You’re viewing a text-only version of this website that uses less data. View the main version of the website including all images and videos.
ਸ਼ਿੰਜ਼ੋ ਆਬੇ: ਦੋ ਦਹਾਕੇ ਤੱਕ ਜਪਾਨ ਦੀ ਸਿਆਸਤ 'ਤੇ ਰਾਜ ਕਰਨ ਵਾਲੇ 'ਪ੍ਰਿੰਸ' ਬਾਰੇ ਜਾਣੋ
ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਸ਼ਿੰਜ਼ੋ ਆਬੇ ਆਪਣੀਆਂ ਤੇਜ਼ਤਰਾਰ ਨੀਤੀ ਅਤੇ "ਅਬੇਨੋਮਿਕਸ" ਦੀ ਆਪਣੀ ਖ਼ਾਸ ਆਰਥਿਕ ਰਣਨੀਤੀ ਲਈ ਜਾਣੇ ਜਾਂਦੇ ਸਨ।
67 ਸਾਲਾ ਆਬੇ ਨੇ ਦੋ ਵਾਰ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐਲਡੀਪੀ) ਨੂੰ ਜਿੱਤ ਦੁਆਈ ਸੀ।
ਉਨ੍ਹਾਂ ਨੇ 2020 ਵਿੱਚ ਸਿਹਤ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਸੀ। ਜਦੋਂ ਹਫ਼ਤਿਆਂ ਦੀਆਂ ਕਿਆਸਰਾਈਆਂ ਤੋਂ ਬਾਅਦ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਮੁੜ ਅੰਤੜੀਆਂ ਦੀ ਬਿਮਾਰੀ 'ਅਲਸਰੇਟਿਵ ਕੋਲਾਈਟਿਸ' ਨਾਲ ਜੂਝ ਰਹੇ ਹਨ।
ਇਸੇ ਬਿਮਾਰੀ ਕਾਰਨ ਉਨ੍ਹਾਂ ਨੇ 2007 ਵਿੱਚ ਵੀ ਪ੍ਰਧਾਨ ਮੰਤਰੀ ਵਜੋਂ ਪਹਿਲੇ ਕਾਰਜਕਾਲ ਦੌਰਾਨ ਅਸਤੀਫ਼ਾ ਦੇ ਦਿੱਤਾ ਸੀ।
ਉਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਕਰੀਬੀ ਸਹਿਯੋਗੀ ਯੋਸ਼ੀਹਿਦੇ ਸੁਗਾ ਉਨ੍ਹਾਂ ਦੇ ਉਤਰਾਧਿਕਾਰੀ ਬਣੇ।
ਪਰ ਫਿਰ ਵੀ ਉਨ੍ਹਾਂ ਨੂੰ ਜਪਾਨੀ ਸਿਆਸਤ ਵਿੱਚ ਇੱਕ ਸ਼ਕਤੀਸ਼ਾਲੀ ਸ਼ਖਸੀਅਤ ਵਜੋਂ ਦੇਖਿਆ ਗਿਆ।
ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਪਹਿਲਾ ਕਾਰਜਕਾਲ ਸੰਖੇਪ ਹੀ ਸੀ, 2006 ਤੋਂ ਸ਼ੁਰੂ ਹੋਇਆ ਇਹ ਕਾਰਜਕਾਲ ਇੱਕ ਸਾਲ ਤੋਂ ਵੀ ਥੋੜੇ ਸਮੇਂ ਲਈ ਰਿਹਾ ਅਤੇ ਵਿਵਾਦਪੂਰਨ ਵੀ ਸੀ।
ਪਰ ਉਨ੍ਹਾਂ ਨੇ 2012 ਵਿੱਚ ਇੱਕ ਹੈਰਾਨੀਜਨਕ ਸਿਆਸੀ ਵਾਪਸੀ ਕੀਤੀ ਅਤੇ 2020 ਤੱਕ ਸੱਤਾ ਵਿੱਚ ਰਹੇ।
ਜਦੋਂ ਉਨ੍ਹਾਂ ਨੇ ਆਪਣਾ ਪ੍ਰਧਾਨ ਮੰਤਰੀ ਵਜੋਂ ਦੂਜਾ ਕਾਰਜਕਾਲ ਸਾਂਭਿਆ, ਜਪਾਨ ਉਸ ਸਮੇਂ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਸੀ।
ਉਨ੍ਹਾਂ ਦੀ ਆਰਥਿਕ ਨੀਤੀ ਨੂੰ ਇੱਕ ਕਮਜ਼ੋਰ ਆਰਥਿਕਤਾ ਵਿੱਚ ਵਿਕਾਸ ਨੂੰ ਵਾਪਸ ਲਿਆਉਣ ਵਿੱਚ ਸਹਾਇਤਾ ਕਰਨ ਦਾ ਸਿਹਰਾ ਦਿੱਤਾ ਗਿਆ।
ਉਨ੍ਹਾਂ ਨੇ 2011 ਵਿੱਚ ਤੋਹੋਕੂ ਵਿੱਚ ਇੱਕ ਵੱਡੇ ਭੂਚਾਲ ਅਤੇ ਸੁਨਾਮੀ ਤੋਂ ਜਪਾਨ ਦੀ ਰਿਕਵਰੀ ਦੀ ਵੀ ਨਿਗਰਾਨੀ ਕੀਤੀ ਸੀ। ਜਿਸ ਨਾਲ ਲਗਭਗ 20,000 ਲੋਕ ਮਾਰੇ ਗਏ ਅਤੇ ਇਹ ਫੁਕੁਸ਼ੀਮਾ ਪਰਮਾਣੂ ਰਿਐਕਟਰਾਂ ਦੇ ਪਿਘਲਣ ਦਾ ਕਾਰਨ ਵੀ ਬਣੇ।
ਵੀਡੀਓ-ਉਹ ਪਲ ਜਦੋਂ ਸ਼ਿੰਜ਼ੋ ਆਬੇ ਨੂੰ ਗੋਲੀ ਮਾਰੀ ਗਈ
ਇਹ ਵੀ ਪੜ੍ਹੋ-
ਜਪਾਨ ਦੀ ਸਿਆਸਤ ਦਾ ਪ੍ਰਿੰਸ
ਸ਼ਿੰਜ਼ੋ ਆਬੇ ਇੱਕ ਸਿਆਸੀ ਘਰਾਣੇ ਨਾਲ ਸਬੰਧ ਰੱਖਦੇ ਸਨ। ਉਹ ਸਾਬਕਾ ਵਿਦੇਸ਼ ਮੰਤਰੀ ਸ਼ਿੰਟਾਰੋ ਆਬੇ ਦੇ ਪੁੱਤਰ ਅਤੇ ਸਾਬਕਾ ਪ੍ਰਧਾਨ ਮੰਤਰੀ ਨੋਬੂਸੁਕੇ ਕਿਸ਼ੀ ਦੇ ਪੋਤਰੇ ਸਨ। ਉਨ੍ਹਾਂ ਨੂੰ ਉੱਥੋਂ ਦੀ ਸਿਆਸਤ ਦੇ ਪ੍ਰਿੰਸ ਵੀ ਆਖਿਆ ਜਾਂਦਾ ਸੀ।
ਸ਼ਿੰਜ਼ੋ ਆਬੇ, ਪਹਿਲੀ ਵਾਰ 1993 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ, ਅਤੇ 2005 ਵਿੱਚ ਉਹ ਕੈਬਨਿਟ ਮੈਂਬਰ ਬਣ ਗਏ ਸਨ ਅਤੇ ਜਿਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਜੁਨਿਚਿਰੋ ਕੋਇਜ਼ੂਮੀ ਨੇ ਉਨ੍ਹਾਂ ਨੂੰ ਮੁੱਖ ਕੈਬਨਿਟ ਸਕੱਤਰ ਦੀ ਉੱਚ ਪ੍ਰੋਫਾਈਲ ਭੂਮਿਕਾ ਲਈ ਨਿਯੁਕਤ ਕੀਤਾ ਸੀ।
ਉਨ੍ਹਾਂ ਦਾ ਉਭਾਰ 2006 ਵਿੱਚ ਉਦੋਂ ਹੋਇਆ ਜਦੋਂ ਉਹ ਯੁੱਧ ਤੋਂ ਬਾਅਦ ਦੇ ਜਾਪਾਨ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ।
ਹਾਲਾਂਕਿ, ਘੁਟਾਲਿਆਂ ਦੀ ਲੜੀ, ਜਿਸ ਵਿੱਚ ਸਰਕਾਰ ਦੇ ਪੈਨਸ਼ਨ ਰਿਕਾਰਡਾਂ ਦੇ ਨੁਕਸਾਨ ਨਾਲ ਲਗਭਗ 50 ਮਿਲੀਅਨ ਦਾਅਵਿਆਂ ਨੂੰ ਪ੍ਰਭਾਵਿਤ ਕਰਨਾ ਸ਼ਾਮਲ ਹੈ। ਜਿਸ ਨੇ ਉਨ੍ਹਾਂ ਦੇ ਪ੍ਰਸ਼ਾਸਕੀ ਰਸੂਖ ਨੂੰ ਪ੍ਰਭਾਵਿਤ ਕੀਤਾ।
ਜੁਲਾਈ 2007 ਵਿੱਚ ਉਪਰਲੇ ਸਦਨ ਦੀਆਂ ਚੋਣਾਂ ਵਿੱਚ ਐੱਲਡੀਪੀ ਨੂੰ ਵੱਡਾ ਨੁਕਸਾਨ ਹੋਇਆ ਅਤੇ ਉਸੇ ਸਾਲ ਸਤੰਬਰ ਵਿੱਚ ਉਨ੍ਹਾਂ ਨੇਅਲਸਰੇਟਿਵ ਕੋਲਾਈਟਿਸ (ਬਿਮਾਰੀ) ਕਾਰਨ ਅਸਤੀਫਾ ਦੇ ਦਿੱਤਾ।
2012 ਵਿੱਚ, ਆਬੇ ਨੇ ਇਹ ਕਹਿੰਦੇ ਹੋਏ ਪ੍ਰਧਾਨ ਮੰਤਰੀ ਵਜੋਂ ਵਾਪਸੀ ਕੀਤੀ ਕਿ ਉਨ੍ਹਾਂ ਨੇ ਦਵਾਈ ਦੀ ਮਦਦ ਨਾਲ ਬਿਮਾਰੀ 'ਤੇ ਕਾਬੂ ਪਾ ਲਿਆ ਹੈ।
ਬਾਅਦ ਵਿੱਚ ਉਹ 2014 ਅਤੇ 2017 ਵਿੱਚ ਮੁੜ ਚੁਣੇ ਗਏ, ਇਸ ਪ੍ਰਕਿਰਿਆ ਵਿੱਚ ਉਹ ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਬਣੇ ਰਹੇ।
ਸ਼ਿੰਜ਼ੋ ਆਬੇ ਦੀ ਲੋਕਪ੍ਰਿਯਤਾ ਵਿੱਚ ਉਤਰਾਅ-ਚੜ੍ਹਾਅ ਆਇਆ, ਪਰ ਉਹ ਐੱਲਡੀਪੀ ਵਿੱਚ ਆਪਣੇ ਪ੍ਰਭਾਵ ਕਾਰਨ ਇਸ ਤੋਂ ਬਚੇ ਰਹੇ, ਜਿਸ ਨੇ ਨਿਯਮਾਂ ਵਿੱਚ ਸੋਧ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਨੇਤਾ ਵਜੋਂ ਤੀਜੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ।
ਵਿਵਾਦਤ ਰਾਸ਼ਟਰਵਾਦੀ
ਆਬੇ ਰੱਖਿਆ ਅਤੇ ਵਿਦੇਸ਼ ਨੀਤੀ 'ਤੇ ਆਪਣੇ ਸਖ਼ਤ ਰੁਖ਼ ਲਈ ਜਾਣੇ ਜਾਂਦੇ ਸਨ ਅਤੇ ਲੰਬੇ ਸਮੇਂ ਦੀ ਜੰਗ ਤੋਂ ਬਾਅਦ ਦੇ ਜਪਾਨ ਦੇ ਸੰਵਿਧਾਨ ਨੂੰ ਸੋਧਣ ਦੀ ਮੰਗ ਕਰ ਰਹੇ ਸਨ।
ਉਹ ਰੂੜੀਵਾਦੀ ਸੰਵਿਧਾਨ ਨੂੰ ਦੇਖਦੇ ਸਨ, ਜਿਸ ਦਾ ਖਰੜਾ ਅਮਰੀਕਾ ਵੱਲੋਂ ਤਿਆਰ ਕੀਤਾ ਗਿਆ ਸੀ।
ਉਨ੍ਹਾਂ ਦੇ ਰਾਸ਼ਟਰਵਾਦੀ ਵਿਚਾਰਾਂ ਨੇ ਅਕਸਰ ਚੀਨ ਅਤੇ ਦੱਖਣੀ ਕੋਰੀਆ ਨਾਲ ਤਣਾਅ ਪੈਦਾ ਕੀਤਾ ਹੈ, ਖਾਸ ਤੌਰ 'ਤੇ 2013 ਵਿੱਚ ਉਨ੍ਹਾਂ ਦੀ ਟੋਕੀਓ ਦੇ ਯਾਸੁਕੁਨੀ ਸਥਾਨ ਦੀ ਯਾਤਰਾ ਤੋਂ ਬਾਅਦ ਇਹ ਵਧਿਆ।
ਯਾਸੁਕੁਨੀ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਦੌਰਾਨ ਜਪਾਨ ਦੇ ਫੌਜੀਵਾਦ ਨਾਲ ਜੁੜਿਆ ਇੱਕ ਵਿਵਾਦਪੂਰਨ ਸਥਾਨ ਹੈ।
ਉਨ੍ਹਾਂ ਦੇ ਵਾਰ-ਵਾਰ ਧਰਮ ਅਸਥਾਨ ਦੇ ਦੌਰੇ ਨੇ ਜਾਪਾਨ ਵਿੱਚ ਖੱਬੇ-ਪੱਖੀ ਧੜਿਆਂ ਨੂੰ ਵੀ ਪਰੇਸ਼ਾਨ ਕੀਤਾ।
2015 ਵਿੱਚ, ਉਨ੍ਹਾਂ ਨੇ ਸਮੂਹਿਕ ਸਵੈ-ਰੱਖਿਆ ਦੇ ਅਧਿਕਾਰ ਲਈ ਜ਼ੋਰ ਦਿੱਤਾ, ਜਿਸ ਨਾਲ ਜਾਪਾਨ ਨੂੰ ਆਪਣੇ ਆਪ ਅਤੇ ਹਮਲੇ ਅਧੀਨ ਸਹਿਯੋਗੀਆਂ ਦੀ ਰੱਖਿਆ ਲਈ ਵਿਦੇਸ਼ਾਂ ਵਿੱਚ ਸੈਨਿਕਾਂ ਨੂੰ ਲਾਮਬੰਦ ਕਰਨ ਦੇ ਯੋਗ ਬਣਾਇਆ ਗਿਆ।
ਜਾਪਾਨ ਦੇ ਗੁਆਂਢੀਆਂ ਅਤੇ ਇੱਥੋਂ ਤੱਕ ਕਿ ਜਪਾਨੀ ਜਨਤਾ ਦੇ ਵਿਰੋਧ ਦੇ ਬਾਵਜੂਦ, ਜਪਾਨ ਦੀ ਸੰਸਦ ਨੇ ਇਸ ਵਿਵਾਦਪੂਰਨ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ।
ਜਪਾਨ ਦੀ ਫੌਜ ਨੂੰ ਰਸਮੀ ਤੌਰ 'ਤੇ ਮਾਨਤਾ ਦੇਣ ਲਈ ਸੰਵਿਧਾਨ ਨੂੰ ਸੋਧਣ ਦਾ ਉਨ੍ਹਾਂ ਦਾ ਵੱਡਾ ਟੀਚਾ ਅਧੂਰਾ ਰਹਿੰਦਾ ਹੈ, ਅਤੇ ਇਹ ਜਾਪਾਨ ਵਿੱਚ ਵੰਡੀ ਪਾਉਣ ਵਾਲਾ ਵਿਸ਼ਾ ਬਣਿਆ ਹੋਇਆ ਹੈ।
ਆਰਥਿਕਤਾ ਅਤੇ ਕੋਵਿਡ-19 ਨਾਲ ਨਜਿੱਠਣਾ
ਉਨ੍ਹਾਂ ਨੂੰ "ਅਬੇਨੋਮਿਕਸ" ਲਈ ਵੀ ਜਾਣਿਆ ਜਾਂਦਾ ਹੈ, ਜੋ ਆਰਥਿਕ ਨੀਤੀਆਂ, ਮੁਦਰਾ ਅਤੇ ਵਿੱਤੀ ਉਤਸ਼ਾਹ ਅਤੇ ਆਰਥਿਕ ਸੁਧਾਰਾਂ ਨਾਲ ਜੁੜੀ ਹੋਈ ਖ਼ਾਸ ਨੀਤੀ ਹੈ।
ਇਨ੍ਹਾਂ ਉਪਾਵਾਂ ਨੇ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ ਵਿਕਾਸ ਦੀ ਅਗਵਾਈ ਕੀਤੀ ਪਰ ਬਾਅਦ ਵਿੱਚ ਮੰਦੀ ਨੇ ' ਅਬੇਨੋਮਿਕਸ' ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ।
ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੇ ਉਨ੍ਹਾਂ ਦੇ ਯਤਨਾਂ ਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ 2020 ਵਿੱਚ ਜਪਾਨ ਵਿੱਚ ਮੁੜ ਮੰਦੀ ਉਭਰੀ। ਇਸ ਦੌਰਾਨ ਫਿਰ ਉਨ੍ਹਾਂ ਦੀਆਂ ਨੀਤੀਆਂ 'ਤੇ ਸਵਾਲ ਚੁੱਕੇ ਗਏ।
ਸ਼ਿੰਜ਼ੋ ਆਬੇ ਦੀ ਲੋਕਪ੍ਰਿਯਤਾ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਦੀਆਂ ਚਿੰਤਾਵਾਂ ਨਾਲ ਹੋਰ ਪ੍ਰਭਾਵਿਤ ਹੋਈ।
ਆਲੋਚਕਾਂ ਦਾ ਮੰਨਣਾ ਹੈ ਕਿ ਘਰੇਲੂ ਸੈਰ-ਸਪਾਟੇ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਉਸ ਦੀਆਂ ਮੁਹਿੰਮਾਂ ਨੇ ਕੋਵਿਡ ਲਾਗ ਨੂੰ ਮੁੜ ਉਭਾਰਨ ਵਿੱਚ ਯੋਗਦਾਨ ਪਾਇਆ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਅਬੇਨੋਮਿਕਸ ਦੇ ਹੋਰ ਵਾਅਦੇ, ਜਿਵੇਂ ਕਿ ਕਰਮਚਾਰੀਆਂ ਵਿੱਚ ਔਰਤਾਂ ਦਾ ਸਸ਼ਕਤੀਕਰਨ, ਭਾਈ-ਭਤੀਜਾਵਾਦ ਨਾਲ ਨਜਿੱਠਣਾ ਆਦਿ ਅਧੂਰੇ ਹਨ।
ਅਸਤੀਫ਼ਾ ਅਤੇ ਮੌਤ
28 ਅਗਸਤ ਨੂੰ ਆਬੇ ਦੇ ਅਸਤੀਫ਼ੇ ਦੇ ਐਲਾਨ ਨੇ ਐੱਲਡੀਪੀ ਧੜਿਆਂ ਵਿੱਚ ਇੱਕ ਅੰਦਰੂਨੀ ਸੰਘਰਸ਼ ਦੀ ਅਗਵਾਈ ਵੀ ਕੀਤੀ, ਕਿਉਂਕਿ ਉਨ੍ਹਾਂ ਨੇ ਉੱਤਰਾਧਿਕਾਰੀ ਦਾ ਨਾਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਆਖਰਕਾਰ, ਇੱਕ ਅਨੁਭਵੀ ਸਿਆਸਤਦਾਨ ਅਤੇ ਲੰਬੇ ਸਮੇਂ ਤੱਕ ਕੈਬਨਿਟ ਮੈਂਬਰ ਰਹੇ ਯੋਸ਼ੀਹਿਦੇ ਸੁਗਾ ਉਤਰਾਧਿਕਾਰੀ ਬਣਨ ਵਿੱਚ ਸਫ਼ਲ ਹੋਏ।
ਪਰ ਆਬੇ ਨੇ ਜਾਪਾਨ ਵਿੱਚ ਘਰੇਲੂ ਸਿਆਸਤ ਉੱਤੇ ਆਪਣਾ ਦਬਦਬਾ ਜਾਰੀ ਰੱਖਿਆ, ਇੱਥੋਂ ਤੱਕ ਕਿ ਸੁਗਾ ਦੀ ਥਾਂ ਮੌਜੂਦਾ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਅਹੁਦਾ ਸਾਂਭਣ ਤੋਂ ਵੀ ਬਾਅਦ ਇਹ ਦਬਦਬਾ ਜਾਰੀ ਰਿਹਾ।
8 ਜੁਲਾਈ ਨੂੰ ਆਬੇ ਜਪਾਨ ਦੇ ਉੱਚ ਸਦਨ ਲਈ ਚੋਣ ਲੜ ਰਹੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਦੱਖਣੀ ਸ਼ਹਿਰ ਨਾਰਾ ਵਿੱਚ ਪਹੁੰਚੇ ਸਨ।
ਉਹ ਇੱਕ ਭਾਸ਼ਣ ਦੇ ਰਹੇ ਸਨ ਅਤੇ ਇਸੇ ਵਿਚਾਲੇ ਇੱਕ ਬੰਦੂਕਧਾਰੀ ਨੇ ਇਨ੍ਹਾਂ 'ਤੇ ਗੋਲੀ ਚਲਾ ਦਿੱਤੀ।
ਇੱਕ 41 ਸਾਲਾ ਜੋ ਸਵੈ-ਰੱਖਿਆ ਬਲ ਦਾ ਸਾਬਕਾ ਮੈਂਬਰ ਮੰਨਿਆ ਜਾਂਦਾ ਹੈ, ਜਪਾਨ ਦੀ ਜਲ ਸੈਨਾ ਦੇ ਬਰਾਬਰ ਹੈ।
ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਆਬੇ ਹੋਸ਼ ਵਿੱਚ ਸੀ, ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: