You’re viewing a text-only version of this website that uses less data. View the main version of the website including all images and videos.
ਯੂਕਰੇਨ ਦੀ ਰੂਸੀ ਫੌਜ ਖਿਲਾਫ਼ ਵੱਡੀ ਕਾਰਵਾਈ, ਕਈ ਇਲਾਕਿਆਂ ’ਚ ਖਦੇੜਨ ਦਾ ਦਾਅਵਾ
- ਲੇਖਕ, ਮਿਰਲੀਨ ਥੋਮਸ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 2 ਮਿੰਟ
ਯੂਕਰੇਨ ਦੀ ਫੌਜ ਨੇ ਖਾਰਖੀਵ ਖ਼ੇਤਰ ਵਿੱਚ ਰੂਸੀ ਫੌਜ ਨੂੰ ਗਿਣਤੀ ਦੇ ਮਾਮਲੇ ਵਿੱਚ 8 ਦੇ ਮੁਕਾਬਲੇ ਇੱਕ ਫੌਜੀ ਦੇ ਹਿਸਾਬ ਨਾਲ ਪਛਾੜ ਦਿੱਤਾ ਹੈ। ਯੂਕਰੇਨ ਦੀ ਫੌਜ ਵੱਲੋਂ ਜ਼ਬਰਦਸਤ ਤਰੀਕੇ ਨਾਲ ਜਵਾਬੀ ਕਾਰਵਾਈ ਕੀਤੀ ਗਈ ਹੈ। ਇਹ ਖ਼ੁਲਾਸਾ ਰੂਸ ਦੇ ਇੱਕ ਅਧਿਕਾਰੀ ਨੇ ਕੀਤਾ ਹੈ।
ਵਿਟਾਲੀ ਗਾਂਚੇਵ ਨੇ ਰੂਸੀ ਟੀਵੀ ਨੂੰ ਦੱਸਿਆ ਕਿ ਯੂਕਰੇਨ ਦੀ ਫੌਜ ਨੇ ਉੱਤਰੀ ਇਲਾਕੇ ਵਿੱਚ ਪਿੰਡਾਂ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਰੂਸੀ ਸਰਹੱਦ ਨੂੰ ਪਾਰ ਕਰ ਲਿਆ ਹੈ।
ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਛੇ ਮਹੀਨਿਆਂ ਦੀ ਜੰਗ ਵਿੱਚ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 3,000 ਵਰਗ ਕਿਲੋਮੀਟਰ ਖੇਤਰ ਦਾ ਕਬਜ਼ਾ ਮੁੜ ਹਾਸਲ ਕਰ ਲਿਆ ਹੈ। ਬੀਬੀਸੀ ਇਨ੍ਹਾਂ ਅੰਕੜਿਆਂ ਦੀ ਤਸਦੀਕ ਨਹੀਂ ਕਰਦਾ ਹੈ।
ਯੂਕਰੇਨ ਦੀ ਫੌਜ ਦਾ ਦਾਅਵਾ ਹੈ ਕਿ ਉਨ੍ਹਾਂ ਆਪਣੀ ਜਵਾਬੀ ਕਾਰਵਾਈ ਨਾਲ ਉੱਤਰੀ-ਪੂਰਬੀ ਇਲਾਕੇ ਵਿੱਚ ਲੰਘੇ 24 ਘੰਟਿਆਂ ਵਿੱਚ ਹੀ 20 ਪਿੰਡਾਂ ਨੂੰ ਆਪਣੇ ਅਧੀਨ ਕਰ ਲਿਆ ਹੈ।
ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਦੱਖਣੀ ਖੇਰਸਨ ਇਲਾਕੇ ਵਿੱਚ ਯੂਕਰੇਨ ਫੌਜ ਨੇ 500 ਵਰਗ ਕਿੱਲੋਮੀਟਰ ਦਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਯੂਕਰੇਨ ਦੇ ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨੀ ਫੌਜ ਦੀਆਂ ਸਫਲਤਾਵਾਂ ਦਾ ਰੂਸ ਦੇ ਸਮੁੱਚੇ ਸੰਚਾਲਨ ਡਿਜ਼ਾਈਨ ਲਈ "ਮਹੱਤਵਪੂਰਨ ਪ੍ਰਭਾਵ" ਹੋਵੇਗਾ।
ਕ੍ਰੇਮਲਿਨ ਦੇ ਬੁਲਾਰੇ ਨੇ ਹਾਲਾਂਕਿ ਇਹ ਕਿਹਾ ਕਿ ਯੂਕਰੇਨ ਵਿੱਚ ਆਪਰੇਸ਼ਨ ਉਦੋਂ ਤੱਕ ਜਾਰੀ ਰਹਿਣਗੇ "ਜਦੋਂ ਤੱਕ ਸਾਰੇ ਕੰਮ ਜੋ ਸ਼ੁਰੂ ਵਿੱਚ ਨਿਰਧਾਰਤ ਕੀਤੇ ਗਏ ਸਨ" ਪੂਰੇ ਨਹੀਂ ਹੋ ਜਾਂਦੇ।
ਰੂਸ ਨੇ ਕਿਹਾ ਕਿ ਉਸ ਦੀਆਂ ਫੌਜਾਂ ਉਨ੍ਹਾਂ ਇਲਾਕਿਆਂ 'ਚ ਹਮਲੇ ਕਰ ਰਹੀਆਂ ਹਨ, ਜਿਨ੍ਹਾਂ ਨੂੰ ਯੂਕਰੇਨ ਨੇ ਹਾਲ ਹੀ 'ਚ ਵਾਪਸ ਲਿਆ।
ਇਨ੍ਹਾਂ ਵਿੱਚ ਸ਼ਨੀਵਾਰ ਨੂੰ ਯੂਕਰੇਨ ਵੱਲੋਂ ਕੰਟਰੋਲ ਕੀਤੇ ਗਏ ਇਜ਼ਯੁਮ ਅਤੇ ਕੁਪੀਆਂਸਕ ਇਲਾਕੇ ਸਨ। ਰੂਸ ਨੇ ਇਨ੍ਹਾਂ ਦੋਵਾਂ ਕਸਬਿਆਂ ਤੋਂ ਆਪਣੀਆਂ ਫੌਜਾਂ ਦੇ ਪਿੱਛੇ ਹਟਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ "ਮੁੜ ਸੰਗਠਿਤ" ਕਰਨ ਦੀ ਇਜਾਜ਼ਤ ਮਿਲੇਗੀ।
ਇਹ ਵੀ ਪੜ੍ਹੋ:
ਰੂਸ ਉੱਤੇ ਜੰਗ ਦੇ ਮੈਦਾਨ 'ਚ ਪਏ ਝਟਕਿਆਂ ਦਾ ਬਦਲਾ ਲੈਣ ਲਈ ਨਾਗਰਿਕਾਂ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਹੈ।
ਉਧਰ ਮੌਸਕੋ ਨੇ ਐਤਵਾਰ ਨੂੰ ਯੂਕਰੇਨ ਵਿੱਚ ਮਿਜ਼ਾਈਲ ਹਮਲਿਆਂ ਦੀ ਇੱਕ ਲੜੀ ਨਾਲ ਵਾਪਸੀ ਕੀਤੀ, ਜਿਸ ਨਾਲ ਬਿਜਲੀ ਗੁੱਲ ਹੋ ਗਈ।
ਬਿਜਲੀ ਗੁੱਲ਼ ਹੋਣ ਨਾਲ ਖਾਰਖੀਵ ਅਤੇ ਦੋਨੇਤਸਕ ਇਲਾਕਿਆਂ ਦੇ ਲੱਖਾਂ ਲੋਕ ਪ੍ਰਭਾਵਿਤ ਹੋਏ। ਖਾਰਖੀਵ ਦੇ ਮੇਅਰ ਦਾ ਕਹਿਣਾ ਹੈ ਕਿ ਹੁਣ ਬਿਜਲੀ ਆ ਗਈ ਹੈ।
ਇਹੋਰ ਟੇਰੇਖੋਵ ਨੇ ਇਸ ਨੂੰ ਯੂਕਰੇਨੀ ਫੌਜ ਦੀਆਂ ਹਾਲ ਦੀਆਂ ਕਾਮਯਾਬੀਆਂ ਦਾ ਬਦਲਾ ਲੈਣ ਦੀ ਇੱਕ ਘਟੀਆ ਕੋਸ਼ਿਸ਼ ਦੱਸਿਆ। ਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਕਿਹਾ ਕਿ ਹੁਣ ਤਰਜੀਹ ਖਾਰਖੀਵ ਖੇਤਰ ਵਿੱਚ ਕੀਤੇ ਗਏ ਖੇਤਰੀ ਲਾਭਾਂ ਨੂੰ ਸੁਰੱਖਿਅਤ ਕਰਨਾ ਹੈ।
ਜਾਪਦਾ ਹੈ ਕਿ ਰੂਸੀ ਫੌਜ ਨੇ ਵੱਡੀ ਮਾਤਰਾ ਵਿੱਚ ਸਾਜ਼ੋ-ਸਾਮਾਨ ਅਤੇ ਗੋਲਾ ਬਾਰੂਦ ਛੱਡ ਦਿੱਤਾ ਹੈ ਕਿਉਂਕਿ ਇਹ ਫੌਜ ਯੁੱਧ ਦੇ ਪਹਿਲੇ ਹਫ਼ਤਿਆਂ ਤੋਂ ਆਪਣੇ ਕਬਜ਼ੇ ਵਾਲੇ ਖੇਤਰਾਂ ਤੋਂ ਪਿੱਛੇ ਹਟ ਗਈ ਸੀ।
ਰਿਪੋਰਟਾਂ ਮੁਤਾਬਕ ਇੱਕ ਰੂਸੀ ਜੰਗੀ-ਟੈਂਕ ਨਿਰਮਾਤਾ ਨੇ ਇਨ੍ਹਾਂ ਝਟਕਿਆਂ ਤੋਂ ਬਾਅਦ "24 ਘੰਟੇ" ਉਤਪਾਦਨ ਵੱਲ ਰੁਖ ਕਰ ਲਿਆ ਹੈ।
ਉਰਲਵਾਗੋਨਜ਼ਾਵੋਡ ਵਿਖੇ ਰੂਸ ਦੀ ਸਭ ਤੋਂ ਵੱਡੀ ਬਖਤਰਬੰਦ ਵਾਹਨ ਨਿਰਮਾਤਾ ਨਿਜ਼ਨੀ ਟੈਗਿਲ ਵਿੱਚ ਕਾਮਿਆਂ ਨੂੰ "ਉਤਪਾਦਨ ਦੀ ਜ਼ਰੂਰਤ" ਕਾਰਨ ਛੁੱਟੀਆਂ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: