You’re viewing a text-only version of this website that uses less data. View the main version of the website including all images and videos.
ਅਮ੍ਰਿਤਪਾਲ ਸਿੰਘ ਦੀ ਖਾਲਸਾ ਵਹੀਰ ਯਾਤਰਾ ਦੀ ਕੀ ਹੈ ਜ਼ਮੀਨੀ ਹਕੀਕਤ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
“ਸ਼ਾਮ ਦੇ ਕਰੀਬ 6.30 ਵਜੇ ਜੰਡਿਆਲਾ ਦੇ ਖੇਤਾਂ ਵਿੱਚ ਬਣੇ ਗੁਰਦੁਆਰਾ ਨਾਨਕਸਰ ਦੇ ਬਾਹਰ ਪੰਡਾਲ ਵਿੱਚ ਇੱਕ ਅਨਾਊਂਸਮੈਂਟ ਹੁੰਦੀ - "ਮੀਡੀਆ ਵਾਲੇ ਆਪਣੇ ਕੈਮਰੇ ਬੰਦ ਕਰ ਦੇਣ ਅਤੇ ਸਮਾਗਮ ਤੋਂ ਬਾਹਰ ਚਲੇ ਜਾਣ।"
ਇਸ ਤੋਂ ਬਾਅਦ ਸਮਾਗਮ ਵਿੱਚ ਮੌਜੂਦ ਸੰਗਤਾਂ ਨੂੰ ਆਖਿਆ ਜਾਂਦਾ ਹੈ ਕਿ ਉਹ ਆਪਣੇ ਮੋਬਾਈਲ ਫੋਨਾਂ ਨੂੰ ਵੀ ਬੰਦ ਕਰ ਦੇਣ ਕਿਉਂਕਿ ਸਮਾਗਮ ਵਿੱਚ ਵੀਡੀਓਗ੍ਰਾਫੀ ਕਰਨ ਦੀ ਮਨਾਹੀ ਹੈ, ਕੋਈ ਵੀ ਵਿਅਕਤੀ ਮੋਬਾਈਲ ਫ਼ੋਨ ਦਾ ਇਸਤੇਮਾਲ ਨਾ ਕਰੇ ਇਸ ਦੇ ਲਈ ਕੁਝ ਨੌਜਵਾਨ ਪੰਡਾਲ ਵਿੱਚ ਮੌਜੂਦ ਸੰਗਤ ਉੱਤੇ ਬਕਾਇਦਾ ਨਜ਼ਰ ਰੱਖਦੇ ਦੇਖੇ ਜਾ ਸਕਦੇ ਹਨ।
ਇਹ ਸਾਰਾ ਦ੍ਰਿਸ਼ ਜੰਡਿਆਲਾ ਗੁਰੂ ਦੇ ਗੁਰਦੁਆਰਾ ਨਾਨਕਸਰ ਦੇ ਬਾਹਰ ਖੇਤਾਂ ਵਿੱਚ ਬਣੇ ਪੰਡਾਲ ਦਾ ਸੀ, ਜਿੱਥੇ ਖ਼ਾਲਸਾ ਵਹੀਰ ਯਾਤਰਾ ਦਾ ਪਹਿਲਾ ਪੜਾਅ ਸੀ ਜਿਥੇ ਸੰਗਤਾਂ ਦੇ ਰਾਤ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਸੀ।
'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਹੋਈ ‘ਖਾਲਸਾ ਵਹੀਰ’ ਅਕਾਲ ਤਖ਼ਤ ਤੋਂ 23 ਨਵੰਬਰ ਨੂੰ ਸ਼ੁਰੂ ਹੋਈ ਸੀ।
ਲੋਕਾਂ ’ਚ ਪ੍ਰਬੰਧਕਾਂ ਦੀ ਆਸ ਤੋਂ ਘੱਟ ਉਤਸ਼ਾਹ
ਸੰਗਤ ਦੇ ਭਰਵੇਂ ਇਕੱਠ ਦੇ ਮੱਦੇਨਜ਼ਰ ਇੱਕ ਵੱਡਾ ਪੰਡਾਲ ਲਗਾਇਆ ਗਿਆ ਸੀ ਤੇ ਵੱਡੇ ਪੱਧਰ ’ਤੇ ਲੋਕਾਂ ਦੇ ਰਹਿਣ ਦਾ ਪ੍ਰਬੰਦ ਕੀਤਾ ਗਿਆ ਸੀ ਪਰ ਸੰਗਤ ਆਸ ਤੋਂ ਕਿਤੇ ਘੱਟ ਸੀ ਜਿਸ ਦੇ ਚਲਦਿਆਂ ਪੰਡਾਲ ਦਾ ਬਹੁਤਾ ਹਿੱਸਾ ਖ਼ਾਲੀ ਨਜ਼ਰ ਆ ਰਿਹਾ ਸੀ।
ਇਸ ਸਮਾਗਮ ਵਿੱਚ ਮੌਜੂਦ ਨੌਜਵਾਨਾਂ ਵਲੋਂ ਉਥੇ ਮੌਜੂਦ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਤੇ ਕੁਝ ਹੱਦ ਵਿੱਚ ਰਹਿਕੇ ਹੀ ਵਿਚਰਣ ਦੀ ਆਗਿਆ ਸੀ।
ਲੋਕਾਂ ਲਈ ਕੁਝ ਸਮੇਂ ਲਈ ਗੁਰਦੁਆਰੇ ਦੇ ਦਰਵਾਜ਼ੇ ਵੀ ਬੰਦ ਕੀਤੇ ਗਏ। ਅੰਦਰ ਦਾਖਿਲ ਹੋਣ ਵਾਲਿਆਂ ਤੋਂ ਪਹਿਲਾਂ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਜਾਣ ਦੀ ਆਗਿਆ ਦਿੱਤੀ ਗਈ।
ਇਹ ਵੀ ਪੜ੍ਹੋ-
ਵੀਡੀਓ ਬਣਾਉਣ ਤੇ ਫ਼ੋਨ ਇਸਤੇਮਾਲ ਕਰਨ ਦੀ ਮਨਾਹੀ
ਅਮ੍ਰਿਤਪਾਲ ਸਿੰਘ ਦੀ ਅਗਾਵਾਈ ਵਿੱਚ ਅੰਮ੍ਰਿਤਸਰ ਤੋਂ ਰਵਾਨਾ ਹੋਈ ਯਾਤਰਾ ਕਰੀਬ 7 ਵਜੇ ਜੰਡਿਆਲਾ ਗੁਰੂ ਪਹੁੰਚੀ। ਸਭ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਗੁਰੂਦੁਆਰੇ ਗਏ ਤੇ ਕੁਝ ਸਮਾਂ ਉਥੇ ਹੀ ਬੈਠੇ।
ਆਮ ਲੋਕਾਂ ਦੇ ਅੰਦਰ ਜਾਣ ਦੀ ਮਨਾਹੀ ਸੀ। ਗੁਰਦੁਆਰੇ ਦੇ ਮੁੱਖ ਗੇਟ ਉੱਤੇ ਕੁਝ ਨੌਜਵਾਨਾਂ ਨੇ ਅਸਲੇ ਦੇ ਨਾਲ ਪਹਿਰਾ ਦੇਣਾ ਸ਼ੁਰੂ ਕਰ ਦਿੰਤਾ।
ਖ਼ਾਲਸਾ ਵਹੀਰ ਦੌਰਾਨ ਮਾਹੌਲ
- ਖ਼ਾਲਸਾ ਵਹੀਰ ਯਾਤਰਾ ਪੰਜਾਬ ਵਿੱਚ ਕਰੀਬ 30 ਦਿਨ ਚੱਲੇਗੀ ਇਸ ਦੀ ਸਮਾਪਤੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ।
- ਇਸ ਯਾਤਰਾ ਦੇ 13 ਪੜਾਅ ਹਨ।
- ਇਹ ਯਾਤਰਾ ਮਹਿਤਾ ਚੌਂਕ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ, ਜਲੰਧਰ, ਫਗਵਾੜਾ, ਨਵਾਂ ਸ਼ਹਿਰ ਹੁੰਦੀ ਹੋਈ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ।
- ਯਾਤਰਾ ਦੌਰਾਨ ਖਾਲਿਸਤਾਨ ਦੇ ਹੱਕ ਵਿੱਚ ਨੌਜਵਾਨਾਂ ਵੱਲੋਂ ਨਾਅਰੇਬਾਜੀ ਕੀਤੀ ਜਾ ਰਹੀ ਹੈ।
- ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿੱਖੀ ਦਾ ਪ੍ਰਚਾਰ ਤਾਂ ਠੀਕ ਪਰ ਲੋਕਾਂ ਨੂੰ ਭੜਕਾਊਣਾ ਠੀਕ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਭ ਦਾ ਸਾਂਝਾ ਹੈ ਇਹ ਕਿਸੇ ਇੱਕ ਧਰਮ ਦਾ ਨਹੀਂ
ਕੁਝ ਲੋਕਾਂ ਨੂੰ ਤਸੱਲੀ ਤੋਂ ਬਾਅਦ ਗੁਰਦੁਆਰੇ ਜਾਣ ਦਿੱਤਾ ਵੀ ਗਿਆ ਪਰ ਮੀਡੀਆ ਕਰਮੀਆਂ ’ਤੇ ਪੂਰੀ ਤਰ੍ਹਾਂ ਰੋਕ ਸੀ।
ਇਸ ਦੌਰਾਨ ਅਮ੍ਰਿਤਪਾਲ ਨੇ ਪੁਲਿਸ ਕਰਮੀਆਂ ਨਾਲ ਗੱਲਬਾਤ ਕੀਤੀ ਤੇ ਪੰਡਾਲ ਵਿੱਚ ਚਲੇ ਗਏ।
ਅਮ੍ਰਿਤਪਾਲ ਸਿੰਘ ਦੇ ਪੰਡਾਲ ਵਿੱਚ ਆਉਣ ਤੋਂ ਬਾਅਦ ਹੀ ਮੰਚ ਉੱਤੇ ਕੈਮਰੇ ਬੰਦ ਕਰਵਾਉਣ ਦੀ ਅਨਾਊਸਮੈਂਟ ਪ੍ਰਬੰਧਕਾਂ ਵੱਲੋਂ ਕੀਤੀ ਗਈ।
ਸ਼ਾਮ ਸਮੇਂ ਕੀਰਤਨ ਸਮਾਗਮ ਹੋਇਆ ਤੇ ਦੋ ਘੰਟੇ ਬਾਅਦ ਸਮਾਗਮ ਦੀ ਸਮਾਪਤੀ ਹੋਈ। ਸਮਾਗਮ ਦੌਰਾਨ ਅਮ੍ਰਿਤਪਾਲ ਸਿੰਘ ਸ਼ਰਧਾਲੂਆਂ ਨੂੰ ਸੰਬੋਧਨ ਕਰਨ ਤੋਂ ਗੁਰੇਜ਼ ਕਰਦੇ ਹਨ।
ਕੀ ਹੈ ਯਾਤਰਾ ਦਾ ਮਕਸਦ
ਖ਼ਾਲਸਾ ਵਹੀਰ ਯਾਤਰਾ ਪੰਜਾਬ ਵਿੱਚ ਕਰੀਬ 30 ਦਿਨ ਚੱਲੇਗੀ ਅਤੇ ਇਸ ਦੀ ਸਮਾਪਤੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ।
ਇਸ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ 13 ਪੜਾਅ ਰੱਖੇ ਗਏ ਹਨ, ਜਿੱਥੇ ਗੁਰਮਤਿ ਦਰਬਾਰ ਅਤੇ ਅੰਮ੍ਰਿਤ ਸੰਚਾਰ ਕਰਨ ਦਾ ਦਾਅਵਾ ਇਸ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ।
ਅਮ੍ਰਿਤਪਾਲ ਸਿੰਘ ਮੁਤਾਬਕ ਯਾਤਰਾ ਰੋਜ਼ਾਨਾ ਕਰੀਬ ਵੀਹ ਕਿੱਲੋ ਮੀਟਰ ਦਾ ਫ਼ਾਸਲਾ ਤੈਅ ਕਰੇਗੀ।
ਖ਼ਾਲਸਾ ਵਹੀਰ ਦੀ ਰੂਪ ਰੇਖਾ
ਯਾਤਰਾ ਵਿੱਚ ਸਭ ਤੋਂ ਪਹਿਲਾਂ ਨਿਹੰਗ ਸਿੰਘ ਘੋੜਿਆਂ ਉੱਤੇ ਸਵਾਰ ਹੋ ਕੇ ਚਲ਼ਦੇ ਹਨ, ਇਸ ਤੋਂ ਬਾਅਦ ਇੱਕ ਬੱਸ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਸਸ਼ੋਭਿਤ ਹਨ, ਉਹ ਚਲਦੀ ਹੈ।
ਗੁਰੂ ਗ੍ਰੰਥ ਸਾਹਿਬ ਵਾਲੀ ਬੱਸ ਦੇ ਠੀਕ ਪਿੱਛੇ ਅਮ੍ਰਿਤਪਾਲ ਸਿੰਘ ਦੀ ਗੱਡੀ ਚੱਲਦੀ ਹੈ। ਇਸ ਗੱਡੀ ਦੇ ਦੋਵੇਂ ਪਾਸੇ ਹਥਿਆਰਾਂ ਨਾਲ ਲੈਸ ਨੌਜਵਾਨ ਲਟਕੇ ਹੋਏ ਦੇਖੇ ਜਾ ਸਕਦੇ ਹਨ।
ਅਮ੍ਰਿਤਪਾਲ ਸਿੰਘ ਗੱਡੀ ਦੀ ਛੱਤ ਖ਼ੋਲ ਕੇ ਬਾਹਰ ਹੱਥ ਜੋੜ ਕੇ ਖੜੇ ਹੋ ਕੇ ਲੋਕਾਂ ਨਾਲ ਸੰਪਰਕ ਬਣਾਉਂਦੇ ਹਨ ਤੇ ਥੋੜੀ ਦੇਰ ਬਾਅਦ ਉਹ ਮੁੜ ਗੱਡੀ ਵਿੱਚ ਬੈਠ ਜਾਂਦੇ ਹਨ।
ਕਈ ਥਾਵਾਂ ਉੱਤੇ ਅਮ੍ਰਿਤਪਾਲ ਸਿੰਘ ਆਪਣੀ ਗੱਡੀ ਤੋਂ ਉੱਤਰ ਕੇ ਪਾਲਕੀ ਸਾਹਿਬ ਵਾਲੀ ਗੱਡੀ ਦੇ ਪਿੱਛੇ ਪੈਦਲ ਚੱਲਣਾ ਸ਼ੁਰੂ ਕਰ ਦਿੰਦੇ ਹਨ। ਪਰ ਇਸ ਦੌਰਾਨ ਹਥਿਆਰਬੰਦ ਨੌਜਵਾਨ ਆਮ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰੱਖਦੇ ਹਨ।
ਰਸਤੇ ਵਿੱਚ ਆਸ ਪਾਸ ਦੇ ਲੋਕ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹਨ।
ਹਾਲਾਂਕਿ ਅਮ੍ਰਿਤਪਾਲ ਸਿੰਘ ਨੇ ਯਾਤਰਾ ਬਾਰੇ ਦਾਅਵਾ ਕੀਤਾ ਹੈ ਕਿ ਇਸ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਹੋਣ। ਪਰ ਇਸ ਯਾਤਰਾ ਦੇ ਪਹਿਲੇ ਦੋ ਦਿਨ ਸਿੱਖ ਧਰਮ ਨਾਲ ਸਬੰਧਿਤ ਲੋਕ ਵਧੇਰੇ ਨਜ਼ਰ ਆਏ।
ਯਾਤਰਾ ਵਿੱਚ ਸ਼ਾਮਲ ਨੌਜਵਾਨ ਵਿੱਚ-ਵਿੱਚ ਖ਼ਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕਰਦੇ ਹਨ। ਪਹਿਲੇ ਦਿਨ ਦੇ ਪੜਾਅ ਤੋਂ ਬਾਅਦ ਯਾਤਰਾ ਦਾ ਦੂਜਾ ਦਿਨ ਸ਼ੁਰੂ ਹੁੰਦਾ ਹੈ ਦੁਪਹਿਰ ਕਰੀਬ ਡੇਢ ਵਜੇ।
ਇਸ ਦੌਰਾਨ ਜੰਡਿਆਲਾ ਗੁਰੂ ਤੋਂ ਜਦੋਂ ਯਾਤਰਾ ਨਿਕਲਦੀ ਹੈ ਅਤੇ ਅਮ੍ਰਿਤਪਾਲ ਸਿੰਘ ਕੁਝ ਸਮਾਂ ਪਾਲਕੀ ਦੇ ਪਿੱਛੇ ਪੈਦਲ ਚੱਲਦੇ ਹਨ ਅਤੇ ਕੁਝ ਸਮੇਂ ਬਾਅਦ ਉਹ ਆਪਣੀ ਗੱਡੀ ਉੱਤੇ ਸਵਾਰ ਹੋ ਜਾਂਦੇ ਹਨ।
ਯਾਤਰਾ ਦਾ ਦੂਜਾ ਦਿਨ ਦਾ ਪੜਾਅ ਡੱਡੂਆਣਾ ਵਿਖੇ ਹੈ। ਇਹ ਯਾਤਰਾ ਮਹਿਤਾ ਚੌਂਕ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ, ਜਲੰਧਰ, ਫਗਵਾੜਾ, ਨਵਾਂ ਸ਼ਹਿਰ ਹੁੰਦੀ ਹੋਈ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ।
'ਵਾਰਿਸ ਪੰਜਾਬ ਦੇ' ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਮੁਤਾਬਕ ਆਨੰਦਪੁਰ ਸਾਹਿਬ ਤੋਂ ਖ਼ਾਲਸਾ ਵਹੀਰ ਦਾ ਅਗਲਾ ਰੂਟ ਦਮਦਮਾ ਸਾਹਿਬ ਹੋਵੇਗਾ। ਯਾਤਰਾ ਉੱਤੇ ਪੰਜਾਬ ਪੁਲਿਸ ਦੀ ਨਜ਼ਰ ਵੀ ਹੈ। ਪੁਲਿਸ ਦੀ ਇੱਕ ਗੱਡੀ ਯਾਤਰਾ ਦੇ ਨਾਲ ਨਾਲ ਚੱਲਦੀ ਦੇਖੀ ਜਾ ਸਕਦੀ ਹੈ।
ਆਮ ਲੋਕਾਂ ਦੀ ਖ਼ਾਲਸਾ ਵਹੀਰ ਬਾਰੇ ਰਾਇ
ਜੰਡਿਆਲਾ ਗੁਰੂ ਦੇ ਮੁੱਖ ਹਾਈਵੇ ਉੱਤੇ 50 ਸਾਲ ਦੀ ਦਵਿੰਦਰ ਕੌਰ ਆਪਣੇ ਪੁੱਤਰ ਦਾ ਇੰਤਜ਼ਾਰ ਕਰ ਰਹੀ ਸੀ। ਇੰਨੇ ਵਿੱਚ ਯਾਤਰਾ ਦਾ ਕਾਫ਼ਲਾ ਉੱਥੇ ਆਉਂਦਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹਨ।
ਉਹ ਕੋਲ ਖੜੇ ਇੱਕ ਨੌਜਵਾਨ ਨੂੰ ਯਾਤਰਾ ਬਾਰੇ ਪੁੱਛਦੇ ਹਨ ਜੋ ਅਮ੍ਰਿਤਪਾਲ ਸਿੰਘ ਵੱਲੋਂ ਕੱਢੀ ਇਸ ਵਹੀਰ ਬਾਰੇ ਜਾਣਕਾਰੀ ਦਿੰਦਾ ਹੈ।
ਦਵਿੰਦਰ ਕੌਰ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਕਹਿੰਦੇ ਹਨ, “ਪਤਾ ਨਹੀਂ ਇੱਥੇ ਕਿੰਨੇ ਅਮ੍ਰਿਤਪਾਲ ਆਏ ਅਤੇ ਚਲੇ ਗਏ।”
ਉਹ ਕਹਿਦੇ ਹਨ, “ਮੈਂ ਇਸ ਦੀਆਂ ਵੀਡੀਓ ਇੰਟਰਨੈੱਟ ਉੱਤੇ ਦੇਖੀਆਂ ਸਨ ਪਰ ਮੈਨੂੰ ਇਹ ਪਸੰਦ ਨਹੀਂ ਕਿਉਂਕਿ ਇਹ ਹਥਿਆਰਾਂ ਦੀ ਗੱਲ ਕਰਦਾ ਹੈ, ਪੰਜਾਬ ਸਭ ਦਾ ਸਾਂਝਾ ਹੈ ਇਹ ਕਿਸੇ ਇੱਕ ਧਰਮ ਨਾਲ ਸਬੰਧਿਤ ਲੋਕਾਂ ਦੀ ਨਹੀਂ।”
ਉਹ ਕਹਿੰਦੇ ਹਨ ਕਿ ਜੇਕਰ ਧਰਮ ਪ੍ਰਚਾਰ ਕਰਨਾ ਹੈ ਤਾਂ ਉਹ ਠੀਕ ਹੈ ਪਰ ਨਫ਼ਰਤ ਪੈਦਾ ਕਰਨੀ ਠੀਕ ਨਹੀਂ ਹੈ।
ਹਥਿਆਰ ਦਾ ਪ੍ਰਚਾਰ
ਅੰਮ੍ਰਿਤਸਰ ਦੇ ਰਹਿਣ ਵਾਲੇ ਮੁਨੀਸ਼ ਕੋਹਲੀ ਆਖਦੇ ਹਨ ਕਿ ਜੇਕਰ ਅਮ੍ਰਿਤਪਾਲ ਸਿੰਘ ਧਰਮ ਪ੍ਰਚਾਰ ਦਾ ਕੰਮ ਕਰ ਰਿਹਾ ਹੈ ਤਾਂ ਉਹ ਠੀਕ ਹੈ ਪਰ ਜੇਕਰ ਉਹ ਹਿੰਸਾ ਦੀ ਗੱਲ ਕਰੇਗਾ ਤਾਂ ਉਹ ਗ਼ਲਤ ਹੈ ਅਤੇ ਅਸੀਂ ਇਸ ਦੇ ਖ਼ਿਲਾਫ਼ ਹਾਂ।
ਅਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਹਥਿਆਰਾਂ ਦੇ ਪ੍ਰਦਰਸ਼ਨ ਕਰਨ ਨੂੰ ਵੀ ਮੁਨੀਸ਼ ਜਾਇਜ਼ ਨਹੀਂ ਮੰਨਦੇ।
ਪੇਸ਼ੇ ਤੋਂ ਵਕੀਲ ਮੁਨੀਸ਼ ਕੋਹਲੀ ਕਹਿੰਦੇ ਹਨ, “ਸਰਕਾਰ ਨੂੰ ਹਥਿਆਰਾਂ ਨੂੰ ਲੈ ਕੇ ਸਖ਼ਤੀ ਕਰਨੀ ਚਾਹੀਦੀ ਹੈ।
ਸੋਸ਼ਲ ਮੀਡੀਆ ਉੱਤੇ ਗੱਲਾਂ ਨੂੰ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ ਜਦੋਂਕਿ ਹਕੀਕਤ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ।”
ਰਾਕੇਸ਼ ਕੁਮਾਰ ਆਖਦੇ ਹਨ ਕਿ ਭੜਕਾਊ ਭਾਸ਼ਣ ਦੇਣੇ ਸਹੀ ਨਹੀਂ। ਸਰਕਾਰਾਂ ਇਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਕਰਦੀਆਂ ਇਸ ਕਰ ਕੇ ਇਹ ਸਰਕਾਰਾਂ ਦੀ ਸ਼ੈਅ ਉੱਤੇ ਹੀ ਬੋਲਦੇ ਹਨ।
ਆਮ ਬੰਦੇ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਭੜਕਾਊ ਬਿਆਨ ਦੇਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਕਿਉਂ ਨਾ ਹੋਵੇ, ਕਿਉਂਕਿ ਪੰਜਾਬ ਦਾ ਮਾਹੌਲ ਇਸ ਨਾਲ ਖ਼ਰਾਬ ਹੋ ਰਿਹਾ ਹੈ।
ਉਹ ਕਹਿੰਦੇ ਹਨ, “ਸਿੱਖੀ ਦਾ ਪ੍ਰਚਾਰ ਕਰਨਾ ਜਾਇਜ਼ ਹੈ ਪਰ ਲੋਕਾਂ ਨੂੰ ਭੜਕਾਉਣਾ ਸਹੀ ਨਹੀਂ।”
ਰਾਕੇਸ਼ ਕੁਮਾਰ ਕਹਿੰਦੇ ਹਨ ਕਿ ਲੋਕਤੰਤਰ ਵਿੱਚ ਬੋਲਣ ਦਾ ਅਧਿਕਾਰ ਸਭ ਨੂੰ ਹੈ ਪਰ ਸ਼ਰੇਆਮ ਹਥਿਆਰ ਚੁੱਕ ਕੇ ਫਿਰਨਾ ਠੀਕ ਨਹੀਂ ਹੈ।
ਪਟਿਆਲਾ ਤੋਂ ਖ਼ਾਲਸਾ ਵਹੀਰ ਵਿੱਚ ਸ਼ਾਮਲ ਹੋਣ ਲਈ ਆਏ ਨੌਜਵਾਨ ਪਰਮਿੰਦਰਬੀਰ ਸਿੰਘ ਸਿੰਘ ਆਖਦੇ ਹਨ “ਕਿ ਸਾਨੂੰ ਖ਼ਾਲਿਸਤਾਨ ਨਹੀਂ ਖ਼ਾਲਸਾ ਰਾਜ ਚਾਹੀਦਾ ਹੈ ਜਿਸ ਵਿੱਚ ਹਰ ਧਰਮ ਅਤੇ ਵਰਗ ਦਾ ਸਨਮਾਨ ਹੋਵੇ”।
ਵਿਰਸੇ ਨਾਲ ਜੁੜਨ ਦੀ ਆਸ
ਇੱਕ ਨੌਜਵਾਨ ਪਰਮਿੰਦਰਬੀਰ ਸਿੰਘ ਕਹਿੰਦੇ ਹਨ, “ਅਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਕੰਮ ਕਰ ਰਹੇ ਹਨ, ਉਹ ਠੀਕ ਹੈ।”
“ਰਾਜਨੀਤਿਕ ਲੋਕ ਉਨ੍ਹਾਂ ਬਾਰੇ ਗ਼ਲਤ ਪ੍ਰਚਾਰ ਕਰ ਰਹੇ ਹਨ ਫ਼ਿਲਹਾਲ ਤਾਂ ਸਾਨੂੰ ਇਹ ਠੀਕ ਲੱਗਦਾ ਹੈ ਅੱਗੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ।”
ਨੌਜਵਾਨ ਦਿਲਪ੍ਰੀਤ ਸਿੰਘ ਆਖਦੇ ਹਨ ਪੰਜਾਬ ਬਰਬਾਦੀ ਵੱਲ ਵੱਧ ਰਿਹਾ ਹੈ, ਨੌਜਵਾਨ ਵਰਗ ਨਸ਼ੇ ਵਿੱਚ ਫ਼ਸਦਾ ਜਾ ਰਿਹਾ ਹੈ।
ਉਹ ਆਖਦੇ ਹਨ ਕਿ ਅਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਚੰਗੇ ਰਸਤੇ ਉੱਤੇ ਲਿਆਉਣ ਦਾ ਕੰਮ ਕਰ ਰਿਹਾ ਹੈ ਇਸ ਕਰ ਕੇ ਉਹ ਇਸ ਯਾਤਰਾ ਵਿੱਚ ਸ਼ਾਮਲ ਹੋਏ ਹਨ।
ਮਨਦੀਪ ਸਿੰਘ ਦੇ ਵਾਲ ਕੱਟੇ ਹੋਏ ਹਨ ਪਰ ਉਹ ਆਖਦਾ ਹੈ ਕਿ ਉਸ ਉੱਤੇ ਅਮ੍ਰਿਤਪਾਲ ਸਿੰਘ ਦੇ ਵਿਚਾਰਾਂ ਦਾ ਪ੍ਰਭਾਵ ਹੈ ਅਤੇ ਉਹ ਅੰਮ੍ਰਿਤ ਛੱਕਣਗੇ।
ਉਨ੍ਹਾਂ ਆਖਿਆ ਕਿ ਨੌਜਵਾਨ ਅੰਮ੍ਰਿਤ ਪਾਣ ਕਰ ਕੇ ਜਦੋਂ ਸਿੰਘ ਸੱਜ ਗਏ ਤਾਂ ਫਿਰ ਇਕੱਠੇ ਹੋ ਕੇ ਸਰਕਾਰ ਤੋਂ ਆਪਣੇ ਹੱਕ ਮੰਗ ਸਕਣਗੇ।