਂ, ਵੀਡੀਓਗ੍ਰਾਫੀ ਅਤੇ ਹੋਰ ਸਮੱਗਰੀ ਸਮੇਤ ਚੋਣ ਪ੍ਰਕਿਰਿਆ ਦਾ ਪੂਰਾ ਰਿਕਾਰਡ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਸਨ।
ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਸੀ ਕਿ ਚੰਡੀਗੜ੍ਹ ਕਾਰਪੋਰੇਸ਼ਨ ਦੀ ਅਗਲੀ ਮੀਟਿੰਗ ਸੁਣਵਾਈ ਦੀ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤੀ ਜਾਵੇ।
ਚੰਡੀਗੜ੍ਹ ਦੇ ਮੇਅਰ ਦੀ ਚੋਣ ਹਾਰ ਚੁੱਕੇ ਕੁਲਦੀਪ ਕੁਮਾਰ ਨੇ ਹਾਈ ਕੋਰਟ ਵੱਲੋਂ ਚੋਣ ਨਤੀਜਿਆਂ 'ਤੇ ਤੁਰੰਤ ਰੋਕ ਲਾਉਣ ਤੋਂ ਇਨਕਾਰ ਕਰਨ ਵਿਰੁੱਧ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਨੂੰ ਮੇਅਰ ਐਲਾਨ ਦਿੱਤਾ ਗਿਆ।
ਚੰਦਰਚੂੜ ਤੋਂ ਇਲਾਵਾ ਇਸ ਕੇਸ ਦੀ ਸੁਣਵਾਈ ਕਰਨ ਵਾਲੇ ਬੈਂਚ ਵਿੱਚ ਜਸਟਿਸ ਜੇਬੀ ਪਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਲ ਹਨ।
ਹਾਈਕੋਰਟ ਨੇ ਰਾਹਤ ਨਹੀਂ ਦਿੱਤੀ ਸੀ
ਸੁਪਰੀਮ ਕੋਰਟ ਨੇ ਪ੍ਰਜ਼ਾਈਡਿੰਗ ਅਫ਼ਸਰ ਨੂੰ 19 ਫਰਵਰੀ ਨੂੰ ਹੋਣ ਵਾਲੀ ਸੁਣਵਾਈ 'ਚ ਹਾਜ਼ਰ ਹੋ ਕੇ ਆਪਣੇ ਵਤੀਰੇ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।
ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਪ੍ਰਜ਼ਾਈਡਿੰਗ ਅਫ਼ਸਰ ਵੱਲੋਂ ਸੁਪਰੀਮ ਕੋਰਟ ਵਿੱਚ ਪੇਸ਼ ਹੋਏ।
ਅਦਾਲਤ ਨੇ ਚੰਡੀਗੜ੍ਹ ਨਗਰ ਨਿਗਮ ਦੀ 7 ਫਰਵਰੀ ਨੂੰ ਹੋਣ ਵਾਲੀ ਮੀਟਿੰਗ ’ਤੇ ਵੀ ਰੋਕ ਲਗਾ ਦਿੱਤੀ ਸੀ।
ਜਦੋਂ 30 ਜਨਵਰੀ ਨੂੰ ਚੋਣ ਨਤੀਜੇ ਆਏ ਤਾਂ 'ਆਪ' ਅਤੇ ਕਾਂਗਰਸ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਪਰ ਹਾਈ ਕੋਰਟ ਨੇ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਸਬੰਧਤ ਅਧਿਕਾਰੀਆਂ ਨੂੰ ਤਿੰਨ ਹਫ਼ਤਿਆਂ ਵਿੱਚ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ।
ਹਾਈ ਕੋਰਟ ਨੇ 'ਆਪ' ਅਤੇ ਕਾਂਗਰਸ ਦੀ ਮੁੜ ਚੋਣ ਕਰਵਾਉਣ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਸੀ।
ਸੁਪਰੀਮ ਕੋਰਟ ਨੇ ਹਾਈ ਕੋਰਟ ਵਿੱਚ ਮੇਅਰ ਚੋਣ ਪ੍ਰਕਿਰਿਆ ਨਾਲ ਸਬੰਧਤ ਦਸਤਾਵੇਜ਼ ਅਤੇ ਵੀਡੀਓਜ਼ ਜਮ੍ਹਾਂ ਕਰਵਾਉਣ ਲਈ ਕਿਹਾ ਸੀ।
ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਅੰਤਰਿਮ ਹੁਕਮ ਦੇਣਾ ਪੈਣਾ ਸੀ, ਜਿਸ ਨੂੰ ਹਾਈ ਕੋਰਟ ਦੇਣ ਵਿੱਚ ਨਾਕਾਮ ਰਹੀ ਹੈ।
ਵੋਟ ਕਦੋਂ ਅਯੋਗ ਮੰਨਿਆ ਜਾਂਦਾ ਹੈ?
ਇੰਡੀਅਨ ਐਕਪ੍ਰੈਸ ਦੀ ਇੱਕ ਰਿਪੋਰਟ ਵਿੱਚ ਪੋਲ ਪੈਨਲ ਦੇ ਦਿਸ਼ਾ-ਨਿਰਦੇਸ਼ ਦੇ ਹਵਾਲੇ ਨਾਲ ਵੋਟ ਦੇ ਅਯੋਗ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਮੁਤਾਬਕ ਵੋਟ ਨੂੰ "ਅਯੋਗ" ਮੰਨਿਆ ਜਾਂਦਾ ਹੈ, ਜਦੋਂ...
- ਬੈਲਟ 'ਤੇ ਕੋਈ ਨਿਸ਼ਾਨ ਨਾ ਹੋਵੇ
- ਇੱਕ ਤੋਂ ਵੱਧ ਉਮੀਦਵਾਰਾਂ ਲਈ ਨਿਸ਼ਾਨ ਹੋਣ
- ਪੋਲਿੰਗ ਸਟੇਸ਼ਨ 'ਤੇ ਮੁਹੱਈਆ ਕਰਵਾਏ ਗਏ ਪੈਨ ਜਾਂ ਪੈਨਸਿਲ ਦੀ ਵਰਤੋਂ ਨਾ ਕਰਨ ’ਤੇ
- ਅਧਿਕਾਰਤ ਉਲੰਘਣਾ ਵਿੱਚ ਕੋਈ ਅਸਾਧਾਰਨ ਚਿੰਨ੍ਹ ਹੋਵੇ
- ਵਿਸ਼ੇਸ਼ ਤਰੀਕੇ ਨਾਲ ਚਿੰਨ੍ਹਿਤ ਕੀਤਾ ਗਿਆ ਹੋਵੇ ਕਿ ਵੋਟਰ ਦੀ ਪਛਾਣ ਕੀਤੀ ਜਾ ਸਕੇ
ਉਸ ਵੇਲੇ ਪ੍ਰਜ਼ਾਇਡਿੰਗ ਅਫ਼ਸਰ ਨੇ ਕੀ ਕਿਹਾ ਸੀ
ਉਸ ਵੇਲੇ ਪ੍ਰਜ਼ਾਇਡਿੰਗ ਅਫ਼ਸਰ ਅਨਿਲ ਮਸੀਹ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਸੀ, "ਆਪ ਅਤੇ ਕਾਂਗਰਸ ਨੇ ਚੋਣ ਪ੍ਰਕਿਰਿਆ ਨੂੰ ਪੱਟੜੀ ਤੋਂ ਲਾਹੁਣ ਲਈ ਸਾਜਿਸ਼ ਰਚੀ।"
ਅਨਿਲ ਮਸੀਹ ਨੇ ਕਿਹਾ ਸੀ, "ਮੇਅਰ ਚੋਣ ਪ੍ਰਕਿਰਿਆ ਬਹੁਤ ਸ਼ਾਂਤੀਪੂਰਵਕ ਚੱਲ ਰਹੀ ਸੀ। ਸੰਸਦ ਮੈਂਬਰਾਂ ਦੀਆਂ ਵੋਟਾਂ ਸਮੇਤ ਕੋਈ 36 ਵੋਟਾਂ ਪਈਆਂ। ਜਦੋਂ ਅਸੀਂ ਬੈਲਟ ਪੇਪਰ ਜਾਰੀ ਕਰ ਰਹੇ ਸੀ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੂੰ ਚਿੰਤਾਵਾਂ ਸਨ ਕਿ ਬੈਲਟ ਪੇਪਰਾਂ 'ਤੇ ਕਿਤੇ ਨਿਸ਼ਾਨ ਹਨ, ਇਸ ਲਈ ਉਨ੍ਹਾਂ ਨੇ 11 ਦੇ ਕਰੀਬ ਬੈਲਟ ਪੇਪਰ ਬਦਲਣ ਲਈ ਕਿਹਾ।"
"ਮੈਂ ਉਨ੍ਹਾਂ ਦੀ ਬੇਨਤੀ ਦਾ ਸਤਿਕਾਰ ਕੀਤਾ। ਮੈਂ ਉਨ੍ਹਾਂ ਦੇ 11 ਬੈਲਟ ਪੇਪਰ ਇੱਕ ਪਾਸੇ ਰੱਖੇ ਅਤੇ ਉਨ੍ਹਾਂ ਨੂੰ 11 ਨਵੇਂ ਬੈਲਟ ਪੇਪਰ ਜਾਰੀ ਕੀਤੇ। ਵੋਟਾਂ ਪੈਣ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ।"
ਅਨਿਲ ਮਸੀਹ ਨੇ ਕਿਹਾ, “ਮੈਂ ਪ੍ਰਕਿਰਿਆ ਅਨੁਸਾਰ ਨਤੀਜਿਆਂ ਦਾ ਐਲਾਨ ਕੀਤਾ ਕਿ 16 ਵੋਟਾਂ ਭਾਜਪਾ ਲਈ, 12 ਆਮ ਆਦਮੀ ਪਾਰਟੀ ਲਈ ਅਤੇ 8 ਵੋਟਾਂ ਅਯੋਗ ਹਨ। ਐਲਾਨ ਕਰਦਿਆਂ ਹੀ ਮੈਂ ਭਾਜਪਾ ਦੇ ਪੋਲਿੰਗ ਏਜੰਟ ਸੌਰਭ ਜੋਸ਼ੀ ਅਤੇ ਆਮ ਆਦਮੀ ਪਾਰਟੀ-ਕਾਂਗਰਸ ਦੇ ਪੋਲਿੰਗ ਏਜੰਟ ਯੋਗੇਸ਼ ਢੀਂਗਰਾ ਨੂੰ ਅੱਗੇ ਆਉਣ ਅਤੇ ਇਨ੍ਹਾਂ ਸਾਰੇ ਬੈਲਟ ਪੇਪਰਾਂ ਦੀ ਜਾਂਚ ਕਰਨ ਲਈ ਬੇਨਤੀ ਕੀਤੀ।"
"ਪਰ ਕਾਗ਼ਜ਼ ਚੈੱਕ ਕਰਨ ਦੀ ਬਜਾਏ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇਹ ਲੋਕ ਕੁੱਦ ਪਏ। ਉਨ੍ਹਾਂ ਨੇ ਆ ਕੇ ਬੈਲਟ ਪੇਪਰ 'ਤੇ ਕਬਜ਼ਾ ਕਰ ਲਿਆ ਅਤੇ ਪਾੜ ਦਿੱਤਾ।"