ਕੈਨੇਡਾ ਵੱਲੋਂ ਲੱਖਾਂ ਹੁਨਰਮੰਦ ਲੋਕਾਂ ਨੂੰ ਦਿੱਤੀ ਜਾਵੇਗੀ ਸਥਾਈ ਰਿਹਾਇਸ਼, ਨਵੀਂ ਨੀਤੀ ਵਿੱਚ ਕੀ ਹੈ ਖ਼ਾਸ

ਪ੍ਰਕਾਸ਼ਿਤ

ਕੈਨੇਡਾ ਸਾਲ 2023-25 ਲਈ ਨਵੀਂ ਇਮੀਗ੍ਰੇਸ਼ਨ ਪਾਲਿਸੀ ਲੈ ਕੇ ਆਇਆ ਹੈ, ਜਿਸ ਦੇ ਤਹਿਤ ਲੱਖਾਂ ਹੁਨਰਮੰਦ ਲੋਕਾਂ ਨੂੰ ਉੱਥੇ ਸਥਾਈ ਰਿਹਾਇਸ਼ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ।

ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਸਿਹਤ ਸਨਅਤਾਂ, ਨਿਰਮਾਣ ਤੇ ਤਕਨਾਲੋਜੀ ਵਰਗੇ ਅਦਾਰਿਆਂ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਖ਼ਤਮ ਕਰਨ ਦੇ ਮੱਦੇਨਜ਼ਰ ਬਣਾਈ ਗਈ ਹੈ।

ਕੋਵਿਡ-19 ਤੋਂ ਬਾਅਦ ਕੈਨੇਡਾ ਦਾ ਅਰਥਚਾਰਾ ਉੱਨਤ ਦੇਸ਼ਾਂ ਦਰਮਿਆਨ ਬਹੁਤ ਤੇਜ਼ੀ ਨਾਲ ਵਾਪਸ ਲੀਹ 'ਤੇ ਆ ਰਿਹਾ ਸੀ ਪਰ ਹਾਲ ਹੀ ਵਿੱਚ ਕੈਨੇਡਾ ਦੇ ਕਈ ਪ੍ਰਮੁੱਖ ਸਨਅਤਾਂ ਕਾਮਿਆਂ ਦੀ ਘਾਟ ਨਾਲ ਜੂਝ ਰਹੀਆਂ ਹਨ।

ਇਸ ਮੁਸ਼ਕਿਲ ਨਾਲ ਨਜਿੱਠਣ ਲਈ ਕੈਨੇਡਾ ਇਮੀਗ੍ਰੇਸ਼ਨ ਦਾ ਰਾਹ ਅਖ਼ਤਿਆਰ ਕਰ ਰਿਹਾ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ, ਰਫ਼ਿਊਜੀਜ਼ ਤੇ ਸਿਟੀਜ਼ਨਸ਼ਿਪ ਵਿਭਾਗ ਦੇ ਮੰਤਰੀ ਸ਼ੌਨ ਫ਼ਰੇਜ਼ਰ ਵੱਲੋਂ ਕੈਨੇਡਾ ਦੀ 2023 ਤੋਂ 2025 ਤੱਕ ਦੀ ਇਮੀਗ੍ਰੇਸ਼ਨ ਪਾਲਿਸੀ ਜਾਰੀ ਕੀਤੀ ਗਈ ਹੈ।

ਟੋਰਾਂਟੋ ਤੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਹਾਕਿਆਂ ਬਾਅਦ ਦੇਸ਼ ਦੇ ਸਮਾਜਿਕ ਤੇ ਆਰਥਿਕ ਖੇਤਰਾਂ ਸਾਹਮਣੇ ਆਉਣ ਵਾਲੀਆਂ ਸੰਭਾਵਿਤ ਚੁਣੌਤੀਆਂ ਤੋਂ ਬਚਾਅ ਕਰਨ ਦੀ ਇੱਕ ਕੋਸ਼ਿਸ਼ ਹੈ।

ਪਿਛਲੇ ਸਾਲ ਕੈਨੇਡਾ ਵਿੱਚ 405,000 ਨਵੇਂ ਲੋਕਾਂ ਨੂੰ ਸਥਾਈ ਤੌਰ 'ਤੇ ਰਹਿਣ ਦੀ ਆਗਿਆ ਦਿੱਤੀ ਗਈ, ਇਹ ਹੁਣ ਤੱਕ ਕਿਸੇ ਇੱਕ ਸਾਲ ਵਿੱਚ ਕੈਨੇਡਾ ਆਉਣ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਸੀ।

ਸਰਕਾਰ ਇਸ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਤੇ ਨਵੀਂ ਨੀਤੀ ਮੁਤਾਬਕ ਸਰਕਾਰ ਦਾ ਟੀਚਾ 2023 ਵਿੱਚ 4,65,000, 2024 ਵਿੱਚ 4,85,000 ਅਤੇ 2025 ਵਿੱਚ 5,00,000 ਲੋਕਾਂ ਨੂੰ ਦੇਸ ਵਿੱਚ ਸਥਾਈ ਰਿਹਾਇਸ਼ ਦੇਣ ਦੀ ਤਜਵੀਜ਼ ਹੈ।

ਇਸ ਨੀਤੀ ਦਾ ਕੇਂਦਰ ਨਵੇਂ ਆਉਣ ਵਾਲੇ ਲੋਕਾਂ ਨੂੰ ਦੇਸ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਛੋਟੇ ਸ਼ਹਿਰਾਂ ਤੇ ਪਿੰਡਾਂ ਵਿੱਚ ਰਹਿਣ ਲਈ ਉਤਸ਼ਾਹਿਤ ਕਰਨਾ ਵੀ ਹੈ।

ਨਵੀਂ ਇਮੀਗ੍ਰੇਸ਼ਨ ਨੀਤੀ ਦੇ ਅਹਿਮ ਪੱਖ

  • ਲੰਬੇ ਸਮੇਂ ਤੱਕ ਆਰਥਿਕ ਵਿਕਾਸ 'ਤੇ ਕੇਂਦਰਿਤ ਹੋਣਾ, ਜਿਸ ਮੁਤਬਾਕ 2025 ਤੱਕ 60 ਫ਼ੀਸਦ ਦਾਖ਼ਲੇ ਇਕਨੋਮਿਕ ਕਲਾਸ ਵਿੱਚ ਹੋਣੇ ਹਨ।
  • ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਥਾਨਕ ਪੱਧਰ 'ਤੇ ਮਜ਼ਦੂਰਾਂ ਦੀ ਲੋੜ ਪਤਾ ਕਰਨਾ ਤੇ ਉਸ ਨੂੰ ਪੂਰਿਆਂ ਕਰਨਾ।
  • ਹੋਰ ਪਰਿਵਾਰਾਂ ਨੂੰ ਇਕੱਠਿਆਂ ਰਹਿਣ ਦਾ ਮੌਕਾ ਦੇਣਾ
  • ਕਿਊਬੈਕ ਤੋਂ ਬਾਹਰ ਸਥਾਈ ਤੌਰ 'ਤੇ ਨਵੀਂ ਰਿਹਾਇਸ਼ ਪਾਉਣ ਵਾਲੇ ਲੋਕਾਂ ਵਿੱਚ ਘੱਟ ਤੋਂ ਘੱਟ 4.4 ਫ਼ੀਸਦ ਫ਼ਰੈਂਚ ਬੋਲਣ ਵਾਲੇ ਲੋਕਾਂ ਦੀ ਆਮਦ ਯਕੀਨੀ ਬਣਾਉਣਾ।
  • ਵਿਸ਼ਵੀ ਸੰਕਟ ਵਿੱਚ ਸੁਰੱਖਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਹਿਣ ਲਈ ਸੁਰੱਖਿਅਤ ਥਾਂ ਦੇਣਾ।

ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਸਥਾਨਕ ਇਮੀਗ੍ਰੇਸ਼ਨ 'ਤੇ ਕੇਂਦਰਿਤ ਹੋਣ ਨਾਲ ਇਹ ਪਲਾਨ ਚੱਲ ਰਹੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰੇਗਾ। ਇਸ ਨਵੀਂ ਨੀਤੀ ਜ਼ਰੀਏ ਕਿਊਬੈਕ ਦੇ ਬਾਹਰ ਫ਼ਰੈਂਚ ਬੋਲਣ ਵਾਲੇ ਇਲਾਕਿਆਂ ਸਣੇ ਪਰਵਾਸ ਦਾ ਲਾਭ ਦੇਸ ਦੇ ਹਰ ਖਿੱਤੇ ਨੂੰ ਮਿਲ ਸਕੇਗਾ।

ਵਿਭਾਗ ਵੱਲੋਂ ਕਿਹਾ ਗਿਆ ਕਿ ਨਵੀਂ ਨੀਤੀ ਸਾਲ ਦਰ ਸਾਲ ਵਿਕਾਸ 'ਤੇ ਕੇਂਦਰਿਤ ਹੋਵੇਗੀ ਕਿਉਂਕਿ ਇਸ ਰਾਹੀਂ ਭੂਗੌਲਿਕ ਚੁਣੌਤੀਆਂ ਨੂੰ ਧਿਆਨ ਵਿੱਚ ਰੱਖ ਕੇ ਨਵੇਂ ਹੁਨਰਮੰਦ ਲੋਕਾਂ ਨੂੰ ਦੇਸ ਵਿੱਚ ਆਉਣ ਦਾ ਸੱਦਾ ਦਿੱਤਾ ਜਾਵੇਗਾ।

ਇਸ ਵਿੱਚ ਦੇਸ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਸੌਖਾ ਬਣਾਉਣ ਲਈ ਇਸ ਨੂੰ ਡਿਜੀਟਲ ਕਰਨ ਦੀ ਗੱਲ ਵੀ ਆਖੀ ਗਈ ਤਾਂ ਜੋ ਵਰਤੋਂਕਾਰ ਅਸਾਨੀ ਨਾਲ ਪ੍ਰਕਿਰਿਆ ਪੂਰੀ ਕਰ ਸਕਣ।

ਨਵੀਂ ਨੀਤੀ ਬਾਰੇ ਵਿਭਾਗ ਨੇ ਭਰੋਸਾ ਦਿੱਤਾ ਕਿ ਇਸ ਨਾਲ ਕੈਨੇਡਾ ਵਿਸ਼ਵ ਵਿੱਚ ਉੱਚੇ ਪੱਧਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗੀ। ਇਸ ਨੀਤੀ ਨੂੰ ਨਿਰੰਤਰ ਆਰਥਿਕ ਵਿਕਾਸ ਦੀ ਮਜ਼ਬੂਤ ਨੀਂਹ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਨੀਤੀ ਵਿੱਚ ਹੁਨਰਮੰਦ ਲੋਕਾਂ ਦੀ ਸਮਾਜਿਕ ਜ਼ਿੰਦਗੀ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ।

ਇਹ ਨੀਤੀ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਅਜ਼ੀਜ਼ਾਂ ਨਾਲ ਦੁਬਾਰਾ ਇਕੱਠੇ ਰਹਿਣ ਦਾ ਮੌਕਾ ਦੇਵੇਗੀ ਤੇ ਇਹ ਕੈਨੇਡਾ ਦੀਆਂ ਮਨੁੱਖਤਾਵਾਦੀ ਵਚਨਬੱਧਤਾਵਾਂ ਨੂੰ ਪੂਰਾ ਕਰਦੀ ਹੈ।

ਇਸ ਬਾਰੇ ਇਮੀਗ੍ਰੇਸ਼ਨ, ਰਫ਼ਿਊਜ਼ੀ ਤੇ ਸਿਟੀਜ਼ਨਸ਼ਿਪ ਮੰਤਰੀ ਸ਼ੌਨ ਫ਼ਰੈਜ਼ਰ ਨੇ ਕਿਹਾ, "ਪਿਛਲੇ ਸਾਲ ਅਸੀਂ ਇਤਿਹਾਸ ਵਿੱਚ ਸਭ ਤੋਂ ਵੱਧ ਗਿਣਤੀ ਲੋਕਾਂ ਨੂੰ ਦੇਸ ਵਿੱਚ ਆ ਕੇ ਵਸਣ ਦਾ ਮੌਕਾ ਦਿੱਤਾ।"

"ਇਸ ਸਾਲ ਦਾ ਇਮੀਗ੍ਰੇਸ਼ਨ ਪਲਾਨ ਕਾਰੋਬਾਰਾਂ ਨੂੰ ਕਾਮਿਆਂ ਦੀ ਲੋੜ ਪੂਰੀ ਕਰਨ ਵਿੱਚ ਮਦਦ ਕਰੇਗਾ ਤੇ ਕੈਨੇਡਾ ਨੂੰ ਲੰਬੇ ਸਮੇਂ ਵਿੱਚ ਕਾਮਯਾਬੀ ਦੀ ਰਾਹ 'ਤੇ ਪਾ ਦੇਵੇਗਾ।"

ਉਨ੍ਹਾਂ ਅੱਗੇ ਕਿਹਾ, "ਇਹ ਲੈਵਲ ਨੀਤੀ ਸਾਨੂੰ ਹਿੰਸਾ, ਜੰਗ ਜਾਂ ਜੁਰਮਾਂ ਲਈ ਕਮਜ਼ੋਰ ਲੋਕਾਂ ਪ੍ਰਤੀ ਵੱਚਨਬੱਧਤਾ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰੇਗੀ।"

ਇਹ ਵੀ ਪੜ੍ਹੋ-

ਕੈਨੇਡਾ ਦੇ ਬਿਲਡਿੰਗ ਟਰੇਡਜ਼ ਯੂਨੀਅਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼ੌਨ ਸਟ੍ਰਿਕਲੈਂਡ ਨੇ ਕਿਹਾ ਕਿ ਇਹ ਕੈਨੇਡੇ ਵਿੱਚ ਇਮੀਗ੍ਰੇਸ਼ਨ ਲੈਵਲ ਦੇ ਵਾਧੇ ਦਾ ਚੰਗਾ ਐਲਾਨ ਹੈ।

"ਇਤਿਹਾਸਿਕ ਤੌਰ 'ਤੇ ਅਸੀਂ ਇਮੀਗ੍ਰੇਸ਼ਨ ਰਾਹੀਂ ਹੀ ਆਪਣੀ ਕਾਮਿਆਂ ਦੀ ਕਮੀ ਨੂੰ ਪੂਰਿਆਂ ਕਰਨ ਦੇ ਸਮਰੱਥ ਹੋਏ ਹਾਂ।"

ਉਨ੍ਹਾਂ ਦਾ ਕਹਿਣਾ ਹੈ ਕਿ ਆਰਥਿਕ ਕਾਰਨਾਂ ਲਈ ਪਰਵਾਸ ਵਿੱਚ ਵਾਧਾ ਕਰਨਾ ਦੇਸ ਵਿੱਚ ਕਾਮਿਆਂ ਦੀ ਮੌਜੂਦਗੀ ਨੂੰ ਪੂਰਿਆਂ ਕਰਨ ਲਈ ਜ਼ਰੂਰੀ ਹੈ।

ਖ਼ਾਸ ਤੱਥ

  • ਲੈਵਲਜ਼ ਪਲਾਨ ਇਹ ਦਰਸਾਉਂਦਾ ਹੈ ਕਿ ਕਿਵੇਂ ਮਿੱਥੇ ਸਾਲਾਂ ਵਿੱਚ ਕੈਨੇਡਾ ਵੱਲੋਂ ਕਿੰਨੇ ਲੋਕਾਂ ਨੂੰ ਸਥਾਈ ਰਿਹਾਇਸ਼ ਦਿੱਤੀ ਜਾਵੇਗੀ ਤੇ ਇਸ ਲਈ ਇਮੀਗ੍ਰੇਸ਼ਨ ਨੀਤੀ ਕੀ ਰਹੇਗੀ।
  • ਸਾਲ 2032 ਤੱਕ ਕੈਨੇਡਾ ਦੀ ਆਬਾਦੀ ਵਿੱਚ 100 ਫੀਸਦ ਵਾਧਾ ਇਮੀਗ੍ਰੇਸ਼ਨ ਕਾਰਨ ਹੋਵੇਗਾ।
  • ਕੈਨੇਡਾ ਵਿੱਚ ਹੁਣ ਸੇਵਾਮੁਕਤ ਲੋਕਾਂ ਤੇ ਕਾਮਿਆਂ ਦੇ 50 ਸਾਲ ਪਹਿਲਾਂ ਦੇ ਅਨੁਪਾਤ 7 ਪਿੱਛੇ 1 ਹੈ ਤੋਂ ਬਦਲ ਕੇ 2035 ਤੱਕ 2 ਪਿੱਛੇ ਇੱਕ ਹੋ ਜਾਵੇਗਾ।
  • 2016 ਤੋਂ ਲੈ ਕੇ 2021 ਤੱਕ ਕੈਨੇਡਾ ਵਿੱਚ 13 ਲੱਖ ਲੋਕ ਸਥਾਈ ਤੌਰ 'ਤੇ ਰਹਿਣ ਲੱਗੇ। ਇਹ ਕੈਨੇਡਾ ਦੇ ਇਮੀਗ੍ਰੇਸ਼ਨ ਰਿਕਾਰਡ ਦਾ ਸਭ ਤੋਂ ਵੱਡਾ ਨੰਬਰ ਸੀ।
  • ਵਿਭਾਗ ਵੱਲੋਂ ਕਿਹਾ ਗਿਆ ਕਿ ਦੇਸ ਭਰ ਦੇ ਲੋਕ ਦੇਖਣਗੇ ਕਿ ਕਿਵੇਂ ਇਮੀਗ੍ਰੇਸ਼ਨ, ਰਫ਼ਿਊਜ਼ੀ ਤੇ ਸਿਟੀਜ਼ਨਸ਼ਿਪ ਕੈਨੇਡਾ ਮੁਹਿੰਮ ਰਾਹੀਂ ਨਵੇਂ ਆਉਣ ਵਾਲੇ ਲੋਕ, ਸਥਾਨਕ ਭਾਈਚਾਰਿਆਂ ਲਈ ਲਾਹੇਵੰਦ ਹੁੰਦੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)