ਓਮੀਕਰੋਨ: ਚੰਡੀਗੜ੍ਹ ਵਿਚ ਆਇਆ ਪਹਿਲਾ ਮਰੀਜ਼, ਇਹ ਹਨ ਵਾਇਰਸ ਦੀ ਲਾਗ ਦੇ ਲੱਛਣ

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਅਤੇ ਸਰਕਾਰਾਂ ਵਿਚਕਾਰ ਚਿੰਤਾ ਦੀ ਸਥਿਤੀ ਬਣੀ ਹੋਈ ਹੈ। ਭਾਰਤ ਵਿੱਚ ਵੀ ਹੁਣ ਤੱਕ ਵੇਰੀਐਂਟ ਦੇ ਕੁੱਲ 34 ਮਾਮਲੇ ਸਾਹਮਣੇ ਆ ਚੁੱਕੇ ਹਨ।
ਚੰਡੀਗੜ੍ਹ ਦੇ ਸਿਹਤ ਮਹਿਕਮੇ ਮੁਤਾਬਕ ਇਟਲੀ ਤੋਂ ਆਇਆ ਇੱਕ 20 ਸਾਲਾ ਨੌਜਵਾਨ ਓਮੀਕੋਰਨ ਦੀ ਲਾਗ ਦਾ ਪੀੜ੍ਹਤ ਪਾਇਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੀ ਤਰ੍ਹਾਂ ਵੈਕਸੀਨੇਟਿਡ ਸੀ।
ਇਹ ਚੰਡੀਗੜ੍ਹ ਵਿਚ ਪਹਿਲਾ ਓਮੀਕਰੋਨ ਵਾਇਰਸ ਦੀ ਲਾਗ ਦਾ ਕੇਸ ਹੈ।
ਓਮੀਕਰੋਨ ਦੀ ਪਛਾਣ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਹੋਈ ਸੀ ਅਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਮਿਊਟੇਸ਼ਨ ਵਾਲਾ ਕੋਰੋਨਾਵਾਇਰਸ ਵੇਰੀਐਂਟ ਦੱਸਿਆ ਜਾ ਰਿਹਾ ਹੈ। ਜਿਸ ਨੂੰ ਦੇਖਦਿਆਂ ਹੀ ਵੱਖ-ਵੱਖ ਦੇਸ਼ ਕੋਵਿਡ ਨਿਯਮਾਂ ਨੂੰ ਸਖ਼ਤ ਕਰ ਰਹੇ ਹਨ ਅਤੇ ਯਾਤਰਾ ਪਾਬੰਦੀਆਂ ਲਗਾ ਰਹੇ ਹਨ।
ਭਾਰਤ ਦੇ ਸਿਹਤ ਮੰਤਰਾਲੇ ਨੇ ਵੀ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਪਿਛਲੇ ਹਫਤੇ ਲੋਕਾਂ ਲਈ ਹਿਦਾਇਤਾਂ ਜਾਰੀ ਕੀਤੀਆਂ ਅਤੇ ਕਿਹਾ ਕਿ ਭਾਰਤ ਵਿੱਚ ਟੀਕਾਕਰਨ ਦੇ ਅੰਕੜਿਆਂ ਅਤੇ ਡੇਲਟਾ ਵੇਰੀਐਂਟ ਦੌਰਾਨ ਲੋਕਾਂ 'ਚ ਪੈਦਾ ਹੋਈ ਇਮਿਊਨਿਟੀ ਨੂੰ ਦੇਖਦਿਆਂ ਇਹ ਮੰਨਿਆ ਜਾ ਸਕਦਾ ਹੈ ਕਿ ਓਮੀਕਰੋਨ ਦੇ ਗੰਭੀਰ ਹੋਣ ਦੇ ਖਦਸ਼ੇ ਘੱਟ ਹਨ।
ਪਰ ਵਾਇਰਸ ਦੀ ਤੀਸਰੀ ਲਹਿਰ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਓਮੀਕਰੋਨ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਫੈਲ ਸਕਦਾ ਹੈ, ਨਾਲ ਹੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਟੀਕਾ ਜ਼ਰੂਰ ਲਗਵਾਉਣ।
ਇਹ ਵੀ ਪੜ੍ਹੋ:
ਭਾਰਤ 'ਚ ਕਿਹੜੇ ਸੂਬਿਆਂ ਵਿੱਚ ਕਿੰਨੇ ਮਾਮਲੇ
ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਸਰਕਾਰ ਮੁਤਾਬਕ, ਸੂਬੇ ਵਿੱਚ ਹੁਣ ਤੱਕ 17 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 7 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਜਾ ਚੁੱਕੀ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ, ਆਂਧਰਾ ਪ੍ਰਦੇਸ਼ ਸਰਕਾਰ ਦੇ ਡਾਇਰੈਕਟਰ ਪਬਲਿਕ ਹੈਲਥ (ਜਨਤਕ ਸਿਹਤ ਨਿਰਦੇਸ਼ਕ) ਨੇ ਇੱਕ ਪ੍ਰੈੱਸ ਨ ਜਾਰੀ ਕਰਕੇ ਜਾਣਕਰੀ ਦਿੱਤੀ ਕਿ ਸੂਬੇ ਵਿੱਚ ਓਮੀਕਰੋਨ ਵੇਰੀਐਂਟ ਦਾ ਪਹਿਲਾ ਮਾਮਲਾ ਦਰਜ ਹੋਇਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਰਾਜਸਥਾਨ ਵਿੱਚ ਵੀ ਹੁਣ ਤੱਕ ਓਮੀਕਰੋਨ ਦੇ 9 ਕੇਸ ਦਰਜ ਹੋ ਚੁੱਕੇ ਹਨ ਅਤੇ ਸ਼ਨੀਵਾਰ ਨੂੰ ਸਾਹਮਣੇ ਆਏ ਮਾਮਲੇ ਤੋਂ ਬਾਅਦ, ਰਾਜਧਾਨੀ ਦਿੱਲੀ ਵਿੱਚ ਮਾਮਲਿਆਂ ਦੀ ਸੰਖਿਆ 2 ਹੋ ਗਈ ਹੈ। ਗੁਜਰਾਤ ਵਿੱਚ ਓਮੀਕਰੋਨ ਦੇ ਤਿੰਨ ਮਾਮਲੇ ਦਰਜ ਹੋ ਚੁੱਕੇ ਹਨ।
ਭਾਰਤ ਵਿੱਚ ਸਭ ਤੋਂ ਪਹਿਲਾਂ ਕਰਨਾਟਕ ਵਿੱਚ ਨਵੇਂ ਵੇਰੀਐਂਟ ਦੇ 2 ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਠੀਕ ਹੋ ਚੁੱਕਿਆ ਹੈ ਤੇ ਇੱਕ ਦੇਸ਼ ਤੋਂ ਬਾਹਰ ਚਲਾ ਗਿਆ ਸੀ।

ਤਸਵੀਰ ਸਰੋਤ, Getty Images
ਯੂਕੇ ਵਿੱਚ ਜਨਵਰੀ 'ਚ ਆ ਸਕਦੀ ਹੈ ਭਿਆਨਕ ਲਹਿਰ
ਵਿਗਿਆਨੀਆਂ ਦਾ ਕਹਿਣਾ ਹੈ ਕਿ ਵਿੱਚ ਬਿਨਾਂ ਕਿਸੇ ਪਾਬੰਦੀਆਂ ਦੇ, ਯੂਕੇ ਵਿੱਚ ਜਨਵਰੀ ਵਿੱਚ ਓਮਿਕਰੋਨ ਦੀ ਇੱਕ ਵੱਡੀ ਲਹਿਰ ਆ ਸਕਦੀ ਹੈ।
ਉਨ੍ਹਾਂ ਅਨੁਸਾਰ, ਅਪ੍ਰੈਲ ਦੇ ਅੰਤ ਤੱਕ ਇਸ ਵੇਰੀਐਂਟ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 25,000 ਤੋਂ 75,000 ਤੱਕ ਹੋ ਸਕਦੀ ਹੈ ਅਤੇ ਇਹ ਇਸ ਗੱਲ 'ਤੇ ਨਿਰਭਰ ਹੋਵੇਗਾ ਕਿ ਟੀਕੇ ਇਸ ਵੇਰੀਐਂਟ 'ਤੇ ਕਿੰਨੇ ਪ੍ਰਭਾਵਸ਼ਾਲੀ ਰਹਿਣਗੇ।
ਪਰ ਇਸ ਬਾਰੇ ਅਧਿਐਨ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।
ਇੱਕ ਹੋਰ ਵਿਗਿਆਨੀ ਜੋ ਇਸ ਅਧਿਐਨ ਨਾਲ ਜੁੜੇ ਹੋਏ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਅਧਿਐਨ ਦੇ ਸਭ ਤੋਂ ਮਾੜੇ ਹਾਲਾਤਾਂ ਦੀ ਸੰਭਾਵਨਾ ਨਹੀਂ ਸੀ।
ਕੀ ਹਨ ਓਮੀਕਰੋਨ ਦੇ ਲੱਛਣ
ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਇਸ ਵੇਰੀਐਂਟ 'ਚ ਬਹੁਤ ਸਾਰੇ ਮਿਊਟੇਸ਼ਨ (ਬਦਲਾਅ) ਹੋ ਰਹੇ ਹਨ ਅਤੇ ਸ਼ੁਰੂਆਤੀ ਸੰਕੇਤ ਇਹੀ ਮਿਲ ਰਹੇ ਹਨ ਕਿ ਇਸ ਨਾਲ ਦੁਬਾਰਾ ਲਾਗ ਹੋਣ ਦਾ ਖਤਰਾ ਹੈ।
ਕੋਰੋਨਾ ਦੇ ਇਸ ਵੇਰੀਐਂਟ ਬਾਰੇ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਡਾਕਟਰ ਏਂਜੇਲਿਕ ਕੋਏਤਜ਼ੀ ਨੇ ਪਤਾ ਲਗਾਇਆ ਸੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਜੇ ਤੱਕ ਉੱਥੇ ਜਿੰਨੇ ਵੀ ਲੋਕਾਂ 'ਚ ਇਹ ਵੇਰੀਐਂਟ ਮਿਲਿਆ ਹੈ, ਉਨ੍ਹਾਂ ਵਿੱਚ ਕੋਵਿਡ ਦੇ ''ਬਹੁਤ ਹਲਕੇ ਲੱਛਣ'' ਨਜ਼ਰ ਆਏ ਹਨ।
ਉਨ੍ਹਾਂ ਕਿਹਾ, ''ਜ਼ਿਆਦਾਤਰ ਮਰੀਜ਼ ਸ਼ਰੀਰ 'ਚ ਦਰਦ ਅਤੇ ਬਹੁਤ ਜ਼ਿਆਦਾ ਥਕਾਵਟ ਦੀ ਸ਼ਿਕਾਇਤ ਕਰ ਰਹੇ ਹਨ ਅਤੇ ਇਹ ਗੱਲ ਮੈਂ ਨੌਜਵਾਨਾਂ ਬਾਰੇ ਕਹਿ ਰਹੀ ਹਾਂ। ਮੈਂ ਉਨ੍ਹਾਂ ਲੋਕਾਂ ਦੀ ਗੱਲ ਨਹੀਂ ਕਰ ਰਹੀ ਜੋ ਹਸਪਤਾਲ ਜਾ ਕੇ ਦਾਖਲ ਹੋ ਗਏ।''
ਸੋ ਮੁੱਖ ਤੌਰ ਉੱਤੇ 3 ਵੱਡੇ ਲੱਛਣ ਸਾਹਮਣੇ ਆ ਰਹੇ ਹਨ
- ਇਸ ਵਾਇਰਸ ਨਾਲ ਨੌਜਵਾਨ ਜ਼ਿਆਦਾ ਗਿਣਤੀ ਵਿਚ ਲਾਗ ਦਾ ਸ਼ਿਕਾਰ ਹੋ ਰਹੇ ਹਨ
- ਸ਼ਰੀਰ 'ਚ ਦਰਦ ਅਤੇ ਬਹੁਤ ਜ਼ਿਆਦਾ ਥਕਾਵਟ ਦੀ ਸ਼ਿਕਾਇਤ
- ਕੋਵਿਡ ਦੇ ''ਬਹੁਤ ਹਲਕੇ ਲੱਛਣ'' ਨਜ਼ਰ ਆਉਂਦੇ ਹਨ

ਤਸਵੀਰ ਸਰੋਤ, Getty Images
ਹਾਲਾਂਕਿ ਡਾਕਟਰ ਕੋਏਤਜ਼ੀ ਨੇ ਨਾਲ ਹੀ ਇਹ ਵੀ ਕਿਹਾ ਕਿ ਲੋਕ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ, ਉਨ੍ਹਾਂ 'ਤੇ ਇਸ ਵੇਰੀਐਂਟ ਦੇ ਅਸਰ ਦੀ ਗੰਭੀਰਤਾ ਦਾ ਅਨੁਮਾਨ ਲਗਾਉਣ ਵਿੱਚ ਅਜੇ ਸਮਾਂ ਲੱਗੇਗਾ।
ਡਬਲਿਊਐੱਚਓ ਨੇ ਕੀ ਕਿਹਾ
ਲੰਘੇ ਬੁੱਧਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਬਾਰੇ ਮੀਡੀਆ ਬ੍ਰੀਫਿੰਗ ਵਿੱਚ ਬੋਲਦਿਆਂ, ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੋਸ ਅਦਾਨੋਮ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਬਾਰੇ "ਕਿਸੇ ਵੀ ਤਰ੍ਹਾਂ ਦੀ ਢਿੱਲ ਜਾਨਾਂ ਲੈ ਸਕਦੀ ਹੈ"।
ਉਨ੍ਹਾਂ ਨੇ ਕਿਹਾ, "ਓਮੀਕਰੋਨ ਦੇ ਫ਼ੈਲਾਅ ਅਤੇ ਇਸ ਵਿੱਚ ਹੋਈਆਂ ਵੱਡੇ ਪੱਧਰ ਦੀਆਂ ਮਿਊਟੇਸ਼ਨਾਂ ਤੋਂ ਕਿਹਾ ਜਾ ਸਕਦਾ ਹੈ ਕਿ ਇਸ ਦਾ ਕੋਵਿਡ-19 ਮਹਾਮਾਰੀ ਦੇ ਭਵਿੱਖ ਉੱਪਰ ਵੱਡਾ ਅਸਰ ਹੋ ਸਕਦਾ ਹੈ ਅਤੇ ਇਸ ਅਸਰ ਦਾ ਅਜੇ ਕਿਆਸ ਨਹੀਂ ਲਗਾਇਆ ਜਾ ਸਕਦਾ।"
ਉਨ੍ਹਾਂ ਨੇ ਕਿਹਾ, "ਬਹੁਤ ਸਾਰੇ ਲੋਕ ਜਿਨ੍ਹਾਂ ਦੀ ਮੌਤ ਤਾਂ ਭਾਵੇਂ ਨਾ ਹੋਵੇ ਪਰ ਉਨ੍ਹਾਂ ਨੂੰ ਲੰਬਾ ਸਮਾਂ ਰਹਿਣ ਵਾਲੇ ਕੋਵਿਡ ਨਾਲ ਜੂਝਣਾ ਪੈ ਸਕਦਾ ਹੈ। ਉਨ੍ਹਾਂ ਦੀ ਬਿਮਾਰੀ ਤੋਂ ਬਾਅਦ ਕਮਜ਼ੋਰੀ ਅਤੇ ਲੱਛਣ ਜਿਨ੍ਹਾਂ ਬਾਰੇ ਅਸੀਂ ਅਜੇ ਸਮਝਣਾ ਸ਼ੁਰੂ ਹੀ ਕੀਤਾ ਹੈ।"
"ਹਰ ਦਿਨ ਨਵਾਂ ਡੇਟਾ ਆ ਰਿਹਾ ਹੈ ਪਰ ਸਾਇੰਸਦਾਨਾਂ ਨੂੰ ਆਪਣੇ ਅਧਿਐਨ ਪੂਰੇ ਕਰਨ ਅਤੇ ਨਤੀਜਿਆਂ ਦੀ ਵਿਆਖਿਆ ਕਰਨ ਲਈ ਸਮਾਂ ਚਾਹੀਦਾ ਹੈ। ਇਸ ਲਈ ਸਾਨੂੰ ਨਤੀਜੇ ਕੱਢਣ ਵਿੱਚ ਕਾਹਲੀ ਨਹੀਂ ਕਰਨੀ ਚਾਹੀਦੀ।"
ਓਮੀਕਰੋਨ 'ਤੇ ਕਿੰਨੇ ਅਸਰਦਾਰ ਹਨ ਟੀਕੇ
ਬਹੁਤ ਜ਼ਿਆਦਾ ਮਿਊਟੇਡ ਓਮੀਕਰੋਨ ਵੇਰੀਐਂਟ ਦੇ ਪਹਿਲੀ ਵਾਰ ਸਾਹਮਣੇ ਆਉਣ ਤੋਂ ਬਾਅਦ ਜੋ ਇੱਕ ਮੁੱਖ ਚਿੰਤਾ ਬਣੀ ਹੋਈ ਹੈ, ਉਹ ਇਹ ਹੈ ਕਿ ਇਹ ਵੇਰੀਐਂਟ ਟੀਕਿਆਂ ਨੂੰ ਘੱਟ ਪ੍ਰਭਾਵਸ਼ਾਲੀ ਬਣਾ ਸਕਦਾ ਹੈ।
ਯੂਕੇ ਵਿੱਚ ਓਮੀਕਰੋਨ ਅਤੇ ਡੇਲਟਾ ਵੇਰੀਐਂਟਜ਼ ਦੇ ਮਾਮਲਿਆਂ ਦੇ ਸ਼ੁਰੂਆਤੀ ਅਧਿਐਨ ਵਿੱਚ ਪਤਾ ਲਗਿਆ ਹੈ ਕਿ ਇਸ ਨਵੇਂ ਵੇਰੀਐਂਟ ਓਮੀਕਰੋਨ 'ਤੇ ਟੀਕੇ ਘੱਟ ਅਸਰਦਾਰ ਸਨ।
ਪਰ ਟੀਕੇ ਦੀ ਤੀਜੀ ਖੁਰਾਕ ਲਗਭਗ 75% ਲੋਕਾਂ ਨੂੰ ਕੋਵਿਡ ਦੇ ਲੱਛਣ ਵਿਕਸਿਤ ਹੋਣ ਤੋਂ ਬਚਾਉਂਦੀ ਹੈ।

ਤਸਵੀਰ ਸਰੋਤ, YALCINSONAT1
ਬੂਸਟਰ ਖੁਰਾਕ ਨਾਲ ਮਿਲੇਗੀ ਰਾਹਤ
ਯੂਕੇ ਦੀ ਸਿਹਤ ਸੁਰੱਖਿਆ ਏਜੰਸੀ ਨੇ ਕਿਹਾ ਕਿ ਇਹ ਟੀਕੇ ਅਜੇ ਵੀ ਗੰਭੀਰ ਕੋਵਿਡ ਦੇ ਵਿਰੁੱਧ ਚੰਗੀ ਸੁਰੱਖਿਆ ਪ੍ਰਦਾਨ ਕਰਨ ਦੀ ਸੰਭਾਵਨਾ ਰੱਖਦੇ ਹਨ।
ਹੁਣ ਤੱਕ ਲਗਭਗ 22 ਮਿਲੀਅਨ ਲੋਕਾਂ ਨੂੰ ਬੂਸਟਰ ਖੁਰਾਕ ਮਿਲ ਚੁੱਕੀ ਹੈ, ਪਰ ਚਾਹੇ ਹਰ ਕਿਸੇ ਨੂੰ ਬੂਸਟਰ ਖੁਰਾਕ ਲੱਗ ਚੁਕੀ ਹੋਵੇ, ਫਿਰ ਵੀ ਟੀਕਿਆਂ ਦਾ ਪ੍ਰਭਾਵ ਘੱਟ ਹੋਣ ਕਾਰਨ ਲੋਕਾਂ ਨੂੰ ਕੁਝ ਹੱਦ ਤੱਕ ਖਤਰਾ ਬਣਿਆ ਰਹੇਗਾ।
ਇੱਕ ਅਧਿਐਨ ਦੋ ਖੁਰਾਕਾਂ ਲੈ ਚੁੱਕੇ ਲੋਕਾਂ ਵਿੱਚੋਂ ਵਾਇਰਸ ਨੂੰ ਬਾਹਰ ਕੱਢਣ ਲਈ ਐਂਟੀਬਾਡੀਜ਼ ਦੀ ਸਮਰੱਥਾ ਵਿੱਚ 40 ਗੁਣਾ ਕਮੀ ਦਰਸਾਉਂਦੇ ਹਨ।
ਉਮੀਦ ਕੀਤੀ ਜਾ ਰਹੀ ਹੈ ਕਿ ਟੀਕੇ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਕੋਵਿਡ ਨਾਲ ਸੰਕਰਮਿਤ ਹੋਣ ਤੋਂ ਬਾਅਦ ਵੀ ਹਸਪਤਾਲ ਜਾਣ ਵਾਲੀ ਸਥਿਤੀ ਤੋਂ ਬਚਾ ਲੈਣਗੇ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












