ਸ਼੍ਰੀਲੰਕਾ ਵਿੱਚ ਸਰਕਾਰ ਵਿਰੋਧੀ ਧਰਨਿਆਂ ਉਪਰ ਫੌਜ ਦੀ ਕਾਰਵਾਈ, ਬੀਬੀਸੀ ਪੱਤਰਕਾਰ 'ਤੇ ਵੀ ਹਮਲਾ

    • ਲੇਖਕ, ਜਾਰਜ ਰਾਈਟ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਸ਼੍ਰੀਲੰਕਾ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਸ਼ੁੱਕਰਵਾਰ ਸਵੇਰੇ ਸਰਕਾਰ ਖ਼ਿਲਾਫ ਚੱਲ ਰਹੇ ਪੱਕੇ ਧਰਨਿਆਂ ਉਪਰ ਕਾਰਵਾਈ ਕਰਦਿਆਂ ਟੈਂਟ ਪੁੱਟਣੇ ਸ਼ੁਰੂ ਕਰ ਦਿੱਤੇ ਗਏ ਹਨ।

ਸੈਂਕੜੇ ਪੁਲਿਸ ਮੁਲਾਜ਼ਮਾਂ ਅਤੇ ਸੈਨਿਕ ਦਲਾਂ ਵੱਲੋਂ ਰਾਸ਼ਟਰਪਤੀ ਦੀ ਰਿਹਾਇਸ਼ ਦੇ ਬਾਹਰ ਧਰਨੇ ਉਪਰ ਬੈਠੇ ਲੋਕਾਂ ਉਪਰ ਧਾਵਾ ਬੋਲਿਆ ਗਿਆ।

ਸੁਰੱਖਿਆ ਦਲਾਂ ਦੀ ਇਹ ਰੇਡ ਉਸ ਸਮੇਂ ਹੋਈ ਜਦੋਂ ਇਹ ਲੋਕ ਕੁਝ ਹੀ ਘੰਟਿਆਂ ਵਿੱਚ ਏਥੋਂ ਜਾਣ ਵਾਲੇ ਸਨ।

ਇਸ ਦੌਰਾਨ ਫੌਜ ਵਲੋਂ ਇੱਕ ਬੀਬੀਸੀ ਪੱਤਰਕਾਰ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਇੱਕ ਫੌਜੀ ਵੱਲੋਂ ਉਹਨਾਂ ਦਾ ਫੋਨ ਖੋਹ ਲਿਆ ਗਿਆ ਜਿਸ ਵਿੱਚੋਂ ਵੀਡੀਓਜ਼ ਡਿਲੀਟ ਕਰ ਦਿੱਤੀਆਂ ਗਈਆਂ।

ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਹਾਲ ਹੀ ਵਿੱਚ ਰਨਿਲ ਵਿਕਰਮਾਸਿੰਘੇ ਵੱਲੋਂ ਰਾਸ਼ਟਰਪਤੀ ਵੱਜੋਂ ਸਹੁੰ ਚੁੱਕੀ ਗਈ ਹੈ।

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਪਿਛਲੇ ਹਫਤੇ ਦੇਸ਼ ਛੱਡ ਗਏ ਸਨ। ਉਹਨਾਂ ਨੇ ਆਪਣਾ ਅਸਤੀਫ਼ਾ ਈ-ਮੇਲ ਰਾਹੀਂ ਸ਼੍ਰੀਲੰਕਾ ਦੀ ਸੰਸਦ ਦੇ ਸਪੀਕਰ ਨੂੰ ਭੇਜਿਆ ਸੀ।

ਵਿਕਰਮਾਸਿੰਘੇ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਹਨ, ਉਹ ਲੋਕਾਂ ਵਿੱਚ ਘੱਟ ਹਰਮਨ ਪਿਆਰੇ ਹਨ। ਉਹਨਾਂ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਸਹੁੰ ਖਾਧੀ ਹੈ। ਪਰ ਕੁਝ ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇਗਾ।

ਸ਼੍ਰੀਲੰਕਾ ਆਰਥਿਕ ਸੰਕਟ ਕਾਰਨ ਕਈ ਮਹਿਨਿਆਂ ਤੋਂ ਅਸਥਿਰ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ:

ਬਹੁਤ ਸਾਰੇ ਲੋਕ ਇਸ ਸੰਕਟ ਲਈ ਰਾਜਪਕਸ਼ੇ ਪ੍ਰਸ਼ਾਸ਼ਨ ਨੂੰ ਦੇਸ਼ ਦੀ ਆਰਥਿਕਤਾ ਗਲਤ ਤਰੀਕੇ ਨਾਲ ਚਲਾਉਣ ਲਈ ਦੋਸ਼ ਦੇ ਰਹੇ ਹਨ। ਉਹ ਨਵੇਂ ਚੁਣੇ ਰਾਸ਼ਟਰਪਤੀ ਵਿਕਰਮਾਸਿੰਘੇ ਨੂੰ ਵੀ ਇਸ ਦਾ ਹਿੱਸਾ ਮੰਨਦੇ ਹਨ। ਪਰ ਉਹਨਾਂ ਦੇ ਸੰਸਦ ਦੀ ਵੋਟ ਜਿੱਤਣ ਤੋਂ ਅਗਲੇ ਦਿਨ ਸੜਕਾਂ 'ਤੇ ਕੁਝ ਪ੍ਰਦਰਸ਼ਨ ਹੋਏ।

ਰਨਿਲ ਵਿਕਰਮਾਸਿੰਘੇ ਵੱਲੋਂ ਰਾਸ਼ਟਰਪਤੀ ਵੱਜੋਂ ਸਹੁੰ ਚੁੱਕੇ ਜਾਣ ਤੋਂ ਬਾਅਦ ਉਹਨਾਂ ਕਿਹਾ ਸੀ ਕਿ ਸਰਕਾਰ ਦਾ ਤਖ਼ਤਾ ਪਲਟ ਦੀ ਕੋਸ਼ਿਸ ਕਰਨਾ ਜਾਂ ਸਰਕਾਰੀ ਇਮਾਰਤਾਂ ਨੂੰ ਘੇਰਣਾ ਲੋਕਤੰਤਰ ਨਹੀਂ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਜੋ ਲੋਕ ਇਹਨਾਂ ਕਾਰਵਾਈਆਂ ਵਿੱਚ ਸ਼ਾਮਿਲ ਹੋਣਗੇ ਉਹਨਾਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਪ੍ਰਦਰਸ਼ਨਕਾਰੀਆਂ ਵਿੱਚ ਇਹ ਚਿੰਤਾਵਾਂ ਸਨ ਕਿ ਸਰਕਾਰ ਹੌਲੀ-ਹੌਲੀ ਵਿਰੋਧ ਕਰ ਰਹੇ ਲੋਕਾਂ ਉਪਰ ਸ਼ਖਤ ਕਾਰਵਾਈ ਕਰ ਸਕਦੀ ਹੈ।

ਬੀਬੀਸੀ ਪੱਤਰਕਾਰਾਂ ਉਪਰ ਹਮਲਾ

ਬੀਬੀਸੀ ਦੇ ਦੱਖਣੀ ਏਸ਼ੀਆ ਦੇ ਐਡੀਟਰ ਅੰਬਰਾਸਨ ਈਥੀਰਾਜਨ ਅਨੁਸਾਰ ਜਦੋਂ ਉਹਨਾਂ ਨੇ ਸੁਣਿਆ ਕਿ ਫੌਜ ਅੱਧੀ ਰਾਤ ਤੋਂ ਬਾਅਦ ਕੋਲੰਬੋ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਵਾਲੀ ਥਾਂ 'ਤੇ ਛਾਪਾ ਮਾਰ ਰਹੀ ਹੈ ਤਾਂ ਉਹ ਸ਼੍ਰੀਲੰਕਾ ਦੇ ਰਾਸ਼ਟਰਪਤੀ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਵਾਲੀ ਥਾਂ 'ਤੇ ਗਏ।

ਈਥੀਰਾਜਨ ਮੁਤਾਬਕ ਜਲਦੀ ਹੀ ਭਾਰੀ ਹਥਿਆਰਾਂ ਨਾਲ ਲੈਸ ਸੈਂਕੜੇ ਸਿਪਾਹੀ ਅਤੇ ਦੰਗਾ ਗੇਅਰ ਵਾਲੇ ਪੁਲਿਸ ਕਮਾਂਡੋ ਦੋ ਪਾਸਿਆਂ ਤੋਂ ਆਏ। ਉਨ੍ਹਾਂ ਦੇ ਮੂੰਹ ਢੱਕੇ ਹੋਏ ਸਨ।

ਜਦੋਂ ਲੋਕਾਂ ਨੇ ਉਨ੍ਹਾਂ ਦੀ ਮੌਜੂਦਗੀ 'ਤੇ ਇਤਰਾਜ਼ ਜਤਾਇਆ ਤਾਂ ਸੁਰੱਖਿਆ ਕਰਮਚਾਰੀਆਂ ਨੇ ਮਾਰਚ ਕੀਤਾ ਅਤੇ ਉਹ ਹਮਲਾਵਰ ਹੋ ਗਏ। ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਧੱਕ ਦਿੱਤਾ ।

"ਅਸੀਂ ਸਕਿੰਟਾਂ ਵਿੱਚ ਸੈਨਿਕਾਂ ਨੂੰ ਫੁੱਟਪਾਥ 'ਤੇ ਚੀਕਦੇ, ਟੈਂਟ ਅਤੇ ਹੋਰ ਚੀਜ਼ਾਂ ਨੂੰ ਨਸ਼ਟ ਕਰਦੇ ਦੇਖਿਆ। ਫੌਜੀ ਵੀ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਚਲੇ ਗਏ ਜਿਸ ਉਪਰ ਪਿਛਲੇ ਹਫ਼ਤੇ ਲੋਕਾਂ ਦੀ ਭਾਰੀ ਭੀੜ ਨੇ ਧਾਵਾ ਬੋਲਿਆ ਸੀ।"

ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਫੌਜ ਨਾਲ ਘਿਰਿਆ ਇੱਕ ਵਿਆਕਤੀ ਜੋ ਵਰਦੀ ਵਿੱਚ ਨਹੀਂ ਸੀ, ਮੇਰੇ ਸਾਥੀ 'ਤੇ ਚੀਕਿਆ। ਉਸ ਨੇ ਕਿਹਾ ਕਿ ਉਹ ਫੋਨ ਤੋਂ ਵੀਡੀਓਜ਼ ਨੂੰ ਡਿਲੀਟ ਕਰਨਾ ਚਾਹੁੰਦਾ ਹੈ। ਕੁਝ ਹੀ ਸਕਿੰਟਾਂ ਵਿੱਚ ਉਸ ਵਿਆਕਤੀ ਨੇ ਮੇਰੇ ਸਾਥੀ ਦੇ ਮੁੱਕਾ ਮਾਰਿਆ ਅਤੇ ਉਸਦਾ ਫ਼ੋਨ ਖੋਹ ਲਿਆ।

ਭਾਵੇਂ ਕਿ ਮੈਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਪੱਤਰਕਾਰ ਹਾਂ ਅਤੇ ਆਪਣਾ ਕੰਮ ਕਰ ਰਹੇ ਹਾਂ ਪਰ ਉਨ੍ਹਾਂ ਨੇ ਸਾਡੀ ਗੱਲ ਨਹੀਂ ਸੁਣੀ। ਮੇਰੇ ਸਾਥੀ 'ਤੇ ਹੋਰ ਹਮਲਾ ਕੀਤਾ ਗਿਆ। ਅਸੀਂ ਇਤਰਾਜ਼ ਵੀ ਕੀਤਾ। ਬੀਬੀਸੀ ਦੇ ਇੱਕ ਹੋਰ ਸਹਿਕਰਮੀ ਦਾ ਵੀ ਮਾਈਕ ਖੋਹ ਕੇ ਸੁੱਟ ਦਿੱਤਾ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)