ਇਮਰਾਨ ਖ਼ਾਨ ਦੀ ਜਾਨ ਬਚਾਉਣ ਵਾਲੇ ਨੇ ਦੱਸਿਆ ਕਿਵੇਂ ਹੋਇਆ ਹਮਲਾ, 'ਮੇਰੀ ਜਾਨ ਜਾਂਦੀ ਹੈ ਜਾਵੇ ਪਰ ਖ਼ਾਨ ਸਾਬ੍ਹ ਦੀ ਜਾਨ ਬਚ ਜਾਵੇ'

ਇਬਤੇਸਾਮ ਹਸਨ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਇਬਤੇਸਾਮ ਨੇ ਦੱਸਿਆ ਕਿ ਹਮਲਾਵਰ ਇਮਰਾਨ ਖ਼ਾਨ ਦੇ ਕੰਟੇਨਰ ਤੋਂ ਸਿਰਫ਼ ਦਸ ਫੁੱਟ ਦੂਰ ਸੀ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਫ਼ਲੇ 'ਤੇ ਹੋਏ ਹਮਲੇ ਵਿੱਚ ਉਨ੍ਹਾਂ ਦੇ ਪੈਰ ਵਿੱਚ ਗੋਲ਼ੀ ਲੱਗੀ ਹੈ।

ਜ਼ਖ਼ਮੀ ਇਮਰਾਨ ਲਾਹੌਰ ਦੇ ਸ਼ੌਕਤ ਖ਼ਾਨਮ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਲੱਤ ਵਿੱਚੋਂ ਗੋਲੀ ਕੱਢਣ ਲਈ ਆਪ੍ਰੇਸ਼ਨ ਕੀਤਾ ਗਿਆ ਹੈ।

ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਤੇ ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਇਸ ਗੋਲੀਬਾਰੀ ਵਿੱਚ 1 ਵਿਅਕਤੀ ਦੀ ਮੌਤ ਵੀ ਹੋ ਗਈ ਹੈ ਜਦਕਿ 14 ਹੋਰ ਲੋਕ ਜ਼ਖ਼ਮੀ ਹੋਏ ਹਨ।

ਜਿਸ ਸ਼ਖ਼ਸ ਨੇ ਇਮਰਾਨ ਖ਼ਾਨ ਨੂੰ ਇਸ ਹਮਲੇ ਵਿੱਚ ਬਚਾਇਆ, ਉਸ ਨੇ ਵਿਸਥਾਰ ਨਾਲ ਦੱਸਿਆ ਹੈ ਕਿ ਆਖਿਰ ਇਹ ਸਭ ਕਿਵੇਂ ਹੋਇਆ।

ਇਬਤੇਸਾਮ ਹਸਨ

'ਉਹ ਇਮਰਾਨ ਖ਼ਾਨ ਦੇ ਕੰਟੇਨਰ ਤੋਂ ਸਿਰਫ਼ ਦਸ ਫੁੱਟ ਦੂਰ ਸੀ'

ਜਦੋਂ ਇਹ ਗੋਲੀਬਾਰੀ ਸ਼ੁਰੂ ਹੋਈ ਤਾਂ ਹਮਲਾਵਰ ਨੂੰ ਰੋਕਣ ਲਈ ਤਹਰੀਕ ਏ ਇਨਸਾਫ਼ ਦੇ ਕਈ ਵਰਕਰ ਉਸ ਵੱਲ ਵਧੇ। ਇਨ੍ਹਾਂ ਵਿੱਚੋਂ ਇੱਕ ਵਰਕਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

ਪਰ ਇਬਤੇਸਾਮ ਹਸਨ ਨਾਂ ਦੇ ਇੱਕ ਹੋਰ ਪੀਟੀਆਈ ਵਰਕਰ ਹਮਲਾਵਰ ਨਾਲ ਭਿੜ ਗਏ। ਉਨ੍ਹਾਂ ਨੇ ਹਮਲਾਵਰ ਨੂੰ ਮਜ਼ਬੂਤੀ ਨਾਲ ਫੜ੍ਹ ਲਿਆ, ਜਿਸ ਤੋਂ ਬਾਅਦ ਹਮਲਾਵਰ ਗੋਲੀ ਨਹੀਂ ਚਲਾ ਸਕਿਆ।

ਇਬਤੇਸਾਮ ਹਸਨ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਇਬਤੇਸਾਮ ਹਸਨ ਨੇ ਹਮਲਾਵਰ ਦਾ ਪਿਸਤੌਲ ਵਾਲਾ ਹੱਥ ਫੜ੍ਹ ਲਿਆ ਸੀ, ਜਿਸ ਨਾਲ ਇਮਰਾਨ 'ਤੇ ਸਿੱਧਾ ਨਿਸ਼ਾਨਾ ਲੱਗਣ ਤੋਂ ਬੱਚਤ ਰਹਿ ਗਈ

ਘਟਨਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਇਬਤੇਸਾਮ ਨੇ ਕਿਹਾ ਕਿ ਉਹ ਇਮਰਾਨ ਖ਼ਾਨ ਦੇ ਕੰਟੇਨਰ ਤੋਂ ਸਿਰਫ਼ ਦਸ ਫੁੱਟ ਦੂਰ ਸੀ।

ਉਨ੍ਹਾਂ ਦੱਸਿਆ, "ਹਮਲਾਵਰ ਆਇਆ ਅਤੇ ਉਸ ਨੇ ਮੈਗਜ਼ੀਨ ਲੋਡ ਹੀ ਕੀਤਾ ਸੀ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੈਂ ਤੇਜ਼ੀ ਨਾਲ ਉਸ ਵੱਲ ਭੱਜਿਆ ਅਤੇ ਉਸ ਨਾਲ ਭਿੜ ਗਿਆ। ਇਸ ਤੋਂ ਬਾਅਦ ਉਸ ਦੀਆਂ ਗੋਲੀਆਂ ਹੇਠਾਂ ਜ਼ਮੀਨ 'ਤੇ ਲੱਗੀਆਂ।''

''ਮੈਂ ਉਸ ਦਾ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਪਿਸਤੌਲ ਹੇਠਾਂ ਡਿੱਗ ਗਿਆ। ਫਿਰ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਮੈਂ ਉਸ ਨੂੰ ਦੁਬਾਰਾ ਫੜਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਪੁਲਿਸ ਆਈ ਅਤੇ ਉਸ ਨੂੰ ਫੜ੍ਹ ਕੇ ਲੈ ਗਈ।''

ਇਬਤੇਸਾਮ ਨੇ ਇੱਕ ਪਾਕਿਸਤਾਨੀ ਟੀਵੀ ਚੈਨਲ ਨੂੰ ਇਸ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।

ਵੀਡੀਓ ਕੈਪਸ਼ਨ, ਲਾਹੌਰ 'ਚ ਸੜਕਾਂ 'ਤੇ ਲੋਕ, 'ਸਭ ਬਰਦਾਸ਼ਤ ਹੈ, ਪਰ ਖ਼ਾਨ 'ਤੇ ਹਮਲਾ ਨਹੀਂ'

ਉਨ੍ਹਾਂ ਨੇ ਬੋਲ ਨਿਊਜ਼ ਨੂੰ ਦੱਸਿਆ, "ਮੇਰਾ ਮਕਸਦ ਸੀ ਕਿ ਖ਼ਾਨ ਸਾਬ੍ਹ ਵੱਲ ਨਿਸ਼ਾਨਾ ਨਾ ਲੱਗੇ। ਜਦੋਂ ਮੇਰੀ ਨਜ਼ਰ ਉਸ 'ਤੇ ਪਈ ਤਾਂ ਮੈਂਨੂੰ ਉਸ 'ਤੇ ਸ਼ੱਕ ਜਿਹਾ ਹੋਇਆ। ਤੁਰੰਤ ਹੀ ਉਸ ਨੇ ਸਲਵਾਰ ਵਿੱਚੋਂ ਪਿਸਤੌਲ ਕੱਢ ਲਿਆ। ਜਿਵੇਂ ਹੀ ਉਸ ਨੇ ਪਿਸਤੌਲ ਕੱਢਿਆ, ਮੈਂ ਉਸ ਵੱਲ ਤੇਜ਼ੀ ਨਾਲ ਭੱਜਿਆ।''

"ਉਹ ਖ਼ਾਨ ਸਾਬ੍ਹ ਵੱਲ ਸਿੱਧਾ ਨਿਸ਼ਾਨਾ ਨਹੀਂ ਲਗਾ ਪਾਇਆ। ਇਸ ਦੌਰਾਨ ਮੈਂ ਉਸ ਦਾ ਉਹ ਹੱਥ ਫੜ੍ਹ ਲਿਆ, ਜਿਸ ਵਿੱਚ ਉਸ ਨੇ ਪਿਸਤੌਲ ਫੜ੍ਹੀ ਹੋਈ ਸੀ।''

''ਉਸ ਤੋਂ ਬਾਅਦ ਵੀ ਗੋਲੀਆਂ ਚੱਲੀਆਂ ਹਨ, ਪਰ ਕਿਸੇ ਨੂੰ ਨਿਸ਼ਾਨਾ ਬਣਾ ਕੇ ਨਹੀਂ। ਮੇਰਾ ਮਕਸਦ ਸੀ ਕਿ ਮੇਰੀ ਜਾਨ ਜਾਂਦੀ ਹੈ ਤਾਂ ਜਾਵੇ ਪਰ ਖ਼ਾਨ ਸਾਬ੍ਹ ਦੀ ਜਾਨ ਬਚ ਜਾਵੇ।''

ਬੀਬੀਸੀ

ਇਮਰਾਨ ਖਾਨ 'ਤੇ ਹਮਲਾ ਕਿਸ ਤਰ੍ਹਾਂ ਹੋਇਆ

  • ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਕਾਫ਼ਲੇ 'ਤੇ 3 ਨਵੰਬਰ ਨੂੰ ਗੋਲ਼ੀਬਾਰੀ ਹੋਈ।
  • ਇਮਰਾਨ ਖ਼ਾਨ ਦੀ ਲੱਤ 'ਚ ਗੋਲ਼ੀ ਲੱਗੀ ਹੈ ਤੇ ਉਨ੍ਹਾਂ ਦੀ ਸਿਹਤ ਸਥਿਰ ਹੈ।
  • ਹਮਲੇ 'ਚ ਇੱਕ ਵਿਅਕਤੀ ਦੀ ਮੌਤ ਤੇ 14 ਲੋਕ ਜ਼ਖ਼ਮੀ ਹੋਏ ਹਨ ਤੇ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ।
  • ਇਮਰਾਨ ਖ਼ਾਨ ਦੀ ਜਾਨ ਬਚਾਉਣ ਵਾਲੇ ਨੇ ਦੱਸਿਆ ਕਿ ਹਮਲਾਵਰ ਇਮਰਾਨ ਤੋਂ ਸਿਰਫ਼ 10 ਫੁੱਟ ਦੂਰ ਸੀ।
  • ਇਮਰਾਨ ਖ਼ਾਨ ਲਾਹੌਰ ਤੋਂ ਇਸਲਾਮਾਬਾਦ ਤੱਕ ਇੱਕ ਮਾਰਚ ਕੱਢ ਰਹੇ ਹਨ।
  • ਦਰਅਸਲ ਇਮਰਾਨ ਖ਼ਾਨ 'ਤੇ ਅਗਲੇ ਪੰਜ ਸਾਲ ਲਈ ਚੋਣ ਲੜਨ 'ਤੇ ਰੋਕ ਲੱਗ ਗਈ ਹੈ।
  • ਉਨ੍ਹਾਂ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਸੱਤਾ 'ਚ ਰਹਿੰਦੇ ਹੋਏ ਜੋ ਤੋਹਫ਼ੇ ਲਏ ਉਨ੍ਹਾਂ ਬਾਰੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਸੀ।
  • ਇਸ ਮਾਰਚ ਰਾਹੀਂ ਇਮਰਾਨ ਦੇਸ਼ 'ਚ ਤੁਰੰਤ ਚੋਣਾਂ ਦੀ ਮੰਗ ਕਰ ਰਹੇ ਹਨ।
ਬੀਬੀਸੀ

ਇਮਰਾਨ ਦੇ ਨਾਲ ਕੰਟੇਨਰ ਤੇ ਮੌਜੂਦ ਪਾਰਟੀ ਵਰਕਰ ਨੇ ਕੀ ਦੱਸਿਆ

ਇਮਰਾਨ ਖ਼ਾਨ ਦੇ ਕੰਟੇਨਰ 'ਤੇ ਸਵਾਰ ਤਹਿਰੀਕ-ਏ-ਇਨਸਾਫ਼ ਦੇ ਵਰਕਰ ਮੁਈਜ਼ੂਦੀਨ ਨੇ ਬੀਬੀਸੀ ਨੂੰ ਦੱਸਿਆ ਕਿ ਕੰਟੇਨਰ 'ਤੇ ਸਭ ਕੁਝ ਠੀਕ ਚੱਲ ਰਿਹਾ ਸੀ।

ਉਨ੍ਹਾਂ ਨੇ ਕਿਹਾ, "ਅਸੀਂ ਵਜ਼ੀਰਾਬਾਦ ਦੇ ਨੇੜੇ ਸੀ ਅਤੇ ਜਲਦੀ ਹੀ ਉਸ ਥਾਂ ਪਹੁੰਚਣਾ ਸੀ ਜਿੱਥੇ ਖ਼ਾਨ ਸਾਬ੍ਹ ਨੇ ਭਾਸ਼ਣ ਦੇਣਾ ਸੀ। ਮੈਂ ਕੰਟੇਨਰ ਦੇ ਸੱਜੇ ਪਾਸੇ ਹਮਾਦ ਅਜ਼ਹਰ ਅਤੇ ਫਵਾਦ ਚੌਧਰੀ ਨਾਲ ਖੜ੍ਹਾ ਸੀ।"

"ਉਹ ਦੋਵੇਂ ਹੱਥ ਹਿਲਾ ਕੇ ਲੋਕਾਂ ਨੂੰ ਜਵਾਬ ਦੇ ਰਹੇ ਸਨ ਕਿ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਖ਼ਾਨ ਸਾਬ੍ਹ ਦੇ ਪਹਿਰੇਦਾਰ ਨੇ ਉਨ੍ਹਾਂ ਨੂੰ ਹੇਠਾਂ ਉਤਾਰ ਲਿਆ। ਸਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਹੋਇਆ।"

ਇਮਰਾਨ ਖ਼ਾਨ ਦਾ ਕੰਟੇਨਰ

ਤਸਵੀਰ ਸਰੋਤ, Getty Images

ਉਨ੍ਹਾਂ ਅੱਗੇ ਦੱਸਿਆ, "ਅਸੀਂ ਦੇਖਿਆ ਕਿ ਹਮਲਾਵਰ ਨੇ ਪੂਰਾ ਮੈਗਜ਼ੀਨ ਖ਼ਾਲੀ ਕਰ ਦਿੱਤਾ ਸੀ, ਉਹ ਵੀ ਕੰਟੇਨਰ ਦੇ ਸੱਜੇ ਪਾਸੇ। ਅਸੀਂ ਉਸ ਨੂੰ ਦੇਖ ਸਕਦੇ ਸੀ।"

"ਸਾਡੀ ਨਜ਼ਰ ਉਸ 'ਤੇ ਉਦੋਂ ਪਈ ਜਦੋਂ ਉਸ ਨੇ ਫਵਾਦ ਚੌਧਰੀ 'ਤੇ ਪਿਸਤੌਲ ਤਾਣ ਦਿੱਤਾ। ਅਸੀਂ ਹੇਠਾਂ ਉਤਰ ਆਏ।"

ਮੁਈਜ਼ੂਦੀਨ ਨੇ ਦੱਸਿਆ ਕਿ ਕਥਿਤ ਹਮਲਾਵਰ ਨੇ ਇੱਕ ਹੋਰ ਮੈਗਜ਼ੀਨ ਲੋਡ ਕੀਤਾ ਜਦੋਂ ਉਸ ਨੂੰ ਇੱਕ ਮੁੰਡੇ ਨੇ ਪਿੱਛੇ ਤੋਂ ਫੜ ਲਿਆ। ਸਾਨੂੰ ਇਹ ਸਮਝ ਨਹੀਂ ਆਇਆ ਕਿ ਇਮਰਾਨ ਖ਼ਾਨ ਨੂੰ ਸਾਹਮਣੇ ਤੋਂ ਲੱਤ ਵਿੱਚ ਗੋਲੀ ਲੱਗੀ ਹੈ ਜਦਕਿ ਹਮਲਾਵਰ ਸਾਡੇ ਸੱਜੇ ਪਾਸੇ ਸੀ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਪਬਲਿਕ ਨਿਊਜ਼ ਦੇ ਕੈਮਰਾਮੈਨ ਤੌਸੀਫ਼ ਅਕਰਮ ਨੇ ਮੌਕੇ 'ਤੇ ਜੋ ਦੇਖਿਆ

"ਮੈਂ ਇੱਥੇ ਖ਼ਾਨ ਸਾਬ੍ਹ ਦੇ ਇੰਟਰਵਿਊ ਲਈ ਮੌਜੂਦ ਸੀ। ਅਸੀਂ ਖ਼ਾਨ ਸਾਬ੍ਹ ਦਾ ਇੰਟਰਵਿਊ ਕਰਨ ਕਨਟੇਨਰ ਵਿੱਚ ਜਾਣ ਹੀ ਲੱਗੇ ਸੀ ਕਿ ਉਸ ਤੋਂ ਪਹਿਲਾਂ ਇਕਬਾਲ ਜੀ ਇੰਟਰਵਿਊ ਕਰਨ ਲੱਗੇ।

ਜਿਵੇਂ ਹੀ ਅਸੀਂ ਇਕਬਾਲ ਜੀ ਨੂੰ ਰੋਕਿਆ, ਅਗਿਓਂ ਠਾਹ ਕਰ ਕੇ ਫਾਇਰੰਗਿ ਹੋਣ ਲੱਗੀ ਅਤੇ ਭਗਦੜ ਮਚ ਗਈ। ਲੋਕਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਕਿ ਖ਼ਾਨ ਸਾਬ੍ਹ ਨੂੰ ਗੋਲੀ ਲੱਗੀ ਹੈ..."

"ਕਾਫੀ ਭਗਦੜ ਮਚ ਗਈ, ਮੈਂ ਕੈਮਰਾ ਚਾਲੂ ਰੱਖਿਆ। ਮੈਂ ਅੱਗੇ ਜਾ ਕੇ ਦੇਖਿਆ ਤੇ ਖ਼ਾਨ ਸਾਬ੍ਹ ਨੂੰ ਲੋਕ ਚੁੱਕ ਰਹੇ ਸਨ, ਉਨ੍ਹਾਂ ਦੀ ਲੱਤ 'ਤੇ ਗੋਲੀ ਲੱਗੀ ਹੋਈ ਸੀ। ਜੋ ਵੀ ਲੋਕ ਨੇੜੇ ਸਨ, ਉਨ੍ਹਾਂ ਸਾਰਿਆਂ 'ਤੇ ਖ਼ੂਨ ਲੱਗਾ ਹੋਇਆ ਸੀ..."

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

"ਉਹ ਛੇਤੀ-ਛੇਤੀ ਖ਼ਾਨ ਨੂੰ ਹੇਠਾਂ ਲੈ ਕੇ ਗਏ ਅਤੇ ਉਨ੍ਹਾਂ ਹੇਠਾਂ ਪਹੁੰਚ ਕੇ ਖ਼ਾਨ ਨੂੰ ਐਂਬੂਲੈਂਸ ਵਿੱਚ ਨਹੀਂ ਪਾਇਆ। ਉਨ੍ਹਾਂ ਨੇ ਖ਼ਾਨ ਸਾਬ੍ਹ ਨੂੰ ਉਨ੍ਹਾਂ ਦੀ ਪ੍ਰੋਟੋਕਲ ਵਾਲੀ ਗੱਡੀ ਵਿੱਚ ਪਾਇਆ ਅਤੇ ਉੱਥੋਂ ਲੈ ਕੇ ਚਲੇ ਗਏ।"

'ਇੱਕ ਨਹੀਂ ਦੋ ਵਿਅਕਤੀਆਂ ਨੇ ਕੀਤਾ ਹਮਲਾ'

ਇਮਰਾਨ ਖ਼ਾਨ ਦੇ ਕਾਫ਼ਲੇ 'ਤੇ ਹੋਏ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਕਿਹਾ ਹੈ ਕਿ ਇਸ ਹਮਲੇ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ।

ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ, ਉਨ੍ਹਾਂ ਹਮਲਾਵਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 'ਹਮਲਾਵਰ ਇੱਕ ਵਿਅਕਤੀ ਨਹੀਂ ਸਗੋਂ ਦੋ ਵਿਅਕਤੀ ਹਨ'।

ਇਮਰਾਨ ਖ਼ਾਨ ਅਤੇ ਪਰਵੇਜ਼ ਇਲਾਹੀ

ਤਸਵੀਰ ਸਰੋਤ, PArvez Elahi/Twitter

ਤਸਵੀਰ ਕੈਪਸ਼ਨ, ਪਰਵੇਜ਼ ਇਲਾਹੀ ਨੇ ਕਿਹਾ ਹੈ ਕਿ ਇਸ ਹਮਲੇ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ

ਕੌਣ ਹੈ ਹਮਲਾਵਰ

ਇਮਰਾਨ ਖ਼ਾਨ ਦੇ ਕਾਫ਼ਲੇ 'ਤੇ ਹਮਲਾ ਕਰਨ ਵਾਲੇ ਦੀ ਪਛਾਣ ਨਵੀਦ ਅਹਿਮਦ ਵਜੋਂ ਹੋਈ ਹੈ।

ਬੀਬੀਸੀ ਉਰਦੂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ, ਨਦੀਮ ਦਾ ਘਰ ਪਾਕਿਸਤਾਨ ਦੇ ਸੋਧਰਾ ਕਸਬੇ ਵਿੱਚ ਹੈ ਤੇ ਨਵੀਦ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।

ਨਵੀਦ ਦੇ ਦੋ ਬੱਚੇ ਵੀ ਹਨ, ਉਸ ਦਾ ਵੱਡਾ ਪੁੱਤਰ ਡੇਢ ਕੁ ਸਾਲ ਦਾ ਹੈ ਜਦਕਿ ਛੋਟੇ ਪੁੱਤਰ ਦਾ ਜਨਮ 10 ਦਿਨ ਪਹਿਲਾਂ ਹੀ ਹੋਇਆ ਹੈ।

ਜਾਣਕਾਰੀ ਮੁਤਾਬਕ, ਨਵੀਦ ਨੇ ਲਗਭਗ ਸਾਢੇ ਚਾਰ ਸਾਲ ਤੱਕ ਸਾਊਦੀ ਅਰਬ ਵਿੱਚ ਕੰਮ ਕੀਤਾ ਹੈ ਅਤੇ ਉਹ ਕੁਝ ਮਹੀਨੇ ਪਹਿਲਾਂ ਹੀ ਪਾਕਿਸਤਾਨ ਪਰਤਿਆ ਹੈ।

ਉਸ ਦੇ ਗੁਆਂਢੀ ਅਬਦੁੱਲ੍ਹਾ ਨੇ ਦੱਸਿਆ ਕਿ ਸਾਊਦੀ ਤੋਂ ਪਰਤਣ ਤੋਂ ਬਾਅਦ ਉਹ ਕੁਝ ਖਾਸ ਕੰਮ ਨਹੀਂ ਕਰ ਰਿਹਾ ਅਤੇ ਆਪਣੇ ਦੋ ਭਰਾਵਾਂ ਨਾਲ ਬੋਰਿੰਗ ਦਾ ਕੰਮ ਕਰ ਰਿਹਾ ਹੈ।

ਨਵੀਦ ਅਹਿਮਦ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਨਵੀਦ ਕੁਝ ਮਹੀਨੇ ਪਹਿਲਾਂ ਹੀ ਉਹ ਸਾਊਦੀ ਤੋਂ ਪਾਕਿਸਤਾਨ ਪਰਤਿਆ ਹੈ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਵੀਦ ਲੱਕੜ ਦਾ ਵੀ ਥੋੜ੍ਹਾ ਬਹੁਤ ਕੰਮ ਕਰਦਾ ਹੈ।

ਅਬਦੁੱਲ੍ਹਾ ਮੁਤਾਬਕ, ਉਹ ਸੁੰਨੀ ਬਰੇਲਵੀ ਭਾਈਚਾਰੇ ਨਾਲ ਸਬੰਧ ਰੱਖਦਾ ਹੈ।

ਨਵੀਦ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਸ ਨੂੰ ਕਦੇ ਕਿਸੇ ਨੇ ਇਲਾਕੇ ਵਿੱਚ ਲੜਦੇ-ਝਗੜਦੇ ਨਹੀਂ ਦੇਖਿਆ।

ਫਿਲਹਾਲ ਨਵੀਦ ਨੂੰ ਪੁਲਿਸ ਨੇ ਪਿਹਾਸਤ ਵਿੱਚ ਲਿਆ ਹੋਇਆ ਹੈ।

ਵੀਡੀਓ ਕੈਪਸ਼ਨ, ਇਮਰਾਨ ਖ਼ਾਨ ਨੂੰ ਲੱਗੀ ਗੋਲੀ, ਲਾਹੌਰ ਹਸਪਤਾਲ ਵਿੱਚ ਜ਼ੇਰੇ ਇਲਾਜ

ਸੋਸ਼ਲ ਮੀਡੀਆ 'ਤੇ ਹੋ ਰਹੀ ਜਾਨ ਬਚਾਉਣ ਵਾਲੇ ਦੀ ਪ੍ਰਸ਼ੰਸਾ

ਪਾਕਿਸਤਾਨ ਦੇ ਸੋਸ਼ਲ ਮੀਡੀਆ 'ਤੇ ਹੁਣ ਇਬਤੇਸਾਮ ਦੀ ਹਿੰਮਤ ਦੀ ਬਹੁਤ ਤਾਰੀਫ ਹੋ ਰਹੀ ਹੈ।

ਇਮਰਾਨ ਖ਼ਾਨ ਦੇ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਨੇ ਟਵਿੱਟਰ 'ਤੇ ਇਬਤੇਸਾਮ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ - ਹੀਰੋ।

ਤਹਰੀਕ-ਏ-ਇਨਸਾਫ਼ ਦੀ ਸਰਕਾਰ ਵਿੱਚ ਮੰਤਰੀ ਰਹੇ ਜ਼ਰਤਾਜ ਗੁਲ ਵਜ਼ੀਰ ਨੇ ਕਿਹਾ- ''ਹੁਣ ਇਹ ਨੌਜਵਾਨ ਕੌਮੀ ਹੀਰੋ ਹੈ। ਇਸ ਨੇ ਖ਼ਾਨ ਸਾਹਿਬ 'ਤੇ ਨਿਸ਼ਾਨਾ ਨਹੀਂ ਲੱਗਣ ਦਿੱਤਾ।''

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਦੀ ਪਾਰਟੀ ਦੇ ਆਗੂ ਫ਼ਵਾਦ ਹੁਸੈਨ ਚੌਧਰੀ ਦਾ ਦਾਅਵਾ ਹੈ ਕਿ ਇਹ ਇਮਰਾਨ ਖ਼ਾਨ ਦੀ ਕਤਲ ਦੀ ਕੋਸ਼ਿਸ਼ ਸੀ

ਮਾਰਚ ਕਿਉਂ ਕਰ ਰਹੇ ਹਨ ਇਮਰਾਨ

ਅੱਜ ਇਮਰਾਨ ਖ਼ਾਨ ਨੇ ਆਪਣੀ ਪਾਰਟੀ ਦੀ ਇੱਕ ਬੈਠਕ ਸੱਦੀ ਹੈ, ਜਿਸ 'ਚ ਉਹ ਆਪਣੇ ਅੱਗੇ ਦੀ ਰਣਨੀਤੀ ਦਾ ਐਲਾਨ ਕਰਨਗੇ।

ਦਰਅਸਲ ਇਮਰਾਨ ਖ਼ਾਨ 'ਤੇ ਆਉਂਦੇ 5 ਸਾਲਾਂ ਤੱਕ ਪਾਕਿਸਤਾਨ 'ਚ ਚੋਣਾਂ ਲੜਨ ਉੱਤੇ ਪਾਬੰਦੀ ਲੱਗੀ ਹੋਈ ਹੈ ਤੇ ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਦੇਸ਼ 'ਚ ਛੇਤੀ ਤੋਂ ਛੇਤੀ ਆਮ ਚੋਣਾਂ ਹੋਣ।

ਇਸੇ ਲਈ ਇਮਰਾਨ ਕਾਨ ਤੇ ਉਨ੍ਹਾਂ ਦੀ ਪਾਰਟੀ ਤਹਰੀਕ ਏ ਇਨਸਾਫ਼ ਲਾਹੌਰ ਤੋਂ ਇਸਲਾਮਾਬਾਦ ਤੱਕ ਇੱਕ ਲੌਂਗ ਮਾਰਚ ਕਰ ਰਹੇ ਹਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)