ਰਿਵੈਂਜ ਪੋਰਨ: ਜਦੋਂ ਸਕੂਲ 'ਚ ਇੱਕ ਕੁੜੀ ਦੀਆਂ ਨਿੱਜੀ ਤਸਵੀਰਾਂ ਸ਼ੇਅਰ ਹੋਈਆਂ ਤਾਂ ਕੀ ਸੀ ਉਸ ਕੋਲ ਰਾਹ

ਤਸਵੀਰ ਸਰੋਤ, BBC Three
- ਲੇਖਕ, ਹੇਨਾ ਪ੍ਰਾਈਸ ਅਤੇ ਥਿਏ ਡੇ ਗਾਲਿਏਰ
- ਰੋਲ, ਬੀਬੀਸੀ ਥ੍ਰੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
''ਮੈਂ ਤਾਂ ਸਿਰਫ਼ ਇਹ ਚਾਹੁੰਦੀ ਸੀ ਕਿ ਲੋਕ ਮੈਨੂੰ ਪਸੰਦ ਕਰਨ, ਮੈਂ ਇਹ ਇਸ ਲਈ ਕੀਤਾ ਤਾਂ ਕਿ ਮੈਂ ਖ਼ੁਦ ਨੂੰ ਜ਼ਿਆਦਾ ਹਰਮਨ ਪਿਆਰਾ ਬਣਾ ਸਕਾਂ ਪਰ ਇਸ ਦਾ ਬਿਲਕੁਲ ਉਲਟਾ ਅਸਰ ਹੋਇਆ।''
ਬ੍ਰਿਟਿਸ਼ ਡੇਟਿੰਗ ਰਿਐਲਿਟੀ ਸ਼ੋਅ ਲਵ ਆਈਲੈਂਡ ਦੀ ਸਾਬਕਾ ਸਟਾਰ ਜ਼ਾਰਾ ਮੈਕਡਰਮੋਟ ਉਸ ਦੌਰ ਦੀ ਗੱਲ ਕਰ ਰਹੀ ਹੈ, ਜਦੋਂ ਉਹ ਸਿਰਫ਼ 14 ਸਾਲ ਦੀ ਸੀ।
ਉਹ ਜ਼ਾਰਾ ਦੀ ਜ਼ਿੰਦਗੀ ਦਾ ਬੇਹੱਦ ਭਿਆਨਕ ਦੌਰ ਸੀ ਜਦੋਂ ਸਕੂਲ ਵਿੱਚ ਨਾਲ ਪੜ੍ਹ ਰਹੇ ਇੱਕ ਮੁੰਡੇ ਦੇ ਦਬਾਅ ਵਿੱਚ ਆ ਕੇ ਜ਼ਾਰਾ ਨੇ ਉਸ ਨੂੰ ਆਪਣੇ ਨਿੱਜੀ ਅੰਗਾਂ ਦੀਆਂ ਕੁਝ ਤਸਵੀਰਾਂ ਭੇਜ ਦਿੱਤੀਆਂ ਸਨ।
ਬੀਬੀਸੀ ਥ੍ਰੀ ਦੀ ਇੱਕ ਦਸਤਾਵੇਜ਼ੀ ਫ਼ਿਲਮ 'ਜ਼ਾਰਾ ਮੈਕਡਰਮੋ: ਰਿਵੈਂਜ ਪੋਰਨ' ਵਿੱਚ ਰਿਵੈਂਜ ਪੋਰਨ ਦੇ ਅਸਰ ਨੂੰ ਦਿਖਾਇਆ ਗਿਆ ਹੈ। ਰਿਵੈਂਜ ਪੋਰਨ ਦਾ ਮਤਲਬ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਦੀਆਂ ਨਿੱਜੀ ਤਸਵੀਰਾਂ ਨੂੰ ਸ਼ੇਅਰ ਕਰ ਦੇਣਾ। ਅਕਸਰ ਇਹ ਮਾੜੀ ਭਾਵਨਾ ਅਤੇ ਬਦਲਾ ਲੈਣ ਦੀ ਨੀਅਤ ਨਾਲ ਕੀਤਾ ਜਾਂਦਾ ਹੈ। ਦਸਤਾਵੇਜ਼ੀ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਲੋਕਾਂ ਨੂੰ ਕਿਸ ਕਿਸ ਤਰ੍ਹਾਂ ਰਿਵੈਂਜ ਪੋਰਨ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਹ ਲੇਖ ਉਸੇ ਦਸਤਵਾਵੇਜ਼ੀ ਉੱਪਰ ਅਧਾਰਿਤ ਹੈ।
ਜ਼ਾਰਾ ਦੇ ਸਕੂਲੀ ਦਿਨ ਕੋਈ ਵਧੀਆ ਨਹੀਂ ਸਨ। ਉਨ੍ਹਾਂ ਨੂੰ ਦਬਾਇਆ ਗਿਆ, ਇਕੱਲੇਪਣ ਵਿੱਚੋਂ ਲੰਘਣਾ ਪਿਆ। ਉਨ੍ਹਾਂ ਨੇ ਸੋਚਿਆ ਕਿ ਜੇਕਰ ਉਹ ਮੁੰਡਾ ਉਨ੍ਹਾਂ ਨੂੰ ਪਸੰਦ ਕਰਨ ਲੱਗਿਆ ਤਾਂ ਕਲਾਸ ਦੇ ਸਾਥੀਆਂ ਵਿਚਕਾਰ ਉਨ੍ਹਾਂ ਦਾ ਕੱਦ ਵਧ ਜਾਵੇਗਾ। ਇਸ ਦੇ ਉਲਟ ਮੁੰਡੇ ਨੇ ਪੂਰੇ ਸਕੂਲ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰ ਦਿੱਤੀਆਂ ਅਤੇ ਫਿਰ ਚੀਜ਼ਾਂ ਵਿਗੜਦੀਆਂ ਚਲੀਆਂ ਗਈਆਂ।
ਜ਼ੂਮ ਕਾਲ ਜ਼ਰੀਏ ਇੱਕ ਗੱਲਬਾਤ ਦੌਰਾਨ ਜ਼ਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਆਖਰ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ।
ਉਨ੍ਹਾਂ ਨੇ ਕਿਹਾ, ਇਹ ਸਭ ਉਨ੍ਹਾਂ ਦੀ ਜ਼ਿੰਦਗੀ ਦੇ ਬੇਹੱਦ ਅਹਿਮ ਸਮੇਂ ਵਿੱਚ ਹੋਇਆ ਸੀ। ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਖੁਦ ਨੂੰ ਤਲਾਸ਼ਦੇ ਹੋ ਅਤੇ ਥੋੜ੍ਹੇ ਬਾਲਗ ਹੋਣ ਵੱਲ ਵਧਦੇ ਹੋ।
ਇਹ ਵੀ ਪੜ੍ਹੋ:
ਬੇਹੱਦ ਕਾਲਾ ਦੌਰ
ਜ਼ਾਰਾ ਦੱਸਦੇ ਹਨ, ''ਇਹ ਮੇਰੀ ਜ਼ਿੰਦਗੀ ਦਾ ਇੰਨਾ ਕਾਲਾ ਦੌਰ ਸੀ ਕਿ ਮੈਂ ਖੁਦ ਨੂੰ ਛੁਪਾ ਕੇ ਰੱਖਣ ਦੀ ਕੋਸ਼ਿਸ਼ ਕਰਨ ਲੱਗੀ ਸੀ। ਮੈਂ ਬੇਹੱਦ ਪਰੇਸ਼ਾਨ ਹੋ ਗਈ ਸੀ। ਮੈਂ ਠੀਕ ਤਰ੍ਹਾਂ ਨਾਲ ਖਾਣਾ ਵੀ ਨਹੀਂ ਸੀ ਖਾਂਦੀ। ਮੈਨੂੰ ਨੀਂਦ ਨਹੀਂ ਸੀ ਆਉਂਦੀ। ਮੈਂ ਹਾਰ ਚੁੱਕੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਹੁਣ ਮੈਂ ਕਦੇ ਇਸ ਵਿੱਚੋਂ ਨਿਕਲ ਨਹੀਂ ਸਕਾਂਗੀ।''
ਮੈਨੂੰ ਖੁਦਕੁਸ਼ੀ ਦੇ ਖ਼ਿਆਲ ਆਉਣ ਲੱਗੇ ਸਨ। ਇਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਇਹ ਕਿੰਨਾ ਬੁਰਾ ਦੌਰ ਸੀ। ਮੈਨੂੰ ਪਤਾ ਸੀ ਕਿ ਤਸਵੀਰਾਂ ਬਾਹਰ ਆਉਣ ਤੋਂ ਬਾਅਦ ਮੇਰੀ ਹੋਰ ਬੁਲਿੰਇੰਗ ਹੋਵੇਗੀ। ਇਨ੍ਹਾਂ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕੀ, ਅੱਜ ਤੱਕ ਇਨ੍ਹਾਂ ਚੀਜ਼ਾਂ ਦਾ ਅਸਰ ਮੇਰੇ 'ਤੇ ਹੈ।''
ਦਸਤਾਵੇਜ਼ੀ ਇਹ ਵੀ ਦੱਸਦੀ ਹੈ ਕਿ ਅਜਿਹੇ ਲੋਕਾਂ ਲਈ ਮਦਦ ਦੀ ਕਿਸ ਤਰ੍ਹਾਂ ਦੀ ਵਿਵਸਥਾ ਹੈ।

ਤਸਵੀਰ ਸਰੋਤ, BBC Three
ਜ਼ਾਰਾ ਨਾਲ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਉਨ੍ਹਾਂ ਨੇ ਕਿਸੇ 'ਤੇ ਭਰੋਸਾ ਕੀਤਾ ਅਤੇ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਖੁੱਲ੍ਹੇਆਮ ਵੰਡ ਕੇ ਇਸ ਨੂੰ ਤੋੜਿਆ ਗਿਆ। 2018 ਵਿੱਚ 21 ਸਾਲ ਦੀ ਉਮਰ ਵਿੱਚ ਜਦੋਂ ਉਹ ਲਵ ਆਈਲੈਂਡ ਵਿੱਚ ਆਏ, ਉਦੋਂ ਵੀ ਅਜਿਹੀ ਹੀ ਹਰਕਤ ਦਾ ਸ਼ਿਕਾਰ ਹੋਏ।
ਉਸ ਵੇਲੇ ਵੀ ਉਨ੍ਹਾਂ ਦੀਆਂ ਤਸਵੀਰਾਂ ਵੱਟਸਐਪ 'ਤੇ ਭੇਜੀਆਂ ਗਈਆਂ ਪਰ ਲਵ ਆਈਲੈਂਡ ਵਿਲਾ ਵਿੱਚ ਉਨ੍ਹਾਂ ਕੋਲ ਫੋਨ ਨਹੀਂ ਸੀ। ਇਸ ਲਈ ਉਹ ਇਸ ਤੋਂ ਅਣਜਾਣ ਸੀ। ਇਸ ਸ਼ੋਅ ਨੂੰ ਛੱਡਣ ਦੇ ਬਾਅਦ ਲਵ ਆਈਲੈਂਡ ਦੇ ਇੱਕ ਨੁਮਾਇੰਦੇ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਕਿਵੇਂ ਜ਼ਾਰਾ ਦੀਆਂ ਕੁਝ ਨਿੱਜੀ ਤਸਵੀਰਾਂ ਤੇਜ਼ੀ ਨਾਲ ਫੈਲ ਰਹੀਆਂ ਹਨ, ਪਰ ਉਦੋਂ ਤੱਕ ਇਹ ਸਟੋਰੀ ਪ੍ਰੈੱਸ ਵਿੱਚ ਜਾ ਚੁੱਕੀ ਸੀ।
ਦਸਤਾਵੇਜ਼ੀ ਦੀ ਸ਼ੂਟਿੰਗ ਦੌਰਾਨ ਜ਼ਾਰਾ ਨੇ ਕਿਹਾ, 'ਮੇਰੇ ਲਈ ਇਹ ਦੱਸਣਾ ਬਹੁਤ ਮੁਸ਼ਕਿਲ ਹੈ ਕਿ ਉਸ ਦੌਰਾਨ ਮੈਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੀ ਸੀ। ਅਜਿਹਾ ਲੱਗ ਰਿਹਾ ਸੀ ਕਿ ਤੁਹਾਡੇ ਮਾਤਾ-ਪਿਤਾ ਤੁਹਾਡੀ ਵਜ੍ਹਾ ਨਾਲ ਸ਼ਰਮ ਮਹਿਸੂਸ ਕਰ ਰਹੇ ਹੋਣ। ਕੀ ਮੈਂ ਉਨ੍ਹਾਂ ਦੀ ਨਜ਼ਰ ਵਿੱਚ ਪਹਿਲਾਂ ਵਾਲੀ ਜ਼ਾਰਾ ਰਹਿ ਗਈ ਸੀ? ਮੇਰੇ ਲਈ ਉਹ ਬੇਹੱਦ ਸ਼ਰਮਨਾਕ ਦੌਰ ਸੀ। ਅਜਿਹਾ ਲੱਗ ਰਿਹਾ ਸੀ ਕਿ ਬਸ ਹੁਣ ਮਰ ਜਾਵਾਂ।''
ਦੁਨੀਆਂ ਦੇ ਸਾਹਮਣੇ ਦੋ ਵਾਰੀ ਆਈਆਂ ਨਿੱਜੀ ਤਸਵੀਰਾਂ
ਜ਼ਾਰਾ ਦਾ ਕਹਿਣਾ ਹੈ ਕਿ ਲਵ ਆਈਲੈਂਡ ਵਿੱਚ ਆਉਣ ਤੋਂ ਪਹਿਲਾਂ ਜਿਸ ਸ਼ਖ਼ਸ ਨਾਲ ਉਨ੍ਹਾਂ ਨੇ ਮਿਲਣਾ-ਜੁਲਣਾ ਸ਼ੁਰੂ ਕੀਤਾ ਸੀ, ਉਸੇ ਨੇ ਇਹ ਤਸਵੀਰਾਂ ਫੈਲਾਈਆਂ ਸਨ। ਜਦੋਂ ਜ਼ਾਰਾ ਦੀ ਦੋਸਤ ਨੇ ਉਸ ਸ਼ਖ਼ਸ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਇਸ ਵਿੱਚ ਆਪਣਾ ਹੱਥ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਆਪਣੇ ਬੇਹੱਦ ਨਿੱਜੀ ਪਲਾਂ ਦਾ ਇੱਕ ਵਾਰ ਨਹੀਂ ਦੋ-ਦੋ ਵਾਰੀ ਦੁਨੀਆਂ ਦੇ ਸਾਹਮਣੇ ਖੁੱਲ੍ਹ ਜਾਣ ਜ਼ਾਰਾ 'ਤੇ ਤਾਂ ਆਫ਼ਤ ਲੈ ਆਇਆ। ਉਸ ਨਾਲ ਉਨ੍ਹਾਂ ਦਾ ਗੁੱਸਾ ਸਮਝਿਆ ਜਾ ਸਕਦਾ ਹੈ।
ਜ਼ਾਰਾ ਨੂੰ ਗੁੱਸਾ ਸਿਰਫ਼ ਤਸਵੀਰਾਂ ਸਾਂਝੀਆਂ ਕਰਨ ਵਾਲਿਆਂ ਉੱਪਰ ਹੀ ਨਹੀਂ ਸੀ ਸਗੋਂ ਇਸ ਬਾਰੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਤੋਂ ਵੀ ਉਹ ਨਿਰਾਸ਼ ਸਨ। ਇੰਟਰਨੈਟ ਉੱਪਰ ਆਪਣੀ ਟਰੋਲਿੰਗ ਤੋਂ ਨਰਾਜ਼ ਸਨ ਕਿਉਂਕਿ ਲੋਕ ਉਨ੍ਹਾਂ ਨੂੰ ਹੀ ਦੋਸ਼ੀ ਕਹਿ ਰਹੇ ਸਨ।
ਲੋਕ ਇਹ ਨਹੀਂ ਦੇਖ ਰਹੇ ਸਨ ਕਿ ਬਗੈਰ ਇਜਾਜ਼ਤ ਦੇ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ, ਸਗੋਂ ਉਹ ਇਸ ਗੱਲ 'ਤੇ ਜ਼ੋਰ ਦੇ ਰਹੇ ਸਨ ਕਿ ਜ਼ਾਰਾ ਨੇ ਕਿਸੇ ਨੂੰ ਆਪਣੀਆਂ ਇਹ ਤਸਵੀਰਾਂ ਭੇਜੀਆਂ ਕਿਉਂ?
ਲੋਕ ਇਹ ਜਾਣ ਕੇ ਵੀ ਹੈਰਾਨ ਸਨ ਕਿ ਕੋਈ ਆਪਣੇ ਪਾਰਟਨਰ ਨੂੰ ਆਪਣੀਆਂ ਨਿੱਜੀ ਤਸਵੀਰਾਂ ਕਿਵੇਂ ਭੇਜ ਸਕਦਾ ਹੈ ਪਰ ਅੱਜਕੱਲ੍ਹ ਆਪਣੇ ਸਾਥੀ ਨੂੰ ਅਜਿਹੀਆਂ ਤਸਵੀਰਾਂ ਭੇਜਣਾ ਆਮ ਹੈ। ਲੋਕਾਂ ਨੂੰ ਇਹ ਹਜਮ ਨਹੀਂ ਹੋ ਰਿਹਾ ਸੀ ਕਿਉਂਕਿ ਸਮਾਜ ਵਿੱਚ ਇਸ ਨੂੰ ਇੱਕ ਟੈਬੂ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, BBC THREE
ਜ਼ਾਰਾ ਕਹਿੰਦੇ ਹਨ, "ਸਮੱਸਿਆ ਉਦੋਂ ਹੁੰਦੀ ਹੈ ਜਦੋਂ ਲੋਕ ਕਹਿੰਦੇ ਹਨ ਕਿ ਉਸ ਨੇ ਅਜਿਹਾ ਕਿਉਂ ਕੀਤਾ? ਇਹ ਕਹਿੰਦੇ ਹੋਏ ਲੋਕ ਆਪਣੀ ਨੱਕ ਉੱਚੀ ਕਰ ਕੇ ਚਲੇ ਜਾਂਦੇ ਹਨ।"
ਜ਼ਾਰਾ ਕਹਿੰਦੇ ਹਨ, "ਮੈਂ ਇੱਕ ਕਮੈਂਟ ਪੜ੍ਹਿਆ। ਇਸ ਵਿੱਚ ਲਿਖਿਆ ਸੀ ਮੈਂ ਸਮਝ ਨਹੀਂ ਪਾ ਰਿਹਾ ਕਿ ਜ਼ਾਰਾ ਰਿਵੈਂਜ ਪੋਰਨ 'ਤੇ ਜਾਗਰੂਕਤਾ ਫੈਲਾਉਣ ਵਿੱਚ ਕਿਉਂ ਲੱਗੀ ਹੈ। ਇੰਸਟਾਗ੍ਰਾਮ 'ਤੇ ਤਾਂ ਉਹ ਬਿਕਨੀ ਵਿੱਚ ਪੋਜ਼ ਦਿੰਦੀ ਫਿਰਦੀ ਹੈ।"
ਜ਼ਾਰਾ ਦਾ ਕਹਿਣਾ ਹੈ, "ਲੋਕ ਇਸ ਗੱਲ ਨੂੰ ਬਿਲਕੁਲ ਸਮਝ ਨਹੀਂ ਪਾਏ ਹਨ। ਮੈਨੂੰ ਪੂਰੀ ਤਰ੍ਹਾਂ ਬੇਇੱਜ਼ਤ ਕੀਤਾ ਗਿਆ। ਮੇਰਾ ਭਰੋਸਾ ਤੋੜਿਆ ਗਿਆ। ਇਸ ਤਰ੍ਹਾਂ ਦੀ ਹਰਕਤ ਕਰ ਕੇ ਕਿਸੇ ਨੇ ਕਾਨੂੰਨ ਤੋੜਿਆ। (ਪਰ) ਬਿਕਨੀ ਪਹਿਨ ਕੇ ਇੰਸਟਾਗ੍ਰਾਮ 'ਤੇ ਫੋਟੋ ਅਪਲੋਡ ਕਰਨਾ ਕਾਨੂੰਨ ਦੀ ਨਜ਼ਰ ਵਿੱਚ ਕੋਈ ਜੁਰਮ ਨਹੀਂ ਹੈ।"
'ਮੇਰੇ ਪੁਰਾਣੇ ਪ੍ਰੇਮੀ ਨੇ ਮੇਰੀ ਨਗਨ ਤਸਵੀਰ ਇੰਸਟਾਗ੍ਰਾਮ ਸਟੋਰੀ 'ਤੇ ਪਾਈ'
ਜ਼ਾਰਾ ਇਕੱਲੀ ਨਹੀਂ ਹੈ ਜਿਸ ਨਾਲ ਅਜਿਹਾ ਹੋਇਆ ਹੈ।
ਜਿਨਸੀ ਦੁਰਵਿਵਹਾਰ ਦੇ ਮਾਮਲਿਆਂ 'ਤੇ ਕੰਮ ਕਰਨ ਵਾਲੇ ਸਮਾਜਿਕ ਸੰਗਠਨ ਸੇਫਲਾਈਨ ਦਾ ਕਹਿਣਾ ਹੈ ਕਿ ਰਿਵੈਂਜ ਪੋਰਨ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਦੀ ਰਿਪੋਰਟ ਟੀਨਏਜਰਜ਼ ਅਤੇ 20 ਤੋਂ 30 ਸਾਲ ਉਮਰ ਦੇ ਲੋਕ ਕਰਦੇ ਹਨ।
ਕਲੋਈ ਦਾ ਹੀ ਮਾਮਲਾ ਲੈ ਲਓ- ਉਸ ਸਮੇਂ ਉਹ ਅਲ੍ਹੜ ਸੀ ਤੇ ਇੱਕ ਦਿਨ ਕੰਮ ਤੋਂ ਘਰ ਨੂੰ ਵਾਪਸ ਆ ਰਹੀ ਸੀ। ਉਸੇ ਵੇਲ ਸਨੈਪਚੈਟ ਤੋਂ ਇੱਕ ਅਨਜਾਣੇ ਅਕਾਊਂਟ ਤੋਂ ਇੱਕ ਮੈਸੇਜ ਮਿਲਿਆ।”

ਤਸਵੀਰ ਸਰੋਤ, Getty Images
ਉਸ ਨੇ ਇਸ ਨੂੰ ਖੋਲ੍ਹਿਆ ਤਾਂ ਸੁੰਨ ਹੋ ਗਈ। ਇਸ ਵਿੱਚ ਉਸ ਦੀ ਨਗਨ ਤਸਵੀਰ ਸੀ। ਮੈਸੇਜ ਵਿੱਚ ਲਿਖਿਆ ਸੀ, ਜੇਕਰ ਅੱਜ ਸ਼ਾਮ ਅੱਠ ਵਜੇ ਤੱਕ ਇਸ ਅਕਾਊਂਟ 'ਤੇ ਆਪਣੀਆਂ ਹੋਰ ਨਿੱਜੀ ਤਸਵੀਰਾਂ ਨਾ ਭੇਜੀਆਂ ਤਾਂ ਉਸ ਦੀਆਂ ਹੋਰ ਨਗਨ ਤਸਵੀਰਾਂ ਹਰ ਜਗ੍ਹਾ ਪੋਸਟ ਕਰ ਦਿੱਤੀਆਂ ਜਾਣਗੀਆਂ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਆਪਣੇ ਪੁਰਾਣੇ ਪ੍ਰੇਮੀ ਨਾਲ ਉਸ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਸਨ, ਉਹ ਉਸ ਨੂੰ ਲਗਾਤਾਰ ਮਿਲਦੀਆਂ ਰਹੀਆਂ। ਕੁਝ ਹੀ ਘੰਟਿਆਂ ਦੇ ਬਾਅਦ ਉਸ ਦੇ ਇੱਕ ਦੋਸਤ ਨੇ ਫੋਨ ਕੀਤਾ।
ਉਸ ਨੇ ਕਿਹਾ, "ਕਲੋਈ ਤੂੰ ਇਹ ਇੰਸਟਾਗ੍ਰਾਮ 'ਤੇ ਕੀ ਹਰਕਤ ਕੀਤੀ ਹੈ? ਕਲੋਈ ਕਹਿੰਦੀ ਹੈ, 'ਮੇਰਾ ਪੁਰਾਣਾ ਪ੍ਰੇਮੀ ਮਾਨਸਿਕ ਤੌਰ 'ਤੇ ਮੈਨੂੰ ਪਰੇਸ਼ਾਨ ਕਰਦਾ ਸੀ। ਉਸ ਨੇ ਅੰਦਾਜ਼ਾ ਲਗਾ ਕੇ ਮੇਰਾ ਪਾਸਵਰਡ ਖੋਲ੍ਹ ਲਿਆ ਸੀ ਅਤੇ ਮੇਰੀ ਇੰਸਟਾਗ੍ਰਾਮ ਸਟੋਰੀ 'ਤੇ ਇਹ ਤਸਵੀਰਾਂ ਪਾ ਦਿੱਤੀਆਂ।"
"ਮੇਰੇ ਦਿਮਾਗ ਵਿੱਚ ਪਹਿਲੀ ਗੱਲ ਇਹੀ ਆਈ ਕਿ ਜੇਕਰ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੇ ਇਨ੍ਹਾਂ ਨੂੰ ਦੇਖ ਲਿਆ ਤਾਂ ਕੀ ਹੋਵੇਗਾ? ਮੇਰੇ ਦੋਸਤਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਕੀ ਹੋਵੇਗਾ? ਇਹ ਤਸਵੀਰਾਂ ਫਿਰ ਇੱਕ ਤੋਂ ਦੂਜੇ ਕੋਲ ਜਾ-ਜਾ ਕੇ ਘੁੰਮਦੀਆਂ ਰਹਿਣਗੀਆਂ ਅਤੇ ਮੈਂ ਬਦਨਾਮ ਹੋ ਜਾਵਾਂਗੀ। ਇਨ੍ਹਾਂ ਤਸਵੀਰਾਂ ਦੀ ਚਰਚਾ ਮੇਰੇ ਦਫ਼ਤਰ ਤੱਕ ਵੀ ਪਹੁੰਚ ਸਕਦੀ ਸੀ ਅਤੇ ਮੈਂ ਨੌਕਰੀ ਤੋਂ ਕੱਢ ਦਿੱਤੀ ਜਾਵਾਂਗੀ।"
"ਮੇਰੇ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ।"
ਭਰੀਆਂ ਅੱਖਾਂ ਨਾਲ ਕਲੋਈ ਨੇ ਕਿਹਾ ਕਿ ਮੈਨੂੰ ਆਪਣੇ ਮਾਤਾ-ਪਿਤਾ ਨਾਲ ਇਸ ਬਾਰੇ ਗੱਲ ਕਰਦੇ ਹੋਏ ਬੇਹੱਦ ਡਰ ਲੱਗ ਰਿਹਾ ਸੀ।
ਕਲੋਈ ਨੇ ਦੱਸਿਆ, "ਮੈਨੂੰ ਯਾਦ ਹੈ, ਉਸ ਰਾਤ ਮੈਂ ਘਰ ਆਈ ਅਤੇ ਇਕੱਲੀ ਆਪਣੇ ਕਮਰੇ ਵਿੱਚ ਬੈਠ ਗਈ। ਸੋਚਣ ਲੱਗੀ, ਹੁਣ ਮੇਰੀ ਜ਼ਿੰਦਗੀ ਵਿੱਚ ਕੀ ਰੱਖਿਆ ਹੈ? ਮੇਰੇ ਨਾਲ ਜੋ ਕੁਝ ਹੋਇਆ, ਉਸ ਨੂੰ ਸਮਝਣਾ ਮੇਰੇ ਲਈ ਮੁਸ਼ਕਿਲ ਹੋ ਰਿਹਾ ਸੀ। ਕੀ ਮੈਂ ਹੁਣ ਫਿਰ ਕਿਸੇ 'ਤੇ ਭਰੋਸਾ ਕਰ ਸਕਾਂਗੀ?"
"ਮੇਰੇ ਲਈ ਇਹ ਬੇਹੱਦ ਬੁਰੇ ਦਿਨ ਸਨ। ਜ਼ਿੰਦਗੀ ਜਿਵੇਂ ਹਨੇਰੇ ਵਿੱਚ ਡੁੱਬ ਗਈ ਹੋਵੇ। ਮੇਰੇ ਦਿਮਾਗ਼ ਵਿੱਚ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੇ ਖਿਆਲ ਆ ਰਹੇ ਸਨ। ਮੈਂ ਖੁਦ ਨੂੰ ਬੇਕਾਰ ਸਮਝਣ ਲੱਗੀ ਸੀ। ਲੱਗਿਆ ਮੇਰਾ ਕੋਈ ਵਜੂਦ ਹੀ ਨਹੀਂ ਹੈ।"
ਹਫ਼ਤਿਆਂ ਤੱਕ ਕਲੋਈ ਡਰ ਦੇ ਮਾਰੇ ਬਾਹਰ ਨਹੀਂ ਨਿਕਲ ਸਕੀ। ਆਖਿਰ ਇੱਕ ਦੋਸਤ ਨੇ ਉਸ ਨੂੰ ਪੱਬ ਜਾਣ ਲਈ ਮਨਾਇਆ। ਉਸ ਰਾਤ ਉੱਥੇ ਮੁੰਡਿਆਂ ਦਾ ਇੱਕ ਗਰੁੱਪ ਆਇਆ। ਉਹ ਉਮਰ ਵਿੱਚ ਉਸ ਤੋਂ ਥੋੜ੍ਹੇ ਵੱਡੇ ਸਨ। ਉਨ੍ਹਾਂ ਨੇ ਉਸ ਬਾਰੇ ਭੱਦੇ ਕਮੈਂਟ ਕੀਤੇ ਅਤੇ ਕਿਹਾ ਕਿ ਉਨ੍ਹਾਂ ਦੀਆਂ ਤਸਵੀਰਾਂ ਵੱਟਸਐਪ ਗਰੁੱਪ 'ਤੇ ਭੇਜ ਦਿੱਤੀਆਂ ਗਈਆਂ ਹਨ।
ਕਲੋਈ ਚਾਹੁੰਦੀ ਹੈ ਕਿ ਲੋਕ ਇਹ ਸਮਝਣ ਕਿ ਬੇਹੱਦ ਨਿੱਜੀ ਤਸਵੀਰਾਂ ਦੀ ਮਾੜੀ ਵਰਤੋਂ ਕਿਸੇ ਦੀ ਮਾਨਸਿਕ ਸਿਹਤ ਨੂੰ ਕਿਸ ਕਦਰ ਨੁਕਸਾਨ ਪਹੁੰਚਾ ਸਕਦੀ ਹੈ।
ਉਹ ਕਹਿੰਦੀ ਹੈ, "ਸੱਚ ਕਹਾਂ ਤਾਂ ਮੈਂ ਆਪਣੇ ਜੀਵਨ ਵਿੱਚ ਖ਼ੁਦ ਨੂੰ ਕਦੇ ਇੰਨਾ ਹੀਣ ਅਤੇ ਬੇਇੱਜ਼ਤ ਮਹਿਸੂਸ ਨਹੀਂ ਕੀਤਾ ਸੀ। ਇਹ ਜਾਣ ਕੇ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਕਿ ਇਨ੍ਹਾਂ ਆਵਾਰਾ ਮੁੰਡਿਆਂ ਨੇ ਮੇਰੀ ਉਸ ਤਸਵੀਰ ਨੂੰ ਦੇਖ ਲਿਆ ਹੈ ਅਤੇ ਉਨ੍ਹਾਂ ਨੂੰ ਇਹ ਗਰੁੱਪ ਚੈਟ 'ਤੇ ਭੇਜਣਾ ਕੋਈ ਵੱਡੀ ਗੱਲ ਨਹੀਂ ਲੱਗ ਰਹੀ ਹੈ।"
ਕਾਨੂੰਨ ਕੀ ਕਹਿੰਦਾ ਹੈ
ਬਗੈਰ ਸਹਿਮਤੀ ਦੇ ਕਿਸੇ ਦੀਆਂ ਬੇਹੱਦ ਨਿੱਜੀ ਤਸਵੀਰਾਂ ਜਾਂ ਵੀਡਿਓ ਨੂੰ ਕਿਸੇ ਦੂਜੇ ਸ਼ਖ਼ਸ ਨਾਲ ਸ਼ੇਅਰ ਕਰਨਾ ਜੁਰਮ ਹੈਪਰ ਉਦੋਂ ਹੀ ਜਦੋਂ ਇਹ ਸਾਬਤ ਕੀਤਾ ਜਾ ਸਕੇ। ਇਹ ਤਸਵੀਰਾਂ ਕਿਸੇ ਨੂੰ ਸ਼ਰਮਸਾਰ ਕਰਨ ਜਾਂ ਦੁੱਖ ਪਹੁੰਚਾਉਣ ਲਈ ਸ਼ੇਅਰ ਕੀਤੀਆਂ ਗਈਆਂ ਹਨ। ਇਹ ਕਾਨੂੰਨ 2015 ਵਿੱਚ ਲਿਆਂਦਾ ਗਿਆ ਸੀ ਅਤੇ ਇਸ ਤਰ੍ਹਾਂ ਦੇ ਜੁਰਮ ਲਈ ਦੋ ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਕੇਟ ਆਈਜੈਕ ਨੌਟ ਯੌਰ ਪੋਰਨ ਕੈਂਪੇਨ ਚਲਾਉਂਦੇ ਹਨ। ਉਹ ਕਮਰਸ਼ੀਅਲ ਪੋਰਨ ਡਿਸਟਰੀਬਿਊਟਰਾਂ ਲਈ ਬਿਹਤਰ ਰੈਗੂਲੇਸ਼ਨ ਦੀ ਮੰਗ ਕਰਦੇ ਆ ਰਹੇ ਹਨ ਤਾਂ ਕਿ ਬਗੈਰ ਸਹਿਮਤੀ ਦੇ ਲਈਆਂ ਗਈਆਂ ਤਸਵੀਰਾਂ ਜਾਂ ਬਣਾਏ ਗਏ ਵੀਡਿਓ ਨੂੰ ਇੰਟਰਨੈੱਟ 'ਤੇ ਆਉਣ ਤੋਂ ਰੋਕਿਆ ਜਾ ਸਕੇ।
ਉਹ ਕਹਿੰਦੇ ਹਨ, "ਅਜਿਹੀਆਂ ਹਰਕਤਾਂ ਖਿਲਾਫ਼ ਵਿਵਹਾਰਕ ਰੂਪ ਨਾਲ ਕਾਨੂੰਨ ਲਾਗੂ ਕਰਨਾ ਬਹੁਤ ਮੁਸ਼ਕਿਲ ਹੈ। ਤੁਹਾਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਫੋਟੋ ਮਾੜੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਸ਼ੇਅਰ ਕੀਤੀ ਗਈ ਹੈ। ਕੋਰਟ ਵਿੱਚ ਇਸ ਨੂੰ ਸਾਬਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਮੁਲਜ਼ਮ ਲਈ ਆਪਣੀ ਹਰਕਤ ਦਾ ਬਚਾਅ ਕਰਨਾ ਬਹੁਤ ਸੌਖਾ ਹੁੰਦਾ ਹੈ ਕਿਉਂਕਿ ਉਹ ਕਹਿੰਦੇ ਹਨ ਕਿ ਇਨ੍ਹਾਂ ਤਸਵੀਰਾਂ ਨੂੰ ਸਿਰਫ਼ ਆਪਣੇ ਦੋਸਤਾਂ ਨੂੰ ਦਿਖਾਉਣਾ ਹੀ ਸੀ। ਇਹ ਗਲਤੀ ਨਾਲ ਸ਼ੇਅਰ ਹੋ ਗਈਆਂ।"

ਤਸਵੀਰ ਸਰੋਤ, BBC THREE
"ਜਿੱਥੋਂ ਤੱਕ ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਸ਼ੇਅਰ ਕੀਤੀਆਂ ਜਾਣ ਵਾਲੀਆਂ ਤਸਵੀਰਾਂ ਦਾ ਸਵਾਲ ਹੈ, ਜਿਵੇਂ ਕਿ ਜ਼ਾਰਾ ਦੇ ਮਾਮਲੇ ਵਿੱਚ ਹੋਇਆ ਸੀ ਤਾਂ ਬੱਚਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਜਿਨ੍ਹਾਂ ਦੀਆਂ ਨਿੱਜੀ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਦੋਸ਼ੀ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਨੂੰ ਸਹਿਜ ਹੋ ਕੇ ਸਕੂਲ ਜਾਂ ਪੁਲਿਸ ਵਿੱਚ ਇਸ ਦੀ ਰਿਪੋਰਟ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਿਪੋਰਟ ਕਰਨ ਨਾਲ ਉਹ ਮੁਸ਼ਕਿਲ ਵਿੱਚ ਨਹੀਂ ਫਸਣਗੇ।"
ਰਿਵੈਂਜ ਪੋਰਨ ਪੀੜਤ ਸ਼ਖ਼ਸ ਦੀ ਜ਼ਿੰਦਗੀ ਦੇ ਹਰ ਹਿੱਸੇ ਨੂੰ ਤਬਾਹ ਕਰ ਸਕਦਾ ਹੈ। ਉਸ ਦੀ ਕੋਈ ਗਲਤੀ ਨਾ ਹੋਣ 'ਤੇ ਵੀ ਉਸ ਨੂੰ ਸ਼ਰਮ ਅਤੇ ਦੁੱਖ ਵਿੱਚ ਡੁਬੋ ਦਿੰਦਾ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਸਾਹਮਣਿਓਂ ਲੰਘਣ ਵਾਲੇ ਹਰ ਸ਼ਖ਼ਸ ਨੇ ਉਨ੍ਹਾਂ ਦੀ ਤਸਵੀਰ ਦੇਖ ਲਈ ਹੈ। ਰਿਵੈਂਜ ਪੋਰਨ ਸ਼ਿਕਾਰਾਂ ਦੀ ਮਾਨਸਿਕ ਸਿਹਤ ਨੂੰ ਸਥਾਈ ਨੁਕਸਾਨ ਪਹੁੰਚਾ ਸਕਦਾ ਹੈ।

ਤਸਵੀਰ ਸਰੋਤ, Getty Images
ਕੇਟ ਕਹਿੰਦੇ ਹਨ, ''ਹਫ਼ਤਾ ਦਰ ਹਫ਼ਤਾ ਅਜਿਹੇ ਮਾਮਲਿਆਂ ਖਿਲਾਫ਼ ਹੈਲਪਲਾਈਨ ਨੂੰ ਰਿਪੋਰਟ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਇੱਥੋਂ ਤੱਕ ਕਿ ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਰਿਪੋਰਟਿੰਗ ਕਾਫ਼ੀ ਵਧੀ ਹੋਈ ਸੀ ਅਤੇ ਸਾਡੇ ਲਈ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਰਿਹਾ ਸੀ।''
ਉਹ ਕਹਿੰਦੇ ਹਨ, ''ਸਾਨੂੰ ਕੁਝ ਵਾਧੂ ਫੰਡ ਮਿਲਿਆ ਹੈ ਜਿਸ ਨਾਲ ਅਸੀਂ ਆਪਣੀ ਸਮਰੱਥਾ ਨੂੰ ਥੋੜ੍ਹੀ ਵਧਾ ਸਕੇ ਹਾਂ, ਪਰ ਸਾਨੂੰ ਪਤਾ ਨਹੀਂ ਹੈ ਕਿ ਇਹ ਫੰਡ ਮਾਰਚ ਦੇ ਬਾਅਦ ਵੀ ਚੱਲ ਸਕੇਗਾ ਜਾਂ ਨਹੀਂ।''
ਹੈਲਪਲਾਈਨ ਵਿੱਚ ਸਿਰਫ਼ ਤਿੰਨ ਫੁੱਲ ਟਾਈਮ ਕਰਮਚਾਰੀ ਹਨ। ਲਿਹਾਜਾ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਨੂੰ ਹੋਰ ਫੰਡ ਮੁਹੱਈਆ ਕਰਾਏ ਜਾਣ ਤਾਂ ਕਿ ਰਿਵੈਂਜ ਪੋਰਨ ਦੇ ਸ਼ਿਕਾਰ ਲੋਕਾਂ ਦੀ ਹੋਰ ਜ਼ਿਆਦਾ ਮਦਦ ਕੀਤੀ ਜਾ ਸਕੇ।
ਯੂਕੇ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ''ਇਹ ਘਿਨੌਣਾ ਜੁਰਮ ਹੈ ਜੋ ਲੋਕ ਇਸ ਤੋਂ ਪ੍ਰਭਾਵਿਤ ਹਨ, ਉਨ੍ਹਾਂ ਨਾਲ ਸਾਡੀ ਗਹਿਰੀ ਹਮਦਰਦੀ ਹੈ।''
''ਅਸੀਂ ਇਸ ਤਰ੍ਹਾਂ ਦੇ ਘਿਨੌਣੇ ਵਿਵਹਾਰ ਨੂੰ 2015 ਵਿੱਚ ਗੈਰ ਕਾਨੂੰਨੀ ਐਲਾਨ ਦਿੱਤਾ ਸੀ। ਹੁਣ ਤੱਕ ਅਜਿਹੇ ਮਾੜੇ ਵਤੀਰੇ ਨੂੰ ਅੰਜਾਮ ਦੇਣ ਵਾਲੇ 900 ਲੋਕਾਂ 'ਤੇ ਮੁਕੱਦਮਾ ਚਲਾਇਆ ਗਿਆ ਹੈ। ਇਨ੍ਹਾਂ ਵਿੱਚੋਂ 190 ਲੋਕਾਂ ਨੂੰ ਸਿੱਧਾ ਜੇਲ੍ਹ ਭੇਜ ਦਿੱਤਾ ਗਿਆ ਹੈ।''
''ਰਿਵੈਂਜ ਪੋਰਨ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨਾ ਸਾਡੀ ਤਰਜੀਹ ਹੈ। ਇਸ ਲਈ ਅਸੀਂ ਰਾਹਤ ਮੁਹੱਈਆ ਕਰਾਉਣ ਵਾਲੀਆਂ ਮਾਹਿਰ ਸੇਵਾਵਾਂ 'ਤੇ ਚਾਰ ਕਰੋੜ ਪੌਂਡ ਖਰਚ ਕਰ ਰਹੇ ਹਾਂ। ਅਸੀਂ ਰਿਵੈਂਜ ਪੋਰਨ ਹੈਲਪਲਾਈਨ ਨੂੰ ਢੁਕਵੇਂ ਫੰਡ ਦਿੰਦੇ ਰਹਾਂਗੇ।''
'ਮੈਂ ਮੁਜਰਮ ਵਾਂਗ ਮਹਿਸੂਸ ਕੀਤਾ'
ਕਲੋਈ ਨੇ ਆਪਣੇ ਪੁਰਾਣੇ ਪ੍ਰੇਮੀ ਖਿਲਾਫ਼ ਪੁਲਿਸ ਵਿੱਚ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਅਫ਼ਸਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਜ਼ਿਆਦਾ ਦਬਾਅ ਪਾਇਆ ਤਾਂ ਖੁਦ ਮੁਸ਼ਕਿਲ ਵਿੱਚ ਫਸ ਸਕਦੀ ਹੈ ਕਿਉਂਕਿ ਉਸ ਦੀ ਉਮਰ 18 ਸਾਲ ਤੋਂ ਘੱਟ ਹੈ।
18 ਸਾਲ ਤੋਂ ਘੱਟ ਉਮਰ ਦੇ ਸ਼ਖ਼ਸ ਲਈ ਆਪਣੀਆਂ ਨਿੱਜੀ ਤਸਵੀਰਾਂ ਖਿੱਚਣਾ ਅਤੇ ਉਸ ਨੂੰ ਕਿਸੇ ਨੂੰ ਭੇਜਣਾ ਜੁਰਮ ਹੈ। ਉਨ੍ਹਾਂ ਨੂੰ ਚਾਈਲਡ ਪੋਰਨੋਗ੍ਰਾਫ਼ੀ ਕਾਨੂੰਨ ਤਹਿਤ ਮੁਜਰਮ ਕਰਾਰ ਦਿੱਤਾ ਜਾ ਸਕਦਾ ਹੈ।
ਕਲੋਈ ਕਹਿੰਦੀ ਹੈ, "ਉਨ੍ਹਾਂ ਪੁਲਿਸ ਅਫ਼ਸਰਾਂ ਦੇ ਇਹ ਕਹਿਣ 'ਤੇ ਮੈਂ ਸੋਚਣ ਲੱਗੀ ਸੀ, ਸਹੀ ਵਿੱਚ ਇਹ ਮੇਰੀ ਹੀ ਗਲਤੀ ਸੀ ਕਿਉਂਕਿ ਮੈਂ ਤਸਵੀਰਾਂ ਭੇਜੀਆਂ ਸਨ ਅਤੇ ਇਹ ਜੁਰਮ ਸੀ।"
ਕਲੋਈ ਕਹਿੰਦੀ ਹੈ ਕਿ ਇਸ ਦੇ ਬਾਅਦ ਉਹ ਖੁਦ ਨੂੰ ਹੀ ਦੋਸ਼ੀ ਮੰਨਣ ਲੱਗੀ ਸੀ। ਕਾਫ਼ੀ ਦਿਨਾਂ ਤੱਕ ਉਸ ਦੀ ਮਾਨਸਿਕ ਸਿਹਤ 'ਤੇ ਇਸ ਦਾ ਅਸਰ ਰਿਹਾ। ਜੋ ਹੁਣ ਹੌਲੀ ਹੌਲੀ ਖ਼ਤਮ ਹੋ ਰਿਹਾ ਹੈ।
ਕਲੋਈ ਦੀ ਤਰ੍ਹਾਂ ਜ਼ਾਰਾ ਨੇ ਵੀ 14 ਸਾਲ ਦੀ ਉਮਰ ਵਿੱਚ ਖੁਦ ਨੂੰ ਮੁਜਰਮ ਮੰਨਣਾ ਸ਼ੁਰੂ ਕਰ ਦਿੱਤਾ, ਜਦੋਂ ਪਹਿਲੀ ਵਾਰ ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਹੋਈਆਂ ਸਨ। ਇਸ ਤਰ੍ਹਾਂ ਦੀ ਤਸਵੀਰ ਖਿੱਚਣ 'ਤੇ ਉਸ ਨੂੰ ਸਕੂਲ ਤੋਂ ਸਸਪੈਂਡ ਕਰ ਦਿੱਤਾ ਸੀ। ਜਦੋਂਕਿ ਉਸ ਮੁੰਡੇ ਨੂੰ ਸਕੂਲ ਤੋਂ ਨਹੀਂ ਕੱਢਿਆ ਗਿਆ ਜਿਸ ਨੇ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਕਰਾਉਨ ਪ੍ਰੌਸੀਕਿਊਸ਼ਨ ਸਰਵਿਸ ਦੇ ਬੁਲਾਰੇ ਨੇ ਕਿਹਾ, ''ਜੇਕਰ ਦੋ ਹਮਉਮਰ ਬੱਚਿਆਂ ਵਿਚਕਾਰ ਰਿਸ਼ਤੇ ਹੋਣ ਅਤੇ ਸਹਿਮਤੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਤਾਂ ਜਨਹਿਤ ਵਿੱਚ ਮਾਮਲਾ ਚਲਾਉਣਾ ਠੀਕ ਨਹੀਂ ਹੋਵੇਗਾ। ਦੂਜੇ ਹਾਲਾਤ ਵਿੱਚ ਮਾਮਲਾ ਚਲਾਇਆ ਜਾ ਸਕਦਾ ਹੈ।''

ਜ਼ਾਰਾ ਨੇ ਕਿਹਾ ਕਿ ਉਸ ਵਕਤ ਉਸ ਨੂੰ ਅਜਿਹੀ ਕੋਈ ਥੈਰੇਪੀ ਨਹੀਂ ਮਿਲ ਸਕੀ ਜਿਸ ਨਾਲ ਉਹ ਆਪਣੀ ਮਾਨਸਿਕ ਸਿਹਤ 'ਤੇ ਰਿਵੈਂਜ ਪੋਰਨ ਦੇ ਅਸਰ 'ਤੇ ਗੱਲ ਕਰ ਸਕੇ ਪਰ ਉਹ ਸੋਚਦੇ ਹਨ ਕਿ ਜੇਕਰ ਉਹ ਇਸ 'ਤੇ ਕਿਸੇ ਨਾਲ ਗੱਲ ਕਰਦੇ ਤਾਂ ਇਹ ਉਸ ਲਈ ਵੱਡੀ ਮਦਦਗਾਰ ਸਾਬਤ ਹੋ ਸਕਦੀ ਸੀ।
ਨੌਟ ਯੌਰ ਪੋਰਨ ਅਭਿਆਨ ਨਾਲ ਜੁੜੀ ਕੇਟ ਕਹਿੰਦੀ ਹੈ ਕਿ ਰਿਵੈਂਜ ਪੋਰਨ ਨੂੰ ਜਿਣਸੀ ਵਿਵਹਾਰ ਦੀ ਤਰ੍ਹਾਂ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।
ਉਹ ਕਹਿੰਦੀ ਹੈ, ''ਇਸ ਰਵੱਈਏ 'ਤੇ ਰੋਕ ਲਗਾਉਣੀ ਹੋਵੇਗੀ। ਸਾਨੂੰ ਉਸ ਵਿਅਕਤੀ 'ਤੇ ਇਲਜ਼ਾਮ ਮੜ੍ਹਨ ਤੋਂ ਬਚਣਾ ਹੋਵੇਗਾ ਜਿਸ ਨੇ ਤਸਵੀਰ ਲਈ ਹੈ। ਬਲਕਿ ਉਸ ਸ਼ਖ਼ਸ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਹੋਵੇਗਾ ਜਿਸ ਨੇ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੂੰ ਇਹ ਦੱਸਣਾ ਹੋਵੇਗਾ ਕਿ ਇਹ ਗੈਰ ਕਾਨੂੰਨੀ ਹੈ ਅਤੇ ਇਹ ਪੀੜਤ ਲੋਕਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਤੋੜ ਸਕਦਾ ਹੈ।''
ਰਿਵੈਂਜ ਪੋਰਨ ਦਾ ਸ਼ਿਕਾਰ ਬਣਨ 'ਤੇ ਕੀ ਕਰੀਏ
ਇਸ ਘਟਨਾ ਨੂੰ ਦਸ ਸਾਲ ਹੋ ਚੁੱਕੇ ਹਨ। ਜ਼ਾਰਾ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਦਸਤਾਵੇਜ਼ੀ ਰਿਵੈਂਜ ਪੋਰਨ ਅਤੇ ਇਸ ਦੇ ਨਤੀਜਿਆਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰੇਗੀ।
ਉਹ ਕਹਿੰਦੇ ਹਨ, ''ਮੈਂ ਚਾਹੁੰਦੀ ਹਾਂ ਕਿ ਇਸ ਦਸਤਾਵੇਜ਼ੀ ਨਾਲ ਲੋਕਾਂ ਨੂੰ ਤਾਕਤ ਮਿਲੇ। ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਸਿਰਫ਼ ਉਹੀ ਰਿਵੈਂਜ ਪੋਰਨ ਦੀ ਸ਼ਿਕਾਰ ਨਹੀਂ ਹੋ ਹੈ। ਦੁਨੀਆਂ ਵਿੱਚ ਕਈ ਲੋਕ ਇਸ ਤ੍ਰਾਸਦੀ ਤੋਂ ਗੁਜ਼ਰ ਚੁੱਕੇ ਹਨ। ਜ਼ਾਰਾ ਨੂੰ ਅਜਿਹੀਆਂ ਔਰਤਾਂ ਦੇ ਮੈਸੇਜ ਮਿਲਦੇ ਹਨ ਜੋ ਦੱਸਦੀਆਂ ਹਨ ਕਿ ਉਹ ਵੀ ਆਪਣੀਆਂ ਨਿੱਜੀ ਤਸਵੀਰਾਂ ਨੂੰ ਕਿਸੇ ਦੂਜੇ ਸ਼ਖ਼ਸ ਵੱਲੋਂ ਸ਼ੇਅਰ ਕਰਨ ਦੀਆਂ ਕਰਤੂਤਾਂ ਦੀਆਂ ਸ਼ਿਕਾਰ ਰਹੀਆਂ ਹਨ।''
ਜ਼ਾਰਾ ਕਹਿੰਦੀ ਹੈ, ''ਮੈਂ ਚਾਹੁੰਦੀ ਹਾਂ ਕਿ ਰਿਵੈਂਜ ਪੋਰਨ ਦੀਆਂ ਸ਼ਿਕਾਰ ਔਰਤਾਂ ਨੂੰ ਬਿਹਤਰ ਮਦਦ ਮਿਲੇ। ਲੋਕ ਉਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਖੁੱਲ੍ਹ ਕੇ ਗੱਲ ਕਰਨ। ਨਾਲ ਹੀ ਇਸ ਦੇ ਸ਼ਿਕਾਰ ਲੋਕਾਂ ਨੂੰ ਹੀ ਇਸ ਲਈ ਕਸੂਰਵਾਰ ਅਤੇ ਜ਼ਿੰਮੇਵਾਰ ਠਹਿਰਾਉਣਾ ਘੱਟ ਹੋਵੇ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












