ਪਾਕਿਸਤਾਨ ਵਲੋਂ ਭਾਰਤ ਨਾਲ ਵਪਾਰ ਮੁੜ ਸ਼ੁਰੂ ਕਰਨ ਦੇ ਸੰਕੇਤਾਂ ਤੋਂ ਬਾਅਦ ਵੀ ਕਿਉਂ ਖ਼ਫ਼ਾ ਹਨ ਕਾਰੋਬਾਰੀ

    • ਲੇਖਕ, ਸ਼ੁਮਾਇਲਾ ਜਾਫਰੀ
    • ਰੋਲ, ਬੀਬੀਸੀ ਨਿਊਜ਼, ਇਸਲਾਮਾਬਾਦ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਵਿਨਾਸ਼ਕਾਰੀ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਪਾਕਿਸਤਾਨ ਅਜੇ ਵੀ ਬਚਾਅ ਅਤੇ ਰਾਹਤ ਦੇ ਕਾਰਜਾਂ ਵਿੱਚ ਲਗਿਆ ਹੋਇਆ ਹੈ। ਦੇਸ਼ ਦਾ ਇੱਕ ਤਿਹਾਈ ਹਿੱਸਾ ਵਾਹੀਯੋਗ ਜ਼ਮੀਨ ਦੇ ਵੱਡੇ ਹਿੱਸੇ ਸਮੇਤ ਪਾਣੀ ਵਿੱਚ ਡੁੱਬ ਗਿਆ ਹੈ।

ਅਜਿਹੇ ਵਿੱਚ ਵਿੱਤ ਮੰਤਰੀ ਮਿਫਤਾ ਇਸਮਾਈਲ ਨੇ ਭੋਜਨ ਦੀ ਕਮੀ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਭਾਰਤ ਤੋਂ ਸਬਜ਼ੀਆਂ ਅਤੇ ਹੋਰ ਖਾਧ ਪਦਾਰਥਾਂ ਦੇ ਆਯਾਤ ਤੋਂ ਪਾਬੰਦੀ ਹਟਾਉਣ ਦੇ ਸੰਕੇਤ ਦਿੱਤੇ ਹਨ।

ਪਾਕਿਸਤਾਨ ਨੇ ਕਸ਼ਮੀਰ ਘਾਟੀ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਤੋਂ ਬਾਅਦ 2019 ਵਿੱਚ ਭਾਰਤ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਘਟਾ ਦਿੱਤਾ ਸੀ।

ਹਾਲਾਂਕਿ, ਹੁਣ ਜਦੋਂ ਦੇਸ਼ ਅੰਦਰ ਫਸਲਾਂ ਵੱਡੇ ਪੈਮਾਨੇ 'ਤੇ ਤਬਾਹ ਹੋ ਗਈਆਂ ਹਨ ਅਤੇ ਸਬਜ਼ੀਆਂ ਵਰਗੀਆਂ ਬੁਨਿਆਦੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਮਿਫਤਾ ਇਸਮਾਈਲ ਨੇ ਕਿਹਾ ਹੈ ਕਿ ਸਰਕਾਰ ਲੋਕਾਂ ਦੀ ਸਹੂਲਤ ਲਈ ਭਾਰਤ ਤੋਂ ਖਾਧ ਪਦਾਰਥਾਂ ਦੇ ਆਯਾਤ 'ਤੇ ਵਿਚਾਰ ਕਰ ਸਕਦੀ ਹੈ।

ਇਸਲਾਮਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵਣਜ ਅਤੇ ਵਿੱਤ ਸਕੱਤਰਾਂ ਨਾਲ ਪ੍ਰਸਤਾਵ 'ਤੇ ਚਰਚਾ ਕੀਤੀ ਹੈ। ਉਹ ਇੱਕ ਦੋ ਦਿਨਾਂ ਵਿੱਚ ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਕੋਲ ਲੈ ਕੇ ਜਾਣਗੇ ਜਿਸ ਨੂੰ ਅੰਤ ਵਿੱਚ ਸੰਘੀ ਸਰਕਾਰ ਦੁਆਰਾ ਕੈਬਨਿਟ ਵਿੱਚ ਮਨਜ਼ੂਰੀ ਦੇ ਦਿੱਤੀ ਜਾਵੇਗੀ।

ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਡਿਊਟੀ ਮੁਕਤ ਆਯਾਤ ਖੋਲ੍ਹਾਂਗੇ, ਇਸ ਨੂੰ ਆਸਾਨ ਬਣਾਵਾਂਗੇ। ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਭਾਰਤ ਨਾਲ ਜ਼ਮੀਨੀ ਸਰਹੱਦ ਰਾਹੀਂ ਆਯਾਤ ਕਰਨ 'ਤੇ ਵਿਚਾਰ ਕਰਾਂਗੇ ਕਿਉਂਕਿ (ਸਬਜ਼ੀਆਂ ਦੀਆਂ) ਕੀਮਤਾਂ ਸਥਿਰ ਨਹੀਂ ਹਨ।"

ਉਲਟਫੇਰ ਅਤੇ ਯੂ-ਟਰਨ

ਹਾਲਾਂਕਿ ਮੌਜੂਦਾ ਸੰਕਟ ਨੇ ਦੋਵਾਂ ਦੇਸਾਂ ਨੂੰ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਮੌਕਾ ਪ੍ਰਦਾਨ ਕੀਤਾ ਹੈ। ਇਹ ਦੇਖਣਾ ਬਾਕੀ ਹੈ ਕਿ ਕੈਬਨਿਟ ਹਰੀ ਝੰਡੀ ਦਿੰਦੀ ਹੈ ਜਾਂ ਭਾਰਤ ਇਸ 'ਤੇ ਕੀ ਪ੍ਰਤੀਕਿਰਿਆ ਦਿੰਦਾ ਹੈ। ਅਜਿਹਾ ਨਹੀਂ ਹੈ ਕਿ ਪਹਿਲੀ ਵਾਰ ਅਜਿਹਾ ਪ੍ਰਸਤਾਵ ਚਰਚਾ ਵਿੱਚ ਆਇਆ ਹੈ।

ਰਾਜਨੀਤਿਕ ਵਿਗਿਆਨੀ ਫਾਹਦ ਹੁਮਾਯੂੰ ਦਾ ਮੰਨਣਾ ਹੈ ਕਿ ਉਲਟਫੇਰ ਅਤੇ ਯੂ-ਟਰਨ ਦਾ ਇਤਿਹਾਸ ਰਿਹਾ ਹੈ ਕਿਉਂਕਿ ਤੋੜ-ਵਿਛੋੜੇ ਦਾ ਤਰਕ ਕਦੇ ਵੀ ਅਰਥ ਸ਼ਾਸਤਰ 'ਤੇ ਆਧਾਰਿਤ ਨਹੀਂ ਰਿਹਾ, ਇਹ ਹਮੇਸ਼ਾ ਰਾਜਨੀਤਿਕ ਰਿਹਾ ਹੈ।

ਇਹ ਤਰਕ ਪ੍ਰਸੰਗਿਗ ਲੱਗਦਾ ਹੈ ਕਿ ਜੇਕਰ ਕੋਈ ਹਾਲ ਹੀ ਦੇ ਅਤੀਤ ਦੀ ਜਾਂਚ ਕਰਦਾ ਹੈ। ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਮੌਜੂਦਾ ਸਰਕਾਰ ਦੇ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਭਾਰਤ ਨਾਲ ਵਪਾਰ ਨੂੰ ਨਵਿਆਉਣ ਦੀਆਂ ਅਫਵਾਹਾਂ ਫੈਲਣ ਲੱਗੀਆਂ ਹਨ।

ਇਹ ਦੋ ਆਧਾਰਾਂ 'ਤੇ ਹੋਇਆ, ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਵਿੱਚ ਇੱਕ ਟਰੇਡ ਅਧਿਕਾਰੀ ਦੀ ਨਿਯੁਕਤੀ ਦੀ ਖ਼ਬਰ ਅਤੇ ਸ਼ਰੀਫ ਸਰਕਾਰ ਦੇ ਨਵ-ਨਿਯੁਕਤ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦਾ ਬਿਆਨ ਜਿਨ੍ਹਾਂ ਨੇ ਭਾਰਤ ਨਾਲ ਵਪਾਰਕ ਸਬੰਧਾਂ ਦੇ ਮਾਮਲੇ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਆਪਣੇ ਗੁਆਂਢੀ ਤੋਂ ਵੱਖ ਰਹਿਣਾ ਪਾਕਿਸਤਾਨ ਦੇ ਹਿੱਤ ਵਿੱਚ ਨਹੀਂ।

ਪਰ ਇਮਰਾਨ ਖਾਨ ਦੀ ਪਾਰਟੀ ਦੇ ਸਿਆਸੀ ਵਿਰੋਧ ਦੇ ਕਾਰਨ ਸਰਕਾਰ ਨੂੰ ਤੁਰੰਤ ਸਪੱਸ਼ਟੀਕਰਨ ਦੇਣਾ ਪਿਆ ਕਿ ਟਰੇਡ ਅਧਿਕਾਰੀ ਦੀ ਨਿਯੁਕਤੀ ਇੱਕ ਰੁਟੀਨ ਮਾਮਲਾ ਹੈ।

ਵਣਜ ਮੰਤਰਾਲੇ ਨੇ ਦੁਵੱਲੇ ਵਪਾਰ ਨੂੰ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਨੂੰ ਰੱਦ ਕਰਨ ਲਈ ਇੱਕ ਬਿਆਨ ਜਾਰੀ ਕੀਤਾ ਅਤੇ ਸਪੱਸ਼ਟ ਕੀਤਾ ਕਿ ਨੀਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਇਸੇ ਤਰ੍ਹਾਂ ਪਿਛਲੇ ਸਾਲ ਜਦੋਂ ਇਮਰਾਨ ਖਾਨ ਸੱਤਾ ਵਿੱਚ ਸਨ ਤਾਂ ਉਨ੍ਹਾਂ ਦੀ ਸਰਕਾਰ ਨੇ ਵੀ ਅਜਿਹੇ ਪ੍ਰਸਤਾਵਾਂ 'ਤੇ ਵਿਚਾਰ ਕੀਤਾ ਸੀ।

ਭਾਰਤ ਨਾਲ ਵਪਾਰ ਨੂੰ ਸੁਚਾਰੂ ਕਰਨ ਦੇ ਸੰਕੇਤ ਸਾਬਕਾ ਪ੍ਰਧਾਨ ਮੰਤਰੀ ਦੇ ਤਤਕਾਲੀ ਵਣਜ ਸਲਾਹਕਾਰ ਰਜ਼ਾਕ ਦਾਊਦ ਨੇ ਦੇ ਦਿੱਤੇ ਸਨ, ਜਿਨ੍ਹਾਂ ਨੇ ਕਿਹਾ ਸੀ ਕਿ ਭਾਰਤ ਨਾਲ ਵਪਾਰ ਸਮੇਂ ਦੀ ਲੋੜ ਹੈ ਅਤੇ ਇਸ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਹ ਦੋਵਾਂ ਦੇਸ਼ਾਂ ਲਈ ਲਾਭਦਾਇਕ ਹੈ, ਖਾਸ ਕਰਕੇ ਪਾਕਿਸਤਾਨ ਲਈ। ਪਰ ਇਮਰਾਨ ਸਰਕਾਰ ਨੂੰ ਉਸ ਸਮੇਂ ਦੀ ਵਿਰੋਧੀ ਧਿਰ ਜੋ ਕਿ ਹੁਣ ਪਾਕਿਸਤਾਨ 'ਤੇ ਰਾਜ ਕਰ ਰਹੀ ਹੈ, ਦੀ ਤਿੱਖੀ ਆਲੋਚਨਾ ਤੋਂ ਬਾਅਦ ਤੁਰੰਤ ਪਿੱਛੇ ਹਟਣਾ ਪਿਆ ਸੀ।

ਫਾਹਦ ਹੁਮਾਯੂੰ ਦੇ ਅਨੁਸਾਰ, ਗੁਆਂਢੀ ਦੇਸ਼ ਦੇ ਨਾਲ ਚੰਗੇ ਆਰਥਿਕ ਸਬੰਧਾਂ ਦੇ ਹੋਣ ਬਾਰੇ ਕੋਈ ਵਿਵਾਦ ਨਹੀਂ ਹੈ। ਬੀਤੀਆਂ ਸਰਕਾਰਾਂ ਨੇ ਵੀ ਇਸ ਦੀ ਵਕਾਲਤ ਕੀਤੀ ਹੈ।

ਇਸ ਬਾਰੇ ਹਾਲ ਵਿੱਚ ਹੀ ਵਿੱਚ ਦੇਸ਼ ਦੇ ਰਾਸ਼ਟਰੀ ਸੁਰੱਖਿਆ ਨੀਤੀ ਦਸਤਾਵੇਜ਼ ਵਿੱਚ ਵੀ ਇਸ ਨੂੰ ਥਾਂ ਮਿਲੀ ਹੈ।

ਇਹ ਵੀ ਪੜ੍ਹੋ-

ਹਾਲਾਂਕਿ, ਫਾਹਦ ਦਾ ਮੰਨਣਾ ਹੈ ਕਿ ਭਾਰਤ ਦੇ ਨਾਲ ਵਪਾਰ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਹਮੇਸ਼ਾ ਸਿਆਸੀ ਤੌਰ 'ਤੇ ਵਿਵਾਦਪੂਰਨ ਹੋਣਗੀਆਂ।

'ਭਰੋਸਾ ਟੁੱਟਿਆ'

ਉਜ਼ਮਾ ਸ਼ਾਹਿਦ ਲਾਹੌਰ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਐਲਸੀਸੀਆਈ) ਵਿੱਚ ਪਾਕਿਸਤਾਨ-ਭਾਰਤ ਵਪਾਰ ਡੈਸਕ ਦੀ ਸਾਬਕਾ ਕਨਵੀਨਰ ਹੈ। 2019 ਵਿੱਚ ਕਸ਼ਮੀਰ ਵਿੱਚ ਵਾਪਰੀਆਂ ਘਟਨਾਵਾਂ ਦੇ ਬਾਅਦ ਵਪਾਰਕ ਸਬੰਧਾਂ ਨੂੰ ਤੋੜਨ ਤੋਂ ਬਾਅਦ ਡੈਸਕ ਨੂੰ ਭੰਗ ਕਰ ਦਿੱਤਾ ਗਿਆ ਸੀ।

ਉਜ਼ਮਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵਪਾਰ 'ਤੇ ਰਾਤੋ-ਰਾਤ ਪਾਬੰਦੀ ਲਾ ਦਿੱਤੀ ਗਈ, ਉਸ ਨੇ ਸੈਂਕੜੇ ਕਾਰੋਬਾਰੀਆਂ ਅਤੇ ਔਰਤਾਂ ਨੂੰ ਬਰਬਾਦ ਕਰ ਦਿੱਤਾ ਅਤੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਰਾਤੋ-ਰਾਤ ਬੰਦ ਕਰ ਦਿੱਤਾ। ਉਜ਼ਮਾ 2019 ਤੋਂ ਪਹਿਲਾਂ ਭਾਰਤ ਨਾਲ ਟੈਕਸਟਾਈਲ ਦੇ ਆਯਾਤ ਅਤੇ ਨਿਰਯਾਤ ਵਿੱਚ ਸ਼ਾਮਿਲ ਸੀ।

ਉਜ਼ਮਾ ਨੇ ਲੋਕਾਂ ਦੀ ਖੁਸ਼ਹਾਲੀ ਦੇ ਸਮੇਂ ਨੂੰ ਯਾਦ ਕਰਦਿਆਂ ਕਿਹਾ, "ਜਦੋਂ ਦੋਵੇਂ ਪਾਸੇ ਸਬੰਧ, ਸਨਮਾਨ ਅਤੇ ਦੋਸਤੀ ਸੀ, ਪਰ ਪੈੱਨ ਦੇ ਇੱਕ ਝਟਕੇ ਨਾਲ ਸਾਡੀ ਆਮਦਨ ਅਤੇ ਸਾਡੀ ਉਮਰ ਭਰ ਦੀ ਬਚਤ ਖੋਹ ਲਈ ਗਈ, ਅਸੀਂ ਬਰਬਾਦ ਹੋ ਗਏ।"

ਉਜ਼ਮਾ ਨੇ ਕਿਹਾ ਕਿ ਉਸ ਨੂੰ ਨਿੱਜੀ ਤੌਰ 'ਤੇ ਲੱਖਾਂ ਦਾ ਨੁਕਸਾਨ ਹੋਇਆ ਸੀ ਜਿਸ ਦਾ ਉਸ ਨੇ ਆਪਣੇ ਆਰਡਰਾਂ ਲਈ ਭੁਗਤਾਨ ਕੀਤਾ ਸੀ। ਉਸ ਨਾਲ ਕੰਮ ਕਰਨ ਵਾਲੇ ਭਾਰਤੀ ਨਿਰਯਾਤਕਾਂ ਨੂੰ ਵੀ ਨੁਕਸਾਨ ਹੋਇਆ ਸੀ ਕਿਉਂਕਿ ਉਨ੍ਹਾਂ ਨੇ ਉਹ ਆਰਡਰ ਲੈ ਲੇ ਜੋ ਉਹ ਕਦੇ ਪੂਰਾ ਨਹੀਂ ਕਰ ਸਕਦੇ ਸੀ।

''ਕਸ਼ਮੀਰੀਆਂ ਲਈ ਲੜਦੇ ਹੋਏ ਉਨ੍ਹਾਂ ਨੇ ਸਾਨੂੰ ਅਸਫ਼ਲ ਕਰ ਦਿੱਤਾ। ਅਸੀਂ ਅਜੇ ਵੀ ਉਸ ਵਿੱਤੀ ਅਤੇ ਮਾਨਸਿਕ ਸਦਮੇ ਤੋਂ ਉਭਰ ਨਹੀਂ ਸਕੇ ਜੋ ਅਚਾਨਕ ਲਗਾਈ ਪਾਬੰਦੀ ਨਾਲ ਸਾਨੂੰ ਲੱਗਿਆ ਸੀ।''

ਉਜ਼ਮਾ ਨੇ ਕਿਹਾ ਕਿ ਭਾਰਤ ਨਾਲ ਵਪਾਰ ਵਿੱਚ ਸ਼ਾਮਲ ਲੋਕਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਪਹਿਲਾਂ ਤੋਂ ਹੀ ਪਾਈਪਲਾਈਨ ਵਿੱਚ ਪਏ ਸੌਦਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਕੁਝ ਸਮਾਂ ਦੀ ਛੋਟ ਦੇਵੇ, ਪਰ ਕੋਈ ਫਾਇਦਾ ਨਹੀਂ ਹੋਇਆ।

"ਮਹੀਨਿਆਂ ਤੱਕ ਅਸੀਂ ਉਮੀਦ ਕਰਦੇ ਰਹੇ ਕਿ ਵਪਾਰ ਜਲਦੀ ਹੀ ਮੁੜ ਸ਼ੁਰੂ ਹੋ ਜਾਵੇਗਾ, ਪਰ ਅਜਿਹਾ ਕਦੇ ਨਹੀਂ ਹੋਇਆ"।

ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਸੀਮਤ ਪੱਧਰ ਉੱਤੇ ਪੁਨਰ ਸੁਰਜੀਤੀ ਦੀ ਸੰਭਾਵਨਾ ਦੀਆਂ ਖਬਰਾਂ 'ਤੇ ਪ੍ਰਤੀਕਿਰਿਆ ਕਰਦੇ ਹੋਏ ਉਜ਼ਮਾ ਨੇ ਥੋੜ੍ਹਾ ਖਦਸ਼ਾ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਵਪਾਰ ਨਾਲ ਜੁੜੇ ਹੋਏ ਸਨ, ਉਨ੍ਹਾਂ ਦਾ ਭਰੋਸਾ ਖਤਮ ਹੋ ਗਿਆ ਹੈ, ਘੱਟੋ-ਘੱਟ ਉਹ ਤਾਂ ਇਸ ਤੋਂ ਦੂਰ ਹੀ ਰਹਿਣਗੇ।

"ਕੌਣ ਗਾਰੰਟੀ ਦੇ ਸਕਦਾ ਹੈ ਕਿ ਜਿਸ ਤਰ੍ਹਾਂ ਲੋਕ ਇੱਕ ਝਟਕੇ ਵਿੱਚ ਹੀ ਅਸਮਾਨ ਤੋਂ ਡਿੱਗ ਗਏ, ਅਜਿਹਾ ਦੁਬਾਰਾ ਨਹੀਂ ਹੋਵੇਗਾ? ਦੋਵਾਂ ਦੇਸ਼ਾਂ ਵਿਚਾਲੇ ਰਾਜਨੀਤੀ ਇੰਨੀ ਗੁੰਝਲਦਾਰ ਹੈ ਕਿ ਸਥਿਰਤਾ ਦੀ ਉਮੀਦ ਕਰਨਾ ਬੇਵਕੂਫ਼ੀ ਹੈ ਜੋ ਨਿਵੇਸ਼ਕਾਂ ਦੇ ਭਰੋਸੇ ਲਈ ਜ਼ਰੂਰੀ ਹੈ।''

2019 ਤੋਂ ਪਹਿਲਾਂ, ਪਾਕਿਸਤਾਨ ਅਤੇ ਭਾਰਤ ਵਾਘਾ ਸਰਹੱਦ ਰਾਹੀਂ ਤਾਜ਼ੇ ਫਲ, ਸਬਜ਼ੀਆਂ, ਟੈਕਸਟਾਈਲ, ਦਸਤਕਾਰੀ, ਜਿਪਸਮ, ਸੰਗਮਰਮਰ, ਨਮਕ, ਮਸਾਲੇ, ਨਕਲੀ ਗਹਿਣੇ ਅਤੇ ਹੋਰ ਵਸਤਾਂ ਦਾ ਆਯਾਤ ਅਤੇ ਨਿਰਯਾਤ ਕਰ ਰਹੇ ਸਨ, ਜਿਸ ਬਾਰੇ ਉਜ਼ਮਾ ਦਾ ਦਾਅਵਾ ਹੈ ਕਿ ਇਹ ਹੁਣ ਭੂਤਾਂ ਵਾਲੇ ਘਰ ਵਾਂਗ ਸੁਨਸਾਨ ਹੈ।

ਜ਼ੀਰੋ-ਰਾਸ਼ੀ ਦੀ ਖੇਡ ਨਹੀਂ

ਅਰਥ ਸ਼ਾਸਤਰੀ ਹਾਦੀਆ ਮਜੀਦ ਦਾ ਕਹਿਣਾ ਹੈ ਕਿ ਵਪਾਰ ਨੂੰ ਮੁੜ ਸ਼ੁਰੂ ਕਰਨਾ ਇੱਕ ਰਾਜਨੀਤਿਕ ਫੈਸਲਾ ਹੈ, ਪਰ ਆਰਥਿਕਤਾ ਦੇ ਨਜ਼ਰੀਏ ਤੋਂ ਵਪਾਰ ਕਦੇ ਵੀ ਜ਼ੀਰੋ-ਰਾਸ਼ੀ ਦੀ ਖੇਡ ਗੇਮ ਨਹੀਂ ਹੁੰਦਾ ਹੈ। ਇਹ ਨਾ ਸਿਰਫ਼ ਭਾਰਤ ਅਤੇ ਪਾਕਿਸਤਾਨ ਲਈ ਸਗੋਂ ਪੂਰੇ ਖੇਤਰ ਲਈ ਇੱਕ ਜਿੱਤ ਹੈ।

ਹਾਦੀਆ ਨੇ ਟਿੱਪਣੀ ਕੀਤੀ, ਪਾਕਿਸਤਾਨ ਦੇ ਨਜ਼ਰੀਏ ਤੋਂ ਖਾਧ ਪਦਾਰਥਾਂ ਦਾ ਆਯਾਤ ਯਕੀਨੀ ਤੌਰ 'ਤੇ ਸਪਲਾਈ ਚੇਨ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗਾ, ਇਹ ਹੋਰ ਮਹਿੰਗਾਈ ਨੂੰ ਕਾਬੂ ਵਿੱਚ ਰੱਖੇਗਾ ਅਤੇ ਸੰਕਟ ਦੇ ਹੋਰ ਵਿਗੜਨ ਦੀ ਉਡੀਕ ਕਰਨ ਦੀ ਬਜਾਏ ਇਹ ਸਮਝਦਾਰੀ ਦੀ ਗੱਲ ਹੈ ਕਿ ਸਰਕਾਰ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਨੀਤੀਗਤ ਲੀਹਾਂ 'ਤੇ ਸੋਚ ਰਹੀ ਹੈ।

"ਖੇਤਰੀ ਵਪਾਰ ਲੋਕਾਂ ਦੇ ਸ਼ਾਂਤੀ ਨਾਲ ਰਹਿਣ ਸਹਿਣ ਨੂੰ ਉਤਸ਼ਾਹਿਤ ਕਰਦਾ ਹੈ, ਇਹ ਰਾਜਨੀਤਿਕ ਏਕਤਾ, ਸਮਾਜਿਕ ਅਤੇ ਸੱਭਿਆਚਾਰਕ ਸਬੰਧ ਅਤੇ ਆਪਸੀ ਖੁਸ਼ਹਾਲੀ ਬਣਾਉਂਦਾ ਹੈ।''

"ਜੇਕਰ ਭਾਰਤ ਅਤੇ ਪਾਕਿਸਤਾਨ ਵਪਾਰ ਦੁਬਾਰਾ ਖੋਲ੍ਹਦੇ ਹਨ, ਤਾਂ ਇਹ ਲਾਗਤ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ, ਦੋਵੇਂ ਇੱਕ ਦੂਜੇ ਦੀਆਂ ਉਤਪਾਦਨ ਪ੍ਰਕਿਰਿਆਵਾਂ, ਤਕਨੀਕੀ ਪ੍ਰਗਤੀ ਬਾਰੇ ਸਿੱਖ ਸਕਦੇ ਹਨ। ਇਹ ਸਮੇਂ ਦੀ ਬਚਤ ਕਰਦਾ ਹੈ ਅਤੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ।''

ਹਾਦੀਆ ਨੇ ਅੱਗੇ ਕਿਹਾ, "ਪ੍ਰਭਾਵ ਸਮਾਨ ਰੂਪ ਨਾਲ ਉੱਪਰ ਅਤੇ ਹੇਠਾਂ ਪ੍ਰਵਾਹਿਤ ਹੋਣਗੇ ਅਤੇ ਸਰਹੱਦ ਪਾਰ ਦੇ ਭਾਈਚਾਰਿਆਂ ਨੂੰ ਉਨ੍ਹਾਂ ਤੋਂ ਲਾਭ ਹੋਵੇਗਾ। ਕੋਈ ਉਮੀਦ ਕਰ ਸਕਦਾ ਹੈ ਕਿ ਜੇ ਸਮੂਹਿਕ ਆਰਥਿਕ ਹਿੱਤ ਵੱਧ ਜਾਂਦੇ ਹਨ, ਤਾਂ ਇਹ ਰਾਜਨੀਤਿਕ ਗਰਮਾਹਟ ਨੂੰ ਕਾਬੂ ਵਿੱਚ ਰੱਖਣ ਵਿੱਚ ਵੀ ਮਦਦ ਕਰ ਸਕਦਾ ਹੈ।''

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)