ਅਮਰੀਕਾ-ਈਰਾਨ ਸਮਝੌਤੇ 'ਤੇ ਹੋਏ ਦਸਤਖ਼ਤ, ਜਾਣੋ ਇਸ ਸਮਝੌਤੇ ਦੇ 14 ਅਹਿਮ ਨੁਕਤਿਆਂ ਵਿੱਚ ਕੀ ਹੈ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ
    • ਲੇਖਕ, ਬਰਨਡ ਡੇਬਸਮੈਨ ਜੂਨੀਅਰ
    • ਰੋਲ, ਵਾਈਟ ਹਾਊਸ ਰਿਪੋਰਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਅਮਰੀਕਾ ਅਤੇ ਈਰਾਨ ਵਿਚਾਲੇ ਜੰਗਬੰਦੀ ਨੂੰ ਵਧਾਉਣ ਲਈ ਇੱਕ ਸਮਝੌਤੇ 'ਤੇ ਦਸਤਖ਼ਤ ਹੋ ਗਏ ਹਨ ਅਤੇ ਇਹ ਸਮਝੌਤਾ ਹੁਣ ਲਾਗੂ ਵੀ ਹੋ ਗਿਆ ਹੈ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਇਸਦੀ ਪੁਸ਼ਟੀ ਕੀਤੀ ਹੈ।

ਰਾਸ਼ਟਰਪਤੀ ਡੌਨਲਡ ਟਰੰਪ ਨੇ ਫ੍ਰਾਂਸ ਦੇ ਐਵੀਆਨ-ਲੇ-ਬੇਨਜ਼ ਵਿੱਚ ਜੀ-7 ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਂਦੇ ਹੋਏ ਇਸ ਸਮਝੌਤੇ 'ਤੇ ਰਸਮੀ ਤੌਰ 'ਤੇ ਦਸਤਖ਼ਤ ਕੀਤੇ - ਜਿਸ ਨਾਲ ਮਹੱਤਵਪੂਰਨ ਸਟ੍ਰੇਟ ਆਫ਼ ਹੋਰਮੁਜ਼ ਮੁੜ ਖੁੱਲ੍ਹਣ ਜਾ ਰਿਹਾ ਹੈ।

14 ਨੁਕਤਿਆਂ ਵਾਲੇ ਸਮਝੌਤੇ ਵਿੱਚ - ਜਿਸ ਨੂੰ ਸਮਝੌਤਾ ਪੱਤਰ ਕਿਹਾ ਜਾਂਦਾ ਹੈ - ਵਿੱਚ ਕਿਹਾ ਗਿਆ ਹੈ ਕਿ ਈਰਾਨ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਗੇ, ਅਤੇ ਇਸ ਵਿੱਚ ਦੇਸ਼ ਦੇ "ਪੁਨਰਨਿਰਮਾਣ ਅਤੇ ਆਰਥਿਕ ਵਿਕਾਸ" ਲਈ 300 ਅਰਬ ਡਾਲਰ ਦੇ ਫੰਡ ਦਾ ਵੀ ਪ੍ਰਬੰਧ ਹੈ, ਹਾਲਾਂਕਿ ਅਮਰੀਕਾ ਨੂੰ ਇਸ ਵਿੱਚ ਯੋਗਦਾਨ ਦੇਣ ਦੀ ਲੋੜ ਨਹੀਂ ਹੈ। ਇਹ ਸਮਝੌਤਾ ਇਨ੍ਹਾਂ ਦੋਵੇਂ ਦੇਸ਼ਾਂ ਅਤੇ ਇਜ਼ਰਾਈਲ ਵਿਚਾਲੇ ਸੰਘਰਸ਼ ਸ਼ੁਰੂ ਹੋਣ ਤੋਂ ਚਾਰ ਮਹੀਨੇ ਬਾਅਦ ਹੋਇਆ ਹੈ।

ਟਰੰਪ ਪ੍ਰਸ਼ਾਸਨ ਨੇ ਇਸ ਸਮਝੌਤੇ ਨੂੰ "ਪ੍ਰਦਰਸ਼ਨ-ਆਧਾਰਿਤ" ਦੱਸਿਆ ਹੈ, ਜਿਸ ਵਿੱਚ ਈਰਾਨ ਨੂੰ ਉਦੋਂ ਹੀ ਲਾਭ ਮਿਲੇਗਾ ਜਦੋਂ ਉਹ ਆਪਣੇ ਵਾਅਦਿਆਂ ਦੀ ਪਾਲਣਾ ਕਰੇਗਾ।

ਹਾਲਾਂਕਿ ਸਮਝੌਤੇ ਦੇ ਮਸੌਦੇ ਵਿੱਚ ਕਈ ਸਵਾਲਾਂ ਦੇ ਜਵਾਬ ਨਹੀਂ ਮਿਲਦੇ। ਕਈ ਮੁੱਖ ਮੁੱਦੇ ਅਜੇ ਵੀ ਅਣਸੁਲਝੇ ਹਨ। ਫਿਰ ਵੀ, ਆਓ ਹੇਠ ਲਿਖੇ ਕੁਝ ਨੁਕਤਿਆਂ ਬਾਰੇ ਜਾਣਦੇ ਹਾਂ...

1: 'ਸਾਰੇ ਮੋਰਚਿਆਂ 'ਤੇ' ਸੰਘਰਸ਼ ਦਾ ਅੰਤ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਤਸਵੀਰ ਸਰੋਤ, Ludovic MARIN / AFP via Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੀ-7 ਸੰਮੇਲਨ ਦੌਰਾਨ ਸਮਝੌਤੇ 'ਤੇ ਦਸਤਖਤ ਕੀਤੇ

ਸਮਝੌਤੇ ਦੇ ਪਹਿਲੇ ਪੈਰਾਗ੍ਰਾਫ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ, ਈਰਾਨ ਅਤੇ ਉਨ੍ਹਾਂ ਦੇ ਸਹਿਯੋਗੀ "ਹਰ ਮੋਰਚੇ" 'ਤੇ ਫੌਜੀ ਕਾਰਵਾਈਆਂ ਨੂੰ ਤੁਰੰਤ ਅਤੇ ਸਥਾਈ ਤੌਰ 'ਤੇ ਖ਼ਤਮ ਕਰਨ ਦਾ ਐਲਾਨ ਕਰਨਗੇ। ਇਸ ਵਿੱਚ ਲੇਬਨਾਨ ਵੀ ਸ਼ਾਮਲ ਹੈ।

ਅਮਰੀਕਾ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਟਰੰਪ ਲਗਾਤਾਰ ਇਸ ਗੱਲ ਨੂੰ ਲੈ ਕੇ ਚਿੰਤਿਤ ਸਨ ਕਿ ਹਿਜ਼ਬੁੱਲਾਹ ਖ਼ਿਲਾਫ਼ ਇਜ਼ਰਾਈਲ ਦੀ ਫੌਜੀ ਕਾਰਵਾਈ ਈਰਾਨ ਨਾਲ ਹੋਏ ਸਮਝੌਤੇ ਨੂੰ ਵਿਗਾੜ ਸਕਦੀ ਹੈ।

ਦੂਜੇ ਪਾਸੇ, ਈਰਾਨ ਕਈ ਵਾਰ ਕਹਿ ਚੁੱਕਾ ਹੈ ਕਿ ਜੰਗਬੰਦੀ ਵਿੱਚ ਲੇਬਨਾਨ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਇਜ਼ਰਾਈਲ ਲੇਬਨਾਨ ਵਿੱਚ ਫੌਜੀ ਕਾਰਵਾਈ ਜਾਰੀ ਰੱਖਦਾ ਹੈ, ਤਾਂ ਇਹ "ਸਮਝੌਤੇ ਦੀ ਉਲੰਘਣਾ" ਹੋਵੇਗੀ। ਅਜਿਹੀ ਸਥਿਤੀ ਵਿੱਚ "ਜ਼ਰੂਰੀ ਕਦਮ ਚੁੱਕੇ ਜਾਣਗੇ"।

ਸਮਝੌਤੇ ਵਿੱਚ ਕਿਹਾ ਗਿਆ ਹੈ ਕਿ ਹੁਣ ਤੋਂ ਕੋਈ ਵੀ ਪੱਖ ਫੌਜੀ ਕਾਰਵਾਈ ਸ਼ੁਰੂ ਨਹੀਂ ਕਰੇਗਾ। ਦੋਵੇਂ ਇੱਕ-ਦੂਜੇ ਨੂੰ ਧਮਕੀ ਵੀ ਨਹੀਂ ਦੇਣਗੇ। ਨਾਲ ਹੀ, ਲੇਬਨਾਨ ਦੀ "ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ" ਦਾ ਸਤਿਕਾਰ ਕਰਨਗੇ।

ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਅੰਤਿਮ ਸਮਝੌਤੇ ਨਾਲ ਇਸ ਸੰਘਰਸ਼ ਦਾ ਸਥਾਈ ਤੌਰ 'ਤੇ ਅੰਤ ਹੋ ਜਾਵੇਗਾ।

ਹਾਲਾਂਕਿ, ਇਸ ਬਿੰਦੂ 'ਤੇ ਇਜ਼ਰਾਈਲ ਦੀ ਪ੍ਰਤੀਕਿਰਿਆ ਕੀ ਹੋਵੇਗੀ, ਇਹ ਅਜੇ ਸਪਸ਼ਟ ਨਹੀਂ ਹੈ।

2: 'ਅੰਦਰੂਨੀ ਮਾਮਲਿਆਂ' ਦਾ ਸਤਿਕਾਰ

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ

ਤਸਵੀਰ ਸਰੋਤ, Foad Ashtari/SOPA Images/LightRocket via Getty Images

ਤਸਵੀਰ ਕੈਪਸ਼ਨ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਨੇ ਸਮਝੌਤੇ 'ਤੇ ਡਿਜੀਟਲੀ ਦਸਤਖਤ ਕੀਤੇ

ਅਮਰੀਕੀ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਫ਼ੋਨ ਕਾਲ ਦੌਰਾਨ ਇਸ ਦਸਤਾਵੇਜ਼ ਨੂੰ ਵਿਸਥਾਰ ਨਾਲ ਪੜ੍ਹ ਕੇ ਸੁਣਾਇਆ। ਉਸ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਈਰਾਨ ਇੱਕ-ਦੂਜੇ ਦੀ "ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ" ਦਾ ਸਤਿਕਾਰ ਕਰਨਗੇ। ਦੋਵੇਂ ਇੱਕ-ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣਗੇ।

ਈਰਾਨ ਦੇ ਅਸੰਤੁਸ਼ਟ ਸਮੂਹਾਂ ਨੂੰ ਇਹ ਗੱਲ ਸ਼ਾਇਦ ਪਸੰਦ ਨਾ ਆਵੇ।

ਇਸ ਸਾਲ ਦੀ ਸ਼ੁਰੂਆਤ ਵਿੱਚ, ਪੂਰੇ ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ ਸਨ। ਉਸ ਵੇਲੇ ਟਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਸੀ ਕਿ "ਮਦਦ ਰਸਤੇ ਵਿੱਚ ਹੈ।"

3: ਵਧਾਈ ਜਾ ਸਕਣ ਵਾਲੀ ਸਮਾਂ-ਸੀਮਾ

ਦਸਤਾਵੇਜ਼ ਦੇ ਤੀਜੇ ਨੁਕਤੇ ਅਨੁਸਾਰ, ਅਮਰੀਕਾ ਅਤੇ ਈਰਾਨ ਵੱਧ ਤੋਂ ਵੱਧ 60 ਦਿਨਾਂ ਦੇ ਅੰਦਰ ਅੰਤਿਮ ਸਮਝੌਤੇ 'ਤੇ ਗੱਲਬਾਤ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ।

ਜੇਕਰ ਦੋਵੇਂ ਪੱਖ ਸਹਿਮਤ ਹੋਣ, ਤਾਂ ਇਸ ਸਮਾਂ-ਸੀਮਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਦੋਵੇਂ ਦੇਸ਼ਾਂ ਦੇ ਆਗੂਆਂ ਦੇ ਐਮਓਯੂ 'ਤੇ ਅਧਿਕਾਰਤ ਦਸਤਖ਼ਤ ਹੋਣ ਤੋਂ ਬਾਅਦ 60 ਦਿਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਵਾਈਟ ਹਾਊਸ ਨੇ ਬੀਬੀਸੀ ਨੂੰ ਦੱਸਿਆ ਕਿ ਟਰੰਪ ਨੇ ਬੁੱਧਵਾਰ ਰਾਤ ਫ੍ਰਾਂਸ ਦੇ ਵਰਸਾਏ ਪੈਲੇਸ ਵਿੱਚ ਜੀ-7 ਸੰਮੇਲਨ ਤੋਂ ਬਾਅਦ ਆਯੋਜਿਤ ਰਾਤ ਦੇ ਭੋਜਨ ਦੌਰਾਨ ਇਸ ਦਸਤਾਵੇਜ਼ 'ਤੇ ਦਸਤਖ਼ਤ ਕੀਤੇ।

ਵਾਈਟ ਹਾਊਸ ਦੇ ਅਨੁਸਾਰ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਨੇ ਵੀ ਇਸ 'ਤੇ ਦਸਤਖ਼ਤ ਕੀਤੇ ਹਨ।

ਇਸ ਤੋਂ ਪਹਿਲਾਂ, ਟਰੰਪ ਅਤੇ ਈਰਾਨੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਸੀ ਕਿ ਇਸ ਹਫ਼ਤੇ ਦੇ ਅੰਤ ਵਿੱਚ ਜਿਨੇਵਾ ਵਿੱਚ ਰਸਮੀ ਦਸਤਖ਼ਤ ਸਮਾਰੋਹ ਹੋਵੇਗਾ। ਪਰ ਹੁਣ ਇਹ ਹੋਵੇਗਾ ਜਾਂ ਨਹੀਂ, ਇਹ ਸਪਸ਼ਟ ਨਹੀਂ ਹੈ।

4: ਅਮਰੀਕਾ ਨਾਕਾਬੰਦੀ ਖ਼ਤਮ ਕਰੇਗਾ

ਚੌਥੇ ਨੁਕਤੇ ਅਨੁਸਾਰ, ਐਮਓਯੂ 'ਤੇ ਦਸਤਖ਼ਤ ਹੁੰਦੇ ਹੀ ਅਮਰੀਕਾ ਆਪਣੀ ਸਮੁੰਦਰੀ ਨਾਕਾਬੰਦੀ ਹਟਾਉਣੀ ਸ਼ੁਰੂ ਕਰੇਗਾ। ਨਾਲ ਹੀ, ਈਰਾਨੀ ਬੰਦਰਗਾਹਾਂ 'ਤੇ ਲਗਾਈਆਂ ਗਈਆਂ "ਕਿਸੇ ਵੀ ਤਰ੍ਹਾਂ ਦੀਆਂ ਰੁਕਾਵਟਾਂ" ਨੂੰ ਵੀ ਹਟਾਏਗਾ।

ਸਮਝੌਤੇ ਅਤੇ ਈਰਾਨ ਦੇ ਵਿਦੇਸ਼ ਮੰਤਰਾਲੇ ਅਨੁਸਾਰ, 30 ਦਿਨਾਂ ਦੇ ਅੰਦਰ ਨਾਕਾਬੰਦੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ।

ਇਸ ਦੌਰਾਨ, ਅਮਰੀਕਾ ਈਰਾਨੀ ਬੰਦਰਗਾਹਾਂ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਗਿਣਤੀ ਉਸੇ ਅਨੁਪਾਤ ਵਿੱਚ ਵਧਾਏਗਾ, ਜਿਸ ਅਨੁਪਾਤ ਵਿੱਚ ਈਰਾਨ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਆਵਾਜਾਈ ਬਹਾਲ ਕਰੇਗਾ।

ਅੰਤਿਮ ਸਮਝੌਤੇ 'ਤੇ ਦਸਤਖ਼ਤ ਹੋਣ ਦੇ 30 ਦਿਨਾਂ ਦੇ ਅੰਦਰ, ਅਮਰੀਕਾ ਨੇ ਈਰਾਨ ਦੇ "ਆਲੇ-ਦੁਆਲੇ ਦੇ ਖੇਤਰਾਂ" ਤੋਂ ਆਪਣੀ ਫੌਜ ਹਟਾਉਣ ਦਾ ਵਾਅਦਾ ਕੀਤਾ ਹੈ।

ਵਿਵਹਾਰਿਕ ਤੌਰ 'ਤੇ ਇਸ ਦਾ ਮਤਲਬ ਹੈ ਕਿ ਅਮਰੀਕੀ ਫੌਜ ਉਸੇ ਸਥਿਤੀ ਅਤੇ ਸਰੋਤਾਂ 'ਤੇ ਵਾਪਸ ਚਲੀ ਜਾਵੇਗੀ, ਜੋ 28 ਫ਼ਰਵਰੀ ਨੂੰ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਸਨ।

5: ਸਟ੍ਰੇਟ ਆਫ਼ ਹੋਰਮੁਜ਼

ਸਟ੍ਰੇਟ ਆਫ਼ ਹੋਰਮੁਜ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਮਓਯੂ 'ਤੇ ਦਸਤਖ਼ਤ ਹੁੰਦੇ ਹੀ ਈਰਾਨ ਆਪਣੀ ਪੂਰੀ ਕੋਸ਼ਿਸ਼ ਕਰੇਗਾ ਕਿ ਸਟ੍ਰੇਟ ਆਫ਼ ਹੋਰਮੁਜ਼ ਰਾਹੀਂ ਵਪਾਰਕ ਜਹਾਜ਼ ਸੁਰੱਖਿਅਤ ਤਰੀਕੇ ਨਾਲ ਲੰਘ ਸਕਣ

ਸਮਝੌਤੇ ਵਿੱਚ ਕਿਹਾ ਗਿਆ ਹੈ ਕਿ ਐਮਓਯੂ 'ਤੇ ਦਸਤਖ਼ਤ ਹੁੰਦੇ ਹੀ ਈਰਾਨ ਆਪਣੀ ਪੂਰੀ ਕੋਸ਼ਿਸ਼ ਕਰੇਗਾ ਕਿ ਸਟ੍ਰੇਟ ਆਫ਼ ਹੋਰਮੁਜ਼ ਰਾਹੀਂ ਵਪਾਰਕ ਜਹਾਜ਼ ਸੁਰੱਖਿਅਤ ਤਰੀਕੇ ਨਾਲ ਲੰਘ ਸਕਣ। ਇਸਦੇ ਲਈ ਕੋਈ ਟੈਕਸ ਨਹੀਂ ਲਿਆ ਜਾਵੇਗਾ।

ਜੰਗ ਸ਼ੁਰੂ ਹੋਣ ਅਤੇ ਸਟ੍ਰੇਟ ਆਫ਼ ਹੋਰਮੁਜ਼ ਦੇ ਬੰਦ ਹੋਣ ਤੋਂ ਬਾਅਦ ਇਹ ਅਮਰੀਕਾ ਦਾ ਇੱਕ ਵੱਡਾ ਟੀਚਾ ਰਿਹਾ ਹੈ। ਇਸ ਦੇ ਬੰਦ ਹੋਣ ਨਾਲ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਗਈਆਂ ਸਨ।

ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਤਕਨੀਕੀ ਅਤੇ ਫੌਜੀ ਰੁਕਾਵਟਾਂ ਨੂੰ ਹਟਾਉਣ ਅਤੇ ਬਾਰੂਦੀ ਸੁਰੰਗਾਂ ਸਾਫ਼ ਕਰਨ ਦੇ ਕੰਮ ਨੂੰ ਧਿਆਨ ਵਿੱਚ ਰੱਖਦੇ ਹੋਏ ਜਹਾਜ਼ਾਂ ਦੀ ਆਵਾਜਾਈ "ਤੁਰੰਤ" ਸ਼ੁਰੂ ਹੋਵੇਗੀ।

ਅਧਿਕਾਰੀਆਂ ਨੇ ਪਹਿਲਾਂ ਹੋਈ ਬ੍ਰੀਫ਼ਿੰਗ ਵਿੱਚ ਕਈ ਵਾਰ ਸਪਸ਼ਟ ਕੀਤਾ ਕਿ ਸਟ੍ਰੇਟ ਆਫ਼ ਹੋਰਮੁਜ਼ ਰਾਹੀਂ ਲੰਘਣ ਵਾਲੇ ਜਹਾਜ਼ਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।

ਲੰਬੀ ਮਿਆਦ ਵਿੱਚ ਈਰਾਨ.. ਓਮਾਨ ਅਤੇ ਹੋਰ ਖਾੜੀ ਦੇਸ਼ਾਂ ਨਾਲ ਮਿਲ ਕੇ ਸਟ੍ਰੇਟ ਆਫ਼ ਹੋਰਮੁਜ਼ ਦੇ ਪ੍ਰਬੰਧਨ ਲਈ ਇੱਕ "ਵਿਆਪਕ" ਸਮਝੌਤਾ ਤਿਆਰ ਕਰੇਗਾ।

ਇੱਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਈਰਾਨ ਆਪਣੇ ਅਧਿਕਾਰਾਂ ਨੂੰ "ਹਮਲਾਵਰ ਢੰਗ" ਨਾਲ ਲਾਗੂ ਕਰੇਗਾ। ਪਰ ਖਾੜੀ ਦੇਸ਼ ਕਦੇ ਵੀ ਅਜਿਹਾ ਭਵਿੱਖ ਸਵੀਕਾਰ ਨਹੀਂ ਕਰਨਗੇ, ਜਿਸ ਵਿੱਚ ਉੱਥੇ ਟੋਲ ਪ੍ਰਣਾਲੀ ਲਾਗੂ ਹੋਵੇ।

6: ਈਰਾਨ ਦੇ ਪੁਨਰਨਿਰਮਾਣ ਲਈ ਪੈਸਾ

ਐਮਓਯੂ ਦੇ ਛੇਵੇਂ ਨੁਕਤੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਉਸਦੇ ਖੇਤਰੀ ਭਾਗੀਦਾਰ ਈਰਾਨ ਦੇ ਪੁਨਰਨਿਰਮਾਣ ਅਤੇ ਆਰਥਿਕ ਵਿਕਾਸ ਲਈ ਘੱਟੋ-ਘੱਟ 300 ਅਰਬ ਡਾਲਰ (224 ਅਰਬ ਪਾਊਂਡ) ਦੀ ਯੋਜਨਾ ਤਿਆਰ ਕਰਨਗੇ।

ਅੰਤਿਮ ਵਿਵਸਥਾ 'ਤੇ ਅੰਤਿਮ ਸਮਝੌਤੇ ਦੇ 60 ਦਿਨਾਂ ਦੇ ਅੰਦਰ ਸਹਿਮਤੀ ਬਣੇਗੀ। ਸਾਰੇ ਲਾਇਸੈਂਸ, ਛੋਟਾਂ ਅਤੇ ਮਨਜ਼ੂਰੀਆਂ ਅਮਰੀਕਾ ਦੇਵੇਗਾ।

ਹਾਲਾਂਕਿ, ਇਸਦਾ ਇਹ ਮਤਲਬ ਨਹੀਂ ਹੈ ਕਿ ਅਮਰੀਕਾ ਆਰਥਿਕ ਤੌਰ 'ਤੇ ਇਸ ਵਿੱਚ ਸ਼ਾਮਲ ਹੋਵੇਗਾ।

ਇੱਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੂੰ ਈਰਾਨ ਨੂੰ "ਇੱਕ ਪੈਸਾ ਵੀ" ਦੇਣ ਦੀ ਲੋੜ ਨਹੀਂ ਹੋਵੇਗੀ। ਨਾ ਹੀ ਉਸ ਨੂੰ ਇਸ ਫੰਡ ਵਿੱਚ ਯੋਗਦਾਨ ਦੇਣਾ ਹੋਵੇਗਾ।

ਉਦਾਹਰਨ ਵਜੋਂ, ਅਧਿਕਾਰੀ ਨੇ ਕਿਹਾ ਕਿ ਜੇਕਰ ਈਰਾਨ "ਚੰਗਾ ਵਿਹਾਰ" ਕਰਦਾ ਹੈ, ਤਾਂ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀ ਅਮਰੀਕਾ ਦੀ ਮਨਜ਼ੂਰੀ ਨਾਲ ਈਰਾਨ ਵਿੱਚ ਪਾਵਰ ਪਲਾਂਟ ਬਣਾ ਸਕਦੇ ਹਨ।

ਟਰੰਪ ਅਤੇ ਹੋਰ ਅਧਿਕਾਰੀਆਂ ਨੇ ਵਾਰ-ਵਾਰ ਅਮਰੀਕੀ ਜਨਤਾ ਨੂੰ ਇਹ ਸਪਸ਼ਟ ਕੀਤਾ ਹੈ ਕਿ ਅਮਰੀਕਾ ਸਿੱਧੇ ਤੌਰ 'ਤੇ ਈਰਾਨ ਨੂੰ ਪੈਸਾ ਨਹੀਂ ਦੇਵੇਗਾ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ 2015 ਦੇ ਈਰਾਨ-ਓਬਾਮਾ ਪਰਮਾਣੂ ਸਮਝੌਤੇ ਤੋਂ ਪੂਰੀ ਤਰ੍ਹਾਂ ਵੱਖਰਾ ਹੈ।

7: ਪਾਬੰਦੀਆਂ ਖ਼ਤਮ ਹੋਣਗੀਆਂ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ "ਆਪ੍ਰੇਸ਼ਨ ਇਕਨਾਮਿਕ ਫਿਊਰੀ" ਦਾ ਮਕਸਦ ਈਰਾਨ ਨੂੰ ਵਿਸ਼ਵ ਦੀ ਵਿੱਤ ਪ੍ਰਣਾਲੀ ਤੋਂ ਅਲੱਗ ਕਰਨਾ ਸੀ

ਅਮਰੀਕਾ ਈਰਾਨ 'ਤੇ ਲੱਗੀਆਂ ਸਾਰੀਆਂ ਆਰਥਿਕ ਪਾਬੰਦੀਆਂ ਖ਼ਤਮ ਕਰੇਗਾ। ਇਸ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਤਹਿਤ ਲੱਗੀਆਂ ਪਾਬੰਦੀਆਂ ਅਤੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਇਕਪੱਖੀ ਪਾਬੰਦੀਆਂ ਵੀ ਸ਼ਾਮਲ ਹਨ।

ਹਾਲਾਂਕਿ, ਇਸ ਦੀ ਸਮਾਂ-ਸੀਮਾ ਅਜੇ ਸਪਸ਼ਟ ਨਹੀਂ ਹੈ।

ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਅੰਤਿਮ ਸਮਝੌਤੇ ਤਹਿਤ ਇਸ ਦਾ ਕਾਰਜਕ੍ਰਮ ਤੈਅ ਕੀਤਾ ਜਾਵੇਗਾ। ਪਰ ਦੋਵੇਂ ਪੱਖ ਮੰਨਦੇ ਹਨ ਕਿ ਅਗਲੀ ਗੱਲਬਾਤ ਵਿੱਚ ਇਸ ਮੁੱਦੇ 'ਤੇ "ਤੁਰੰਤ" ਕੰਮ ਸ਼ੁਰੂ ਕੀਤਾ ਜਾਵੇਗਾ।

ਪਾਬੰਦੀਆਂ ਕਾਰਨ ਈਰਾਨ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਹੋਇਆ ਹੈ।

ਅਮਰੀਕਾ ਦੇ "ਆਪ੍ਰੇਸ਼ਨ ਇਕਨਾਮਿਕ ਫਿਊਰੀ" ਦਾ ਮਕਸਦ ਈਰਾਨ ਨੂੰ ਵਿਸ਼ਵ ਦੀ ਵਿੱਤ ਪ੍ਰਣਾਲੀ ਤੋਂ ਅਲੱਗ ਕਰਨਾ ਸੀ।

8: ਪਰਮਾਣੂ ਹਥਿਆਰ ਨਹੀਂ

ਈਰਾਨ ਨੇ ਸਹਿਮਤੀ ਦਿੱਤੀ ਹੈ ਕਿ ਉਹ ਪਰਮਾਣੂ ਹਥਿਆਰ ਨਾ ਖਰੀਦੇਗਾ ਅਤੇ ਨਾ ਹੀ ਪ੍ਰਾਪਤ ਕਰੇਗਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਨੇ ਸਹਿਮਤੀ ਦਿੱਤੀ ਹੈ ਕਿ ਉਹ ਪਰਮਾਣੂ ਹਥਿਆਰ ਨਾ ਖਰੀਦੇਗਾ ਅਤੇ ਨਾ ਹੀ ਪ੍ਰਾਪਤ ਕਰੇਗਾ

ਈਰਾਨ ਨੇ ਸਹਿਮਤੀ ਦਿੱਤੀ ਹੈ ਕਿ ਉਹ ਪਰਮਾਣੂ ਹਥਿਆਰ ਨਾ ਖਰੀਦੇਗਾ ਅਤੇ ਨਾ ਹੀ ਪ੍ਰਾਪਤ ਕਰੇਗਾ।

ਦੋਵੇਂ ਪੱਖ ਇਸ ਗੱਲ 'ਤੇ ਵੀ ਸਹਿਮਤ ਹਨ ਕਿ ਈਰਾਨ ਕੋਲ ਪਹਿਲਾਂ ਤੋਂ ਮੌਜੂਦ ਸੋਧੇ ਗਏ ਯੂਰੇਨੀਅਮ ਦੇ ਮੁੱਦੇ ਦਾ ਹੱਲ ਕੀਤਾ ਜਾਵੇਗਾ।

ਹਾਲਾਂਕਿ, ਇਹ ਕਿਵੇਂ ਹੋਵੇਗਾ, ਇਹ ਅਜੇ ਸਪਸ਼ਟ ਨਹੀਂ ਹੈ।

ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਇਸ ਦੀ ਵਿਵਸਥਾ 'ਤੇ ਅੱਗੇ ਦੀਆਂ ਗੱਲਬਾਤਾਂ ਵਿੱਚ ਸਹਿਮਤੀ ਬਣੇਗੀ।

ਘੱਟੋ-ਘੱਟ ਇੰਨਾ ਤੈਅ ਹੈ ਕਿ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੀ ਨਿਗਰਾਨੀ ਹੇਠ ਉਸੇ ਥਾਂ ਯੂਰੇਨੀਅਮ ਨੂੰ ਘੱਟ ਸੋਧੇ ਹੋਏ ਪੱਧਰ 'ਤੇ ਲਿਆਂਦਾ ਜਾਵੇਗਾ।

ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਇਸ ਨੂੰ "ਘੱਟੋ-ਘੱਟ ਮਿਆਰ" ਅਤੇ ਅਮਰੀਕਾ ਦੀ "ਵੱਡੀ ਜਿੱਤ" ਦੱਸਿਆ।

ਟਰੰਪ ਨੇ ਕਿਹਾ ਸੀ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ "ਆਪ੍ਰੇਸ਼ਨ ਐਪਿਕ ਫਿਊਰੀ" ਸ਼ੁਰੂ ਕਰਨ ਦਾ ਉਨ੍ਹਾਂ ਦਾ 99 ਫ਼ੀਸਦੀ ਮਕਸਦ ਇਹੀ ਸੀ ਕਿ ਈਰਾਨ ਪਰਮਾਣੂ ਹਥਿਆਰ ਹਾਸਿਲ ਨਾ ਕਰ ਸਕੇ।

ਕਿਉਂਕਿ ਅਮਰੀਕਾ ਨੇ ਇਸ ਸਮਝੌਤੇ ਨੂੰ ਪ੍ਰਦਰਸ਼ਨ-ਆਧਾਰਿਤ ਦੱਸਿਆ ਹੈ, ਇਸ ਲਈ 7ਵੇਂ ਨੁਕਤੇ ਵਿੱਚ ਦਿੱਤੀ ਗਈਆਂ ਪਾਬੰਦੀਆਂ ਤੋਂ ਰਾਹਤ ਉਦੋਂ ਹੀ ਮਿਲੇਗੀ, ਜਦੋਂ ਈਰਾਨ 8ਵੇਂ ਨੁਕਤੇ ਦੀ ਪਾਲਣਾ ਕਰੇਗਾ।

9ਵਾਂ ਅਤੇ 10ਵਾਂ ਨੁਕਤਾ: ਜਿਓਂ ਦੀ ਤਿਓਂ ਸਥਿਤੀ

ਸਮਝੌਤੇ ਦੇ ਅਗਲੇ ਦੋ ਹਿੱਸਿਆਂ ਵਿੱਚ ਕਿਹਾ ਗਿਆ ਹੈ ਕਿ ਸੋਧੇ ਯੂਰੇਨੀਅਮ ਦੇ ਮੁੱਦੇ ਦਾ ਹੱਲ ਹੋਣ ਤੱਕ ਅਮਰੀਕਾ ਅਤੇ ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਮੌਜੂਦਾ ਸਥਿਤੀ ਵਿੱਚ ਹੀ ਕਾਇਮ ਰੱਖਣਗੇ।

ਵਿਵਹਾਰਿਕ ਤੌਰ 'ਤੇ ਇਸ ਦਾ ਮਤਲਬ ਹੈ ਕਿ ਅਮਰੀਕਾ ਕੋਈ ਨਵੀਂ ਪਾਬੰਦੀ ਨਹੀਂ ਲਗਾਏਗਾ।

ਇਸ ਦੌਰਾਨ, ਉਹ ਤੇਲ, ਪੈਟਰੋਲੀਅਮ ਉਤਪਾਦਾਂ ਅਤੇ ਉਨ੍ਹਾਂ ਨਾਲ ਜੁੜੀਆਂ ਸੇਵਾਵਾਂ, ਜਿਵੇਂ ਕਿ ਬੈਂਕਿੰਗ ਲੈਣ-ਦੇਣ ਅਤੇ ਆਵਾਜਾਈ, ਲਈ ਛੋਟ ਦੇਵੇਗਾ।

11: ਈਰਾਨ ਦੇ ਫ੍ਰੀਜ਼ ਹੋਏ ਖਾਤੇ

ਈਰਾਨ ਦੇ ਝੰਡੇ ਵਾਲੀ ਕੰਧ ਅੱਗੇ ਮਹਿਲਾ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਦਸਤਾਵੇਜ਼ ਦੇ 11ਵੇਂ ਨੁਕਤੇ ਵਿੱਚ ਕਿਹਾ ਗਿਆ ਹੈ ਕਿ ਐਮਓਯੂ 'ਤੇ ਦਸਤਖ਼ਤ ਹੋਣ ਤੋਂ ਬਾਅਦ ਅਮਰੀਕਾ "ਫ੍ਰੀਜ਼ ਜਾਂ ਪਾਬੰਦੀਸ਼ੁਦਾ ਫੰਡ ਪੂਰੀ ਤਰ੍ਹਾਂ ਉਪਲੱਬਧ ਕਰਵਾਉਣ" ਦਾ ਵਾਅਦਾ ਕਰਦਾ ਹੈ (ਸੰਕੇਤਕ ਤਸਵੀਰ)

ਇਹ ਮੁੱਦਾ ਗੱਲਬਾਤ ਵਿੱਚ ਲੰਮੇ ਸਮੇਂ ਤੋਂ ਇੱਕ ਵੱਡੀ ਰੁਕਾਵਟ ਬਣਿਆ ਹੋਇਆ ਸੀ।

ਈਰਾਨ ਲਗਾਤਾਰ ਮੰਗ ਕਰਦਾ ਰਿਹਾ ਕਿ ਉਸ ਦੀਆਂ ਫ੍ਰੀਜ਼ ਕੀਤੀਆਂ ਗਈਆਂ ਜਾਇਦਾਦਾਂ ਰਿਲੀਜ਼ ਕੀਤੀਆਂ ਜਾਣ, ਤਾਂ ਜੋ ਉਸ ਨੂੰ ਆਰਥਿਕ ਰਾਹਤ ਮਿਲ ਸਕੇ।

ਦਸਤਾਵੇਜ਼ ਦੇ 11ਵੇਂ ਨੁਕਤੇ ਵਿੱਚ ਕਿਹਾ ਗਿਆ ਹੈ ਕਿ ਐਮਓਯੂ 'ਤੇ ਦਸਤਖ਼ਤ ਹੋਣ ਤੋਂ ਬਾਅਦ ਅਮਰੀਕਾ "ਫ੍ਰੀਜ਼ ਜਾਂ ਪਾਬੰਦੀਸ਼ੁਦਾ ਫੰਡ ਪੂਰੀ ਤਰ੍ਹਾਂ ਉਪਲੱਬਧ ਕਰਵਾਉਣ" ਦਾ ਵਾਅਦਾ ਕਰਦਾ ਹੈ।

ਇਸ ਦੀ ਪ੍ਰਕਿਰਿਆ ਗੱਲਬਾਤ ਦੌਰਾਨ ਤੈਅ ਕੀਤੀ ਜਾਵੇਗੀ।

ਬੁੱਧਵਾਰ ਨੂੰ ਇੱਕ ਅਮਰੀਕੀ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਐਮਓਯੂ ਤੋਂ ਬਾਅਦ ਦੀਆਂ ਗੱਲਬਾਤਾਂ ਜਾਰੀ ਰਹਿਣ ਦੌਰਾਨ ਕੁਝ ਜਾਇਦਾਦਾਂ ਰਿਲੀਜ਼ ਕੀਤੀਆਂ ਜਾਣਗੀਆਂ।

ਅਜਿਹਾ ਉਦੋਂ ਕੀਤਾ ਜਾਵੇਗਾ, ਜਦੋਂ ਈਰਾਨ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰੇਗਾ। ਉਦਾਹਰਨ ਵਜੋਂ, ਜਦੋਂ ਉਹ ਆਪਣੇ ਬਹੁਤ ਜ਼ਿਆਦਾ ਸੋਧੇ ਹੋਏ ਯੂਰੇਨੀਅਮ ਦੇ ਮੁੱਦੇ 'ਤੇ ਕੰਮ ਸ਼ੁਰੂ ਕਰੇਗਾ।

12-14 ਨੁਕਤੇ: ਨਿਗਰਾਨੀ ਅਤੇ ਅੰਤਿਮ ਗੱਲਬਾਤ

ਦਸਤਾਵੇਜ਼ ਦੇ ਅੰਤਿਮ ਨੁਕਤਿਆਂ ਵਿੱਚ ਦੱਸਿਆ ਗਿਆ ਹੈ ਕਿ ਇਹ ਸਮਝੌਤਾ ਕਿਵੇਂ ਲਾਗੂ ਹੋਵੇਗਾ।

ਇਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਈਰਾਨ ਐਮਓਯੂ ਦੀ ਪਾਲਣਾ ਅਤੇ ਭਵਿੱਖ ਦੇ ਅੰਤਿਮ ਸਮਝੌਤੇ ਦੀ ਨਿਗਰਾਨੀ ਲਈ ਇੱਕ "ਵਿਵਸਥਾ" ਬਣਾਉਣਗੇ।

ਹਾਲਾਂਕਿ, ਵਿਵਹਾਰਿਕ ਤੌਰ 'ਤੇ ਇਹ ਵਿਵਸਥਾ ਕਿਹੋ ਜਿਹੀ ਹੋਵੇਗੀ, ਇਹ ਅਜੇ ਸਪਸ਼ਟ ਨਹੀਂ ਹੈ।

ਇਸ ਤੋਂ ਬਾਅਦ, ਐਮਓਯੂ 'ਤੇ ਦਸਤਖ਼ਤ ਹੋਣ ਅਤੇ ਇਸ ਨੂੰ ਲਾਗੂ ਕਰਨਾ ਸ਼ੁਰੂ ਹੋਣ ਤੋਂ ਬਾਅਦ, ਅਮਰੀਕਾ ਅਤੇ ਈਰਾਨ ਅੰਤਿਮ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਨਗੇ।

ਅੰਤ ਵਿੱਚ, ਐਮਓਯੂ ਵਿੱਚ ਕਿਹਾ ਗਿਆ ਹੈ ਕਿ ਅੰਤਿਮ ਸਮਝੌਤੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਬਾਧਿਆਕਾਰੀ ਪ੍ਰਸਤਾਵ ਰਾਹੀਂ ਮਨਜ਼ੂਰੀ ਦਿੱਤੀ ਜਾਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)