ਚੰਨ ਉੱਤੇ ਬਸਤੀ ਬਣਾਉਣ ਨਾਲ ਮਨੁੱਖਾਂ ਨੂੰ ਕੀ ਫਾਇਦਾ ਹੋਵੇਗਾ, ਇਸ ਦੌੜ ਵਿੱਚ ਭਾਰਤ ਕਿੱਥੇ?

ਪ੍ਰਕਾਸ਼ਿਤ

ਅਗਲੇ ਕੁਝ ਸਾਲਾਂ ਵਿੱਚ ਅਮਰੀਕੀ ਪੁਲਾੜ ਏਜੰਸੀ ਨਾਸਾ ਕਰੀਬ 50 ਸਾਲ ਬਾਅਦ ਦੁਬਾਰਾ ਮਨੁੱਖ ਨੂੰ ਚੰਨ ਉੱਤੇ ਭੇਜਣ ਦੀ ਯੋਜਨਾ ਬਣਾ ਰਹੀ ਹੈ।

ਅਮਰੀਕਾ ਦੇ ਨੀਲ ਆਰਮਸਟ੍ਰੌਂਗ ਅਤੇ ਬਜ਼ ਆਲਡ੍ਰਿਨ 1969 ਵਿੱਚ ਚੰਨ ਉੱਤੇ ਪੈਰ ਰੱਖਣ ਵਾਲੇ ਪਹਿਲੇ ਮਨੁੱਖ ਸਨ।

ਇਸ ਤੋਂ ਬਾਅਦ ਅਪੋਲੋ ਮਿਸ਼ਨ ਨੇ 12 ਲੋਕਾਂ ਨੂੂੰ ਚੰਨ ਉੱਤੇ ਉਤਾਰਨ ਵਿੱਚ ਸਫ਼ਲਤਾ ਹਾਸਲ ਕੀਤੀ ਸੀ।

ਉਸ ਤੋਂ ਬਾਅਦ ਰੂਸ, ਚੀਨ, ਭਾਰਤ ਅਤੇ ਜਪਾਨ ਨੇ ਚੰਨ ਦੇ ਤਲ ਉੱਤੇ ਆਪਣੇ ਪੁਲਾੜ ਯਾਨ, ਲੈਂਡਰ ਅਤੇ ਰੋਵਰਜ਼ ਨੂੰ ਉਤਾਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਪਰ ਇਨ੍ਹਾਂ ਮੁਹਿੰਮਾ ਵਿੱਚ ਮਨੁੱਖਾਂ ਨੂੰ ਚੰਨ ਉੱਤੇ ਨਹੀਂ ਭੇਜਿਆ ਗਿਆ।

ਹੁਣ ਅਮਰੀਕਾ ਆਪਣੇ ਆਰਟੇਮਿਸ ਪ੍ਰੋਗਰਾਮ ਦੇ ਤਹਿਤ ਮਨੁੱਖਾਂ ਦੀ ਇੱਕ ਟੀਮ ਨੂੰ ਚੰਨ ਉੱਤੇ ਭੇਜਣ ਦੀ ਯੋਜਨਾ ਬਣਾ ਰਿਹਾ ਹੈ।

ਅਜਿਹੀ ਹੀ ਯੋਜਨਾ ਚੀਨ ਅਤੇ ਭਾਰਤ ਵੀ ਬਣਾ ਰਹੇ ਹਨ।

ਇਸ ਹਫ਼ਤੇ ਦੁਨੀਆਂ ਜਹਾਨ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਕੌਣ ਸਭ ਤੋਂ ਪਹਿਲਾਂ ਚੰਨ ਉੱਤੇ ਪੈਰ ਰੱਖਣ ਵਿੱਚ ਕਾਮਯਾਬ ਹੋਵੇਗਾ।

ਚੰਨ 'ਤੇ ਪਹੁੰਚਣ ਲਈ ਮੁਕਾਬਲਾ ਕਦੋਂ ਸ਼ੁਰੂ ਹੋਇਆ

ਪੁਲਾੜ ਵਿੱਚ ਜਾਣ ਦੇ ਲਈ ਸਭ ਤੋਂ ਜ਼ਰੂਰੀ ਹੈ ਰਾਕੇਟ ਤਕਨੀਕ।

ਸ਼ੀਤ ਯੁੱਧ ਦੇ ਦੌਰਾਨ ਸੋਵੀਅਤ ਸੰਘ ਅਤੇ ਅਮਰੀਕਾ ਦੇ ਵਿੱਚ ਇਸ ਤਕਨੀਕ ਦੀ ਵਰਤੋਂ ਨਾਲ ਮਨੁੱਖ ਨੂੰ ਪੁਲਾੜ ਵਿੱਚ ਸਭ ਤੋਂ ਪਹਿਲਾਂ ਲੈ ਕੇ ਜਾਣ ਦੇ ਲਈ ਮੁਕਾਬਲਾ ਸ਼ੁਰੂ ਹੋ ਗਿਆ।

ਸਾਲ 1961 ਵਿੱਚ ਸੋਵੀਅਤ ਸੰਘ ਨੇ ਯੂਰੀ ਗਾਗਰਿਨ ਨੂੰ ਪੁਲਾੜ ਭੇਜਣ ਵਿੱਚ ਕਾਮਯਾਬੀ ਹਾਸਲ ਕੀਤੀ।

‘ਦ ਇਕੋਨੋਮਿਸਟ’ ਦੇ ਉੱਘੇ ਸੰਪਾਦਕ ਅਤੇ ‘ਦਿ ਮੂਨ ਏ ਹਿਸਟ੍ਰੀ ਫੋਰ ਦ ਫਿਊਚਰ’ ਕਿਤਾਬ ਦੇ ਲੇਖਕ ਓਲਿਵਰ ਮੋਰਟਨ ਦੀ ਰਾਇ ਹੈ ਮਨੁੱਖ ਨੂੰ ਚੰਨ ਜਾਂ ਪੁਲਾੜ ਉੱਤੇ ਲੈ ਕੇ ਜਾਣਾ ਇੱਕ ਜ਼ਬਰਦਸਤ ਕੰਮ ਹੈ।

ਇਸ ਨਾਲ ਦੁਨੀਆਂ ਵਿੱਚ ਦੇਸ ਦੀ ਚੜ੍ਹਤ ਅਤੇ ਤਾਕਤ ਵੱਧ ਜਾਂਦੀ ਹੈ। ਅਜਿਹੇ ਵਿੱਚ ਸੋਵੀਅਤ ਸੰਘ ਦੀ ਕਾਮਯਾਬੀ ਤੋਂ ਬਾਅਦ ਅਮਰੀਕਾ ਉੱਤੇ ਦਬਾਅ ਵੱਧ ਗਿਆ ਸੀ।

ਉਹ ਕਹਿੰਦੇ ਹਨ, "ਇਸ ਮਗਰੋਂ ਅਮਰੀਕਾ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜੋ ਸੋਵੀਅਤ ਸੰਘ ਦੀ ਪ੍ਰਾਪਤੀ ਤੋਂ ਵੀ ਬਿਹਤਰ ਹੋਵੇ, ਇਸ ਤੋਂ ਵੱਡੀ ਉਪਲਬਧੀ ਮਨੁੱਖ ਨੂੰ ਚੰਨ ਉੱਤੇ ਉਤਾਰਨਾ ਹੋ ਸਕਦੀ ਹੈ, ਇਸ ਦੇ ਲਈ ਵੱਧ ਤਾਕਤਵਰ ਰਾਕੇਟ ਦੀ ਜ਼ਰੂਰਤ ਸੀ, ਚੰਨ ਉੱਤੇ ਪੈਰ ਰੱਖ ਕੇ ਉਹ ਪੁਰੀ ਦੁਨੀਆਂ ਉੱਤੇ ਆਪਣੀ ਛਾਪ ਛੱਡਣਾ ਚਾਹੁੰਦਾ ਸੀ।"

1969 ਵਿੱਚ ਅਮਰੀਕਾ ਨੇ ਅਪੋਲੋ 11 ਪੁਲਾੜ ਯਾਨ ਨਾਲ ਦੋ ਪੁਲਾੜ ਯਾਤਰੀਆਂ ਨੂੰ ਚੰਨ ਉੱਤੇ ਉਤਾਰਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ।

ਉਸ ਤੋਂ ਬਾਅਦ ਉਹ ਦੂਜੀਆਂ ਅਪੋਲੋ ਮੁਹਿੰਮਾਂ ਦੇ ਜ਼ਰੀਏ ਦੱਸ ਹੋਰ ਲੋਕਾਂ ਨੂੰ ਚੰਨ ਉੱਤੇ ਭੇਜਣ ਵਿੱਚ ਸਫ਼ਲ ਰਿਹਾ।

ਇਹ ਨਾ ਕਿ ਵਿਗਿਆਨ ਦੀ ਇੱਕ ਵੱਡੀ ਪ੍ਰਾਪਤੀ ਹੈ ਬਲਕਿ ਅਮਰੀਕਾ ਦੇ ਲਈ ਇੱਕ ਸਿਆਸੀ ਪ੍ਰਾਪਤੀ ਵੀ ਸੀ। ਦੁਨੀਆਂ ਵਿੱਚ ਦੋ ਮਨੁੱਖਾਂ ਨੂੰ ਚੰਨ ਦੇ ਤਲ ਉੱਤੇ ਚੱਲਣ ਦੀਆਂ ਤਸਵੀਰਾਂ ਫੈਲ ਗਈਆਂ।

ਪਰ ਲੋਕਾਂ ਦਾ ਸਭ ਤੋਂ ਵੱਧ ਧਿਆਨ ਦੂਜੀ ਤਸਵੀਰ ਨੇ ਖਿੱਚਿਆ।

ਓਲਿਵਰ ਮਾਰਟਿਨ ਨੇ ਕਿਹਾ, “ਨਿਸ਼ਚਿਤ ਤੌਰ ਉੱਤੇ ਹੀ ਚੰਨ ਉੱਤੇ ਨੀਲ ਆਰਮਸਟ੍ਰੌਂਗ ਅਤੇ ਬਜ਼ ਆਲਡ੍ਰਿਨ ਦੀਆਂ ਤਸਵੀਰਾਂ ਦੁਨੀਆਂ ਭਰ ਵਿੱਚ ਛਾਅ ਗਈਆਂ ਪਰ ਜਿਸ ਤਸਵੀਰ ਨੇ ਆਮ ਲੋਕਾਂ ਦੇ ਦਿਲ ਅਤੇ ਦਿਮਾਗ਼ ਉੱਤੇ ਅਸਰ ਕੀਤਾ ਉਹ ਸੀ ਚੰਨ ਤੋਂ ਦਿਖਣ ਵਾਲੀ ਧਰਤੀ ਦੇ ਉਦੈ ਹੋਣ ਜਾਂ ਉਗਣ ਦੀ ਤਸਵੀਰ, ਇਹ ਇੱਕ ਜਿਉਂਦੇ ਗ੍ਰਹਿ ਦੀ ਚਮਕਦਾਰ ਤਸਵੀਰ ਸੀ ਜਿਸ ਦੇ ਪੋਸਟਰ ਲੋਕਾਂ ਨੇ ਆਪਣੇ ਘਰਾਂ ਵਿੱਚ ਲਗਾਏ।"

ਸੋਵੀਅਤ ਸੰਘ ਕਦੇ ਵੀ ਮਨੁੱਖ ਨੂੰ ਚੰਨ ਉੱਤੇ ਨਹੀਂ ਭੇਜ ਸਕਿਆ। ਪਰ 1970 ਦੇ ਦਹਾਕੇ ਵਿੱਚ ਮਨੁੱਖਾਂ ਦੀ ਪੁਲਾੜ ਯਾਤਰਾ ਦਾ ਮਹੱਤਵ ਘੱਟ ਕਿਉਂ ਹੋ ਗਿਆ?

ਓਲੀਵਰ ਮਾਰਟਿਨ ਦਾ ਮੰਨਣਾ ਹੈ ਕਿ ਅਮਰੀਕਾ ਇਸ ਵਿੱਚ ਪਹਿਲਾਂ ਹੀ ਜਿੱਤ ਹਾਸਲ ਕਰ ਚੁੱਕਾ ਸੀ।

ਇੱਕ ਦੋ ਵਾਰੀ ਉੱਥੇ ਮਨੁੱਖਾਂ ਨੂੰ ਭੇਜ ਕੇ ਅਧਿਐਨ ਵੀ ਕਰ ਚੁੱਕਾ ਸੀ ਇਸ ਲਈ ਉਸ ਦੇ ਲਈ ਇਸ ਦਾ ਮਹੱਤਵ ਘੱਟ ਹੋ ਗਿਆ ਅਤੇ ਉਸ ਨੇ ਇਹ ਮਿਸ਼ਨ ਬੰਦ ਕਰ ਦਿੱਤੇ।

ਪਰ ਹੁਣ ਲੱਗਦਾ ਹੈ ਕਿ ਪੁਲਾੜ ਦੀ ਯਾਤਰਾ ਦੇ ਲਈ ਦੁਬਾਰਾ ਆਪਣੀ ਸੀਟਬੈਲਟ ਬੰਨ੍ਹਣ ਦਾ ਸਮਾਂ ਆ ਗਿਆ ਹੈ, ਪਰ ਇਸ ਵਾਰੀ ਅਮਰੀਕਾ ਦੇ ਲਈ ਹੋਰ ਦੇਸ਼ਾਂ ਤੋਂ ਪਹਿਲਾਂ ਮਨੁੱਖ ਨੂੰ ਚੰਨ ਉੱਤੇ ਭੇਜਣ ਦੀ ਦੌੜ ਸੰਭਵ ਤੌਰ ਉੱਤੇ ਹੋਰ ਤੇਜ਼ ਹੋ ਗਈ ਹੈ ਕਿਉਂਕਿ ਇਸ ਵਾਰ ਹੋਰਾਂ ਦੇਸ਼ਾ ਦੇ ਨਾਲ ਸਖ਼ਤ ਮੁਕਾਬਲਾ ਹੋ ਸਕਦਾ ਹੈ।

ਚੰਨ ਤੱਕ ਦੀ ਦੌੜ

ਪਿਛਲੇ ਕਈ ਸਾਲਾਂ ਵਿੱਚ ਅਮਰੀਕਾ ਅਤੇ ਚੀਨ ਦੇ ਵਿੱਚ ਤਣਾਅਪੂਰਨ ਸਬੰਧ ਰਹੇ ਹਨ ਪਰ ਹੁਣ ਇਹ ਦੋਵੇਂ ਆਪਣੇ ਮੁਕਾਬਲੇ ਨੂੰ ਧਰਤੀ ਤੋਂ ਅੱਗੇ ਪੁਲਾੜ ਵਿੱਚ ਲੈ ਕੇ ਜਾ ਰਹੇ ਹਨ।

ਤਕਨੀਕ ਨਾਲ ਜੁੜੇ ਵਿਸ਼ਿਆਂ ਦੀ ਵੈੱਬਸਾਈਟ ਆਰਸ ਟੈਵਿਨਕਾ ਦੇ ਪੁਲਾੜ ਮਾਮਲਿਆਂ ਵਿੱਚ ਉੱਘੇ ਸੰਪਾਦਕ ਐਰਿਕ ਬਰਗਰ ਦੱਸਦੇ ਹਨ ਕਿ ਅਮਰੀਕਾ ਅਤੇ ਚੀਨ ਆਉਣ ਵਾਲੇ ਪੰਜ ਦੱਸ ਸਾਲਾਂ ਵਿੱਚ ਮਨੁੱਖਾਂ ਦੇ ਮਿਸ਼ਨ ਨੂੰ ਚੰਨ ਉੱਤੇ ਭੇਜਣ ਦੀ ਤਿਆਰੀ ਕਰ ਰਹੇ ਹਨ ਜਿਸ ਦੇ ਲਈ ਦੋਵਾਂ ਨੇ ਕੌਮਾਂਤਰੀ ਹਿੱਸੇਦਾਰੀ ਨਾਲ ਸਹਿਯੋਗ ਸ਼ੁਰੂ ਕਰ ਦਿੱਤਾ ਹੈ ਇਸ ਦਾ ਸਿੱਧਾ ਸਬੰਧ ਸਿਆਸਤ ਨਾਲ ਹੈ।

ਉਹ ਕਹਿੰਦੇ ਹਨ, "ਚੰਨ ਇਸ ਲਈ ਇੱਕ ਵਿਹਾਰਕ ਟੀਚਾ ਹੈ ਕਿਉਂਕਿ ਇਸ ਦੇ ਤਲ ਉੱਤੇ ਗਰੈਵਿਟੀ(ਖਿੱਚ) ਘੱਟ ਹੈ ਉਹ ਧਰਤੀ ਦੇ ਨੇੜੇ ਹੈ ਉੱਥੇ ਪਹੁੰਚਣ ਵਿੱਚ ਤਿੰਨ ਦਿਨ ਲੱਗਦੇ ਹਨ ਜਦਕਿ ਮੰਗਲ ਗ੍ਰਹਿ ਤੱਕ ਪਹੁੰਚਣ ਵਿੱਚ 6 ਤੋਂ 8 ਮਹੀਨੇ ਲੱਗਦੇ ਹਨ ਤਾਂ ਜ਼ਾਹਰ ਹੈ ਚੰਨ ਹੀ ਅਗਲਾ ਟੀਚਾ ਹੋਵੇਗਾ।"

ਚੰਨ ਉੱਤੇ ਪਹੁੰਚਣ ਦੀ ਇਸ ਦੌੜ ਉੱਤੇ ਗੱਲ ਕਰਨ ਤੋਂ ਪਹਿਲਾਂ ਇਸ ਵਿੱਚ ਸ਼ਾਮਲ ਤਕਨੀਕੀ ਮੁਸ਼ਕਲਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ, ਸਭ ਤੋਂ ਵੱਡੀ ਚੁਣੌਤੀ ਹੈ ਰਾਕੇਟ ਨੂੰ ਪੁਲਾੜ ਵਿੱਚ ਲੈ ਕੇ ਜਾਣਾ, ਪੁਲਾੜ ਯਾਤਰੀਆਂ ਨੂੰ ਰੇਡੀਏਸ਼ਨ ਤੋਂ ਬਚਾਉਣਾ ਅਤੇ ਚੰਨ ਦੇ ਤਲ ਉੱਤੇ ਸੌਫਟ ਲੈਂਡਿੰਗ ਕਰ ਸਕਣਾ।

ਐਰਿਕ ਕਹਿੰਦੇ ਹਨ ਕਿ ਇਸ ਤੋਂ ਵੀ ਵੱਡੀ ਮੁਸ਼ਕਲ ਹੈ ਉਸ ਰਾਕੇਟ ਨੂੰ ਧਰਤੀ ਉੱਤੇ ਵਾਪਸ ਲਿਆਉਣ ਲਈ ਚੰਨ ਤੋਂ ਉਸ ਨੂੰ ਲਾਂਚ ਕਰਨਾ।

ਉਹ ਕਹਿੰਦੇ ਹਨ, “ਅਸੀਂ ਜਦੋਂ ਧਰਤੀ ਤੋਂ ਲਾਂਚ ਹੁੰਦੇ ਹੋਏ ਵੇਖਦੇ ਹਾਂ ਤਾਂ ਕਾਊਂਟਡਾਊਨ ਹੁੰਦਾ ਹੈ ਫਿਰ ਰਾਕੇਟ ਦੇ ਥੱਲੇ ਤਰਲ ਈਂਧਨ ਦੀ ਅੱਗ ਨਿਕਲਦੀ ਹੈ ਅਤੇ ਜੇਕਰ ਕਿਸੇ ਘਾਟ ਦਾ ਪਤਾ ਲੱਗੇ ਤਾਂ ਮਿਸ਼ਨ ਨੂੰ ਰੋਕ ਦਿੱਤਾ ਜਾਂਦਾ ਹੈ, ਚੰਨ ਉੱਤੇ ਸਾਰਾ ਕੁਝ ਆਪਣੇ ਆਪ ਚੱਲਣਾ ਜ਼ਰੂਰੀ ਹੁੰਦਾ ਹੈ ਨਾਲ ਹੀ ਜਦੋਂ ਰਾਕੇਟ ਧਰਤੀ ਦੇ ਘੇਰੇ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਸ ਦੀ ਰਫ਼ਤਾਰ ਕਾਫੀ ਵੱਧ ਹੁੰਦੀ ਹੈ।

ਉਹ ਅੱਗੇ ਦੱਸਦੇ ਹਨ, “ਇਸ ਤੋਂ ਪੈਦਾ ਹੋਣ ਵਾਲੀ ਗਰਮੀ ਤੋਂ ਬਚਣ ਲਈ ਰਾਕੇਟ ਦੀ ਸੁਰੱਖਿਆ ਦੇ ਲਈ ਹੋਰ ਮਜ਼ਬੂਤ ਹੀਟ ਸ਼ੀਲਡ ਦੀ ਜ਼ਰੂਰਤ ਹੁੰਦੀ ਹੈ।”

ਇਨ੍ਹਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਕਈ ਪੁਲਾੜ ਯਾਤਰੀਆਂ ਦੀ ਜਾਨ ਅਤੇ ਜਨਤਾ ਦੇ ਅਰਬਾਂ ਡਾਲਰਾਂ ਨੂੰ ਦੁਬਾਰਾ ਦਾਅ ਉੱਤੇ ਲਾਉਣ ਦੀ ਕੀ ਲੋੜ ਹੈ?

ਸ਼ਾਇਦ ਇਸ ਲਈ ਕਿਉਂਕਿ ਇਸ ਮੁਕਾਬਲੇ ਦਾ ਰੂਪ ਬਦਲ ਗਿਆ ਹੈ।

ਹੁਣ ਗੱਲ ਇਹ ਨਹੀਂ ਹੈ ਕਿ ਕੌਣ ਸਭ ਤੋਂ ਪਹਿਲਾਂ ਮਨੁੱਖ ਨੂੰ ਚੰਨ ਉੱਤੇ ਲੈ ਕੇ ਜਾ ਸਕਦਾ ਹੈ ਬਲਕਿ ਇਹ ਹੈ ਕਿ ਕੌਣ ਸਭ ਤੋਂ ਪਹਿਲਾਂ ਅਜਿਹੀ ਤਕਨੀਕ ਬਣਾ ਸਕਦਾ ਹੈ ਜਿਸ ਨਾਲ ਮਨੁੱਖ ਚੰਨ ਉੱਤੇ ਵੀ ਰਹਿ ਸਕਦਾ ਹੈ ਅਤੇ ਉਸ ਦਾ ਫਾਇਦਾ ਚੁੱਕ ਸਕਦਾ।

ਯਾਨਿ ਇਹ ਲੜਾਈ ਇਸ ਗੱਲ ਦੀ ਹੈ ਕਿ ਕੌਣ ਸਭ ਤੋਂ ਪਹਿਲਾਂ ਚੰਨ ਉੱਤੇ ਮਨੁੱਖਾਂ ਦੀ ਬਸਤੀ ਵਸਾਏਗਾ।

ਐਰਿਕ ਬਰਗਰ ਕਹਿੰਦੇ ਹਨ ਕਿ ਸਭ ਤੋਂ ਵੱਧ ਦਿਲਚਸਪੀ ਚੰਨ ਦੇ ਦੱਖਣੀ ਧੁਰੇ ਵਿੱਚ ਹੈ ਕਿਉਂਕਿ ਉਸ ਖੇਤਰ ਦੇ ਟੋਏ ਹਮੇਸ਼ਾ ਹਨੇਰੇ ਵਿੱਚ ਰਹਿੰਦੇ ਹਨ।

ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਉੱਥੇ ਬਰਫ਼ ਹੋ ਸਕਦੀ ਹੈ ਇਹ ਕਾਫ਼ੀ ਮਹੱਤਵਪੂਰਨ ਸਰੋਤ ਹੋ ਸਕਦਾ ਹੈ।

ਖੋਜਾਰਥੀ ਇਸ ਸੈਕੜੇ ਕਿਲੋਮੀਟਰ ਖੇਤਰਫਲ ਦੇ ਇਲਾਕੇ ਵਿੱਚ ਖੋਜ ਕੇਂਦਰ ਸਥਾਪਤ ਕਰਨਾ ਚਾਹੁੰਦੇ ਹਨ, ਇਹ ਇੱਕ ਛੋਟਾ ਇਲਾਕਾ ਹੈ ਇਸ ਲਈ ਇਸ ਉੱਤੇ ਕਿਸਦਾ ਹੱਕ ਹੋਵੇਗਾ ਇਸ ਬਾਰੇ ਵਿਵਾਦ ਹੋ ਸਕਦਾ ਹੈ। ਸਵਾਲ ਹੈ ਕਿ ਇਸ ਦਾ ਤਕਨੀਕੀ ਜਾਂ ਸਿਆਸੀ ਫਾਇਦਾ ਕੀ ਹੈ?

ਐਰਿਕ ਬਰਗਰ ਦੀ ਰਾਇ ਹੈ ਇਹ ਲੋਕਾਂ ਦੇ ਦਿਲ ਅਤੇ ਦਿਮਾਗ਼ ਉੱਤੇ ਛਾਪ ਛੱਡਣ ਦੀ ਦੌੜ ਹੈ, ਜਿਸ ਵਿੱਚ ਚੀਨ ਨਾਲ ਅਮਰੀਕਾ ਦਾ ਮੁੱਖ ਮੁਕਾਬਲਾ ਹੈ।

ਐਰਿਕ ਬਰਗਰ ਦੇ ਮੁਤਾਬਕ ਪਿਛਲੇ 20 ਸਾਲਾਂ ਵਿੱਚ ਚੀਨ ਨੇ ਇਸ ਪਾਸੇ ਵੱਲ ਬਹੁਤ ਤਰੱਕੀ ਕੀਤੀ ਹੈ।

ਉਸ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਜਿਹਾ ਇੱਕ ਛੋਟਾ ਜਿਹਾ ਮੋਡਿਊਲ ਵੀ ਤਿਆਰ ਕਰ ਲਿਆ ਹੈ।

ਚੀਨ ਨੇ ਮੰਗਲ ਗ੍ਰਹਿ ਉੱਤੇ ਆਪਣੇ ਮਿਸ਼ਨ ਦੇ ਦੌਰਾਨ ਸਿਰਫ਼ ਮੰਗਲ ਗ੍ਰਹਿ ਦੇ ਘੇਰੇ ਦੀ ਪਰਿਕਰਮਾ ਹੀ ਨਹੀਂ ਉਸ ਦੇ ਤਲ ਉੱਤੇ ਉਤਰਨ ਵਿੱਚ ਵੀ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਵੱਡੀ ਉਪਲਬਧੀ ਹੈ।

ਚੀਨ 2030 ਤੱਕ ਚੰਨ ਉੱਤੇ ਆਪਣਾ ਅੱਡਾ ਬਣਾਉਣਾ ਚਾਹੁੰਦਾ ਹੈ।

ਅਮਰੀਕਾ ਇਹੀ ਕੰਮ 2028 ਤੱਕ ਕਰਨਾ ਚਾਹੁੰਦਾ ਹੈ ਪਰ ਇਸ ਮਿਸ਼ਨ ਵਿੱਚ ਪਹਿਲਾਂ ਹੀ ਦੇਰ ਹੋ ਗਈ ਹੈ, ਉੱਥੇ ਹੀ ਅਮਰੀਕਾ ਇਸ ਮਿਸ਼ਨ ਦੀ ਕਾਮਯਾਬੀ ਦੇ ਲਈ ਅਰਬਪਤੀ ਈਲੋਨ ਮਸਕ ਅਤੇ ਉਨ੍ਹਾਂ ਦੀ ਕੰਪਨੀ ‘ਸਪੇਸ ਐਕਸ’ ਉੱਤੇ ਨਿਰਭਰ ਹੈ।

ਐਰਿਕ ਬਰਗਰ ਕਹਿੰਦੇ ਹਨ ਕਿ ਸਪੇਸ ਐਕਸ ਵੱਲੋਂ ਨਾਸਾ ਦੇ ਲਈ ਬਣਾਏ ਜਾ ਰਹੇ ਸਟਾਰਸ਼ਿਪ ਪੁਲਾੜਯਾਨ ਦੇ ਬਿਨਾ ਇਹ ਸੰਭਵ ਨਹੀਂ ਹੋਵੇਗਾ।

ਅਮਰੀਕਾ ਅਤੇ ਚੀਨ ਪੁਲਾੜ ਵਿੱਚ ਖੋਜ ਮੁਹਿੰਮ ਦੇ ਲਈ ਖੇਤਰ ਦੀਆਂ ਨਿੱਜੀ ਕੰਪਨੀਆਂ ਦੇ ਨਾਲ ਰਲ ਕੇ ਕੰਮ ਕਰ ਰਹੇ ਹਨ।

ਚੰਨ ਉੱਤੇ ਵਪਾਰ ਦੀ ਸੰਭਾਵਨਾ

ਮਨੁੱਖਾਂ ਨੂੰ ਚੰਨ ਉੱਤੇ ਉਤਾਰ ਕੇ ਉੱਥੇ ਕੁਝ ਸਮੇਂ ਤੱਕ ਅਧਿਐਨ ਕਰਨ ਲਈ ਕਈ ਕਿਸਮਾਂ ਦੀ ਤਕਨੀਕ ਦੀ ਲੋੜ ਪਵੇਗੀ।

ਇਸ ਵਿੱਚ ਕਈ ਦੇਸਾਂ ਦੀ ਦਿਲਚਸਪੀ ਹੈ।

ਅਮਰੀਕਾ ਨੇ 30 ਤੋਂ ਵੱਧ ਦੇਸ਼ਾਂ ਨਾਲ ਰਲ ਕੇ ਸਮਝੌਤਾ ਕੀਤਾ ਹੈ ਕਿ ਚੰਨ ਉੱਤੇ ਅਧਿਐਨ ਅਤੇ ਉੱਥੇ ਮੌਜੂਦ ਸਰੋਤਾਂ ਦੀ ਵਰਤੋਂ ਦੇ ਲਈ ਸਰਕਾਰਾਂ ਅਤੇ ਨਿੱਜੀ ਕੰਪਨੀਆਂ ਦੇ ਲਈ ਕੀ ਨਿਯਮ ਅਤੇ ਨੀਤੀਆਂ ਹੋਣੀਆਂ ਚਾਹੀਦੀਆਂ ਹਨ।

ਯੂਕੇ ਦੀ ਨੌਰਥ ਉਂਬਰਿਆ ਯੂਨੀਵਰਸਿਟੀ ਵਿੱਚ ਪੁਲਾੜ ਸਬੰਧੀ ਨੀਤੀ ਅਤੇ ਨਿਯਮਾਂ ਦੇ ਪ੍ਰੋਫ਼ੈਸਰ ਕ੍ਰਿਸਟੋਫਰ ਨਿਊਮਨ ਦੀ ਰਾਇ ਹੈ, “ਦੁਨੀਆਂ ਦੀਆਂ ਕੰਪਨੀਆਂ ਨੂੰ ਉਮੀਦ ਹੈ ਕਿ ਅਮਰੀਕਾ ਅਤੇ ਉਸ ਦਾ ਆਰਮਿਸਟਿਸ ਪ੍ਰੋਜੈਕਟ ਇਸ ਖੇਤਰ ਵਿੱਚ ਅਗਵਾਈ ਦੇਵੇਗਾ।”

“ਕਈ ਦੇਸ਼ ਅਤੇ ਕੰਪਨੀਆਂ ਚੰਨ ਉੱਤੇ ਵਿਕਾਸ ਕਰਕੇ ਉੱਥੇ ਉਪਲਬਧ ਸਰੋਤਾਂ ਉੱਤੇ ਅਧਿਐਨ ਕਰਨਾ ਚਾਹੁੰਦੀਆਂ ਹਨ, ਇਸ ਲਈ ਉਨ੍ਹਾਂ ਨੇ ਅਮਰੀਕਾ ਦੇ ਨਾਲ ਸਮਝੌਤਾ ਕੀਤਾ ਹੈ, ਉਸੇ ਤਰ੍ਹਾਂ ਕਈ ਹੋਰ ਦੇਸ਼ ਅਤੇ ਉੱਥੇ ਦੀਆਂ ਨਿੱਜੀ ਕੰਪਨੀਆਂ ਚੀਨ ਦੇ ਨਾਲ ਇਸ ਖੇਤਰ ਵਿੱਚ ਸਹਿਯੋਗ ਕਰ ਰਹੀਆਂ ਹਨ ਤਾਂ ਕਿ ਚੰਨ ਉੱਤੇ ਢਾਂਚਾਗਤ ਵਿਕਾਸ ਕਰਕੇ ਪੈਸੇ ਕਮਾਏ ਜਾ ਸਕਣ।”

ਚੀਨ ਨੇ 10 ਸਾਲ ਪਹਿਲਾਂ ਆਪਣੇ ਪੁਲਾੜ ਉਦਯੋਗ ਨੂੰ ਨਿੱਜੀ ਕੰਪਨੀਆਂ ਦੇ ਲਈ ਖੋਲ ਕੇ ਕਾਫੀ ਸਫ਼ਲਤਾ ਹਾਸਲ ਕੀਤੀ, ਪਰ ਇਸ ਉਦਯੋਗ ਦੇ ਸਭ ਤੋਂ ਮੁੱਖ ਚਿਹਰੇ ਹਾਲੇ ਵੀ ਈਲੋਨ ਮਸਕ ਹੀ ਹਨ।

ਉਨ੍ਹਾਂ ਦੀ ਕੰਪਨੀ ਨੂੰ ਨਾਸਾ ਦੇ ‘ਆਰਮਿਸਟਿਸ ਮਿਸ਼ਨ’ ਦੇ ਲਈ ਚੰਨ ਉੱਤੇ ਉੱਤਰ ਵਾਲੇ ਪੁਲਾੜਯਾਨ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕ੍ਰਿਸਟੋਫ਼ਰ ਨਿਊਮਨ ਦਾ ਕਹਿਣਾ ਹੈ ਕਿ ਈਲੋਨ ਮਸਕ ਦਾ ਮਹੱਤਵ ਕਾਫੀ ਵਧਿਆ ਹੈ।

ਕ੍ਰਿਸਟੋਫ਼ਰ ਨਿਊਮਨ ਨੇ ਕਿਹਾ, “ਈਲੋਨ ਮਸਕ ਆਪਣੇ ਸਪੇਸਸ਼ਿਪ ਪ੍ਰੋਜੈਕਟ ਦੇ ਜ਼ਰੀਏ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਮਨੁੱਖੀ ਭਵਿੱਖ ਦੀ ਦਿਸ਼ਾ ਤੈਅ ਕਰਨ ਵਿੱਚ ਸ਼ਾਮਲ ਹਨ।”

ਉਹ ਕਹਿੰਦੇ ਹਨ, “ਇਹ ਦੂਜੇ ਕਿਸੇ ਗ੍ਰਹਿ ਉੱਤੇ ਮਨੁੱਖਾ ਦੀਆਂ ਬਸਤੀਆਂ ਵਸਾਉਣ ਵਿੱਚ ਈਲੋਨ ਮਸਕ ਦੀ ਸਪੇਸਸ਼ਿਪ ਦੀ ਅਹਿਮ ਭੂਮਿਕਾ ਹੋਵੇਗੌ, ਉਨ੍ਹਾਂ ਦਾ ਮਹੱਤਵ ਸਿਰਫ਼ ਮੁਨਾਫ਼ਾ ਵਧਾਉਣ ਤੱਕ ਨਹੀਂ ਹੈ, ਇਹ ਉਸ ਤੋਂ ਕਿਤੇ ਵੱਧ ਹੈ।”

ਨਿੱਜੀ ਉਦਯੋਗਾਂ ਨੂੰ ਪੁਲਾੜ ਦੀਆਂ ਖੋਜੀ ਮੁਹਿੰਮਾਂ ਵਿੱਚ ਸ਼ਾਮਲ ਕਰਨ ਨਾਲ ਕਈ ਸਵਾਲ ਖੜ੍ਹੇ ਹੋ ਜਾਂਦੇ ਹਨ।

ਕ੍ਰਿਸਟੋਫ਼ਰ ਨਿਊਮਨ ਕਹਿੰਦੇ ਹਨ ਕਿ ਜੇਕਰ ਅਸੀਂ ਦੂਜੇ ਗ੍ਰਿਹਾਂ ਦੀ ਯਾਤਰਾ ਕਰਨੀ ਚਾਹੁੰਦੇ ਹਨ ਜਾਂ ਉੱਥੇ ਮਨੁੱਖਾਂ ਨੂੰ ਵਸਾਉਣਾ ਚਾਹੁੰਦੇ ਹਾਂ ਤਾਂ ਉਹੀ ਨਿਯਮ ਹੋਣਗੇ।

ਉਹ ਕਹਿੰਦੇ ਹਨ ਕਿ ਅਪਰਾਧਾਂ ਨੂੰ ਕਿਵੇਂ ਪ੍ਰਭਾਸ਼ਤ ਕੀਤਾ ਜਾਵੇਗਾ ਅਤੇ ਕੀ ਸਜ਼ਾ ਹੋਵੇਗੀ ਇਹ ਤੈਅ ਕਰਨਾ ਪਵੇਗਾ।

ਅਜਿਹੇ ਵਿੱਚ ਨਿੱਜੀ ਉਦਯੋਗਾਂ ਨੂੰ ਇਨ੍ਹਾਂ ਨਿਯਮਾਂ ਦੇ ਦਾਇਰੇ ਵਿੱਚ ਰੱਖਣਾ ਚੁਣੌਤੀਪੂਰਨ ਹੋ ਸਕਦਾ ਹੈ, ਅਜਿਹੇ ਵਿੱਚ ਪੁਲਾੜ ਮੁਹਿੰਮਾਂ ਵਿੱਚ ਸਰਕਾਰਾਂ ਦੇ ਲਈ ਨਿੱਜੀ ਕੰਪਨੀ ਉੱਤੇ ਨਿਰਭਰਤਾ ਚਿੰਤਾਜਨਕ ਹੋ ਸਕਦੀ ਹੈ।

ਕ੍ਰਿਸੋਫ਼ਰ ਨਿਊਮਨ ਕਹਿੰਦੇ ਹਨ, “ਇਹੀ ਮੁਸ਼ਕਲ ਸਪੇਸ ਐਕਸ ਦੇ ਨਾਲ ਹੈ, ਈਲੋਨ ਮਸਕ ਇੰਨੇ ਤਾਕਤਵਰ ਬਣ ਜਾਣਗੇ ਕਿ ਉਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਲ ਹੋਵੇਗਾ, ਫਿਲਹਾਲ ਅਸੀਂ ਧਰਤੀ ਉੱਤੇ ਰਹਿੰਦੇ ਹਾਂ, ਪਰ ਕਈ ਲੋਕ ਹੋਰ ਗ੍ਰਿਹਾਂ ਉੱਤੇ ਬਸਤੀਆਂ ਵਸਾਉਣੀਆਂ ਚਾਹੁੰਦੇ ਹਨ ਤਾਂ ਕਿ ਜੇਕਰ ਧਰਤੀ ਖ਼ਤਮ ਹੋਣ ਦੀ ਕਗਾਰ ਉੱਤੇ ਪਹੁੰਚ ਜਾਵੇ ਤਾਂ ਦੂਜੇ ਗ੍ਰਿਹਾਂ ਉੱਤੇ ਜਾਇਆ ਜਾ ਸਕੇ।"

ਇਸ ਲਈ ਸੂਜੇ ਗ੍ਰਿਹਾਂ ਉੱਤੇ ਮਨੁੱਖੀ ਜ਼ਿੰਦਗੀ ਦਾ ਵਿਸਥਾਰ ਕਰਨਾ, ਬਸਤੀਆਂ ਵਸਾਉਣਾ ਕਈ ਲੋਕਾਂ ਦੀ ਇੱਛਾ ਹੈ ਅਤੇ ਈਲੋਨ ਮਸਕ ਉਨ੍ਹਾਂ ਵਿੱਚੋਂ ਇੱਕ ਹਨ।

ਪਰ ਦੂਜੇ ਗ੍ਰਿਹਾਂ ਉੱਤੇ ਬਸਤੀਆਂ ਵਸਾਉਣ ਤੋਂ ਪਹਿਲਾਂ ਚੰਨ ਉੱਤੇ ਮਨੁੱਖ ਨੂੰ ਕੁਝ ਸਮੇਂ ਦੇ ਲਈ ਠਹਿਰਾਉਣ ਦੇ ਵੀ ਨਜ਼ਦੀਕੀ ਭਵਿੱਖ ਵਿੱਚ ਕੁਝ ਫਾਇਦੇ ਹੋਣਗੇ?

ਚੰਨ ਉੱਤੇ ਪਾਣੀ ਹੈ ਜਾਂ ਨਹੀਂ?

ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਥੰਡਰਬਰਡ ਸਕੂਲ ਆਫ ਗਲੋਬਲ ਮੈਨੇਜਮੈਂਟ ਦੇ ਪ੍ਰੋਫ਼ੈਸਰ ਅਤੇ ਪੁਲਾੜ ਨੀਤੀ ਦੀ ਮਾਹਰ ਨਮਰਤਾ ਗੋਸਵਾਮੀ ਕਹਿੰਦੇ ਹਨ ਆਰਟੇਮਿਸ ਸਮਝੌਤੇ ਦਾ ਮਕਸਦ ਚੰਨ ਉੱਤੇ ਆਰਟੇਮਿਸ ਬੇਸ ਕੈਂਪ ਬਣਾਉਣ ਹੈ ਜਿਸ ਦੇ ਜ਼ਰੀਏ ਚੰਨ ਉੱਤੇ ਮੌਜੂਦ ਸਰੋਤਾਂ ਦੀ ਵਰਤੋਂ ਕੀਤੀ ਜਾ ਸਕੇ ਅਤੇ ਮੰਗਲ ਗ੍ਰਹਿ ਉੱਤੇ ਪਹੁੰਚਣ ਦੀ ਸਮਰੱਥਾ ਵਧਾਈ ਜਾ ਸਕੇ।

ਹਾਲ ਹੀ ਵਿੱਚ ਚੰਨ ਉੱਤੇ ਲੋਹਾ ਟਾਈਟੇਨੀਅਮ ਅਤੇ ਹੋਰ ਕੰਮ ਦੇ ਤੱਤਾਂ ਦੀ ਮੌਜੂਦਗੀ ਦਾ ਪਤਾ ਲੱਗਾ ਹੈ।

ਉਹ ਦੱਸਦੇ ਹਨ, "ਭਾਰਤ ਦਾ ਚੰਦ੍ਰਯਾਨ 3 ਮਿਸ਼ਨ ਚੰਨ ਦੇ ਦੱਖਣੀ ਧਰੁਵ ਤੋਂ 600 ਕਿਲੋਮੀਟਰ ਦੀ ਦੂਰੀ ਉੱਤੇ ਉਤਰਿਆ ਅਤੇ ਉਸ ਦੇ ਰਾਹੀਂ ਚੰਨ ਉੱਤੇ ਸਲਫ਼ਰ, ਐਲਮੀਨੀਅਮ ਅਤੇ ਹੋਰ ਤੱਤਾਂ ਦੀ ਮੌਜੂਦਗੀ ਬਾਰੇ ਪੁਸ਼ਟੀ ਹੋਈ ਪਰ ਪਾਣੀ ਦੀ ਬਰਫ਼ ਦੀ ਪੁਸ਼ਟੀ ਨਹੀਂ ਹੋ ਸਕੀ, ਚੰਨ ਉੱਤੇ ਪਾਣੀ ਦੀ ਬਰਫ਼ ਦਾ ਪਤਾ ਲਗਾਉਣ ਦੇ ਲਈ 2026 ਵਿੱਚ ਜਪਾਨ ਭਾਰਤ ਨਾਲ ਰਲ ਕੇ ਇੱਕ ਹੋਰ ਮੁਹਿੰਮ ਚੰਨ ਉੱਤੇ ਭੇਜੇਗਾ।"

ਚੰਨ ਉੱਤੇ ਮਨੁੱਖਾਂ ਦੀ ਬਸਤੀ ਦੇ ਲਈ ਪਾਣੀ ਦੀ ਬਰਫ਼ ਜ਼ਰੂਰੀ ਹੈ ਕਿਉਂਕਿ ਉਸ ਨਾਲ ਆਕਸੀਜਨ ਬਣਾਈ ਜਾ ਸਕਦੀ ਹੈ।

ਇਨ੍ਹਾਂ ਗੱਲਾਂ ਤੋਂ ਸੰਕੇਤ ਮਿਲਦਾ ਹੈ ਕਿ ਪੁਲਾੜ ਵਿੱਚ ਅੱਗੇ ਦੀ ਖੋਜ ਦੇ ਲਈ ਚੰਨ ਨੂੰ ਬੇਸ ਜਾਂ ਅੱਡੇ ਦੇ ਵਾਂਗ ਵਰਤਿਆ ਜਾ ਸਕਦਾ ਹੈ।

ਨਮਰਤਾ ਗੋਸਵਾਮੀ ਦਾ ਮੰਨਣਾ ਹੈ, "ਚੰਨ ਨੂੰ ਬੇਸ ਬਣਾ ਕੇ ਉੱਥੋਂ ਮੰਗਲ ਗ੍ਰਹਿ ਦੇ ਲਈ ਪੁਲਾੜਯਾਨ ਭੇਜੇ ਜਾ ਕਸਦੇ ਹਨ, ਚੀਨ 2036 ਤੱਕ ਚਮਨ ਉੱਤੇ ਬੇਸ ਬਣਾ ਲੈਣਾ ਚਾਹੁੰਦਾ ਹੈ, ਭਾਰਤ ਨੇ ਵੀ ਅਜਿਹੇ ਹੀ ਪ੍ਰੋੋਜੈਕਟ ਦੀ ਘੋਸ਼ਣਾ ਕਤਿੀ ਹੈ। "

ਉਹ ਕਹਿੰਦੇ ਹਨ, "ਜੇਕਰ ਇਸ ਵਿੱਚ ਸਫ਼ਲਤਾ ਮਿਲ ਗਈ ਤਾਂ ਚੰਨ ਦੇ ਗੁਰੂਤਾਕਰਸ਼ਣ ਦੀ ਵਰਤੋਂ ਕਰਕੇ ਉੱਤੋਂ ਪੁਲਾੜ ਵਿੱਚ ਰਾਕੇਟ ਲਾਂਚ ਕੀਤਾ ਜਾ ਸਕਦਾ ਹੈ। ਧਰਤੀ ਤੋਂ ਰਾਕੇਟ ਲਾਂਚ ਕਰਨਾ ਕਾਫੀ ਮਹਿੰਗਾ ਹੁੰਦਾ ਹੈ ਕਿਉਂਕਿ ਚੰਨ ਦੇ ਮੁਕਾਬਲੇ ਧਰਤੀ ਦੇ ਗੁਰੂਤਾਕਰਸ਼ਣ ਤੋਂ ਬਾਹਰ ਨਿਕਲਣ ਦੇ ਲਈ ਕਾਫੀ ਜ਼ਿਆਦਾ ਈਂਧਨ ਖਰਚ ਹੁੰਦਾ ਹੈ, ਇਸ ਲਈ ਕਈ ਦੇਸ਼ ਚੰਨ ਨੂੰ ਇੱਕ ਰਣਨੀਤਕ ਸਰੋਤ ਦੇ ਵਾਂਗ ਦੇਖ ਰਹੇ ਹਨ।"

ਪਰ ਇਸ ਤੋਂ ਇਲਾਵਾ ਕੀ ਕੋਈ ਅਜਿਹੇ ਫਾਇਦੇ ਵੀ ਹਨ ਜੋ ਨਜ਼ਦੀਕੀ ਭਵਿੱਖ ਵਿੱਚ ਚੰਨ ਤੋਂ ਲਏ ਜਾ ਸਕਦੇ ਹਨ?

ਉਦਾਹਰਨ ਦੇ ਤੌਰ ਉੱਤੇ ਚੰਨ ਦਾ ਕੁਝ ਹਿੱਸਾ ਹਮੇਸ਼ਾ ਸੂਰਜ ਦੀ ਰੌਸ਼ਨੀ ਵਿੱਚ ਰਹਿੰਦਾ ਹੈ ਅਤੇ ਉੱਥੇ ਬੱਦਲ ਜਾਂ ਵਾਯੂਮੰਡਲ ਨਹੀ ਹੈ, ਯਾਨਿ ਚੰਨ ਦੇ ਤਲ ਦੀ ਵਰਤੋਂ ਸੂਰਜੀ ਊਰਜਾ ਪੈਦਾ ਕਰਨ ਲਈ ਕੀਤੀ ਜਾ ਸਕਦੀ ਹੈ।

ਨਮਰਤਾ ਗੋਸਵਾਮੀ ਕਹਿੰਦੇ ਹਨ, "ਚੰਨ ਉੱਤੇ ਸੂਰਜੀ ਊਰਜਾ ਪੈਦਾ ਕਰਕੇ ਹੇਠਲੇ ਘੇਰੇ ਵਿੱਚ ਵੱਡੇ ਉਪਗ੍ਰਹਿਾਂ ਦੇ ਜ਼ਰੀਏ ਸੂਰਜੀ ਊਰਜਾ ਜਾ ਸੋਲਰ ਐਨਰਜੀ ਨੂੰ ਮਾਈਕ੍ਰੋਵੇਵ ਦੇ ਜ਼ਰੀਏ ਧਰਤੀ ਉੱਤੇ ਭੇਜਿਆ ਜਾ ਸਕਦਾ ਹੈ।"

ਧਰਤੀ ਉੱਤੇ ਰਾਤ ਵੀ ਹੁੰਦੀ ਹੈ ਅਤੇ ਮੌਸਮ ਵਿੱਚ ਬਦਲਾਅ ਵੀ ਹੁੰਦਾ ਹੈ ਜਿਸ ਨਾਲ ਇੱਥੇ ਸੂਰਜੀ ਊਰਜਾ ਦਾ ਉਤਪਾਦਨ ਹੁੰਦਾ ਹੈ, ਪੁਲਾੜ ਵਿੱਚ 24 ਘੰਟੇ ਸੂਰਜੀ ਊਰਜਾ ਬਣਾਈ ਜਾ ਸਕਦੀ ਹੈ।

ਇਸ ਦੇ ਪਿੱਛੇ ਇਹ ਸੋਚ ਵੀ ਹੈ ਕਿ ਧਰਤੀ ਉੱਤੇ ਜੈਵਿਕ ਈਂਧਨ ਜਾਂ ਬਾਲਣ ਕੁਝ ਸਮੇਂ ਬਾਅਦ ਖ਼ਤਮ ਹੋ ਜਾਵੇਗਾ, ਅਜਿਹੇ ਵਿੱਚ ਪੁਲਾੜ ਵਿੱਚ ਸਾਫ਼ ਸੂਰਜੀ ਊਰਜ ਇੱਕ ਚੰਗਾ ਬਦਲ ਹੋ ਸਕਦੀ ਹੈ।

ਇਹ ਇੱਕ ਆਕਰਸ਼ਕ ਬਦਲ ਹੈ ਪਰ ਸਵਾਲ ਉੱਠਦਾ ਹੈ ਕਿ ਇਨ੍ਹਾਂ ਸਰੋਤਾਂ ਦੀ ਕੌਣ ਕਿੰਨੀ ਵਰਤੋਂ ਕਰ ਸਕੇਗਾ।

1967 ਵਿੱਚ ਹੋਏ ਪੁਲਾੜ ਦੇ ਸਮਝੌਤੇ ਦੇ ਤਹਿਤ ਇਹ ਯਕੀਨੀ ਕੀਤਾ ਗਿਆ ਸੀ ਕਿ ਕੋਈ ਵੀ ਦੇਸ਼ ਪੁਲਾੜ ਵਿੱਚ ਪ੍ਰਭੂਸੱਤਾ ਦਾ ਦਾਅਵਾ ਨਹੀਂ ਕਰ ਸਕੇਗੀ ਯਾਨਿ ਜੇਕਰ ਅਮਰੀਕਾ ਜਾਂ ਚੀਨ ਚੰਨ ਦੇ ਹਨੇਰੇ ਖੇਤਰ ਵਿੱਚ ਬਸਤੀਆਂ ਬਣਾ ਵੀ ਲੈਂਦੇ ਹਨ ਤਾਂ ਉਹ ਇਹ ਨਹੀਂ ਕਹਿ ਸਕਣਗੇ ਕਿ ਇਹ ਉਨ੍ਹਾਂ ਦਾ ਇਲਾਕਾ ਹੈ।

ਪਰ ਅਸਲੀਅਤ ਇਸ ਤੋਂ ਵੀ ਅਲੱਗ ਹੋ ਸਕਦੀ ਹੈ।

ਨਮਰਤਾ ਗੋਸਵਾਮੀ ਕਹਿੰਦੇ ਹਨ ਕਿ ਚੰਨ ਦੇ ਸਰੋਤਾਂ ਦੀ ਸਮਾਨ ਰੁਪ ਵਿੱਚ ਵਰਤੋਂ ਹੋਵੇ ਇਸ ਬਾਰੇ ਵਿੱਚ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ ਅਤੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜੇ ਦੇਸ਼ ਉੱਥੇ ਸਭ ਤੋਂ ਪਹਿਲਾਂ ਪਹੁੰਚਣਗੇ ਉਨ੍ਹਾਂ ਦਾ ਫਾਇਦਾ ਹੋਵੇਗਾ।

ਇਸੇ ਨਾਲ ਜੁੜਿਆ ਹੈ ਸਾਡਾ ਸਵਾਲ ਕਿ ਅਗਲੀ ਵਾਰੀ ਕੌਣ ਸਭ ਤੋਂ ਪਹਿਲਾਂ ਚੰਨ ਉੱਤੇ ਪੈਰ ਰੱਖਣ ਵਿੱਚ ਕਾਮਯਾਬ ਹੋਵੇਗਾ?

ਹੁਣ ਚੰਨ ਉੱਤੇ ਪਹੁੰਚਣਾ ਸਿਰਫ਼ ਇੱਕ ਵਿਗਿਆਨਕ ਪ੍ਰਾਪਤੀ ਕਰਨ ਦੀ ਗੱਲ ਨਹੀਂ ਹੈ।

ਬਲਕਿ ਚੰਨ ਤੋਂ ਸੁਰਜੀ ਊਰਜਾ ਪ੍ਰਾਪਤ ਕਰਨ ਅਤੇ ਉੱਥੇ ਬੇਸ ਬਣਾ ਕੇ ਦੂਜੇ ਗ੍ਰਹਿਾਂ ਦੀ ਹੋਰ ਖੋਜੀ ਮਿਸ਼ਨ ਭੇਜਣ ਦੇ ਮੌਕੇ ਪ੍ਰਦਾਨ ਕਰ ਸਕਦਾ ਹੈ।

ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਲੱਗਦਾ ਹੈ ਅਮਰੀਕਾ 2028 ਵਿੱਚ ਦੁਬਾਰਾ ਚੰਨ ਉੱਤੇ ਪੈਰ ਰੱਖੇਗਾ।

ਉਸ ਤੋਂ ਦੋ ਸਾਲ ਬਾਅਦ ਚੀਨ ਅਤੇ ਉਸ ਦੇ 10 ਸਾਲ ਬਾਅਦ ਭਾਰਤ ਚੰਨ ਉੱਤੇ ਪੈਰ ਰੱਖੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)