ਗਿਆਨੀ ਰਘਬੀਰ ਸਿੰਘ ਦੀ ਐਸਆਈਟੀ ਨਾਲ ਮੁਲਾਕਾਤ 'ਤੇ ਭਖੀ ਸਿਆਸਤ, ਮਰਿਆਦਾ ਦੀ ਗੱਲ ਕਰ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਇਤਰਾਜ਼ ਜਤਾਇਆ ਹੈ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਐਸਆਈਟੀ ਅੱਗੇ ਬਿਆਨ ਦੇਣ ਨੂੰ ਲੈਕੇ ਭਖੀ ਸਿਆਸਤ ਤੋਂ ਬਾਅਦ ਹੁਣ ਗਿਆਨੀ ਰਘਬੀਰ ਸਿੰਘ ਨੇ ਵੀ ਆਪਣਾ ਪੱਖ ਪੇਸ਼ ਕੀਤਾ ਹੈ।

ਉਨ੍ਹਾਂ ਕਿਹਾ ਹੈ ਕਿ ਉਹ ਖੁਦ ਐਸਆਈਟੀ ਅੱਗੇ ਪੇਸ਼ ਨਹੀਂ ਹੋਏ ਸਨ ਬਲਕਿ ਐਸਆਈਟੀ ਦੇ ਮੈਂਬਰ ਉਨ੍ਹਾਂ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਪਹੁੰਚੇ ਸਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਗਿਆਨੀ ਰਘਬੀਰ ਸਿੰਘ ਨੇ ਕਿਹਾ, "ਮੈਂ ਚੰਡੀਗੜ੍ਹ ਜਾ ਕੇ ਐਸਆਈਟੀ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਕਿਸੇ ਅੱਗੇ ਜਾ ਕੇ ਪੇਸ਼ ਹੋਣਾ ਅਤੇ ਕਿਸੇ ਵੱਲੋਂ ਖੁਦ ਆ ਕੇ ਮਿਲਣਾ, ਇਸ ਵਿੱਚ ਬਹੁਤ ਅੰਤਰ ਹੈ। ਮੈਂ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਇਆ ਬਲਕਿ ਐਸਆਈਟੀ ਦੇ ਮੈਂਬਰਾਂ ਨੇ ਮੇਰੇ ਕੋਲੋਂ ਸਮਾਂ ਲੈਕੇ ਖੁਦ ਮੇਰੇ ਘਰ ਆ ਕੇ ਮੁਲਾਕਾਤ ਕੀਤੀ ਸੀ।"

ਐਸਆਈਟੀ ਨਾਲ ਹੋਈ ਮੁਲਾਕਾਤ ਦੌਰਾਨ ਕੀ ਚਰਚਾ ਹੋਈ, ਇਸ ਬਾਰੇ ਗਿਆਨੀ ਰਘਬੀਰ ਸਿੰਘ ਨੇ ਕਿਹਾ,

"ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੋ ਸਵਾਲ ਪੁੱਛ ਗਏ ਸਨ ਉਨ੍ਹਾਂ ਬਾਰੇ ਐਸਆਈਟੀ ਨੇ ਜ਼ਿਕਰ ਕੀਤਾ ਸੀ। ਉਨ੍ਹਾਂ ਪੁੱਛਿਆ ਕਿ ਉੱਥੇ ਜੋ ਸਵਾਲ ਪੁੱਛੇ ਗਏ ਸਨ ਉਨ੍ਹਾਂ ਸਵਾਲਾਂ ਦਾ ਜਵਾਬ ਸੁਖਬੀਰ ਸਿੰਘ ਬਾਦਲ ਨੇ ਹਾਂ ਵਿੱਚ ਦਿੱਤਾ ਅਤੇ ਇਸ ਦੇ ਜਵਾਬ ਵਿੱਚ ਮੈਂ ਉਨ੍ਹਾਂ ਨੂੰ ਇੱਕੋ ਗੱਲ ਕਹੀ ਕਿ ਇਸ ਸਭ ਦਾ ਸਾਰਾ ਰਿਕਾਰਡ, ਟੀਵੀ ਚੈਨਲਾਂ, ਯੂ ਟਿਊਬ ਚੈਨਲਾਂ, ਪ੍ਰਿੰਟ ਮੀਡੀਆ ਕੋਲ ਮੌਜੂਦ ਹੈ।"

"ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਕੋਲ ਮੌਜੂਦ ਹੈ। ਅਤੇ ਇਸ ਸਾਰੀ ਕਾਰਵਾਈ ਨੂੰ ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਨੇ ਲਾਈਵ ਦੇਖਿਆ ਅਤੇ ਸੁਣਿਆ ਹੈ। ਇਸ ਲਈ ਇਸ ਵਿੱਚ ਕੋਈ ਓਹਲਾ ਨਹੀਂ ਹੈ। ਜੋ ਕੁਝ ਉੱਥੇ ਹੋਇਆ ਉਹ ਸਾਰਿਆਂ ਕੋਲ ਮੌਜੂਦ ਹੈ।"

ਗਿਆਨੀ ਰਘਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਐਸਆਈਟੀ ਵੱਲੋਂ 328 ਸਰੂਪਾਂ ਦੇ ਮਾਮਲੇ ਵਿੱਚ ਕੋਈ ਸਵਾਲ ਨਹੀਂ ਕੀਤੇ ਗਏ ਸਨ।

ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉਂ ਘੇਰਿਆ?

ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਸਆਈਟੀ ਦੀ ਗਿਆਨੀ ਰਘਬੀਰ ਸਿੰਘ ਨਾਲ ਹੋਈ ਮੁਲਾਕਾਤ 'ਤੇ ਇਤਰਾਜ਼ ਪ੍ਰਗਟਾਇਆ ਸੀ। ਜਿਸ ਨੂੰ ਲੈਕੇ ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਨੂੰ ਘੇਰਦੇ ਨਜ਼ਰ ਆਏ।

ਗਿਆਨੀ ਰਘਬੀਰ ਸਿੰਘ ਨੇ ਕਿਹਾ, "328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਐਸਆਈਟੀ ਬਠਿੰਡਾ ਵਿੱਚ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਿਲਕੇ ਆਈ ਸੀ ਅਤੇ ਉਨ੍ਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਨੇ ਕਿਸ ਹੈਸੀਅਤ ਵਿੱਚ ਇਹ ਬਿਆਨ ਦਰਜ ਕਰਵਾਏ ? ਕੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਰਹੇ ਸਨ ? "

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਧਰਮ ਤੋਂ ਸੇਧ ਲੈਕੇ ਸਿਆਸਤ ਕਰਨੀ ਚਾਹੀਦੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕਿਹਾ ਸੀ ਅਤੇ ਰਘਬੀਰ ਸਿੰਘ ਦੇ ਬਿਆਨ ਤੇ ਉਨ੍ਹਾਂ ਨੇ ਕੀ ਕਿਹਾ?

ਦਰਅਸਲ ਗਿਆਨੀ ਹਰਪ੍ਰੀਤ ਸਿੰਘ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਪੰਥਕ ਕਾਰਵਾਈ ਨੂੰ ਲੈਕੇ ਐਸਆਈਟੀ ਦੀ ਗਿਆਨੀ ਰਘਬੀਰ ਸਿੰਘ ਨਾਲ ਹੋਈ ਮੁਲਾਕਾਤ ਬਾਰੇ ਸਵਾਲ ਚੁੱਕੇ ਸਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ 2 ਦਸੰਬਰ 2024 ਨੂੰ ਹੋਈ ਪੰਥਕ ਕਾਰਵਾਈ ਨੂੰ ਕਾਨੂੰਨੀ ਸਬੂਤ ਵਜੋਂ ਪੇਸ਼ ਕਰਨਾ ਮਰਿਆਦਾ ਦਾ ਉਲੰਘਣ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ।

ਬੀਬੀਸੀ ਪੱਤਰਕਾਰ ਨਵਜੋਤ ਕੌਰ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਬੰਦ ਕਮਰੇ ਵਿੱਚ ਗਿਆਨੀ ਰਘਬੀਰ ਸਿੰਘ ਅੱਗੇ ਕੋਈ ਕਬੂਲਨਾਮਾ ਕੀਤਾ ਸੀ ਤਾਂ ਉਹ ਉਸਨੂੰ ਸਬੂਤ ਵੱਜੋਂ ਪੇਸ਼ ਕਰ ਸਕਦੇ ਹਨ ਪਰ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮਨਾਮਾ ਸੁਣਾਇਆ ਗਿਆ ਉਹ ਧਾਰਮਿਕ ਮਰਿਆਦਾ ਸੀ ਅਤੇ ਇਹ ਜਨਤਕ ਤੌਰ 'ਤੇ ਹੋਈ। ਅਜਿਹੇ ਵਿੱਚ ਇਸ ਮਾਮਲੇ ਵਿੱਚ ਗਵਾਹ ਨਹੀਂ ਬਣਨਾ ਚਾਹੀਦਾ।

ਗਿਆਨੀ ਹਰਪ੍ਰੀਤ ਨੇ ਕਿਹਾ ਕਿ 328 ਸਰੂਪ ਦੇ ਮਾਮਲੇ ਵਿੱਚ ਐਸਆਈਟੀ ਬਠਿੰਡਾ ਉਨ੍ਹਾਂ ਦੇ ਘਰ ਬਿਆਨ ਦਰਜ ਕਰਨ ਨਹੀਂ ਆਈ ਸੀ ਸਗੋਂ ਪਾਵਨ ਸਰੂਪਾਂ ਦੀ ਛਪਾਈ ਬਾਬਤ ਮਰਿਆਦਾ ਦੀ ਜਾਣਕਾਰੀ ਹਾਸਲ ਕਰਨ ਆਈ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ 2 ਦਸੰਬਰ 2024 ਦੀ ਕਾਰਵਾਈ ਨੂੰ ਲੈਕੇ ਐਸਆਈਟੀ ਵੱਲੋਂ ਉਨ੍ਹਾਂ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ ਅਤੇ ਉਹ ਨਾ ਹੀ ਇਸ ਵਿੱਚ ਸ਼ਾਮਿਲ ਹੋਣਗੇ।

ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਰਘਬੀਰ ਸਿੰਘ ਨਾਲ ਕੋਈ ਮਨਮੁਟਾਵ ਹੋਣ ਦੀ ਗੱਲ ਤੋਂ ਵੀ ਨਕਾਰਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਗਿਆਨੀ ਰਘਬੀਰ ਸਿੰਘ ਵੱਲੋਂ ਐਸਆਈਟੀ ਅੱਗੇ ਕੋਈ ਲਿਖਤੀ ਬਿਆਨ ਨਹੀਂ ਦਿੱਤੇ ਗਏ ਅਤੇ ਨਾ ਹੀ ਰਿਕਾਰਡ ਕਰਵਾਏ ਗਏ ਹਨ ਤਾਂ ਉਨ੍ਹਾਂ ਨੂੰ ਅਜਿਹੀਆਂ ਚਰਚਾਵਾਂ 'ਤੇ ਵਿਰਾਮ ਲਗਾਉਣ ਲਈ ਖੰਡਨ ਕਰਨਾ ਚਾਹੀਦਾ ਹੈ।

ਰਘਬੀਰ ਸਿੰਘ ਦੀ ਐੱਸਆਈਟੀ ਨਾਲ ਮੁਲਾਕਾਤ ਤੇ ਕਿਉਂ ਭਖੀ ਸੀ ਸਿਆਸਤ

ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਸੀ।

ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਇਸ ਮਸਲੇ ਤੇ ਖੂਬ ਬਿਆਨਬਾਜੀ ਕੀਤੀ ਗਈ ਸੀ।

ਗਿਆਨੀ ਰਘਬੀਰ ਸਿੰਘ ਦੇ ਬਿਆਨ ਸਬੰਧੀ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸੁਖਬੀਰ ਸਿੰਘ ਬਾਦਲ ਨੇ 11 ਮਾਰਚ ਨੂੰ ਕਿਹਾ, "ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਹਨ। ਉਹਨਾਂ ਨੂੰ ਝੂਠ ਨਹੀਂ ਬੋਲਣਾ ਚਾਹੀਦਾ।"

ਇਨ੍ਹਾਂ ਹੀ ਨਹੀਂ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਉੱਤੇ ਵੀ ਸਵਾਲ ਖੜੇ ਕਰਦੇ ਹੋਏ ਕਿਹਾ ਸੀ, "ਹੁਣ ਉਹ ਸੋਚਦੇ ਹਨ ਕਿ ਰਘਬੀਰ ਸਿੰਘ ਦੀ ਸਟੇਟਮੈਂਟ ਦੇ ਆਧਾਰ 'ਤੇ ਮੇਰੇ ਖ਼ਿਲਾਫ਼ ਪਰਚਾ ਦਰਜ ਕਰਵਾ ਦੇਣ।"

ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਅੱਗੇ ਉਨ੍ਹਾਂ ਨੇ ਇਹ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਜੋ ਕੁਝ ਵੀ ਹੋਇਆ, ਉਸ ਦੀ ਨੈਤਿਕ ਜ਼ਿੰਮੇਵਾਰੀ ਇੱਕ ਪਾਰਟੀ ਪ੍ਰਧਾਨ ਵਜੋਂ ਉਹ ਆਪਣੀ ਝੋਲੀ ਪਾਉਂਦੇ ਹਨ।

ਸੁਖਬੀਰ ਬਾਦਲ ਨੇ ਕਿਹਾ, "ਮੈਂ ਤਾਂ ਸਾਰਿਆਂ ਸਾਹਮਣੇ ਕਿਹਾ ਸੀ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਜੋ ਕੁਝ ਵੀ ਹੋਇਆ ਹੋਵੇ, ਕਿਸੇ ਮੁਲਾਜ਼ਮ ਨੇ ਕੀਤਾ ਹੋਵੇ, ਕਿਸੇ ਵਰਕਰ ਨੇ ਕੀਤਾ ਹੋਵੇ ਜਾਂ ਕੋਈ ਫ਼ੈਸਲਾ ਹੋਇਆ ਹੋਵੇ, ਮੈਂ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਸ ਦੀ ਜ਼ਿੰਮੇਵਾਰੀ ਲੈਂਦਾ ਹਾਂ।"

ਮਾਮਲਾ ਕੀ ਹੈ?

ਇੱਕ ਜੂਨ 2015 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਸੀ ਅਤੇ ਗੋਰਾ ਸਿੰਘ ਦੀ ਸ਼ਿਕਾਇਤ ਉੱਤੇ ਹੀ ਪੁਲਿਸ ਨੇ ਬਾਜਾਖ਼ਾਨਾ ਥਾਣੇ ਵਿਖੇ ਇਸ ਬਾਰੇ ਐੱਫਆਈਆਰ ਦਰਜ ਕੀਤੀ ਹੋਈ ਹੈ।

ਇਸ ਤੋਂ ਬਾਅਦ ਅਕਤੂਬਰ 2015 ਵਿੱਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਜਾਣ ਦੀ ਘਟਨਾ ਸਾਹਮਣੇ ਆਈ।

ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਹੋਏ। 14 ਅਕਤੂਬਰ 2015 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਮੁਜ਼ਾਹਰਾਕਾਰੀਆਂ ਉੱਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।

ਉਸ ਸਮੇਂ ਪੰਜਾਬ ਵਿੱਚ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਸੀ ਅਤੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਗ੍ਰਹਿ ਮੰਤਰੀ ਵੀ ਸਨ।

ਸੁਖਬੀਰ ਬਾਦਲ ਦਾ ਅਕਾਲ ਤਖ਼ਤ 'ਤੇ 'ਕਬੂਲਨਾਮਾ' ਕੀ ਸੀ

2024 ਵਿੱਚ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ 2007 ਤੋਂ 2017 ਤੱਕ ਅਕਾਲੀ ਦਲ ਸਰਕਾਰ ਦੌਰਾਨ ਹੋਈਆਂ ਗ਼ਲਤੀਆਂ ਲਈ ਮੁਆਫ਼ੀ ਮੰਗੀ ਸੀ।

ਇਸ ਤੋਂ ਬਾਅਦ 2 ਦਸੰਬਰ 2024 ਨੂੰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ। ਉਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਖ਼ਿਲਾਫ਼ ਲੱਗੇ ਇਲਜ਼ਾਮਾਂ ਸਬੰਧੀ ਸਵਾਲ ਕੀਤੇ ਸਨ।

ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਉਸ ਵੇਲੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੁਝ ਸਵਾਲ ਪੁੱਛੇ ਸਨ-

ਸਵਾਲ: "ਅਕਾਲੀ ਸਰਕਾਰ ਵੇਲੇ ʻਜ਼ਾਲਮ ਅਫ਼ਸਰਾਂʼ ਨੂੰ ਤਰੱਕੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਵਿੱਚ ਪੰਜਾਬ ਦੇ ਕਈ ਨੌਜਵਾਨਾਂ ਨੂੰ ਸ਼ਹੀਦ ਕੀਤਾ?"

ਸੁਖਬੀਰ ਸਿੰਘ ਬਾਦਲ ਦਾ ਜਵਾਬ:"ਹਾਂਜੀ"

ਸਵਾਲ: "ਸੌਦਾ ਸਾਧ ਨੂੰ ਬਿਨਾਂ ਮੰਗੇ ਮੁਆਫ਼ੀ ਦੇਣ ਲਈ ਜਥੇਦਾਰਾਂ ਨੂੰ ਆਪਣੀ ਰਿਹਾਇਸ਼ ʼਤੇ ਬੁਲਾ ਕੇ ਚਿੱਠੀ ਦੇਣਾ, ਕੀ ਇਹ ਗੁਨਾਹ ਤੁਸੀਂ ਕੀਤਾ ਹੈ?"

ਸੁਖਬੀਰ ਸਿੰਘ ਬਾਦਲ ਦਾ ਜਵਾਬ: "ਹਾਂਜੀ"

ਸਵਾਲ: "ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ, ਕੰਧਾਂ ਉੱਤੇ ਪੋਸਟਰ ਲਗਾਏ ਗਏ, ਚੋਰੀ ਕਰਨ ਵਾਲਿਆਂ ਨੇ ਸਰੂਪਾਂ ਦੇ ਅੰਗ ਪਾੜੇ, ਬਹਿਬਲ ਕਲਾਂ ਗੋਲੀਕਾਂਡ ਵਿੱਚ ਦੋ ਲੋਕਾਂ ਦੀ ਮੌਤ ਹੋਈ, ਕੀ ਇਹ ਗੁਨਾਹ ਹੋਏ?"

ਸੁਖਬੀਰ ਸਿੰਘ ਬਾਦਲ ਦਾ ਜਵਾਬ: "ਜੀ ਗੁਨਾਹ ਹੋਇਆ"

ਸਵਾਲ: "ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਸੌਦਾ ਸਾਧ ਦੀ ਮੁਆਫ਼ੀ ਬਾਰੇ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਪੋਸਟਰ ਛਪਵਾਉਣ ਲਈ ਗੋਲਕ ਦੇ ਪੈਸੇ ਖਰਚ ਕੀਤੇ ਸੀ?"

ਸੁਖਬੀਰ ਸਿੰਘ ਬਾਦਲ ਦਾ ਜਵਾਬ: "ਹਾਂਜੀ"

ਆਮ ਆਦਮੀ ਪਾਰਟੀ ਨੇ ਕੀ ਕਿਹਾ ?

ਆਪ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਐੱਸਆਈਟੀ ਨੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਸੰਪਰਕ ਕਰਕੇ ਪੁੱਛਿਆ ਸੀ ਕਿ ਕੀ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਅੱਗੇ ਇਹ ਗੁਨਾਹ ਕਬੂਲ ਕੀਤੇ ਸਨ।

ਪੰਨੂ ਨੇ ਦਾਅਵਾ ਕੀਤਾ ਕਿ ਗਿਆਨੀ ਰਘਬੀਰ ਸਿੰਘ ਨੇ ਐੱਸਆਈਟੀ ਨੂੰ ਦੱਸਿਆ ਕਿ ਸੁਖਬੀਰ ਬਾਦਲ ਨੇ ਇਹ ਗੁਨਾਹ ਕਬੂਲ ਕੀਤੇ ਸਨ ਅਤੇ ਇਸ ਦੀ ਵੀਡੀਓ ਰਿਕਾਰਡਿੰਗ ਅਕਾਲ ਤਖ਼ਤ ਸਾਹਿਬ ਕੋਲ ਮੌਜੂਦ ਹੈ।

ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਅੱਗੇ ਕਬੂਲਨਾਮਾ ਕਰਨ ਤੋਂ ਬਾਅਦ ਹੁਣ ਉਸ ਤੋਂ ਮੁੱਕਰਨਾ ਠੀਕ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)