ਸ਼ੇਖਰ ਸੁਮਨ ਦਾ ਨਵਾਂ ਸ਼ੋਅ ਕਿਉਂ ਚਰਚਾ ਵਿੱਚ, ਦਮਦਾਰ ਅਦਾਕਾਰੀ ਤੇ ਵਿਅੰਗਮਈ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਸ਼ੇਖਰ ਨੂੰ ਜਦੋਂ ਪੁੱਤਰ ਦੀ ਲਾਇਲਾਜ ਬਿਮਾਰੀ ਨੇ ਤੋੜ ਦਿੱਤਾ

ਸ਼ੇਖਰ ਸੁਮਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨ੍ਹਾਂ ਦਿਨੀਂ ਸ਼ੇਖਰ ਸੁਮਨ ਆਪਣੇ ਨਵੇਂ ਸ਼ੋਅ 'ਸ਼ੇਖਰ ਟੁਨਾਈਟ' ਨੂੰ ਲੈਕੇ ਚਰਚਾ ਵਿੱਚ ਹਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

"ਪਿਛਲੇ ਦਿਨੀਂ ਡੌਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅੱਠ ਜੰਗਾਂ ਰੁਕਵਾਈਆਂ ਹਨ, ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਕਰਵਾਈਆਂ ਕਿੰਨੀਆਂ ਹਨ।"

"ਇਹ ਕਾਕਰੋਚ ਵੀ ਅਜੀਬ ਪ੍ਰਾਣੀ ਹੈ, ਕਿਤੇ ਵੀ ਪਹੁੰਚ ਜਾਂਦਾ ਹੈ। ਹੁਣ ਦੇਖੋ, ਪਿਛਲੇ ਦਿਨੀਂ ਦਿੱਲੀ ਪਹੁੰਚ ਗਿਆ... ਇੱਕ ਖ਼ਬਰ ਇਹ ਵੀ ਹੈ ਕਿ ਦੁਪਹਿਰ 3 ਵੱਜ ਕੇ 3 ਮਿੰਟ 'ਤੇ ਕਾਕਰੋਚ ਦਾ ਮੁਖੀਆ ਦਿੱਲੀ ਦੀ ਤਪਦੀ ਲੂ ਕਾਰਨ ਮੁੱਧਾ ਹੋ ਗਿਆ। ਹੁਣ ਦੱਸੋ, ਅਮਰੀਕਾ ਤੋਂ ਆਏ ਕਾਕਰੋਚ ਦਿੱਲੀ ਦੀ ਗਰਮੀ ਨਹੀਂ ਝੱਲ ਪਾ ਰਹੇ। ਹਾਲਾਂਕਿ ਇਹ ਵੀ ਸੱਚ ਹੈ ਕਿ ਦਿੱਲੀ ਵੀ ਇਨ੍ਹਾਂ ਦਿਨੀਂ ਅਮਰੀਕਾ ਦੀ ਗਰਮੀ ਨਹੀਂ ਝੱਲ ਪਾ ਰਹੀ ਹੈ।"

ਇਹ ਪੰਕਤੀਆਂ ਅਦਾਕਾਰ, ਨਿਰਮਾਤਾ, ਨਿਰਦੇਸ਼ਕ ਅਤੇ ਟੀਵੀ ਹੋਸਟ ਸ਼ੇਖਰ ਸੁਮਨ ਦੇ ਪ੍ਰੋਗਰਾਮ ਤੋਂ ਹਨ।

ਇਨ੍ਹਾਂ ਦਿਨੀਂ ਉਹ ਆਪਣੇ ਨਵੇਂ ਸ਼ੋਅ 'ਸ਼ੇਖਰ ਟੁਨਾਈਟ' ਨੂੰ ਲੈਕੇ ਚਰਚਾ ਵਿੱਚ ਹਨ। ਸੋਸ਼ਲ ਮੀਡੀਆ 'ਤੇ ਇਸ ਸ਼ੋਅ ਦੇ ਕਈ ਵੀਡੀਓ ਵਾਇਰਲ ਹੋਏ ਹਨ।

ਇਸ ਸ਼ੋਅ ਦਾ ਫਾਰਮੈਟ ਲੇਟ-ਨਾਈਟ ਟਾਕ ਸ਼ੋਅ ਦੀ ਤਰਜ਼ 'ਤੇ ਤਿਆਰ ਕੀਤਾ ਗਿਆ ਹੈ। ਸ਼ੋਅ ਵਿੱਚ ਉਹ ਵਿਅੰਗਮਈ ਮੋਨੋਲਾਗ ਤੋਂ ਬਾਅਦ ਮਹਿਮਾਨਾਂ ਨਾਲ ਗੱਲਬਾਤ ਕਰਦੇ ਹਨ।

ਸ਼ੁਰੂਆਤੀ ਐਪੀਸੋਡਜ਼ ਵਿੱਚ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਅਦਾਕਾਰ ਬੌਬੀ ਦਿਓਲ, ਅਲੀ ਫ਼ਜ਼ਲ ਅਤੇ ਮਨੋਜ ਬਾਜਪੇਈ ਤੋਂ ਇਲਾਵਾ ਅਮ੍ਰਿਤਾ ਫਡਣਵੀਸ ਵਰਗੇ ਮਹਿਮਾਨਾਂ ਦਾ ਇੰਟਰਵਿਊ ਕੀਤਾ ਹੈ।

'ਸ਼ੇਖਰ ਟੁਨਾਈਟ' ਦੀ ਚਰਚਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਇਸ ਦੇ ਜ਼ਰੀਏ ਸ਼ੇਖਰ ਸੁਮਨ ਨੇ ਕਈ ਸਾਲਾਂ ਬਾਅਦ ਇੱਕ ਪ੍ਰਮੁੱਖ ਹੋਸਟ ਅਤੇ ਵਿਅੰਗਕਾਰ ਵਜੋਂ ਸਕ੍ਰੀਨ 'ਤੇ ਵਾਪਸੀ ਕੀਤੀ ਹੈ।

ਇੱਕ ਸਮੇਂ ਟੈਲੀਵਿਜ਼ਨ 'ਤੇ ਆਪਣੇ ਵਿਅੰਗਮਈ ਪ੍ਰੋਗਰਾਮਾਂ ਅਤੇ ਹੋਸਟਿੰਗ ਲਈ ਜਾਣੇ ਜਾਣ ਵਾਲੇ ਸ਼ੇਖਰ ਸੁਮਨ ਹੁਣ ਡਿਜ਼ਿਟਲ ਮਾਧਿਅਮ ਰਾਹੀਂ ਨਵੇਂ ਦਰਸ਼ਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।

ਛੋਟੇ ਪਰਦੇ ਤੋਂ ਪਹਿਚਾਣ ਬਣਾਉਣ ਦਾ ਸਫ਼ਰ

ਸ਼ੇਖਰ ਸੁਮਨ ਅਤੇ ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, Raj K Raj/Hindustan Times via Getty Images

ਤਸਵੀਰ ਕੈਪਸ਼ਨ, 1990 ਅਤੇ 2000 ਦੇ ਦਹਾਕਿਆਂ ਵਿੱਚ ਸ਼ੇਖਰ ਸੁਮਨ ਉਨ੍ਹਾਂ ਚੋਣਵੇਂ ਟੀਵੀ ਚਿਹਰਿਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਸਿਆਸੀ ਵਿਅੰਗ, ਸੈਲੀਬ੍ਰਿਟੀ ਇੰਟਰਵਿਊ ਅਤੇ ਮਨੋਰੰਜਨ ਨੂੰ ਇੱਕੋ ਨਾਲ ਪੇਸ਼ ਕੀਤਾ

ਪਟਨਾ ਵਿੱਚ ਜਨਮੇ ਸ਼ੇਖਰ ਸੁਮਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1985 ਵਿੱਚ ਫ਼ਿਲਮ 'ਉਤਸਵ' ਨਾਲ ਕੀਤੀ ਸੀ।

ਫ਼ਿਲਮ ਵਿੱਚ ਉਹ ਅਦਾਕਾਰਾ ਰੇਖਾ ਦੇ ਨਾਲ ਨਜ਼ਰ ਆਏ ਸਨ, ਪਰ ਜਲਦ ਹੀ ਉਨ੍ਹਾਂ ਨੇ ਵੱਡੇ ਪਰਦੇ ਦੀ ਬਜਾਏ ਛੋਟੇ ਪਰਦੇ ਨੂੰ ਆਪਣਾ ਕਾਰਜ ਖੇਤਰ ਚੁਣ ਲਿਆ।

ਉਹ ਦੂਰਦਰਸ਼ਨ ਦੇ ਕਈ ਸ਼ੋਅਜ਼ ਦਾ ਚਿਹਰਾ ਬਣ ਗਏ। 'ਦੇਖ ਭਾਈ ਦੇਖ', 'ਰਿਪੋਰਟਰ', 'ਵਾਹ ਜਨਾਬ', 'ਛੋਟੇ ਬਾਬੂ', 'ਅਮਰ ਪ੍ਰੇਮ' ਆਦਿ ਸ਼ੋਅਜ਼ ਵਿੱਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।

ਇਸ ਦੇ ਨਾਲ ਹੀ ਉਹ 'ਗ੍ਰੇਟ ਇੰਡੀਅਨ ਕਾਮੇਡੀ ਸ਼ੋਅ', 'ਡਾਇਲ ਵਨ ਔਰ ਜੀਤੋ', 'ਕਾਮੇਡੀ ਸਰਕਸ' ਵਰਗੇ ਕਈ ਸ਼ੋਅਜ਼ ਦਾ ਵੀ ਹਿੱਸਾ ਰਹੇ।

1990 ਅਤੇ 2000 ਦੇ ਦਹਾਕਿਆਂ ਵਿੱਚ ਸ਼ੇਖਰ ਸੁਮਨ ਉਨ੍ਹਾਂ ਚੋਣਵੇਂ ਟੀਵੀ ਚਿਹਰਿਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਸਿਆਸੀ ਵਿਅੰਗ, ਸੈਲੀਬ੍ਰਿਟੀ ਇੰਟਰਵਿਊ ਅਤੇ ਮਨੋਰੰਜਨ ਨੂੰ ਇੱਕੋ ਨਾਲ ਪੇਸ਼ ਕੀਤਾ।

ਉਨ੍ਹਾਂ ਦਾ ਸ਼ੋਅ 'ਮੂਵਰਜ਼ ਐਂਡ ਸ਼ੇਕਰਜ਼' ਉਸ ਦੌਰ ਦੇ ਸਭ ਤੋਂ ਚਰਚਿਤ ਟਾਕ ਸ਼ੋਅਜ਼ ਵਿੱਚ ਗਿਣਿਆ ਜਾਂਦਾ ਹੈ।

'ਮੇਰੀ ਨਕਲ ਕਰਦੇ ਹੋਂ ਤਾਂ ਸਭ ਤੋਂ ਵੱਧ ਮੈਂ ਹੱਸਦਾ ਹਾਂ'

ਸ਼ੇਖਰ ਸੁਮਨ

ਤਸਵੀਰ ਸਰੋਤ, Sanjeev Verma/Hindustan Times via Getty Images

ਤਸਵੀਰ ਕੈਪਸ਼ਨ, ਉਨ੍ਹਾਂ ਦਾ ਸ਼ੋਅ 'ਮੂਵਰਜ਼ ਐਂਡ ਸ਼ੇਕਰਜ਼' ਉਸ ਦੌਰ ਦੇ ਸਭ ਤੋਂ ਚਰਚਿਤ ਟਾਕ ਸ਼ੋਅਜ਼ ਵਿੱਚ ਗਿਣਿਆ ਜਾਂਦਾ ਹੈ

ਬੀਬੀਸੀ ਦੇ 'ਇੱਕ ਮੁਲਾਕਾਤ' ਪ੍ਰੋਗਰਾਮ ਵਿੱਚ ਸ਼ੇਖਰ ਸੁਮਨ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨਾਲ ਜੁੜਿਆ ਇੱਕ ਕਿੱਸਾ ਵੀ ਸਾਂਝਾ ਕੀਤਾ ਸੀ।

ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਉਹ ਇੱਕ ਉਦਯੋਗਪਤੀ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋਏ ਸਨ, ਜਿੱਥੇ ਵਾਜਪੇਈ ਵੀ ਮੌਜੂਦ ਸਨ।

ਸ਼ੇਖਰ ਸੁਮਨ ਦੇ ਮੁਤਾਬਕ, ਉਨ੍ਹਾਂ ਨੂੰ ਪਤਾ ਸੀ ਕਿ ਵਾਜਪੇਈ ਉਨ੍ਹਾਂ ਦਾ ਪ੍ਰੋਗਰਾਮ ਦੇਖਦੇ ਹਨ ਅਤੇ ਪਸੰਦ ਵੀ ਕਰਦੇ ਹਨ। ਉਹ ਉਨ੍ਹਾਂ ਨਾਲ ਮਿਲਣਾ ਚਾਹੁੰਦੇ ਸਨ, ਪਰ ਜਦੋਂ ਤੱਕ ਉਹ ਉੱਥੇ ਪਹੁੰਚੇ, ਵਾਜਪੇਈ ਆਪਣੀ ਗੱਡੀ ਵਿੱਚ ਬੈਠ ਚੁੱਕੇ ਸਨ।

ਉਨ੍ਹਾਂ ਨੇ ਦੱਸਿਆ, "ਉਸ ਵੇਲੇ ਮਹਾਰਾਸ਼ਟਰ ਦੇ ਤਤਕਾਲੀ ਉਪ ਮੁੱਖ ਮੰਤਰੀ ਛਗਨ ਭੁਜਬਲ ਉਨ੍ਹਾਂ ਨੂੰ ਵਿਦਾ ਕਰਨ ਲਈ ਖੜ੍ਹੇ ਸਨ। ਮੈਨੂੰ ਲੱਗਿਆ ਕਿ ਜਦੋਂ ਉਨ੍ਹਾਂ ਦਾ ਕਾਫ਼ਲਾ ਉੱਥੋਂ ਲੰਘੇਗਾ ਤਾਂ ਉਹ ਭੁਜਬਲ ਜੀ ਵੱਲ ਜ਼ਰੂਰ ਦੇਖਣਗੇ ਅਤੇ ਮੈਂ ਉਨ੍ਹਾਂ ਨੂੰ ਨਮਸਕਾਰ ਕਰ ਲਵਾਂਗਾ।"

ਸ਼ੇਖਰ ਸੁਮਨ ਨੇ ਕਿਹਾ ਕਿ ਜਿਵੇਂ ਹੀ ਵਾਜਪੇਈ ਦੀ ਨਜ਼ਰ ਉਨ੍ਹਾਂ 'ਤੇ ਪਈ, ਉਨ੍ਹਾਂ ਨੇ ਗੱਡੀ ਰੁਕਵਾ ਦਿੱਤੀ ਅਤੇ ਉਨ੍ਹਾਂ ਦੇ ਕੋਲ ਆ ਗਏ।

ਸ਼ੇਖਰ ਸੁਮਨ ਦੇ ਅਨੁਸਾਰ, ਵਾਜਪੇਈ ਨੇ ਉਨ੍ਹਾਂ ਨੂੰ ਕਿਹਾ, "ਸਾਨੂੰ ਤੁਹਾਡੇ 'ਤੇ ਮਾਣ ਹੈ। ਤੁਸੀਂ ਦੇਸ਼ ਦੇ ਬੇਹਤਰੀਨ ਅਦਾਕਾਰਾਂ ਵਿੱਚੋਂ ਇੱਕ ਹੋ। ਕੀ ਹੁਣ ਵੀ ਮੇਰੀ ਨਕਲ ਕਰ ਰਹੇ ਹੋ? ਯਕੀਨ ਮੰਨੋ, ਜਦੋਂ ਤੁਸੀਂ ਮੇਰੀ ਨਕਲ ਕਰਦੇ ਹੋ ਤਾਂ ਸਭ ਤੋਂ ਵੱਧ ਮੈਂ ਹੀ ਹੱਸਦਾ ਹਾਂ।"

ਸਿਆਸੀ ਸਫ਼ਰ

ਸ਼ੇਖਰ ਸੁਮਨ

ਤਸਵੀਰ ਸਰੋਤ, Sonu Mehta/Hindustan Times via Getty Images

ਤਸਵੀਰ ਕੈਪਸ਼ਨ, ਕਦੇ ਕਾਂਗਰਸ ਨਾਲ ਜੁੜੇ ਸ਼ੇਖਰ ਨੇ ਸਾਲ 2024 ਵਿੱਚ ਭਾਜਪਾ ਜੁਆਇਨ ਕਰ ਲਈ ਸੀ ਪਰ 24 ਘੰਟੇ ਵਿੱਚ ਹੀ ਇਸ ਤੋਂ ਵੱਖ ਹੋ ਗਏ

ਸ਼ੇਖਰ ਸੁਮਨ ਨੇ ਸਿਆਸਤ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ, ਹਾਲਾਂਕਿ ਉਨ੍ਹਾਂ ਦਾ ਸਿਆਸੀ ਸਫ਼ਰ ਲੰਮਾ ਨਹੀਂ ਚੱਲਿਆ।

ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸ ਦੇ ਟਿਕਟ 'ਤੇ ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ ਚੋਣ ਲੜੀ ਸੀ।

ਇਸ ਚੋਣ ਵਿੱਚ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਅਤੇ ਅਦਾਕਾਰ ਸ਼ਤਰੁਘਨ ਸਿਨ੍ਹਾ ਨਾਲ ਸੀ। ਸ਼ੇਖਰ ਸੁਮਨ ਚੋਣ ਨਹੀਂ ਜਿੱਤ ਸਕੇ।

ਲਗਭਗ 15 ਸਾਲ ਬਾਅਦ, ਮਈ 2024 ਵਿੱਚ ਸ਼ੇਖਰ ਸੁਮਨ ਭਾਜਪਾ ਵਿੱਚ ਸ਼ਾਮਲ ਹੋ ਗਏ।

ਪਾਰਟੀ ਵਿੱਚ ਸ਼ਾਮਲ ਹੋਣ ਦੌਰਾਨ ਉਨ੍ਹਾਂ ਨੇ ਕਿਹਾ ਸੀ, "ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਣਜਾਣੇ ਵਿੱਚ ਹੁੰਦੀਆਂ ਹਨ ਅਤੇ ਕਈ ਵਾਰ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡਾ ਭਵਿੱਖ ਕੀ ਹੈ। ਉੱਪਰੋਂ ਇੱਕ ਸੁਨੇਹਾ ਆਉਂਦਾ ਹੈ ਅਤੇ ਫਿਰ ਤੁਸੀਂ ਉਸ ਦਾ ਪਾਲਣ ਕਰਦੇ ਹੋ। ਮੈਂ ਰੱਬ ਦਾ ਧੰਨਵਾਦ ਕਰਾਂਗਾ ਕਿ ਉਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਸੁਨੇਹਾ ਦਿੱਤਾ।"

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਅਜਿਹੇ ਸਮੇਂ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜਦੋਂ ਉਨ੍ਹਾਂ ਕੋਲ ਪੇਸ਼ੇਵਰ ਤੌਰ 'ਤੇ ਕਰਨ ਲਈ ਬਹੁਤ ਕੁਝ ਹੈ।

ਉਨ੍ਹਾਂ ਕਿਹਾ, "ਮੈਂ 'ਹੀਰਾਮੰਡੀ' ਦੇ ਸਫਲ ਹੋਣ ਦੀ ਉਡੀਕ ਕਰ ਰਿਹਾ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਲੋਕ ਇਹ ਕਹਿਣ ਕਿ ਮੇਰੇ ਕੋਲ ਕਰਨ ਲਈ ਕੁਝ ਨਹੀਂ ਸੀ, ਇਸ ਲਈ ਮੈਂ ਸਿਆਸਤ ਵਿੱਚ ਆਇਆ ਹਾਂ।"

ਹਾਲਾਂਕਿ ਭਾਜਪਾ ਵਿੱਚ ਸ਼ਾਮਲ ਹੋਣ ਦੇ 24 ਘੰਟਿਆਂ ਅੰਦਰ ਹੀ ਉਨ੍ਹਾਂ ਨੇ ਖੁਦ ਨੂੰ ਉਸ ਤੋਂ ਵੱਖ ਕਰ ਲਿਆ।

ਬਾਅਦ ਵਿੱਚ ਇਸ ਫ਼ੈਸਲੇ 'ਤੇ ਸਫ਼ਾਈ ਦਿੰਦਿਆਂ ਸ਼ੇਖਰ ਸੁਮਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ।

ਸੁਮਨ ਕਹਿੰਦੇ ਹਨ, "ਮੈਨੂੰ ਲੱਗਿਆ ਕਿ ਮੈਂ ਕਿਸੇ ਵੀ ਸਿਆਸੀ ਦਲ ਨਾਲ ਜੁੜ ਕੇ ਆਪਣਾ ਕੰਮ ਨਹੀਂ ਕਰ ਸਕਦਾ। ਇਸ ਲਈ ਮੈਂ ਉਸੇ ਵੇਲੇ ਪਾਰਟੀ ਛੱਡ ਦਿੱਤੀ। ਕਦੇ-ਕਦੇ ਅਜਿਹਾ ਦਬਾਅ ਹੁੰਦਾ ਹੈ, ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਦੇ ਤਹਿਤ ਆਦਮੀ ਕੁਝ ਕਰ ਜਾਂਦਾ ਹੈ।"

ਪੁੱਤਰ ਆਯੁਸ਼ ਦੀ ਬਿਮਾਰੀ ਅਤੇ ਦਰਦ ਭਰਿਆ ਸੰਘਰਸ਼

ਸ਼ੇਖਰ ਸੁਮਨ ਆਪਣੇ ਪਰਿਵਾਰ ਦੇ ਨਾਲ

ਤਸਵੀਰ ਸਰੋਤ, SUJIT JAISWAL/AFP via Getty Images

ਤਸਵੀਰ ਕੈਪਸ਼ਨ, ਸ਼ੇਖਰ ਕਹਿੰਦੇ ਹਨ ਕਿ ਵੱਡੇ ਪੁੱਤਰ ਦੀ ਬਿਮਾਰੀ ਅਤੇ ਦੇਹਾਂਤ ਦਾ ਦਰਦ ਅੱਜ ਉਨ੍ਹਾਂ ਲਈ ਹੋਰ ਵੀ ਗਹਿਰਾ ਹੋ ਚੁੱਕਿਆ ਹੈ

ਸ਼ੇਖਰ ਸੁਮਨ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਤਨੀ ਅਲਕਾ ਅਤੇ ਪੁੱਤਰ ਅਧਿਯਨ ਹਨ।

ਸ਼ੇਖਰ ਸੁਮਨ ਦੇ ਸੋਸ਼ਲ ਮੀਡੀਆ ਵੀਡੀਓ ਦੀ ਸ਼ੁਰੂਆਤ ਵਿੱਚ 'ਟੂ ਮਾਈ ਲਵਿੰਗ ਸਨ ਆਯੁਸ਼' ਲਿਖਿਆ ਦਿਖਾਈ ਦਿੰਦਾ ਹੈ। ਆਯੁਸ਼ ਉਨ੍ਹਾਂ ਦੇ ਵੱਡੇ ਪੁੱਤਰ ਸਨ, ਜਿਨ੍ਹਾਂ ਦਾ ਛੋਟੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

ਏਬੀਪੀ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸ਼ੇਖਰ ਸੁਮਨ ਨੇ ਆਪਣੇ ਪੁੱਤਰ ਦੀ ਬਿਮਾਰੀ ਅਤੇ ਦੇਹਾਂਤ ਨੂੰ ਯਾਦ ਕਰਦੇ ਹੋਏ ਕਿਹਾ ਸੀ, "ਜਦੋਂ ਸਾਨੂੰ ਆਯੁਸ਼ ਦੀ ਬਿਮਾਰੀ ਬਾਰੇ ਪਤਾ ਲੱਗਿਆ ਤਾਂ ਉਹ ਸਾਡੇ ਲਈ ਬਹੁਤ ਵੱਡਾ ਸਦਮਾ ਸੀ। ਮੇਰੇ ਪਿਤਾ ਖੁਦ ਇੱਕ ਸੀਨੀਅਰ ਡਾਕਟਰ ਸਨ, ਪਰ ਉਹ ਆਪਣੇ ਹੀ ਪੋਤੇ ਨੂੰ ਨਹੀਂ ਬਚਾ ਸਕੇ। ਆਯੁਸ਼ ਨੂੰ ਈਐਮਐਫ਼ ਨਾਮ ਦੀ ਇੱਕ ਦਿਲ ਨਾਲ ਸੰਬੰਧਿਤ ਦੁਰਲੱਭ ਬਿਮਾਰੀ ਸੀ।"

ਸੁਮਨ ਕਹਿੰਦੇ ਹਨ, "ਕਾਰਡੀਓਲੋਜਿਸਟ ਨੇ ਮੈਨੂੰ ਕਿਹਾ, 'ਵੀ ਆਰ ਰਿਆਲੀ ਸੌਰੀ, ਸ਼ੇਖਰ'।"

"ਇਹ ਸੁਣਦੇ ਹੀ ਮੇਰੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ। ਮੈਂ ਰੋਂਦਿਆਂ ਡਾਕਟਰ ਤੋਂ ਪੁੱਛਿਆ ਕਿ ਉਸ ਕੋਲ ਕਿੰਨਾ ਸਮਾਂ ਹੈ? ਡਾਕਟਰ ਨੇ ਕਿਹਾ ਕਿ ਵੱਧ ਤੋਂ ਵੱਧ ਅੱਠ ਮਹੀਨੇ। ਇਹ ਸੁਣ ਕੇ ਮੈਨੂੰ ਲੱਗਿਆ ਕਿ ਮੈਨੂੰ ਹੀ ਹਾਰਟ ਅਟੈਕ ਆ ਜਾਵੇਗਾ। ਜਦੋਂ ਮੈਂ ਕਮਰੇ ਤੋਂ ਬਾਹਰ ਨਿਕਲਿਆ ਤਾਂ ਮੇਰਾ ਚਿਹਰਾ ਦੇਖ ਕੇ ਹੀ ਅਲਕਾ ਰੋਣ ਲੱਗ ਪਏ।"

ਸੁਮਨ ਨੇ ਦੱਸਿਆ ਕਿ ਪੁੱਤਰ ਨੂੰ ਬਚਾਉਣ ਦੀ ਉਮੀਦ ਵਿੱਚ ਉਨ੍ਹਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ।

ਉਨ੍ਹਾਂ ਦੇ ਸ਼ਬਦਾਂ ਵਿੱਚ, "ਅਜਿਹਾ ਕੋਈ ਮੰਦਰ, ਮਸਜਿਦ, ਗੁਰਦੁਆਰਾ ਜਾਂ ਸੰਤ ਨਹੀਂ ਸੀ, ਜਿੱਥੇ ਮੈਂ ਨਾ ਗਿਆ ਹੋਵਾਂ। ਮੈਂ ਆਪਣੇ ਪੁੱਤਰ ਨੂੰ ਇਲਾਜ ਲਈ ਅਮਰੀਕਾ ਅਤੇ ਲੰਦਨ ਵੀ ਲੈ ਕੇ ਗਿਆ।"

ਉਨ੍ਹਾਂ ਨੇ ਕਿਹਾ ਕਿ ਈਐਮਐਫ਼ ਇੱਕ ਬਹੁਤ ਹੀ ਦੁਰਲੱਭ ਬਿਮਾਰੀ ਹੈ, ਜੋ ਕਰੋੜਾਂ-ਅਰਬਾਂ ਲੋਕਾਂ ਵਿੱਚ ਕਿਸੇ ਇੱਕ ਨੂੰ ਹੁੰਦੀ ਹੈ। ਇਸ ਬਿਮਾਰੀ ਵਿੱਚ ਦਿਲ ਦੀ ਲਚਕ ਹੌਲੀ-ਹੌਲੀ ਖ਼ਤਮ ਹੋਣ ਲੱਗਦੀ ਹੈ।

ਸੁਮਨ ਦੱਸਦੇ ਹਨ, "ਡਾਕਟਰਾਂ ਨੇ ਕਿਹਾ ਸੀ ਕਿ ਆਯੁਸ਼ ਵੱਧ ਤੋਂ ਵੱਧ ਅੱਠ ਮਹੀਨੇ ਤੱਕ ਜ਼ਿੰਦਾ ਰਹਿ ਸਕੇਗਾ, ਪਰ ਰੱਬ ਦੀ ਕਿਰਪਾ ਨਾਲ ਉਹ ਚਾਰ ਸਾਲ ਤੱਕ ਸਾਡੇ ਨਾਲ ਰਿਹਾ। ਹਾਲਾਂਕਿ ਬਾਅਦ ਦੇ ਦਿਨਾਂ ਵਿੱਚ ਬਿਮਾਰੀ ਦੇ ਲੱਛਣ ਲਗਾਤਾਰ ਵਧਦੇ ਗਏ। ਮੇਰੇ ਪਤਨੀ ਅਲਕਾ ਸ਼ਾਇਦ ਉਨ੍ਹਾਂ ਮਾਵਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਰੱਬ ਨੂੰ ਕਿਹਾ ਹੋਵੇਗਾ ਕਿ ਹੁਣ ਮੇਰੇ ਬੱਚੇ ਨੂੰ ਆਪਣੇ ਕੋਲ ਬੁਲਾ ਲਓ, ਕਿਉਂਕਿ ਉਸ ਦਾ ਦਰਦ ਦੇਖਿਆ ਨਹੀਂ ਜਾਂਦਾ ਸੀ।"

ਉਨ੍ਹਾਂ ਅੱਗੇ ਕਿਹਾ, "ਅੱਜ ਵੀ ਉਹ ਦ੍ਰਿਸ਼ ਮੇਰੀਆਂ ਅੱਖਾਂ ਅੱਗੋਂ ਨਹੀਂ ਜਾਂਦਾ, ਜਦੋਂ ਮੇਰਾ ਪੁੱਤਰ ਬਰਫ਼ ਦੀਆਂ ਸਿੱਲੀਆਂ ਉੱਤੇ ਲੇਟਿਆ ਹੋਇਆ ਸੀ। ਕਿਸੇ ਵੀ ਮਾਤਾ-ਪਿਤਾ ਲਈ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਆਪਣੇ ਹੀ ਬੱਚੇ ਨੂੰ ਮੋਢਾ ਦੇਣਾ ਪਵੇ। ਮੈਨੂੰ ਲੱਗਦਾ ਸੀ ਕਿ ਸਮੇਂ ਦੇ ਨਾਲ ਇਹ ਦਰਦ ਘੱਟ ਹੋ ਜਾਵੇਗਾ, ਪਰ ਇਹ ਹੋਰ ਵੀ ਡੂੰਘਾ ਹੁੰਦਾ ਗਿਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)