ਇਮਰਾਨ ਖ਼ਾਨ ਗੋਲੀ ਲੱਗਣ ਮਗਰੋਂ ਕੈਮਰੇ ਸਾਹਮਣੇ ਆਏ : 'ਚਾਰ ਲੋਕਾਂ ਨੇ ਮੈਨੂੰ ਬੰਦ ਕਮਰੇ 'ਚ ਮਾਰਨ ਦਾ ਫੈਸਲਾ ਕੀਤਾ'

ਤਸਵੀਰ ਸਰੋਤ, Ani
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ।
ਸੰਬੋਧਨ ਤੋਂ ਪਹਿਲਾਂ ਇਮਰਾਨ ਖ਼ਾਨ ਦੇ ਨਿੱਜੀ ਡਾਕਟਰ ਫੈਜ਼ਲ ਸੁਲਤਾਨ ਖ਼ਾਨ ਨੇ ਉਨ੍ਹਾਂ ਦੇ ਪੈਰਾਂ ਦਾ ਐਕਸਰੇ ਦਿਖਾਇਆ। ਉਨ੍ਹਾਂ ਮੁਤਾਬਕ ਇਮਰਾਨ ਖ਼ਾਨ ਨੂੰ ਚਾਰ ਗੋਲੀਆਂ ਲੱਗੀਆਂ ਹਨ।
ਇਮਰਾਨ ਖ਼ਾਨ ਨੂੰ ਲੌਂਗ ਮਾਰਚ ਦੌਰਾਨ ਗੁੱਜਰਾਂਵਾਲਾ ਦੇ ਅੱਲ੍ਹਾਵਾਲਾ ਚੌਕ ਵਿੱਚ ਗੋਲੀ ਲੱਗੀ ਸੀ।
ਇਸ ਘਟਨਾ ਵਿੱਚ ਇਮਰਾਨ ਖ਼ਾਨ ਸਣੇ 14 ਲੋਕ ਜ਼ਖਮੀ ਹੋਏ ਹਨ ਅਤੇ ਇਮਾਰਨ ਦੀ ਪਾਰਟੀ ਦੇ ਇੱਕ ਆਗੂ ਦੀ ਮੌਤ ਹੋ ਗਈ ਹੈ।
ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਮਰਾਨ ਖ਼ਾਨ ਨੇ ਸੰਬੋਧਨ ਸ਼ੁਰੂ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਗੁਜਰਾਂਵਾਲਾ ਜਾਂ ਵਜ਼ੀਰਾਬਾਦ 'ਚ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਆਪਣੇ ਸੰਬੋਧਨ ਦੌਰਾਨ ਇਮਰਾਨ ਖ਼ਾਨ ਨੇ 9 ਅਪ੍ਰੈਲ ਨੂੰ ਆਪਣੇ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਅਤੇ ਬਾਅਦ ਦੀਆਂ ਘਟਨਾਵਾਂ ਨਾਲ ਗੱਲਬਾਤ ਸ਼ੁਰੂ ਕੀਤੀ।
ਇਮਰਾਨ ਖ਼ਾਨ ਨੇ ਕਿਹਾ ਕਿ ਸੋਚਿਆ ਜਾ ਰਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਤਾਂ ਲੋਕ ਮਠਿਆਈਆਂ ਵੰਡਣਗੇ, ਪਰ ਇਸ ਵਾਰ ਅਜਿਹਾ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ, "ਇਹ ਇੱਕ ਕਰਾਰਾ ਝਟਕਾ ਹੈ ਕਿ ਕੌਮ ਨੇ ਫ਼ੈਸਲਾ ਕਰ ਲਿਆ ਹੈ ਕਿ ਲੋਕ 30 ਸਾਲਾਂ ਤੋਂ ਚੋਰੀਆਂ ਕਰਨ ਵਾਲਿਆਂ ਦੇ ਨਾਲ ਨਹੀਂ ਜਾਣਾ ਚਾਹੁੰਦੇ।
ਇਮਰਾਨ ਖ਼ਾਨ ਦੇ ਸੰਬੋਧਨ ਦਾ ਵੀਡੀਓ ਦੇਖਣ ਲਈ ਇਹ ਲਿੰਕ ਕਲਿੱਕ ਕਰੋ

ਤਸਵੀਰ ਸਰੋਤ, Ani
ਇਹ ਵੀ ਪੜ੍ਹੋ

ਤਸਵੀਰ ਸਰੋਤ, Ani
'ਮੈਨੂੰ ਹਟਾਉਣ ਦੀ ਅਮਰੀਕਾ ਦੀ ਸਾਜ਼ਿਸ਼'
ਇਮਰਾਨ ਖ਼ਾਨ ਨੇ ਕਿਹਾ ਕਿ ਅਮਰੀਕਾ ਦੇ ਇੱਕ ਅੰਡਰ ਸੈਕਟਰੀ ਆਫ ਸਟੇਟ ਨੇ ਪਾਕਿਸਤਾਨ ਦੇ ਰਾਜਦੂਤ ਨੂੰ ਮੈਨੂੰ ਹਟਾਉਣ ਦੀ ਧਮਕੀ ਦਿੱਤੀ ਗਈ ਸੀ।
ਇਮਰਾਨ ਨੇ ਅੱਗੇ ਕਿਹਾ, "ਉਨ੍ਹਾਂ ਨੇ ਫੋਨ ਕਰਕੇ ਕਿਹਾ ਕਿ ਜੇਕਰ ਇਮਰਾਨ ਖ਼ਾਨ ਨੂੰ ਨਾ ਹਟਾਇਆ ਗਿਆ ਤਾਂ ਪਾਕਿਸਤਾਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਬਾਅਦ ਮੇਰੀ ਸਰਕਾਰ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਜਾਂਦਾ ਹੈ।"
ਉਨ੍ਹਾਂ ਕਿਹਾ, ਕਿ ਦੇਖਦੇ ਹੀ ਦੇਖਦੇ ਮੇਰੀ ਪਾਰਟੀ ਦੇ ਲੋਕਾਂ ਨੂੰ ਵਿਰੋਧੀ ਧਿਰ ਨੇ ਖਰੀਦਣਾ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, Getty Images
"ਸਰਕਾਰ ਕਦੇ ਵੀ ਬੇਭਰੋਸਗੀ ਵੋਟ ਦੇ ਸਾਹਮਣੇ ਨਹੀਂ ਹਾਰਦੀ, ਕਿਉਂਕਿ ਸਰਕਾਰ ਕੋਲ ਪੈਸਾ ਹੁੰਦਾ ਹੈ। ਜੇਕਰ ਅਸੀਂ ਚਾਹੁੰਦੇ ਤਾਂ ਅਸੀਂ ਵੀ ਮੰਡੀ ਵਿੱਚ ਜਾ ਕੇ ਖਰੀਦੋ-ਫ਼ਰੋਖ਼ਤ ਕਰ ਲੈਂਦੇ। ਉਹ 20-25 ਕਰੋੜ ਦੀ ਪੇਸ਼ਕਸ਼ ਕਰ ਰਹੇ ਸਨ, ਅਸੀਂ ਹੋਰ ਦੇ ਦਿੰਦੇ।"
"ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ। ਉਨ੍ਹਾਂ ਨੇ ਜੋ ਵਰਤਿਆ ਉਹ ਚੋਰੀ ਦੇ ਪੈਸੇ ਸਨ। ਉਨ੍ਹਾਂ ਨੇ ਲੋਕਾਂ ਨੂੰ ਖਰੀਦਿਆ। ਅਸੀਂ ਫ਼ੈਸਲਾ ਕੀਤਾ ਕਿ ਅਸੀਂ ਇਸ ਨਿਲਾਮੀ ਵਿੱਚ ਹਿੱਸਾ ਨਹੀਂ ਲਵਾਂਗੇ।"

- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਪ੍ਰਧਾਨ ਇਮਰਾਨ ਖ਼ਾਨ ਪਾਕਿਸਤਾਨ ਨੂੰ ਸੰਬੋਧਨ ਕੀਤਾ।
- ਸੰਬੋਧਨ ਤੋਂ ਪਹਿਲਾਂ ਇਮਰਾਨ ਖ਼ਾਨ ਦੇ ਨਿੱਜੀ ਡਾਕਟਰ ਫੈਜ਼ਲ ਸੁਲਤਾਨ ਖ਼ਾਨ ਨੇ ਉਨ੍ਹਾਂ ਦੇ ਪੈਰਾਂ ਦਾ ਐਕਸਰੇ ਦਿਖਾਇਆ।
- ਡਾਕਟਰ ਮੁਤਾਬਕ ਇਮਰਾਨ ਖ਼ਾਨ ਨੂੰ ਚਾਰ ਗੋਲੀਆਂ ਲੱਗੀਆਂ ਹਨ।
- ਇਮਰਾਨ ਖ਼ਾਨ ਨੇ 9 ਅਪ੍ਰੈਲ ਨੂੰ ਆਪਣੇ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਅਤੇ ਬਾਅਦ ਦੀਆਂ ਘਟਨਾਵਾਂ ਨਾਲ ਗੱਲਬਾਤ ਸ਼ੁਰੂ ਕੀਤੀ
- ਇਮਰਾਨ ਖ਼ਾਨ ਨੂੰ ਲੌਂਗ ਮਾਰਚ ਦੌਰਾਨ ਗੁੱਜਰਾਂਵਾਲਾ ਦੇ ਅੱਲ੍ਹਾਵਾਲਾ ਚੌਕ ਵਿੱਚ ਗੋਲੀ ਲੱਗੀ ਸੀ।
- ਇਸ ਘਟਨਾ ਵਿੱਚ ਇਮਰਾਨ ਖ਼ਾਨ ਸਣੇ 14 ਲੋਕ ਜ਼ਖਮੀ ਹੋਏ ਹਨ ਅਤੇ ਇਮਾਰਨ ਦੀ ਪਾਰਟੀ ਦੇ ਇੱਕ ਆਗੂ ਦੀ ਮੌਤ ਹੋ ਗਈ ਹੈ।
- ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਚਾਰ ਲੋਕਾਂ ਨੇ ਮੈਨੂੰ ਬੰਦ ਕਮਰੇ 'ਚ ਮਾਰਨ ਦਾ ਫੈਸਲਾ ਕੀਤਾ: ਇਮਰਾਨ ਖ਼ਾਨ
ਇਮਰਾਨ ਖਾਨ ਨੇ ਇਹ ਦਾਅਵਾ ਕੀਤਾ ਕਿ ਦੋ ਵੱਖ-ਵੱਖ ਦਿਸ਼ਾਵਾਂ ਤੋਂ ਉਨ੍ਹਾਂ 'ਤੇ ਦੋ ਬਰਸਟ ਫਾਇਰ ਕੀਤੇ ਗਏ ਅਤੇ ਉਹ ਜ਼ਖਮੀ ਹੋ ਗਏ ਤੇ ਹੇਠਾਂ ਡਿੱਗ ਗਏ। ਇਸ ਲਈ ਹਮਲਾਵਰਾਂ ਨੇ ਸ਼ਾਇਦ ਸੋਚਿਆ ਕਿ ਮਰ ਗਿਆ ਹੈ।"
ਇਮਰਾਨ ਖ਼ਾਨ ਨੇ ਕਿਹਾ ਕਿ ਚਾਰ ਲੋਕਾਂ ਨੇ ਉਨ੍ਹਾਂ ਨੂੰ ਬੰਦ ਕਮਰੇ 'ਚ ਮਾਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਨ੍ਹਾਂ ਨੇ ਇਕ ਵੀਡੀਓ ਵੀ ਬਣਾਈ ਹੈ, ਜਿਸ 'ਚ ਉਨ੍ਹਾਂ ਚਾਰ ਲੋਕਾਂ ਦੇ ਨਾਂ ਦੱਸੇ ਗਏ ਹਨ।
ਇਮਰਾਨ ਖ਼ਾਨ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਮਰਵਾਉਣ ਦਾ ਫ਼ੈਸਲਾ ਕੀਤਾ। ਚਾਰ ਲੋਕਾਂ ਨੇ ਮੈਨੂੰ ਬੰਦ ਕਮਰੇ ਵਿੱਚ ਮਾਰਨ ਦਾ ਫ਼ੈਸਲਾ ਕੀਤਾ। ਮੈਂ ਟੀਵੀ 'ਤੇ ਜਾ ਕੇ ਦੱਸਿਆ। ਮੈਂ ਵੀਡੀਓ ਬਣਾਈ ਅਤੇ ਚਾਰ ਲੋਕਾਂ ਦੇ ਨਾਮ ਦਿੱਤੇ, ਮੈਂ ਵੀਡੀਓ ਨੂੰ ਬਾਹਰ ਰੱਖਿਆ ਹੈ। ਜੇ ਮੈਨੂੰ ਕੁਝ ਹੁੰਦਾ ਹੈ, ਤਾਂ ਵੀਡੀਓ ਰਿਲੀਜ਼ ਕੀਤੀ ਜਾਵੇਗੀ।"

ਤਸਵੀਰ ਸਰੋਤ, Twitter
ਲੌਂਗ ਮਾਰਚ 'ਚ ਤਿੰਨ ਲੋਕਾਂ ਨੇ ਮੈਨੂੰ ਮਾਰਨ ਦੀ ਸਾਜ਼ਿਸ਼ ਰਚੀ: ਇਮਰਾਨ ਖ਼ਾਨ
ਇਮਰਾਨ ਖ਼ਾਨ ਨੇ ਕਿਹਾ ਕਿ ਵਜ਼ੀਰਾਬਾਦ ਤੋਂ ਇਕ ਦਿਨ ਪਹਿਲਾਂ ਤਿੰਨ ਲੋਕਾਂ ਨੇ ਉਨ੍ਹਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਤਿੰਨ ਲੋਕ ਉਨ੍ਹਾਂ ਚਾਰ ਲੋਕਾਂ ਨਾਲੋਂ ਵੱਖਰੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੇ ਪਹਿਲਾਂ ਗੱਲ ਕੀਤੀ ਹੈ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ 'ਚ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਚਾਰ ਲੋਕਾਂ ਨੇ ਉਨ੍ਹਾਂ ਨੂੰ ਬੰਦ ਕਮਰੇ 'ਚ ਮਾਰਨ ਦਾ ਫ਼ੈਸਲਾ ਲਿਆ ਸੀ।
ਇਮਰਾਨ ਖ਼ਾਨ ਨੇ ਜਿਨ੍ਹਾਂ ਤਿੰਨ ਲੋਕਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ 'ਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਮੇਜਰ ਜਨਰਲ ਫੈਜ਼ਲ ਨਸੀਰ ਸ਼ਾਮਲ ਹਨ।
ਵੀਰਵਾਰ ਨੂੰ ਇਮਰਾਨ ਖ਼ਾਨ ਵਲੋਂ ਜਾਰੀ ਬਿਆਨ 'ਚ ਇਨ੍ਹਾਂ ਤਿੰਨਾਂ ਲੋਕਾਂ ਦੇ ਨਾਂ ਵੀ ਲਏ ਗਏ ਸਨ।

ਤਸਵੀਰ ਸਰੋਤ, TWITTER
ਗੁੱਜਰਾਂਵਾਲਾ ਵਿੱਚ ਇਮਰਾਨ ਖ਼ਾਨ 'ਤੇ ਚੱਲੀ ਸੀ ਗੋਲੀ
ਵੀਰਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਫ਼ਲੇ 'ਤੇ ਗੁੱਜਰਾਂਵਾਲਾ ਵਿੱਚ ਗੋਲੀ ਚੱਲੀ ਸੀ। ਇਸ ਹਮਲੇ ਵਿੱਚ ਉਨ੍ਹਾਂ ਦੇ ਪੈਰ 'ਚ ਵੀ ਗੋਲੀ ਲੱਗੀ ਸੀ।
ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਇਮਰਾਨ ਖ਼ਾਨ ਨੂੰ ਲਾਹੌਰ ਦੇ ਸ਼ੌਕਤ ਖ਼ਾਨਮ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਸੀ।

ਤਸਵੀਰ ਸਰੋਤ, Tauseef Akram
ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 14 ਹੋਰ ਜਖ਼ਮੀ ਦੱਸੇ ਜਾ ਰਹੇ ਹਨ।
ਜਖ਼ਮੀਆਂ ਵਿੱਚ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂ ਫ਼ੈਸਲ ਜਾਵੇਦ ਅਤੇ ਇਕਬਾਲ ਚੱਠਾ ਵੀ ਸ਼ਾਮਿਲ ਹਨ।
ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਇਹ ਵੀ ਪੜ੍ਹੋ-














