ਪਾਕਿਸਤਾਨ: ਇਮਰਾਨ ਖ਼ਾਨ ਨੇ ਕਾਫ਼ਲੇ 'ਤੇ ਗੋਲੀਬਾਰੀ ਲਈ ਤਿੰਨ ਲੋਕਾਂ ਉੱਤੇ ਚੁੱਕੀ ਉਂਗਲ, ਪੰਜਾਬ ਸੂਬੇ ਦਾ ਪੂਰਾ ਥਾਣਾ ਸਸਪੈਂਡ

ਇਮਨਾਮ ਖ਼ਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਹਮਲੇਂ ਤੋਂ ਬਾਅਦ ਇਮਰਾਨ ਖ਼ਾਨ ਨੂੰ ਤੁਰਨ ਵਿੱਚ ਸਹਾਰਾ ਦਿੱਤਾ ਗਿਆ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਫ਼ਲੇ ’ਤੇ ਗੁੱਜਰਾਂਵਾਲਾ ਵਿੱਚ ਵੀਰਵਾਰ ਨੂੰ ਗੋਲੀ ਚੱਲੀ। ਇਸ ਹਮਲੇ ਵਿੱਚ ਇੱਕ ਗੋਲੀ ਉਨ੍ਹਾਂ ਦੇ ਪੈਰ ’ਚ ਲੱਗੀ।

ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਇਮਰਾਨ ਖ਼ਾਨ ਨੂੰ ਲਾਹੌਰ ਦੇ ਸ਼ੌਕਤ ਖ਼ਾਨਮ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ।।

ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 14 ਹੋਰ ਜਖ਼ਮੀ ਦੱਸੇ ਜਾ ਰਹੇ ਹਨ।

ਜਖ਼ਮੀਆਂ ਵਿੱਚ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂ ਫ਼ੈਸਲ ਜਾਵੇਦ ਅਤੇ ਇਕਬਾਲ ਚੱਠਾ ਵੀ ਸ਼ਾਮਿਲ ਹਨ।

ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਉਨ੍ਹਾਂ ਦੀ ਪਾਰਟੀ ਦੇ ਆਗੂ ਫੈਸਲ ਜਾਵੇਦ ਵੀ ਇਸ ਗੋਲੀਬਾਰੀ ਵਿੱਚ ਜਖ਼ਮੀ ਹੋਏ ਦੱਸੇ ਜਾ ਰਹੇ ਹਨ।

ਇਮਰਾਨ ਖ਼ਾਨ

ਤਸਵੀਰ ਸਰੋਤ, Tauseef Akram

ਤਸਵੀਰ ਕੈਪਸ਼ਨ, ਗੋਲੀ ਇਸੇ ਥਾਂ ਉੱਤੇ ਚੱਲੀ, ਇੱਥੇ ਹੀ ਪਾਰਟੀ ਆਗੂਆਂ ਨਾਲ ਇਮਰਾਨ ਖ਼ਾਨ ਸਨ
ਇਮਰਾਨ ਖ਼ਾਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਇਸ ਸਮੇਂ ਹਸਪਤਾਲ ਦੇ ਬਾਹਰ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਮੌਜੂਦ ਹਨ।

'ਇੱਕ ਨਹੀਂ ਦੋ ਵਿਅਕਤੀਆਂ ਨੇ ਕੀਤਾ ਹਮਲਾ'

ਇਮਰਾਨ ਖ਼ਾਨ ਦੇ ਕਾਫ਼ਲੇ 'ਤੇ ਹੋਏ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਕਿਹਾ ਹੈ ਕਿ ਇਸ ਹਮਲੇ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ।

ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ, ਉਨ੍ਹਾਂ ਹਮਲਾਵਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 'ਹਮਲਾਵਰ ਇੱਕ ਵਿਅਕਤੀ ਨਹੀਂ ਸਗੋਂ ਦੋ ਵਿਅਕਤੀ ਹਨ'।

ਇਮਰਾਨ ਖ਼ਾਨ ਦੇ ਕੰਟੇਨਰ 'ਤੇ ਸਵਾਰ ਤਹਿਰੀਕ-ਏ-ਇਨਸਾਫ਼ ਦੇ ਕਾਰਕੁਨ ਮੁਈਜ਼ੂਦੀਨ ਨੇ ਬੀਬੀਸੀ ਨੂੰ ਦੱਸਿਆ ਕਿ ਕੰਟੇਨਰ 'ਤੇ ਸਭ ਕੁਝ ਠੀਕ ਚੱਲ ਰਿਹਾ ਸੀ।

ਉਨ੍ਹਾਂ ਨੇ ਕਿਹਾ, "ਅਸੀਂ ਵਜ਼ੀਰਾਬਾਦ ਦੇ ਨੇੜੇ ਸੀ ਅਤੇ ਜਲਦੀ ਹੀ ਉਸ ਥਾਂ ਪਹੁੰਚਣਾ ਸੀ ਜਿੱਥੇ ਖ਼ਾਨ ਸਾਬ੍ਹ ਨੇ ਭਾਸ਼ਣ ਦੇਣਾ ਸੀ। ਮੈਂ ਕੰਟੇਨਰ ਦੇ ਸੱਜੇ ਪਾਸੇ ਹਮਾਦ ਅਜ਼ਹਰ ਅਤੇ ਫਵਾਦ ਚੌਧਰੀ ਨਾਲ ਖੜ੍ਹਾ ਸੀ।"

"ਉਹ ਦੋਵੇਂ ਹੱਥ ਹਿਲਾ ਕੇ ਲੋਕਾਂ ਨੂੰ ਜਵਾਬ ਦੇ ਰਹੇ ਸਨ ਕਿ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਖ਼ਾਨ ਸਾਬ੍ਹ ਦੇ ਪਹਿਰੇਦਾਰ ਨੇ ਉਨ੍ਹਾਂ ਨੂੰ ਹੇਠਾਂ ਉਤਾਰ ਲਿਆ। ਸਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਹੋਇਆ।"

ਬੀਬੀਸੀ
  • ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਕਾਫ਼ਲੇ 'ਤੇ ਗੋਲ਼ੀਬਾਰੀ ਹੋਈ ਹੈ।
  • ਇਮਰਾਨ ਖ਼ਾਨ ਦੀ ਲੱਤ 'ਚ ਗੋਲ਼ੀ ਲੱਗੀ ਹੈ ਤੇ ਉਨ੍ਹਾਂ ਦੀ ਸਿਹਤ ਸਥਿਰ ਹੈ।
  • ਹਮਲੇ 'ਚ ਇੱਕ ਵਿਅਕਤੀ ਦੀ ਮੌਤ ਤੇ 14 ਲੋਕ ਜ਼ਖ਼ਮੀ ਹੋਏ ਹਨ ਤੇ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ।
  • ਪਾਕਿਸਤਾਨੀ ਪੰਜਾਬ ਦੇ ਸੀਐੱਮ ਅਨੁਸਾਰ 'ਹਮਲਾਵਰ ਇੱਕ ਵਿਅਕਤੀ ਨਹੀਂ ਸਗੋਂ ਦੋ ਵਿਅਕਤੀ ਹਨ'।
  • ਖ਼ਾਨ ਦੇ ਪਾਰਟੀ ਦੇ ਆਗੂ ਫਵਾਦ ਹੁਸੈਨ ਚੌਧਰੀ ਨੇ ਇਸਨੂੰ ਇਮਰਾਨ ਖ਼ਾਨ ਦੇ ਕਤਲ ਦੀ ਕੋਸ਼ਿਸ਼ ਕਰਾਰ ਦਿੱਤਾ।
  • ਇਮਰਾਨ ਲਾਹੌਰ ਤੋਂ ਇਸਲਾਮਾਬਾਦ ਤੱਕ ਇਮਰਾਨ ਇੱਕ ਮਾਰਚ ਕੱਢ ਰਹੇ ਹਨ।
  • ਦਰਅਸਲ ਇਮਰਾਨ ਖ਼ਾਨ 'ਤੇ ਅਗਲੇ ਪੰਜ ਸਾਲ ਲਈ ਚੋਣ ਲੜਨ 'ਤੇ ਰੋਕ ਲੱਗ ਗਈ ਹੈ।
  • ਉਨ੍ਹਾਂ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਸੱਤਾ 'ਚ ਰਹਿੰਦੇ ਹੋਏ ਜੋ ਤੋਹਫ਼ੇ ਲਏ ਉਨ੍ਹਾਂ ਬਾਰੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਸੀ।
  • ਇਸ ਮਾਰਚ ਰਾਹੀਂ ਇਮਰਾਨ ਦੇਸ਼ 'ਚ ਤੁਰੰਤ ਚੋਣਾਂ ਦੀ ਮੰਗ ਕਰ ਰਹੇ ਹਨ।
ਬੀਬੀਸੀ

ਉਨ੍ਹਾਂ ਅੱਗੇ ਦੱਸਿਆ, ''ਅਸੀਂ ਦੇਖਿਆ ਕਿ ਹਮਲਾਵਰ ਨੇ ਪੂਰਾ ਮੈਗਜ਼ੀਨ ਖ਼ਾਲੀ ਕਰ ਦਿੱਤਾ ਸੀ, ਉਹ ਵੀ ਕੰਟੇਨਰ ਦੇ ਸੱਜੇ ਪਾਸੇ। ਅਸੀਂ ਉਸ ਨੂੰ ਦੇਖ ਸਕਦੇ ਸੀ।''

"ਸਾਡੀ ਨਜ਼ਰ ਉਸ 'ਤੇ ਉਦੋਂ ਪਈ ਜਦੋਂ ਉਸ ਨੇ ਫਵਾਦ ਚੌਧਰੀ 'ਤੇ ਪਿਸਤੌਲ ਤਾਣ ਦਿੱਤਾ। ਅਸੀਂ ਹੇਠਾਂ ਉਤਰ ਆਏ।"

ਮੁਈਜ਼ੂਦੀਨ ਨੇ ਦੱਸਿਆ ਕਿ ਕਥਿਤ ਹਮਲਾਵਰ ਨੇ ਇੱਕ ਹੋਰ ਮੈਗਜ਼ੀਨ ਲੋਡ ਕੀਤਾ ਜਦੋਂ ਉਸ ਨੂੰ ਇੱਕ ਮੁੰਡੇ ਨੇ ਪਿੱਛੇ ਤੋਂ ਫੜ ਲਿਆ। ਸਾਨੂੰ ਇਹ ਸਮਝ ਨਹੀਂ ਆਇਆ ਕਿ ਇਮਰਾਨ ਖ਼ਾਨ ਨੂੰ ਸਾਹਮਣੇ ਤੋਂ ਲੱਤ ਵਿੱਚ ਗੋਲੀ ਲੱਗੀ ਹੈ ਜਦਕਿ ਹਮਲਾਵਰ ਸਾਡੇ ਸੱਜੇ ਪਾਸੇ ਸੀ।

ਇਮਰਾਨ ਖ਼ਾਨ

ਤਸਵੀਰ ਸਰੋਤ, TWITTER/@CHPARVEZELAHI

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਸਾਬਾਕਾ ਪ੍ਰਧਾਨ ਮੰਤਰੀ ਨਾਲ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ

ਥਾਣੇ ਦਾ ਹਮਲਾਵਰ ਨਾਲ ਰਾਬਤਾ

ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਦੱਸਿਆ ਕਿ ਇਮਰਾਨ ਖ਼ਾਨ ਠੀਕ ਹਨ।

ਹਸਪਤਾਲ ਵਿੱਚ ਮੌਜੂਦ ਇਲਾਹੀ ਵਲੋਂ ਦੇਰ ਰਾਤੀ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਬਿਲਕੁਠ ਠੀਕ ਹਨ ਤੇ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਣਗੇ।

ਹਮਲੇ ਦੀ ਜਾਂਚ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ, "ਅਸੀਂ ਫ਼ੌਰੀ ਤੌਰ 'ਤੇ ਇੱਕ ਅਜਿਹੀ ਜੇਆਈਟੀ ਬਣਾਏ ਜਾਣ ਦੇ ਹੁਕਮ ਦਿੱਤੇ ਹਨ ਜੋ ਪਤਾ ਲਗਾ ਸਕੇ ਕਿ ਇਸ ਪਿੱਛੇ ਕੌਣ ਲੋਕ ਹਨ ਤੇ ਹਮਲਾਵਰ ਨੂੰ ਸਿਖਲਾਈ ਕਿਸ ਵਲੋਂ ਦਿੱਤੀ ਗਈ।"

ਉਨ੍ਹਾਂ ਕਿਹਾ ਕਿ ਆਈ ਪੰਜਾਬ ਨੂੰ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਹਨ।

ਇਲਾਹੀ ਨੇ ਕਿਹਾ, "ਅਸੀਂ ਇਸ ਲੜਕੇ ਨੂੰ ਤਿਆਰ ਕਰਨ ਪਿਛਲੀ ਸੋਚ ਦਾ ਪਤਾ ਲਗਾਉਣਾ ਚਾਹੁੰਦੇ ਹਾਂ। ਉਸ ਨੂੰ ਲਿਆਂਦਾ ਕਿੱਥੋਂ ਗਿਆ। ਕਿੰਨੇ ਪੈਸੇ ਦਿੱਤੇ ਗਏ।"

ਅਸੀਂ ਥਾਣੇ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਸਾਰੇ ਥਾਣੇ ਵਾਲਿਆਂ ਦੇ ਨੰਬਰ ਫ਼੍ਰੌਸੈਂਸਿਕ ਲੈਬ ਨੂੰ ਦੇ ਦਿੱਤੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਥਾਨੇ ਵਾਲਿਆਂ ਦਾ ਇਸ ਲੜਕੇ ਨਾਲ ਕੀ ਰਾਬਤਾ ਸੀ।"

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਇਸਦੇ ਨਾਲ ਹੀ ਅਸੀਂ ਇਹ ਵੀ ਪਤਾ ਕਰ ਰਹੇ ਹਾਂ ਕਿ ਲੜਕੇ ਵਲੋਂ ਆਪਣੇ ਜਿਨ੍ਹਾਂ ਰਿਸ਼ਤੇਦਾਰਾਂ ਦੇ ਘਰ ਮੋਟਰਸਾਈਕਲ ਖੜੀ ਕੀਤੀ ਗਈ, ਉਨ੍ਹਾਂ ਦਾ ਲੜਕੇ ਨਾਲ ਆਪਸੀ ਸੰਪਰਕ ਕੀ ਸੀ।

ਇਮਰਾਨ ਖਾਨ 'ਤੇ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਹਮਲਾ ਸੀ: ਫਵਾਦ ਚੌਧਰੀ

ਇਮਰਾਨ ਖ਼ਾਨ ਦੀ ਪਾਰਟੀ ਦੇ ਆਗੂ ਫਵਾਦ ਹੁਸੈਨ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਇਹ ਇਮਰਾਨ ਖ਼ਾਨ ਦੀ ਕਤਲ ਦੀ ਕੋਸ਼ਿਸ਼ ਸੀ।

ਉਨ੍ਹਾਂ ਕਿਹਾ, "ਕਾਤਲ ਨੇ ਇਮਰਾਨ ਖ਼ਾਨ ਅਤੇ ਪੀਟੀਆਈ ਦੀ ਲੀਡਰਸ਼ਿਪ ਨੂੰ ਮਾਰਨ ਦੀ ਯੋਜਨਾ ਬਣਾਈ, ਇਹ 9 ਐੱਮਐੱਮ ਨਹੀਂ ਸੀ, ਇਹ ਆਟੋਮੈਟਿਕ ਹਥਿਆਰ ਨਾਲ ਗੋਲੀ ਚਲਾਈ ਗਈ ਹੈ, ਇਸ ਬਾਰੇ ਕੋਈ ਦੋ ਰਾਏ ਨਹੀਂ ਕਿ ਬੜੀ ਮੁਸ਼ਕਲ ਨਾਲ ਬਚਾਅ ਹੋਇਆ।"

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਇਮਰਾਨ ਖ਼ਾਨ ਨੇ ਬਿਆਨ ਜਾਰੀ ਕਰਕੇ ਤਿੰਨ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੇਤਾ ਅਸਦ ਉਮਰ ਨੇ ਕਿਹਾ ਹੈ ਕਿ ਲੌਂਗ ਮਾਰਚ ਦੌਰਾਨ ਹੋਈ ਗੋਲੀਬਾਰੀ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਮੇਜਰ ਜਨਰਲ ਫ਼ੈਸਲ ਜ਼ਿੰਮੇਵਾਰ ਹਨ।

ਇਮਰਾਨ ਖ਼ਾਨ
ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਦੇ ਸਮਰਥਕ ਲਾਹੌਰ ਦੇ ਲਿਬਰਟੀ ਚੌਕ ਵਿੱਚ ਪ੍ਰਦਰਸ਼ਨ ਕਰ ਰਹੇ ਹਨ

ਵੀਰਵਾਰ ਸ਼ਾਮ ਨੂੰ ਇੱਕ ਵੀਡੀਓ ਬਿਆਨ ਵਿੱਚ ਅਸਦ ਉਮਰ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰੂਨੀ ਮਾਮਲਿਆਂ ਦੇ ਸਲਾਹਕਾਰ ਅਸਲਮ ਇਕਬਾਲ ਨੂੰ ਫੋਨ ਕੀਤਾ ਸੀ।

ਫੋਨ ਕਰਕੇ ਇਮਰਾਨ ਖ਼ਾਨ ਨੇ ਆਪਣੇ ਵੱਲੋਂ ਇਹ ਬਿਆਨ ਜਾਰੀ ਕਰਨ ਲਈ ਕਿਹਾ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਅਸਦ ਉਮਰ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਕਿਹਾ ਹੈ, "ਮੈਨੂੰ ਯਕੀਨ ਹੈ ਕਿ ਇਸ ਹਮਲੇ ਦੇ ਪਿੱਛੇ ਲਗਭਗ ਤਿੰਨ ਲੋਕ ਹਨ ਜਿਨ੍ਹਾਂ ਨੇ ਇਸ ਨੂੰ ਅੰਜ਼ਾਮ ਦਿੱਤਾ ਹੈ। ਇਸ 'ਚ ਸ਼ਾਹਬਾਜ਼ ਸ਼ਰੀਫ, ਰਾਣਾ ਸਨਾਉੱਲਾ ਅਤੇ ਮੇਜਰ ਜਨਰਲ ਫ਼ੈਸਲ ਸ਼ਾਮਲ ਹਨ।"

ਇਮਰਾਨ ਖ਼ਾਨ
ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਲਾਹੌਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ, ਸਮਰਥਕ ਸ਼ਹਿਰ ਦੀਆਂ ਸੜਕਾਂ 'ਤੇ ਹਨ

ਉਨ੍ਹਾਂ ਮੁਤਾਬਕ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਕੁਝ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਉਹ ਕਹਿ ਰਹੇ ਹਨ ਕਿ ਇਨ੍ਹਾਂ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਹੈ।

ਅਸਦ ਉਮਰ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਜਾਵੇ, ਨਹੀਂ ਤਾਂ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

'ਬੁਲੇਟ ਪਰੂਫ਼ ਸ਼ੀਸ਼ੇ ਦਾ ਇਸਤੇਮਾਲ ਹੁੰਦਾ ਤਾਂ ਘਟਨਾ ਨਾ ਵਾਪਰਦੀ'

ਇਮਰਾਨ ਖ਼ਾਨ 'ਤੇ ਹਮਲੇ ਤੋਂ ਬਾਅਦ ਮੁਲਜ਼ਮ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਗੁਜਰਾਤ ਜ਼ਿਲ੍ਹੇ ਦੀ ਪੁਲਿਸ ਦੀ ਹਿਰਾਸਤ 'ਚ ਹੈ।

ਇਮਰਾਨ ਖ਼ਾਨ

ਗੁਜਰਾਤ ਜ਼ਿਲ੍ਹੇ ਦੇ ਖੇਤਰੀ ਪੁਲਿਸ ਅਧਿਕਾਰੀ ਡਾਕਟਰ ਅਖ਼ਤਰ ਅੱਬਾਸ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ, ''ਮਾਰਚ ਦੌਰਾਨ ਪੁਲਿਸ ਨੇ ਕਈ ਵਾਰ ਭਾਸ਼ਣ ਦੇਣ ਲਈ ਸਟੇਜ ਅਤੇ ਬੁਲੇਟ ਪਰੂਫ਼ ਸ਼ੀਸ਼ੇ ਦਾ ਇਸਤੇਮਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਪਰ ਉਨ੍ਹਾਂ ਦਾ ਪਾਲਣ ਨਹੀਂ ਕੀਤਾ ਗਿਆ। ਜੇਕਰ ਸੁਰੱਖਿਆ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਂਦਾ ਤਾਂ ਇਮਰਾਨ ਖ਼ਾਨ ਹਮਲੇ ਵਿੱਚ ਜਖ਼ਮੀ ਨਹੀਂ ਹੁੰਦੇ।''

ਪੱਤਰਕਾਰ ਅਹਿਤਸ਼ਾਮ ਸ਼ਮੀ ਮੁਤਾਬਕ, ਡਾ. ਅਖ਼ਤਰ ਅੱਬਾਸ ਨੇ ਇਹ ਵੀ ਕਿਹਾ ਹੈ ਕਿ ਹਮਲੇ ਦੇ ਮੁਲਜ਼ਮ ਨੇ ਸ਼ੁਰੂਆਤੀ ਬਿਆਨ ਵਿੱਚ ਅਜੇ ਤੱਕ ਕੁਝ ਨਹੀਂ ਦੱਸਿਆ ਹੈ।

ਬੀਬੀਸੀ

ਪਬਲਿਕ ਨਿਊਜ਼ ਦੇ ਕੈਮਰਾਮੈਨ ਤੌਸੀਫ ਅਕਰਮ ਨੇ ਮੌਕੇ 'ਤੇ ਜੋ ਦੇਖਿਆ

"ਮੈਂ ਇੱਥੇ ਖ਼ਾਨ ਸਾਬ੍ਹ ਦੇ ਇੰਟਰਵਿਊ ਲਈ ਮੌਜੂਦ ਸੀ। ਅਸੀਂ ਖ਼ਾਨ ਸਾਬ੍ਹ ਦਾ ਇੰਟਰਵਿਊ ਕਰਨ ਕਨਟੇਨਰ ਵਿੱਚ ਜਾਣ ਹੀ ਲੱਗੇ ਸੀ ਕਿ ਉਸ ਤੋਂ ਪਹਿਲਾਂ ਇਕਬਾਲ ਜੀ ਇੰਟਰਵਿਊ ਕਰਨ ਲੱਗੇ। ਜਿਵੇਂ ਹੀ ਅਸੀਂ ਇਕਬਾਲ ਜੀ ਨੂੰ ਰੋਕਿਆ, ਅਗਿਓਂ ਠਾਹ ਕਰ ਕੇ ਫਾਇਰੰਗਿ ਹੋਣ ਲੱਗੀ ਅਤੇ ਭਗਦੜ ਮਚ ਗਈ। ਲੋਕਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਕਿ ਖ਼ਾਨ ਸਾਬ੍ਹ ਨੂੰ ਗੋਲੀ ਲੱਗੀ ਹੈ..."

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

"ਕਾਫੀ ਭਗਦੜ ਮਚ ਗਈ, ਮੈਂ ਕੈਮਰਾ ਚਾਲੂ ਰੱਖਿਆ। ਮੈਂ ਅੱਗੇ ਜਾ ਕੇ ਦੇਖਿਆ ਤੇ ਖ਼ਾਨ ਸਾਬ੍ਹ ਨੂੰ ਲੋਕ ਚੁੱਕ ਰਹੇ ਸਨ, ਉਨ੍ਹਾਂ ਦੀ ਲੱਤ 'ਤੇ ਗੋਲੀ ਲੱਗੀ ਹੋਈ ਸੀ। ਜੋ ਵੀ ਲੋਕ ਨੇੜੇ ਸਨ, ਉਨ੍ਹਾਂ ਸਾਰਿਆਂ 'ਤੇ ਖ਼ੂਨ ਲੱਗਾ ਹੋਇਆ ਸੀ..."

"ਉਹ ਛੇਤੀ-ਛੇਤੀ ਖ਼ਾਨ ਨੂੰ ਹੇਠਾਂ ਲੈ ਕੇ ਗਏ ਅਤੇ ਉਨ੍ਹਾਂ ਹੇਠਾਂ ਪਹੁੰਚ ਕੇ ਖ਼ਾਨ ਨੂੰ ਐਂਬੂਲੈਂਸ ਵਿੱਚ ਨਹੀਂ ਪਾਇਆ। ਉਨ੍ਹਾਂ ਨੇ ਖ਼ਾਨ ਸਾਬ੍ਹ ਨੂੰ ਉਨ੍ਹਾਂ ਦੀ ਪ੍ਰੋਟੋਕਲ ਵਾਲੀ ਗੱਡੀ ਵਿੱਚ ਪਾਇਆ ਅਤੇ ਉੱਥੋਂ ਲੈ ਕੇ ਚਲੇ ਗਏ।"

ਬੀਬੀਸੀ

ਸ਼ੱਕੀ ਦਾ ਬਿਆਨ ਕਥਿਤ ਤੌਰ 'ਤੇ ਲੀਕ, ਥਾਣਾ ਸਸਪੈਂਡ

ਇਮਰਾਨ ਖ਼ਾਨ 'ਤੇ ਹਮਲੇ ਦੇ ਸ਼ੱਕੀ ਦਾ ਕਥਿਤ ਤੌਰ 'ਤੇ ਬਿਆਨ ਲੀਕ ਹੋ ਗਿਆ ਹੈ। ਇਸ ਮਾਮਲੇ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਨੋਟਿਸ ਲਿਆ ਹੈ।

ਉਨ੍ਹਾਂ ਸਬੰਧਤ ਥਾਣੇ ਦੇ ਐੱਸਐੱਚਓ ਸਣੇ ਸਮੁੱਚੇ ਸਟਾਫ਼ ਨੂੰ ਮੁਅੱਤਲ ਕਰ ਦਿੱਤਾ ਹੈ।

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੜ੍ਹੇ ਗਏ ਮੁਲਜ਼ਮ ਦਾ ਕਥਿਤ ਤੌਰ 'ਤੇ ਬਿਆਨ ਲੀਕ ਹੋ ਗਿਆ, ਜਿਸ ਕਾਰਨ ਥਾਣੇ ਦਾ ਸਟਾਫ਼ ਸਸਪੈਂਡ ਹੋ ਗਿਆ

ਪੰਜਾਬ ਸਰਕਾਰ ਅਨੁਸਾਰ ਸਬੰਧਤ ਥਾਣੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮੋਬਾਈਲ ਫੋਨਾਂ ਦਾ ਫੋਰੈਂਸਿਕ ਆਡਿਟ ਕੀਤਾ ਜਾਵੇਗਾ।

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਪਰਵੇਜ਼ ਇਲਾਹੀ ਨੇ ਬਿਆਨ ਲੀਕ ਹੋਣ ਦੀ ਘਟਨਾ ਦੇ ਜਾਂਚ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਪੰਜਾਬ ਸੂਬੇ ਦੇ ਆਈਜੀ ਨੂੰ ਗ਼ੈਰ-ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪਰਵੇਜ਼ ਇਲਾਹੀ ਨੇ ਆਈਜੀ ਪੰਜਾਬ ਨੂੰ ਘਟਨਾ ਦੀ ਜਾਂਚ ਅਤੇ ਕਾਰਨਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।

ਪਾਕਿਸਤਾਨ ਦੇ ਪੀਐੱਮ ਕੀ ਬੋਲੇ

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖ਼ਾਨ ਦੇ ਕਾਫ਼ਲੇ ਉੱਤੇ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੂੰ ਆਈਜੀ ਪੁਲਿਸ ਅਤੇ ਪੰਜਾਬ ਦੇ ਮੁੱਖ ਸਕੱਤਰ ਤੋਂ ਤੁਰੰਤ ਰਿਪੋਰਟ ਮੰਗਣ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਨੇ ਕਿਹਾ, "ਮੈਂ ਪੀਟੀਆਈ ਮੁਖੀ ਅਤੇ ਜਖ਼ਮੀ ਹੋਏ ਹੋਰ ਲੋਕਾਂ ਦੀ ਸਿਹਤਯਾਬ ਲਈ ਦੁਆ ਮੰਗਦਾ ਹਾਂ। ਸੁਰੱਖਿਆ ਅਤੇ ਜਾਂਚ ਲਈ ਪੰਜਾਬ ਸਰਕਾਰ ਨੂੰ ਹਰ ਜ਼ਰੂਰੀ ਸਹਿਯੋਗ ਦਿੱਤਾ ਜਾਵੇਗਾ। ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ।"

ਇਮਰਾਨ ਖ਼ਾਨ

ਤਸਵੀਰ ਸਰੋਤ, @PTIofficial

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਦੀ ਜ਼ਖਮੀ ਹੋਣ ਤੋਂ ਬਾਅਦ ਪਹਿਲੀ ਝਲਕ

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ ਹੈ, "ਅਸੀਂ ਘਟਨਾ 'ਤੇ ਬਹੁਤ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਅਸੀਂ ਇਸ 'ਤੇ ਅੱਗੇ ਵੀ ਨਿਗਰਾਨੀ ਕਰਦੇ ਰਹਾਂਗੇ।''

ਕਦੋਂ ਤੋਂ ਸ਼ੁਰੂ ਹੋਇਆ ਸੀ ਇਹ ਮਾਰਚ

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ 'ਹਕੀਕੀ ਆਜ਼ਾਦੀ ਮਾਰਚ' 28 ਅਕਤੂਬਰ ਨੂੰ ਲਾਹੌਰ ਤੋਂ ਇਸਲਾਮਾਬਾਦ ਲਈ ਰਵਾਨਾ ਹੋਇਆ ਸੀ।

ਇਹ ਮਾਰਚ ਦੇਸ਼ 'ਚ ਤੁਰੰਤ ਚੋਣਾਂ ਦੀ ਮੰਗ ਨੂੰ ਲੈ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਸ਼ੁਰੂ ਕੀਤਾ ਸੀ।

ਇਮਰਾਨ ਖਾਨ ਦੀ ਪਾਰਟੀ ਪੀਟੀਆਈ ਵੱਲੋਂ ਐਲਾਨੀ ਯੋਜਨਾ ਮੁਤਾਬਕ ਇਹ ਮਾਰਚ 4 ਨਵੰਬਰ ਦਿਨ ਸ਼ੁੱਕਰਵਾਰ ਨੂੰ 11 ਵੱਖ-ਵੱਖ ਸ਼ਹਿਰਾਂ ਵਿੱਚੋਂ ਲੰਘਦਾ ਹੋਇਆ ਸੱਤ ਦਿਨਾਂ ਬਾਅਦ ਇਸਲਾਮਾਬਾਦ ਪੁੱਜਣਾ ਸੀ।

ਇਮਰਾਨ ਖ਼ਾਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਇਮਰਾਨ ਖ਼ਾਨ

ਇਸ ਮਾਰਚ ਦਾ ਨਾਂ ਕੀਨੀਆ ਵਿੱਚ ਮਾਰੇ ਗਏ ਪੱਤਰਕਾਰ ਅਰਸ਼ਦ ਸ਼ਰੀਫ਼ ਅਤੇ ਪਾਕਿਸਤਾਨ ਵਿੱਚ ਸਰਕਾਰ ਦੇ ਗੰਭੀਰ ਦਬਾਅ ਦਾ ਸਾਹਮਣਾ ਕਰ ਰਹੇ ਸੰਗਠਨਾਂ ਅਤੇ ਵਿਅਕਤੀਆਂ ਦੇ ਨਾਂ 'ਤੇ ਰੱਖਿਆ ਗਿਆ ਹੈ।

ਇਮਰਾਨ ਖ਼ਾਨ ਨੇ ਕਿਹਾ ਸੀ ਕਿ ਇਹ 'ਆਜ਼ਾਦੀ ਮਾਰਚ' ਸਰਕਾਰ ਨੂੰ ਸੱਤਾ ਤੋਂ ਲਾਹੁਣ ਲਈ ਨਹੀਂ ਹੈ ਸਗੋਂ ਅਸਲ ਵਿੱਚ ਇੱਕ ਸੁਤੰਤਰਤਾ ਅੰਦੋਲਨ ਹੈ। ਇਹ ਮਾਰਚ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਦੋਲਨ ਹੈ।

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਦਰਅਸਲ ਇਮਰਾਨ ਖ਼ਾਨ 'ਤੇ ਅਗਲੇ ਪੰਜ ਸਾਲ ਲਈ ਚੋਣ ਲੜਨ ਉੱਤੇ ਰੋਕ ਲੱਗ ਗਈ ਹੈ।

ਇਮਰਾਨ ਖ਼ਾਨ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਸੱਤਾ ਵਿੱਚ ਰਹਿੰਦੇ ਹੋਏ ਜੋ ਤੋਹਫ਼ੇ ਲਏ ਸਨ ਉਨ੍ਹਾਂ ਬਾਰੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਸੀ।

ਇਮਰਾਨ ਖਾਨ ਉੱਤੇ ਇਲਜਾਮ ਸਨ ਕਿ ਉਨ੍ਹਾਂ ਨੇ ਵਿਦੇਸ਼ੀ ਨੁਮਾਇੰਦਿਆਂ ਤੋਂ ਮਿਲੇ ਤੋਹਫਿਆਂ ਬਾਰੇ ਗ਼ਲਤ ਜਾਣਕਾਰੀ ਦਿੱਤੀ ਅਤੇ ਕਥਿਤ ਤੌਰ ਉੱਤੇ ਵੇਚ ਦਿੱਤੇ।

ਇਨ੍ਹਾਂ ਤੋਹਫਿਆਂ ਵਿੱਚ ਰੋਲੈਕਸ ਦੀਆਂ ਘੜੀਆਂ, ਅੰਗੂਠੀਆਂ ਅਤੇ ਕਫ ਲਿੰਕਸ ਦਾ ਜੋੜਾ ਵੀ ਸੀ।

ਇਸਦੇ ਨਤੀਜੇ ਵਜੋਂ ਉਨ੍ਹਾਂ 'ਤੇ ਪੰਜ ਸਾਲਾਂ ਲਈ ਚੋਣ ਲੜਨ ਤੋਂ ਰੋਕ ਲਗਾ ਦਿੱਤੀ ਗਈ, ਜਿਸਦੇ ਵਿਰੋਧ ਵਿੱਚ ਉਨ੍ਹਾਂ ਨੇ ਇਹ ਮਾਰਚ ਸ਼ੁਰੂ ਕੀਤਾ ਹੈ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)