ਬੀਬੀਸੀ ਗਾਜ਼ਾ ਲਈ ਐਮਰਜੈਂਸੀ ਰੇਡੀਓ ਸੇਵਾ ਸ਼ੁਰੂ ਕਰੇਗੀ, ਜਾਣੋ ਕਦੋਂ ਹੋਵੇਗਾ ਪ੍ਰਸਾਰਣ

ਪ੍ਰਕਾਸ਼ਿਤ

ਬੀਬੀਸੀ ਵਰਲਡ ਸਰਵਿਸ ਗਾਜ਼ਾ ਲਈ ਇੱਕ ਐਮਰਜੈਂਸੀ ਰੇਡੀਓ ਸੇਵਾ ਸ਼ੁਰੂ ਕਰਨ ਜਾ ਰਹੀ ਹੈ, ਜੋ ਮੀਡੀਆ ਵੇਵ 'ਤੇ ਪ੍ਰਸਾਰਿਤ ਕੀਤੀ ਜਾਵੇਗੀ।

ਇਸ ਐਮਰਜੈਂਸੀ ਸੇਵਾ ਦਾ ਨਾਮ ਗਾਜ਼ਾ ਡੇਲੀ ਹੋਵੇਗਾ, ਜਿਸ ਵਿੱਚ ਖ਼ਬਰਾਂ ਤੋਂ ਇਲਾਵਾ ਗਾਜ਼ਾ ਦੇ ਲੋਕਾਂ ਨੂੰ ਸੁਰੱਖਿਆ, ਆਸਰਾ, ਭੋਜਨ ਅਤੇ ਪਾਣੀ ਦੀ ਸਪਲਾਈ ਬਾਰੇ ਰੋਜ਼ਾਨਾ ਜਾਣਕਾਰੀ ਦਿੱਤੀ ਜਾਵੇਗੀ।

3 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ, ਖ਼ਬਰਾਂ ਦਾ ਪ੍ਰੋਗਰਾਮ ਕਾਇਰਾ ਅਤੇ ਲੰਡਨ ਵਿੱਚ ਤਿਆਰ ਕੀਤਾ ਜਾਵੇਗਾ ਅਤੇ ਸ਼ੁਰੂ ਵਿੱਚ ਦਿਨ ਵਿੱਚ ਇੱਕ ਵਾਰ, 1500 ਗ੍ਰੀਨਵਿਚ ਸਟੈਂਡਰਡ ਟਾਈਮ (GMT) 'ਤੇ ਪ੍ਰਸਾਰਿਤ ਕੀਤਾ ਜਾਵੇਗਾ।

ਦਿਨ ਦਾ ਦੂਜਾ ਟੈਲੀਕਾਸਟ 10 ਨਵੰਬਰ ਨੂੰ 0500 ਗ੍ਰੀਨਵਿਚ ਸਟੈਂਡਰਡ ਟਾਈਮ (GMT) 'ਤੇ ਸ਼ੁਰੂ ਹੋਵੇਗਾ।

ਗਾਜ਼ਾ ਸੇਵਾ MW 639 kHz 'ਤੇ ਪ੍ਰਸਾਰਿਤ ਕਰੇਗੀ।

ਗਾਜ਼ਾ ਵਿੱਚ ਸੰਚਾਰ ਬਹੁਤ ਕਮਜ਼ੋਰ ਹੋ ਗਿਆ ਹੈ ਅਤੇ ਪਿਛਲੇ ਹਫਤੇ ਦੇ ਅੰਤ ਵਿੱਚ ਗਾਜ਼ਾ ਵਿੱਚ ਫੋਨ ਅਤੇ ਇੰਟਰਨੈਟ ਸੇਵਾਵਾਂ ਪੂਰੀ ਤਰ੍ਹਾਂ ਵਿਘਨ ਪਈਆਂ ਸਨ ਅਤੇ ਅੱਜ ਫਿਰ ਸੰਚਾਰ ਪ੍ਰਣਾਲੀ ਵਿੱਚ ਵਿਘਨ ਪਿਆ ਹੈ।

ਪਹਿਲੀ ਵਾਰ ਖੁੱਲ੍ਹੀ ਸਰਹੱਦ

ਇਜ਼ਾਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗੀ ਕਾਰਵਾਈ ਦੌਰਾਨ ਪਹਿਲੀ ਵਾਰ ਫਾਰਾਹ ਸਰਹੱਦ ਨੂੰ ਇਜ਼ਾਰਾਈਲ ਨੇ ਖੋਲ੍ਹਿਆ।

ਬੀਬੀਸੀ ਨਿਊਜ਼ ਨੇ 20 ਜ਼ਖ਼ਮੀ ਨਾਗਰਿਕਾਂ ਦੇ ਗਾਜ਼ਾ ਤੋਂ ਮਿਸਰ ਵਿੱਚ ਦਾਖ਼ਲ ਹੋਣ ਦੀ ਪੁਸ਼ਟੀ ਕੀਤੀ ਹੈ।

ਬੀਬੀਸੀ ਸਹਿਯੋਗੀਆਂ ਨੇ ਦੋਹਰੀ ਨਾਗਰਿਕਤਾ ਵਾਲੇ 110 ਵਿਅਕਤੀਆਂ ਦੇ ਵੀ ਗਾਜ਼ਾ ਤੋਂ ਮਿਸਰ ਸਰਹੱਦ ਵਿੱਚ ਦਾਖਲ ਹੋਣ ਦੀ ਜਾਣਕਾਰੀ ਦਿੱਤੀ ਹੈ।

ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ 80 ਜ਼ਖ਼ਮੀ ਫਲਸਤੀਨੀ ਨਾਗਰਿਕਾਂ ਅਤੇ 500 ਦੇ ਕਰੀਬ ਦੋਹਰੀ ਨਾਗਰਿਕਤਾ ਵਾਲੇ ਲੋਕ ਅੱਜ ਗਾਜ਼ਾ ਤੋਂ ਮਿਸਰ ਵਿੱਚ ਦਾਖਲ ਹੋਣਗੇ।

ਇਸ ਤੋਂ ਪਹਿਲਾਂ ਜਦੋਂ ਬਾਰਡਰ ਖੁੱਲ੍ਹਿਆ ਸੀ ਤਾਂ 200 ਰਾਹਤ ਸਮੱਗਰੀ ਵਾਲੇ ਟਰੱਕਾਂ ਨੂੰ ਗਾਜ਼ਾ ਵਿੱਚ ਦਾਖਲ ਹੋਣ ਦਿੱਤਾ ਗਿਆ।

ਉੱਧਰ ਜਾਬਾਲੀਆ ਵਿੱਚ ਸ਼ਰਨਾਥੀ ਕੈਂਪ ਉੱਤੇ ਇਜ਼ਾਰਾਈਲ ਦੇ ਹਮਲੇ ਦੌਰਾਨ ਭਾਰੀ ਤਬਾਹੀ ਹੋਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਦਰਜਨਾਂ ਲੋਕ ਮਾਰੇ ਗਏ ਹਨ, ਬੀਬੀਸੀ ਕਿਸੇ ਵੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਕਰਦਾ, ਪਰ ਮਾਰੇ ਅਤੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਜਾਰੀ ਹੈ।

ਇੰਟਰਨੈੱਟ ਕੰਪਨੀ ਪਾਲਟੈੱਲ ਨੇ ਗਾਜ਼ਾ ਵਿੱਚ ਇੰਟਰਨੈੱਟ ਅਤੇ ਫੋਨ ਸੇਵਾਵਾਂ ਦੇ ਪੂਰੀ ਤਰ੍ਹਾਂ ਠੱਪ ਹੋਣ ਦੀ ਪਹਿਲਾਂ ਹੀ ਪੁਸ਼ਟੀ ਕੀਤੀ ਹੈ।

ਭਾਰਤ ਦੀ ਮਤੇ ਤੋਂ ਦੂਰੀ

ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਲੈ ਕੇ ਆਂਦੇ ਗਏ ਉਸ ਪ੍ਰਸਤਾਵ ਦੀ ਵੋਟਿੰਗ ਵਿੱਚ ਭਾਗ ਨਹੀਂ ਲਿਆ, ਜੋ ਗਾਜ਼ਾ ਵਿੱਚ ‘ਨਾਗਰਿਕਾਂ ਦੀ ਸੁਰੱਖਿਆ ਅਤੇ ਕਾਨੂੰਨੀ ਅਤੇ ਮਾਨਵਤਾਵਾਦੀ ਕਦਮਾਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ’ ਦੇ ਸਮਰਥਨ ਵਿੱਚ ਸੀ।

193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ 'ਚ ਜਾਰਡਨ ਨੇ ਇਹ ਪ੍ਰਸਤਾਵ ਲੈ ਕੇ ਸੀ, ਜਿਸ ਨੂੰ ਬੰਗਲਾਦੇਸ਼, ਪਾਕਿਸਤਾਨ, ਮਾਲਦੀਵ, ਰੂਸ ਅਤੇ ਦੱਖਣੀ ਅਫਰੀਕਾ ਸਮੇਤ 40 ਦੇਸ਼ਾਂ ਨੇ ਕੋ-ਸਪਾਂਸਰ (ਸ਼ੁਰੂਆਤੀ ਸਮਰਥਨ) ਦਿੱਤਾ।

ਭਾਰਤ ਨੇ ਇਸ ਪ੍ਰਸਤਾਵ 'ਤੇ ਵੋਟਿੰਗ 'ਚ ਹਿੱਸਾ ਨਹੀਂ ਲਿਆ।

ਭਾਰਤ ਤੋਂ ਇਲਾਵਾ ਜਾਪਾਨ, ਆਸਟ੍ਰੇਲੀਆ, ਕੈਨੇਡਾ, ਜਰਮਨੀ, ਇਰਾਕ, ਇਟਲੀ, ਬ੍ਰਿਟੇਨ, ਯੂਕਰੇਨ, ਦੱਖਣੀ ਸੂਡਾਨ, ਟਿਊਨੀਸ਼ੀਆ, ਫਿਲੀਪੀਨਜ਼, ਸਵੀਡਨ, ਯੂਕਰੇਨ ਅਤੇ ਜ਼ਿੰਬਾਬਵੇ ਵਰਗੇ ਦੇਸ਼ਾਂ ਨੇ ਵੀ ਵੋਟ ਨਹੀਂ ਪਾਈ।

ਇਸ ਪ੍ਰਸਤਾਵ ਦੇ ਪੱਖ 'ਚ 120 ਵੋਟਾਂ ਪਈਆਂ ਜਦਕਿ ਇਜ਼ਰਾਈਲ ਅਤੇ ਅਮਰੀਕਾ ਸਮੇਤ 14 ਦੇਸ਼ਾਂ ਨੇ ਇਸ ਦੇ ਖਿਲਾਫ ਵੋਟ ਕੀਤਾ ਅਤੇ 45 ਦੇਸ਼ ਵੋਟਿੰਗ ਸਮੇਂ ਗੈਰ-ਹਾਜ਼ਰ ਰਹੇ।

ਜਾਰਡਨ ਵੱਲੋਂ ਲੈ ਕੇ ਆਂਦੇ ਇਸ ਪ੍ਰਸਤਾਵ ਵਿੱਚ ‘ਹਮਾਸ’ ਅਤੇ ‘ਬੰਧਕ’ ਸ਼ਬਦ ਨਹੀਂ ਸਨ।

ਫਲਸਤੀਨੀ ਖੇਤਰ ਵਿਚ ਸ਼ਾਂਤੀ ਲਿਆਉਣ ਦੇ ਉਦੇਸ਼ ਨਾਲ ਲੈ ਕੇ ਆਂਦੇ ਗਏ ਇਸ ਮਤੇ 'ਤੇ ਵੋਟਿੰਗ ਵਿੱਚ ਭਾਰਤ ਦੀ ਗੈਰਹਾਜ਼ਰੀ 'ਤੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਜਿੱਥੇ ਸੀਪੀਆਈ ਅਤੇ ਸੀਪੀਐਮ ਨੇ ਇਸ ਨੂੰ 'ਹੈਰਾਨ ਕਰਨ ਵਾਲਾ' ਦੱਸਿਆ, ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੇ 'ਇਸ ਫੈਸਲੇ 'ਤੇ ਸ਼ਰਮਿੰਦਾ ਹਨ', ਜਦਕਿ ਸ਼ਰਦ ਪਵਾਰ ਨੇ ਕਿਹਾ ਕਿ ਸਰਕਾਰ 'ਭੰਬਲਭੂਸੇ ਦੀ ਸਥਿਤੀ' ਵਿੱਚ ਹੈ।

ਇਜ਼ਰਾਈਲ ਡਿਫ਼ੈਂਸ ਫੋਰਸਿਜ਼ (ਆਈਡੀਐੱਫ਼) ਨੇ ਬੀਤੀ ਰਾਤ ਉਤਰੀ ਗਾਜ਼ਾ ਵਿੱਚ ਟੈਂਕ ਦੀ ਵਰਤੋਂ ਕਰਕੇ ‘ਟਾਰਗੇਟਿਡ ਛਾਪੇਮਾਰੀ’ ਕੀਤੀ ਹੈ।

ਆਈਡੀਐੱਫ਼ ਦੇ ਬੁਲਾਰੇ ਡੇਨੀਅਲ ਹਾਗਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਸ਼ਨ ਵਿੱਚ ਘੰਟਿਆਂ ਬੱਧੀ ਚੱਲਿਆ ਪਰ ਇਸ ਮਿਸ਼ਨ ਵਿੱਚ ਇੱਕ ਵੀ ਆਈਡੀਐੱਫ਼ ਫ਼ੌਜੀ ਜ਼ਖਮੀ ਨਹੀਂ ਹੋਇਆ।

ਉਨ੍ਹਾਂ ਦੇ ਦੱਸਿਆ, "ਇਸ ਛਾਪੇਮਾਰੀ ਦੇ ਜ਼ਰੀਏ ਅਸੀਂ ਕਈ ਅੱਤਵਾਦੀਆਂ ਅਤੇ ਵਿਸਫੋਟਕ ਸਮੱਗਰੀ ਨੂੰ ਖ਼ਤਮ ਕੀਤਾ।"

ਬੀਬੀਸੀ ਦੇ ਸੁਰੱਖਿਆ ਪੱਤਰਕਾਰ ਫ੍ਰੈਂਕ ਗਾਰਡਨਰ ਮੁਤਾਬਕ ਇਜ਼ਰਾਈਲੀ ਫ਼ੌਜੀ ਕਈ ਹਫ਼ਤਿਆਂ ਤੋਂ ਗਾਜ਼ਾ ਸਰਹੱਦ 'ਤੇ ਉਡੀਕ ਕਰ ਰਹੇ ਹਨ।

ਹਮਾਸ ਦੇ ਹਮਲੇ ਕਾਰਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਇਜ਼ਰਾਈਲ ਦੀਆਂ ਸੁਰੱਖਿਆ ਏਜੰਸੀਆਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਅਜੇ ਵੀ ਕੁਝ ਕਾਰਨਾਂ ਕਰਕੇ ਇਜ਼ਰਾਈਲੀ ਫ਼ੌਜ ਜ਼ਮੀਨੀ ਕਾਰਵਾਈ ਸ਼ੁਰੂ ਨਹੀਂ ਕਰ ਰਹੀ ਹੈ।

200 ਤੋਂ ਵੱਧ ਇਜ਼ਰਾਈਲੀ ਬੰਧਕ ਹਮਾਸ ਦੀ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਕੌਮਾਂਤਰੀ ਕੋਸ਼ਿਸਾਂ ਹੋ ਰਹੀਆਂ ਹਨ।

ਇਸ ਦੇ ਨਾਲ ਹੀ ਅਮਰੀਕਾ ਇਜ਼ਰਾਈਲ-ਹਮਾਸ ਸੰਘਰਸ਼ ਦੇ ਵਿਚਕਾਰ ਮੱਧ ਪੂਰਬ ਵਿਚ ਆਪਣੇ ਫੌਜੀ ਟਿਕਾਣਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਅਤੇ ਈਰਾਨ ਤੋਂ ਡਰੋਨ ਹਮਲਿਆਂ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ।

ਅਜਿਹੇ 'ਚ ਉਹ ਹਵਾਈ ਰੱਖਿਆ ਨੂੰ ਯਕੀਨੀ ਬਣਾਉਣ ਲਈ ਇਜ਼ਰਾਈਲ ਤੋਂ ਹੋਰ ਸਮੇਂ ਦੀ ਮੰਗ ਕਰ ਰਿਹਾ ਹੈ।

ਅਮਰੀਕਾ ਨੇ ਇਜ਼ਰਾਈਲ ਨੂੰ ਕਿਹਾ ਹੈ ਕਿ ਇਸ ਮੁਹਿੰਮ ਕਾਰਨ ਦੋਵਾਂ ਪਾਸਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ।

ਗਾਜ਼ਾ ਦੇ ਇੱਕ ਹਸਪਤਾਲ ’ਤੇ ਹਮਲਾ

18 ਅਕਤੂਬਰ ਨੂੰ ਗਾਜ਼ਾ ਦੇ ਇੱਕ ਹਸਪਤਾਲ 'ਚ ਹੋਏ ਜ਼ਬਰਦਸਤ ਧਮਾਕੇ ਵਿੱਚ 500 ਦੇ ਕਰੀਬ ਲੋਕ ਮਾਰੇ ਗਏ ਸਨ। ਇਸ ਧਮਾਕੇ ਤੋਂ ਬਾਅਦ ਹਸਪਤਾਲ ਅਤੇ ਆਲੇ-ਦੁਆਲੇ ਦੇ ਹਾਲਾਤ ਮਾੜੇ ਬਣੇ ਰਹੇ ਸਨ।

ਬੀਤੇ ਬੁੱਧਵਾਰ ਨੂੰ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਦੌਰੇ 'ਤੇ ਆਉਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਤਬਾਹਕੁੰਨ ਧਮਾਕਾ ਹੋਇਆ।

ਗਾਜ਼ਾ ਦੇ ਸਿਹਤ ਵਿਭਾਗ ਦਾ ਦਾਅਵਾ ਹੈ ਕਿ ਹਮਲਾ ਇਜ਼ਰਾਈਲ ਨੇ ਕੀਤਾ ਹੈ। ਹਾਲਾਂਕਿ ਇਜ਼ਰਾਈਲ ਨੇ ਇਸ ਹਮਲੇ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਹਮਲਾ ਫ਼ਲਸਤੀਨ ਦੇ ਹਥਿਆਰਬੰਦ ਵਿਦਰੋਹੀ ਸਮੂਹ, ਫ਼ਲਸਤੀਨੀ ਇਸਲਾਮਿਕ ਜਿਹਾਦ ਵੱਲੋਂ ਦਾਗੇ ਰਾਕੇਟ ਦਾ ਨਤੀਜਾ ਹੈ।

ਉੱਧਰ ਫ਼ਲਸਤੀਨੀ ਇਸਲਾਮਿਕ ਜਿਹਾਦ ਸਮੂਹ ਨੇ ਵੀ ਇਜ਼ਰਾਇਲੀ ਦਾਅਵੇ ਨੂੰ 'ਪੂਰੀ ਤਰ੍ਹਾਂ ਗਲਤ' ਕਰਾਰ ਦਿੱਤਾ ਹੈ।

ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਇਸ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਹੈ ਕਿ 'ਇਜ਼ਰਾਈਲ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ'।

ਉਨ੍ਹਾਂ ਨੇ ਹਮਲੇ ਨੂੰ 'ਭਿਆਨਕ ਯੁੱਧ ਕਤਲੇਆਮ' ਕਰਾਰ ਦਿੱਤਾ ਹੈ।

ਅਲਜਜ਼ੀਰਾ ਦੇ ਇੱਕ ਪੱਤਰਕਾਰ ਨੇ ਆਪਣੀ ਪਤਨੀ, ਬੱਚਾ ਅਤੇ ਮਾਂ ਨੂੰ ਇੱਕ ਏਅਰ ਸਟ੍ਰਾਈਕ ਵਿੱਚ ਗਵਾ ਦਿੱਤਾ ਹੈ।

'ਧਮਾਕੇ ਤੋਂ ਦੁਖੀ ਅਤੇ ਗੁੱਸੇ 'ਚ ਹਾਂ' - ਅਮਰੀਕੀ ਰਾਸ਼ਟਰਪਤੀ

ਬੁੱਧਵਾਰ ਨੂੰ ਜਦੋਂ ਬਾਇਡਨ ਤੇਲ ਅਵੀਵ ਪਹੁੰਚੇ ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਬਾਇਡਨ ਅਤੇ ਨੇਤਨਯਾਹੂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਗਾਜ਼ਾ ਦੇ ਇੱਕ ਹਸਪਤਾਲ ਵਿੱਚ ਹੋਏ ਧਮਾਕੇ ਪਿੱਛੇ ਫਲਸਤੀਨੀ ਕੱਟੜਪੰਥੀਆਂ ਦਾ ਹੱਥ ਹੋ ਸਕਦਾ ਹੈ।

ਬੀਬੀਸੀ ਪੱਤਰਕਾਰ ਗੈਰੇਥ ਇਵਾਨਸ ਦੀ ਰਿਪੋਰਟ ਮੁਤਾਬਕ, ਪ੍ਰੈੱਸ ਕਾਨਫਰੰਸ 'ਚ ਬਾਇਡਨ ਨੇ ਇਜ਼ਰਾਈਲ ਲਈ ਆਪਣਾ ਸਮਰਥਨ ਦੁਹਰਾਇਆ ਅਤੇ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਦੀ ਨਿੰਦਾ ਕੀਤੀ।

ਉਨ੍ਹਾਂ ਨੇਤਨਯਾਹੂ ਨੂੰ ਕਿਹਾ, "ਮੈਂ ਜੋ ਦੇਖਿਆ ਹੈ, ਉਸ ਦੇ ਅਧਾਰ 'ਤੇ ਅਜਿਹਾ ਲੱਗਦਾ ਕਿ ਇਹ ਕਿਸੇ ਹੋਰ ਟੀਮ ਨੇ ਕੀਤਾ ਹੈ, ਤੁਸੀਂ ਨਹੀਂ।''

ਰਫ਼ਾਹ ਲਾਂਘੇ ਨੂੰ ਖੋਲ੍ਹਣ 'ਤੇ ਬਣੀ ਸਹਿਮਤੀ

ਇਜ਼ਰਾਇਲੀ ਯੁੱਧ ਮੰਤਰੀ ਮੰਡਲ ਨੇ ਵੀ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।

ਜਿਸ ਤੋਂ ਬਾਅਦ ਉਨ੍ਹਾਂ ਘੋਸ਼ਣਾ ਕੀਤੀ ਕਿ ਮਿਸਰ ਰਾਹੀਂ ਗਾਜ਼ਾ ਤੱਕ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਇੱਕ ਸਮਝੌਤਾ ਹੋਇਆ ਹੈ।

ਦੱਸਿਆ ਗਿਆ ਕਿ ਇਹ ਸਮਝੌਤਾ ਇਸ ਆਧਾਰ 'ਤੇ ਕੀਤਾ ਗਿਆ ਹੈ ਕਿ ਆਉਣ ਵਾਲੇ ਸਾਮਾਨ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਸਹਾਇਤਾ ਹਮਾਸ ਨੂੰ ਨਹੀਂ ਸਗੋਂ ਨਾਗਰਿਕਾਂ ਨੂੰ ਦਿੱਤੀ ਜਾਵੇਗੀ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਾਇਡਨ ਦੀ ਅਪੀਲ 'ਤੇ ਅਜਿਹਾ ਹੋਇਆ ਹੈ।

ਹਾਲਾਂਕਿ ਅਮਰੀਕੀ ਰਾਸ਼ਟਰਪਤੀ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਹ ਅਲ-ਸੀਸੀ ਦੇ ਰਫਾਹ ਲਾਂਘੇ ਨੂੰ ਖੋਲ੍ਹਣ 'ਤੇ ਸਹਿਮਤ ਹੋਣ ਤੋਂ ਬਾਅਦ ਵੀ, ਮਨੁੱਖੀ ਸਹਾਇਤਾ ਸ਼ੁੱਕਰਵਾਰ ਤੋਂ ਪਹਿਲਾਂ ਗਾਜ਼ਾ ਤੱਕ ਨਹੀਂ ਪਹੁੰਚ ਸਕੇਗੀ।

ਇਸ ਦੇ ਪਿੱਛੇ ਸੜਕ ਮਾਰਗ ਦੀ ਮੁਰੰਮਤ ਦਾ ਹਵਾਲਾ ਦਿੱਤਾ ਗਿਆ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਪਹੁੰਚੇ ਇਜ਼ਰਾਈਲ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਇਜ਼ਰਾਈਲ ਪਹੁੰਚ ਗਏ ਹਨ।

ਸੁਨਕ ਨੇ ਤੇਲ ਅਵੀਵ ਹਵਾਈ ਅੱਡੇ 'ਤੇ ਪਹੁੰਚ ਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 7 ਅਕਤੂਬਰ ਨੂੰ ਹਮਾਸ ਦੇ ਹਮਲੇ ਇੱਕ "ਅੱਤਵਾਦੀ ਦੀ ਭਿਆਨਕ ਕਾਰਵਾਈ ਸਨ, ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ।''

ਇਸ ਦੌਰਾਨ ਉਨ੍ਹਾਂ ਨਿਹ ਵੀ ਦੁਹਰਾਇਆ ਕਿ ਬ੍ਰਿਟੇਨ ਇਜ਼ਰਾਈਲ ਦੇ ਨਾਲ ਖੜ੍ਹਾ ਹੈ।

ਉਨ੍ਹਾਂ ਕਿਹਾ, “ਮੈਨੂੰ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨਾਲ ਆਪਣੀਆਂ ਬੈਠਕਾਂ ਦੀ ਉਡੀਕ ਹੈ ਅਤੇ ਮੈਨੂੰ ਬਹੁਤ ਉਮੀਦ ਹੈ ਕਿ ਉਨ੍ਹਾਂ ਤੋਂ ਲਾਭਕਾਰੀ ਸਿੱਟਾ ਨਿਕਲੇਗਾ।''

ਸੁਨਕ ਨੇ ਗਾਜ਼ਾ ਦੇ ਹਸਪਤਾਲ 'ਤੇ ਹੋਏ ਹਮਲੇ ਦੀ ਵੀ ਨਿੰਦਾ ਕੀਤੀ ਹੈ। ਬੀਤੀ ਰਾਤ ਆਪਣੇ ਦੌਰੇ ਦੀ ਘੋਸ਼ਣਾ ਤੋਂ ਬਾਅਦ, ਉਨ੍ਹਾਂ ਕਿਹਾ, “ਹਰ ਨਾਗਰਿਕ ਦੀ ਮੌਤ ਇੱਕ ਦੁਖਾਂਤ ਹੈ।''

''ਅਤੇ ਹਮਾਸ ਦੀ ਦਹਿਸ਼ਤੀ ਕਾਰਵਾਈ ਤੋਂ ਬਾਅਦ ਬਹੁਤ ਸਾਰੀਆਂ ਜਾਨਾਂ ਗਈਆਂ ਹਨ।''

ਉਨ੍ਹਾਂ ਕਿਹਾ, "ਅਲ ਅਹਲੀ ਹਸਪਤਾਲ 'ਤੇ ਹਮਲਾ ਖੇਤਰ ਅਤੇ ਦੁਨੀਆਂ ਭਰ ਦੇ ਆਗੂਆਂ ਲਈ ਅਜਿਹਾ ਪਲ ਹੋਣਾ ਚਾਹੀਦਾ ਹੈ ਜਦੋਂ ਸਾਰੇ ਅਜਿਹੇ ਸੰਘਰਸ਼ ਦੇ ਹੋਰ ਖਤਰਨਾਕ ਵਾਧੇ ਤੋਂ ਬਚਣ ਲਈ ਇਕੱਠੇ ਹੋਣ।''

"ਮੈਂ ਯਕੀਨੀ ਬਣਾਵਾਂਗਾ ਕਿ ਬ੍ਰਿਟੇਨ ਇਸ ਕੋਸ਼ਿਸ਼ ਵਿੱਚ ਸਭ ਤੋਂ ਅੱਗੇ ਰਹੇ।"

ਕੀ ਹੈ ਮੰਜ਼ਰ

ਗਾਜ਼ਾ 'ਚ ਹਮਾਸ ਮੀਡੀਆ ਦਫ਼ਤਰ ਨੇ ਇਸ ਹਮਲੇ ਨੂੰ 'ਜੰਗੀ ਅਪਰਾਧ' ਕਿਹਾ ਹੈ।

ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਹਸਪਤਾਲ 'ਚ ਸੈਂਕੜੇ ਬੀਮਾਰ, ਜ਼ਖਮੀ ਅਤੇ ਗਾਜ਼ਾ 'ਤੇ ਇਜ਼ਰਾਇਲੀ ਹਮਲੇ ਤੋਂ ਬਾਅਦ ਬੇਘਰ ਹੋਏ ਲੋਕ ਮੌਜੂਦ ਸਨ। ਸੈਂਕੜੇ ਪੀੜਤ ਮਲਬੇ ਹੇਠਾਂ ਦੱਬੇ ਹੋਏ ਹਨ।''

ਬੀਬੀਸੀ ਦੇ ਮੱਧ ਪੂਰਬ ਦੇ ਪੱਤਰਕਾਰ ਟੌਮ ਬੈਟਮੈਨ ਨੇ ਕਿਹਾ ਹੈ ਕਿ ਅਲ ਅਹਲੀ ਅਰਬ ਹਸਪਤਾਲ ਤੋਂ ਆ ਰਹੀਆਂ ਤਸਵੀਰਾਂ ਡਰਾਉਣੀਆਂ ਹਨ। ਸੜਕਾਂ ਦੇ ਬਾਹਰ ਲਾਸ਼ਾਂ ਅਤੇ ਨੁਕਸਾਨੇ ਵਾਹਨ ਦਿਖਾਈ ਦੇ ਰਹੇ ਹਨ।

ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਲੋਕਾਂ ਨੇ ਹਮਲੇ ਤੋਂ ਬਚਣ ਲਈ ਹਸਪਤਾਲ ਦੇ ਇੱਕ ਹਾਲ ਵਿੱਚ ਸ਼ਰਨ ਲਈ ਸੀ।

ਬੀਬੀਸੀ ਨੇ ਹਸਪਤਾਲ ਦੇ ਇੱਕ ਡਾਕਟਰ ਨਾਲ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਲਗਭਗ 4,000 ਲੋਕਾਂ ਨੇ ਸ਼ਰਨ ਲਈ ਹੋਈ ਸੀ।

ਉਨ੍ਹਾਂ ਕਿਹਾ ਹੈ ਕਿ ਹੁਣ ਹਸਪਤਾਲ ਵਿਚ 80 ਫੀਸਦੀ ਸੇਵਾਵਾਂ ਪ੍ਰਭਾਵਿਤ ਹਨ ਅਤੇ ਸੈਂਕੜੇ ਲੋਕ ਧਮਾਕੇ ਤੋਂ ਬਾਅਦ ਜਾਂ ਤਾਂ ਮਰ ਚੁੱਕੇ ਹਨ ਜਾਂ ਜ਼ਖਮੀ ਹੋਏ ਹਨ।

ਫਲਸਤੀਨੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਹਸਪਤਾਲ 'ਤੇ ਹਮਲੇ ਤੋਂ ਬਾਅਦ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।

ਡਾਕਟਰ ਜ਼ਮੀਨ 'ਤੇ ਸਰਜਰੀ ਕਰ ਰਹੇ - ਫਲਸਤੀਨੀ ਸਿਹਤ ਮੰਤਰਾਲਾ

ਗਾਜ਼ਾ ਵਿੱਚ ਫਲਸਤੀਨੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਧਮਾਕੇ ਤੋਂ ਬਾਅਦ ਅਲ ਅਹਲੀ ਹਸਪਤਾਲ ਦੀ ਸਥਿਤੀ 'ਬਿਆਨ ਕਰਨ ਯੋਗ ਨਹੀਂ' ਹੈ।

ਮੰਤਰਾਲੇ ਦੇ ਬੁਲਾਰੇ ਡਾਕਟਰ ਅਸ਼ਰਫ ਅਲ-ਕੁਦਰਾ ਨੇ ਬੁੱਧਵਾਰ ਨੂੰ ਤੜਕੇ ਫੇਸਬੁੱਕ 'ਤੇ ਪੋਸਟ ਕੀਤੇ ਇਕ ਬਿਆਨ ਵਿੱਚ ਕਿਹਾ, "ਡਾਕਟਰ ਜ਼ਮੀਨ 'ਤੇ ਅਤੇ ਗਲਿਆਰਿਆਂ ਵਿਚ ਸਰਜਰੀ ਕਰ ਰਹੇ ਹਨ ਅਤੇ ਕਈਆਂ ਦੀ ਤਾਂ ਬਿਨਾਂ ਐਨਸਥੀਸੀਆ (ਬਿਨਾਂ ਸੁੰਨ ਕੀਤੇ) ਦੇ ਹੀ ਸਰਜਰੀ ਹੋ ਰਹੀ ਹੈ।"

"ਬਹੁਤ ਸਾਰੇ ਲੋਕ ਅਜੇ ਵੀ ਓਪਰੇਸ਼ਨਾਂ ਦੀ ਉਡੀਕ ਕਰ ਰਹੇ ਹਨ ਅਤੇ ਮੈਡੀਕਲ ਟੀਮਾਂ ਆਪਣੀ ਪੂਰੀ ਵਾਹ ਲਗਾ ਕੇ ਉਨ੍ਹਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।"

ਉਨ੍ਹਾਂ ਅੱਗੇ ਕਿਹਾ ਕਿ ਪੀੜਤਾਂ ਵਿੱਚੋਂ ਬਹੁਤ ਸਾਰੇ ਬੱਚੇ ਅਤੇ ਔਰਤਾਂ ਹਨ, ਜਿਨ੍ਹਾਂ ਦੇ ''ਅੰਗ ਨੁਕਸਾਨੇ ਗਏ'' ਹਨ ਅਤੇ ਬਹੁਤ ਸਾਰੀਆਂ ਸੱਟਾਂ ਤਾਂ "ਸਾਡੀਆਂ ਮੈਡੀਕਲ ਟੀਮਾਂ ਦੀ ਸਮਰੱਥਾ ਤੋਂ ਪਰੇ" ਹਨ।

'ਛੱਤ ਦਾ ਕੁਝ ਹਿੱਸਾ ਡਿੱਗ ਗਿਆ' - ਸਰਜਨ

ਗਾਜ਼ਾ ਦੇ ਅਲ ਅਹਲੀ ਹਸਪਤਾਲ ਵਿੱਚ ਕੰਮ ਕਰ ਰਹੇ ਲੰਡਨ ਦੇ ਇੱਕ ਸਰਜਨ ਨੇ ਧਮਾਕੇ ਤੋਂ ਬਾਅਦ ਦੇ ਹਫੜਾ-ਦਫੜੀ ਵਾਲੇ ਪਲਾਂ ਦਾ ਵਰਣਨ ਕੀਤਾ ਹੈ।

ਸਰਜਨ ਘਸਾਨ ਅਬੂ ਸਿਤਾਹ ਨੇ ਧਮਾਕੇ ਤੋਂ ਕੁਝ ਪਲਾਂ ਬਾਅਦ ਹੀ ਬੀਬੀਸੀ ਨੂੰ ਦੱਸਿਆ, "ਹਸਪਤਾਲ ਦੇ ਕੁਝ ਹਿੱਸਿਆਂ ਵਿੱਚ ਅੱਗ ਲੱਗੀ ਹੋਈ ਹੈ। ਮੈਨੂੰ ਨਹੀਂ ਪਤਾ ਕਿ ਇਹ ਸਿਰਫ਼ ਐਮਰਜੈਂਸੀ ਵਿਭਾਗ 'ਚ ਹੈ ਜਾਂ ਨਹੀਂ। ਪਰ ਯਕੀਨੀ ਤੌਰ 'ਤੇ ਓਪਰੇਟਿੰਗ ਸੂਟ ਵਿੱਚ... ਛੱਤ ਦਾ ਕੁਝ ਹਿੱਸਾ ਡਿੱਗ ਗਿਆ ਹੈ।"

ਉਨ੍ਹਾਂ ਕਿਹਾ, "ਹਰ ਪਾਸੇ ਸ਼ੀਸ਼ੇ ਟੁੱਟੇ ਹੋਏ ਹਨ, ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਹਸਪਤਾਲ ਵਿੱਚ ਪਨਾਹ ਲੈ ਰੱਖੀ ਹੈ। ਲੋਕ ਗਲਿਆਰਿਆਂ ਵਿੱਚ ਆ ਗਏ ਹਨ।"

ਇਜ਼ਰਾਈਲੀ ਫੌਜ ਨੇ ਕੀ ਕਿਹਾ

ਬੀਬੀਸੀ ਇੰਟਰਨੈਸ਼ਨਲ ਦੇ ਸੰਪਾਦਕ ਜੇਰੇਮੀ ਬੋਵੇਨ ਨੇ ਦੱਸਿਆ ਹੈ ਕਿ ਇਜ਼ਰਾਈਲੀ ਫੌਜ ਦੇ ਬੁਲਾਰੇ ਦੇ ਦਫਤਰ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ, "ਹਸਪਤਾਲ ਇੱਕ ਬਹੁਤ ਹੀ ਸੰਵੇਦਨਸ਼ੀਲ ਇਮਾਰਤ ਹੁੰਦੀ ਹੈ ਅਤੇ ਉਹ ਆਈਡੀਐਫ ਦਾ ਨਿਸ਼ਾਨਾ ਨਹੀਂ ਹੈ। ਆਈਡੀਐਫ ਧਮਾਕੇ ਦੇ ਸਰੋਤ ਦੀ ਜਾਂਚ ਕਰ ਰਿਹਾ ਹੈ।"

ਇਸ ਦੇ ਨਾਲ ਹੀ, ਆਈਡੀਐਫ ਨੇ ਆਪਣੇ ਅਕਾਊਂਟ 'ਤੇ ਇਕ ਬਿਆਨ ਜਾਰੀ ਕਰਕੇ ਕਿਹਾ, "ਉਨ੍ਹਾਂ ਦਾ ਮੰਨਣਾ ਹੈ ਕਿ ਅਲ ਅਹਲੀ ਹਸਪਤਾਲ 'ਤੇ ਹੋਇਆ ਹਮਲਾ ਫਲਸਤੀਨੀ ਅੱਤਵਾਦੀਆਂ ਦੁਆਰਾ ਦਾਗੇ ਗਏ ਰਾਕੇਟ ਦਾ ਨਤੀਜਾ ਸੀ।"

ਇਹ ਵੀ ਪੜ੍ਹੋ:-

ਵਿਸ਼ਵ ਸਿਹਤ ਸੰਗਠਨ ਨੇ ਮੰਗੀ ਤੁਰੰਤ ਸੁਰੱਖਿਆ

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਐਡਹੇਨੋਮ ਗੈਬਰੀਯੇਸੋਸ ਨੇ ਹਸਪਤਾਲ 'ਤੇ ਹੋਏ ਇਸ ਭਿਆਨਕ ਹਮਲੇ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਐਕਸ ਅਕਾਊਂਟ 'ਤੇ ਇੱਕ ਪੋਸਟ ਵਿੱਚ ਕਿਹਾ, "ਡਬਲਯੂਐਚਓ ਅਲ ਅਹਲੀ ਅਰਬ ਹਸਪਤਾਲ 'ਤੇ ਹਮਲੇ ਦੀ ਨਿੰਦਾ ਕਰਦਾ ਹੈ।''

''ਸ਼ੁਰੂਆਤੀ ਜਾਣਕਾਰੀ ਸੈਂਕੜੇ ਲੋਕਾਂ ਦੇ ਜ਼ਖਮੀ ਅਤੇ ਮਾਰੇ ਜਾਣ ਵੱਲ ਇਸ਼ਾਰਾ ਕਰਦੀ ਹੈ। ਅਸੀਂ ਮੰਗ ਕਰਦੇ ਹਾਂ ਕਿ ਨਾਗਰਿਕਾਂ ਨੂੰ ਸੁਰੱਖਿਆ ਅਤੇ ਸਿਹਤ ਸੇਵਾਵਾਂ ਦਿੱਤੀਆਂ ਜਾਣ।"

ਹਮਲੇ ਤੋਂ ਬਾਅਦ ਕਈ ਦੇਸ਼ਾਂ 'ਚ ਪ੍ਰਦਰਸ਼ਨ

ਗਾਜ਼ਾ ਦੇ ਹਸਪਤਾਲ 'ਤੇ ਹੋਏ ਹਮਲੇ ਤੋਂ ਬਾਅਦ ਫਲਸਤੀਨੀਆਂ ਨੇ ਮੰਗਲਵਾਰ ਰਾਤ ਨੂੰ ਵੈਸਟ ਬੈਂਕ ਦੇ ਕਈ ਇਲਾਕਿਆਂ 'ਚ ਪ੍ਰਦਰਸ਼ਨ ਕੀਤਾ।

ਇਨ੍ਹਾਂ ਲੋਕਾਂ ਨੇ ਫਲਸਤੀਨੀ ਪ੍ਰਸ਼ਾਸਨ ਦੇ ਮੁਖੀ ਮਹਿਮੂਦ ਅੱਬਾਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਥਿਤੀ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਅੱਥਰੂ ਗੈਸ ਦੇ ਗੋਲੇ ਵੀ ਛੱਡਣੇ ਪਏ।

ਉੱਧਰ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਵੀ ਅਮਰੀਕੀ ਦੂਤਘਰ ਦੇ ਬਾਹਰ ਲੋਕ ਇਕੱਠੇ ਹੋਏ ਅਤੇ ਅੱਗਜਨੀ ਕੀਤੀ।

ਇਕ ਹੋਰ ਸਮੂਹ ਇੱਥੇ ਫਰਾਂਸੀਸੀ ਦੂਤਘਰ ਦੇ ਬਾਹਰ ਇਕੱਠਾ ਹੋਇਆ ਅਤੇ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਪਥਰਾਅ ਵੀ ਕੀਤਾ ਹੈ।

ਲੇਬਨਾਨ ਦੇ ਕੱਟੜਪੰਥੀ ਸੰਗਠਨ ਹਿਜ਼ਬੁੱਲਾ ਨੇ ਮੁਸਲਮਾਨ ਅਤੇ ਅਰਬ ਲੋਕਾਂ ਨੂੰ 'ਫੌਰੀ ਤੌਰ 'ਤੇ ਸੜਕਾਂ' 'ਤੇ ਉਤਰਨ ਦਾ ਸੱਦਾ ਦਿੱਤਾ ਹੈ।

ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਅਤੇ ਹੋਰ ਸ਼ਹਿਰਾਂ ਵਿੱਚ ਸੈਂਕੜੇ ਲੋਕ ਫਲਸਤੀਨ ਦੇ ਝੰਡੇ ਲੈ ਕੇ ਨਜ਼ਰ ਆਏ ਅਤੇ ਗਾਜ਼ਾ ਦੇ ਲੋਕਾਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ।

ਇਸੇ ਤਰ੍ਹਾਂ ਈਰਾਨ, ਤੁਰਕੀਏ ਅਤੇ ਜਾਰਡਨ ਵਿੱਚ ਪ੍ਰਦਰਸ਼ਨ ਹੋਏ ਹਨ।

ਇਹ ਵੀ ਪੜ੍ਹੋ:-