ਅਯੁੱਧਿਆ: ਰਾਮ ਮੰਦਰ ਦੀ ਉਸਾਰੀ ਦਾ ਕੰਮ ਜ਼ੋਰਾਂ ਉੱਤੇ, ਮਸਜਿਦ ਦੇ ਨਕਸ਼ੇ ਨੂੰ ਮਨਜ਼ੂਰੀ ਦਾ ਇੰਤਜ਼ਾਰ- ਗਰਾਊਂਡ ਰਿਪੋਰਟ

    • ਲੇਖਕ, ਅਨੰਤ ਝਣਾਣੇਂ
    • ਰੋਲ, ਧੰਨੀਪੁਰ ਵਿੱਚ ਹੈ ਮਨਜ਼ੂਰੀ ਦਾ ਇੰਤਜ਼ਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਸੁਪਰੀਮ ਕੋਰਟ ਦੇ 9 ਨਵੰਬਰ, 2019 ਦੇ ਫ਼ੈਸਲੇ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਰਾਹ ਸਾਫ਼ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਮੁਸਲਮਾਨਾਂ ਨੂੰ ਪੰਜ ਏਕੜ ਜ਼ਮੀਨ ਅਲਾਟ ਕਰਨ ਲਈ ਕਿਹਾ ਸੀ, ਜਿੱਥੇ ਉਹ ਮਸਜਿਦ ਬਣਾ ਸਕਣ।

ਇਹ ਜ਼ਮੀਨ ਅਯੁੱਧਿਆ ਸ਼ਹਿਰ ਤੋਂ 26 ਕਿਲੋਮੀਟਰ ਦੂਰ ਧੰਨੀਪੁਰ ਨਾਂ ਦੇ ਪਿੰਡ ਵਿੱਚ ਦਿੱਤੀ ਗਈ ਸੀ।

ਅਸੀਂ ਧੰਨੀਪੁਰ ਗਏ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉੱਥੇ ਮਸਜਿਦ ਬਣਾਉਣ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਅਤੇ ਅਯੁੱਧਿਆ ਵਿੱਚ ਮੰਦਿਰ ਦਾ ਨਿਰਮਾਣ ਕਦੋਂ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।

ਧੰਨੀਪੁਰ ਵਿੱਚ ਹੈ ਮਨਜ਼ੂਰੀ ਦਾ ਇੰਤਜ਼ਾਰ

ਧੰਨੀਪੁਰ ਵਿੱਚ ਅਸੀਂ ਉੱਥੋਂ ਦੇ ਕੇਅਰਟੇਕਰ ਸੋਹਰਾਬ ਖ਼ਾਨ ਨੂੰ ਮਿਲੇ। ਜ਼ਮੀਨ ਦਿਖਾਉਂਦੇ ਹੋਏ ਉਨ੍ਹਾਂ ਨੇ ਦੱਸਿਆ, "ਇਹ ਪੰਜ ਏਕੜ ਜ਼ਮੀਨ ਹੈ, ਭਾਵ 20 ਵਿੱਘੇ। ਇਹ ਪੂਰੀ ਟਰੱਸਟ ਦੀ ਜ਼ਮੀਨ ਹੈ, ਉਸਾਰੀ ਦਾ ਕੰਮ ਸਿਰਫ਼ ਨਕਸ਼ੇ ਕਾਰਨ ਹੀ ਰੁਕਿਆ ਹੋਇਆ ਹੈ।"

"ਨਕਸ਼ਾ ਵਿਕਾਸ ਅਥਾਰਟੀ ਤੋਂ ਪਾਸ ਹੋਣਾ ਹੈ। ਜਿਸ ਵਿੱਚ ਕੁਝ ਐੱਨਓਸੀ ਦੀ ਸਮੱਸਿਆਵਾਂ ਆ ਗਈ ਹੈ। ਉਮੀਦ ਹੈ ਕਿ ਇਹ ਬਹੁਤ ਜਲਦੀ ਹੋ ਜਾਵੇਗਾ।"

ਕਾਗਜ਼ਾਂ 'ਤੇ ਤਿਆਰ ਕੀਤੇ ਗਏ ਪ੍ਰਾਜੈਕਟ ਮੁਤਾਬਕ 23507 ਵਰਗ ਮੀਟਰ ਜ਼ਮੀਨ 'ਚ ਇੱਕ ਮਸਜਿਦ, ਇੱਕ ਹਸਪਤਾਲ, ਇਸ ਦੀ ਬੇਸਮੈਂਟ, ਇੱਕ ਮਿਊਜ਼ੀਅਮ ਅਤੇ ਇਕ ਸਰਵਿਸ ਬਲਾਕ ਬਣਾਇਆ ਜਾਣਾ ਹੈ।

ਹਸਪਤਾਲ 200 ਬਿਸਤਰਿਆਂ ਦਾ ਹੋਵੇਗਾ, ਮਸਜਿਦ ਵਿੱਚ 2000 ਨਮਾਜ਼ੀਆਂ ਦੀ ਵਿਵਸਥਾ ਹੋਵੇਗੀ ਅਤੇ ਅਜਾਇਬ ਘਰ 1857 ਦੇ ਸੁਤੰਤਰਤਾ ਸੰਗਰਾਮ ਦੀ ਥੀਮ 'ਤੇ ਬਣਾਇਆ ਜਾਵੇਗਾ ਅਤੇ ਮੌਲਵੀ ਅਹਿਮਦੁੱਲਾ ਸ਼ਾਹ ਨੂੰ ਸਮਰਪਿਤ ਹੋਵੇਗਾ।

ਫਿਲਹਾਲ ਜ਼ਮੀਨ 'ਤੇ ਇੱਕ ਪਹਿਲਾਂ ਤੋਂ ਹੀ ਮਜ਼ਾਰ ਵੀ ਮੌਜੂਦ ਹੈ।

ਜ਼ਮੀਨ ਦੀ ਆਰਕੀਟੈਕਚਰਲ ਡਰਾਇੰਗ ਅਤੇ ਨਕਸ਼ੇ ਤਿਆਰ ਕਰਕੇ ਅਯੁੱਧਿਆ ਵਿਕਾਸ ਅਥਾਰਟੀ ਨੂੰ ਸੌਂਪੇ ਗਏ ਸਨ, ਪਰ ਕੋਵਿਡ ਕਾਰਨ ਸ਼ੁਰੂਆਤੀ ਸਮੱਸਿਆਵਾਂ ਆਈਆਂ ਸਨ।

ਬਾਅਦ ਵਿੱਚ ਅਥਾਰਟੀ ਵੱਲੋਂ ਐੱਨਓਸੀ ਲਈ ਕਿਹਾ ਗਿਆ। ਉਸ ਵਿੱਚ ਫਾਇਰ ਦੀ ਐੱਨਓਸੀ ਟਰੱਸਟ ਨੂੰ ਮੁਹੱਈਆ ਕਰਵਾਉਣੀ ਹੈ।

ਉਸ ਵਿੱਚ ਇੱਕ ਚੁਣੌਤੀ ਇਹ ਹੈ ਕਿ 5 ਏਕੜ ਜ਼ਮੀਨ ਦਾ ਰਸਤਾ ਸਿਰਫ਼ ਸਿਰਫ਼ ਚਾਰ ਮੀਟਰ ਚੌੜਾ ਹੈ, ਉਸ ਨੂੰ ਹੋਰ ਚੌੜਾ ਕਰਨ ਦੀ ਲੋੜ ਹੈ। ਹਾਲਾਂਕਿ ਇਸ ਦਿਸ਼ਾ 'ਚ ਕੰਮ ਸ਼ੁਰੂ ਹੋ ਚੁੱਕਾ ਹੈ।

  • ਸਾਲ 2019 ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਰਾਮ ਮੰਦਿਰ ਨਿਰਮਾਣ ਦਾ ਰਸਤਾ ਸਾਫ਼ ਹੋ ਗਿਆ ਸੀ।
  • ਅਯੁੱਧਿਆ ਵਿੱਚ ਹੀ ਧੰਨੀਪੁਰ ਪਿੰਡ ਵਿੱਚ ਮਸਜਿਦ ਬਣਾਉਣ ਲਈ ਥਾਂ ਦਿੱਤੀ ਗਈ ਸੀ।
  • ਅਯੁੱਧਿਆ ਸ਼ਹਿਰ ਤੋਂ 26 ਕਿਲੋਮੀਟਰ ਦੂਰ ਧੰਨੀਪੁਰ ਨਾਂ ਦੇ ਪਿੰਡ ਵਿੱਚ ਦਿੱਤੀ ਗਈ ਸੀ।
  • ਜ਼ਮੀਨ 'ਚ ਇੱਕ ਮਸਜਿਦ, ਇੱਕ ਹਸਪਤਾਲ, ਇਸ ਦੀ ਬੇਸਮੈਂਟ, ਇੱਕ ਮਿਊਜ਼ੀਅਮ ਅਤੇ ਇਕ ਸਰਵਿਸ ਬਲਾਕ ਬਣਾਇਆ ਜਾਣਾ ਹੈ।
  • ਮਸਜਿਦ ਟਰੱਸਟ ਕੋਲ ਹੁਣ ਤੱਕ ਸਿਰਫ਼ 35 ਲੱਖ ਰੁਪਏ ਇਕੱਠੇ ਹੋਏ ਹਨ।
  • ਧੰਨੀਪੁਰ ਵਿੱਚ ਨਿਰਮਾਣ ਦੋ ਪੜਾਵਾਂ ਵਿੱਚ ਪ੍ਰਸਤਾਵਿਤ ਹੈ, ਜਿਸ ਦੀ ਲਾਗਤ 300 ਕਰੋੜ ਰੁਪਏ ਹੈ।

ਧੰਨੀਪੁਰ ਵਿੱਚ ਪ੍ਰੋਜੈਕਟ ਫੰਡਿੰਗ ਕਿਵੇਂ ਹੋ ਰਹੀ ਹੈ?

ਇਸ ਨਿਰਮਾਣ ਕਾਰਜ ਲਈ ਇੰਡੋ ਇਸਲਾਮਿਕ ਕਲਚਰਲ ਫਾਊਂਡੇਸ਼ਨ ਮਸਜਿਦ ਟਰੱਸਟ ਕੋਲ ਹੁਣ ਤੱਕ ਸਿਰਫ਼ 35 ਲੱਖ ਰੁਪਏ ਇਕੱਠੇ ਹੋਏ ਹਨ।

ਇਸਲਾਮ ਵਿਚ ਕਿਹਾ ਗਿਆ ਹੈ ਕਿ ਮਸਜਿਦ ਇਲਾਕੇ ਦੇ ਲੋਕਾਂ ਨੇ ਬਣਾਉਂਦੇ ਹਨ ਅਤੇ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਕੁਝ ਲੋਕ ਮਸਜਿਦ ਲਈ ਪੈਸੇ ਦੇਣ ਲਈ ਅੱਗੇ ਆਏ ਹਨ।

ਹੁਣ ਤੱਕ ਕੋਈ ਵੱਡੀ ਕ੍ਰਾਊਡ-ਫੰਡਿੰਗ ਨਹੀਂ ਕੀਤੀ ਗਈ ਹੈ। ਪਰ ਦੋ ਮਹੀਨੇ ਪਹਿਲਾਂ ਫਰੂਖਾਬਾਦ ਵਿੱਚ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ 10 ਲੱਖ ਰੁਪਏ ਇਕੱਠੇ ਕੀਤੇ ਗਏ।

ਟਰੱਸਟ ਦਾ ਕਹਿਣਾ ਹੈ ਕਿ ਨਿਰਮਾਣ ਕਾਰਜ ਲਈ ਸਾਰੀਆਂ ਮਨਜ਼ੂਰੀ ਮਿਲਣ ਤੋਂ ਬਾਅਦ ਪੂਰੇ ਭਾਰਤ ਤੋਂ ਫੰਡ ਲਈ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ।

ਧਨੀਪੁਰ ਵਿੱਚ ਨਿਰਮਾਣ ਦੋ ਪੜਾਵਾਂ ਵਿੱਚ ਪ੍ਰਸਤਾਵਿਤ ਹੈ, ਜਿਸ ਦੀ ਲਾਗਤ 300 ਕਰੋੜ ਰੁਪਏ ਹੈ।

ਪਹਿਲੇ ਪੜਾਅ ਵਿੱਚ ਹਸਪਤਾਲ ਦਾ ਹਿੱਸਾ, ਮਸਜਿਦ ਅਤੇ ਸੱਭਿਆਚਾਰਕ ਕੇਂਦਰ ਅਤੇ ਜਲਵਾਯੂ ਤਬਦੀਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਗ੍ਰੀਨ ਬੈਲਟ ਸ਼ਾਮਲ ਹੈ।

ਦੂਜੇ ਪੜਾਅ ਵਿੱਚ ਸਿਰਫ਼ ਹਸਪਤਾਲ ਦੇ ਵਿਸਥਾਰ ਦਾ ਕੰਮ ਕੀਤਾ ਜਾਵੇਗਾ, ਜਿਸ 'ਤੇ 200 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ।

ਟਰੱਸਟ ਨੂੰ ਉਮੀਦ ਹੈ ਕਿ ਅਥਾਰਟੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਪਹਿਲੇ ਪੜਾਅ ਦਾ ਕੰਮ ਦੋ ਸਾਲਾਂ ਵਿੱਚ ਪੂਰਾ ਹੋ ਜਾਵੇਗਾ।

ਹਸਪਤਾਲ ਵਿੱਚ ਔਰਤਾਂ ਅਤੇ ਬੱਚੀਆਂ ਦੇ ਕੁਪੋਸ਼ਣ ਅਤੇ ਉਸ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਸਹੂਲਤਾਂ ਹੋਣਗੀਆਂ ਅਤੇ ਕਮਿਊਨਿਟੀ ਰਸੋਈ ਵਿੱਚ ਸੰਤੁਲਿਤ ਖੁਰਾਕ ਮੁਹੱਈਆ ਕਰਵਾਈ ਜਾਵੇਗੀ।

ਟਰੱਸਟ ਦੇ ਸਕੱਤਰ ਅਤਹਰ ਹੁਸੈਨ ਨੇ ਉਮੀਦ ਜਤਾਈ ਹੈ ਕਿ, 'ਅਗਲੇ ਦੋ ਹਫ਼ਤਿਆਂ ਵਿੱਚ ਇਜਾਜ਼ਤ ਮਿਲ ਜਾਵੇਗੀ, ਜਿਸ ਤੋਂ ਬਾਅਦ ਉਸਾਰੀ ਦਾ ਕੰਮ ਸ਼ੁਰੂ ਹੋ ਸਕਦਾ ਹੈ।'

ਮਿਊਜ਼ੀਅਮ ਇਸ ਪ੍ਰੋਜੈਕਟ ਦਾ ਅਹਿਮ ਹਿੱਸਾ ਹੋਵੇਗਾ। ਦਰਅਸਲ, ਟਰੱਸਟ ਦਾ ਮੰਨਣਾ ਹੈ ਕਿ ਰਾਮ ਮੰਦਿਰ ਅੰਦੋਲਨ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਕਾਰਨ ਸਮਾਜ ਵਿੱਚ ਵੰਡ ਦਾ ਮਾਹੌਲ ਸੀ।

ਟਰੱਸਟ ਦੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ 1857 ਦਾ ਪਹਿਲਾ ਆਜ਼ਾਦੀ ਸੰਘਰਸ਼ ਹਿੰਦੂ-ਮੁਸਲਿਮ ਸਾਂਝੇ ਸੰਘਰਸ਼ ਦੀ ਮਿਸਾਲ ਹੈ ਅਤੇ ਅਵਧ ਦਾ ਇਲਾਕਾ ਇਸ ਸੰਘਰਸ਼ ਦੀ ਮਿਸਾਲ ਦਾ ਅਹਿਮ ਹਿੱਸਾ ਸੀ।

ਟਰੱਸਟ ਉਸੇ ਹੀ ਵਿਰਾਸਤ ਨੂੰ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕਰਨਾ ਚਾਹੁੰਦਾ ਹੈ।

ਇਸ ਲਈ, ਇਸ ਅਜਾਇਬ ਘਰ ਨੂੰ ਅੰਗਰੇਜ਼ਾਂ ਨੂੰ ਹਰਾਉਣ ਵਾਲੇ ਅਵਧ ਦੇ ਮੌਲਵੀ ਅਹਿਮਦੁੱਲਾ ਸ਼ਾਹ ਨੂੰ ਸਮਰਪਿਤ ਕਰਨ ਦੀ ਯੋਜਨਾ ਹੈ, ਜਿਨ੍ਹਾਂ ਨੇ ਲਖਨਊ ਦੇ ਚਿਨਹਟ ਵਿਖੇ ਲੜਾਈ ਦੀ ਅਗਵਾਈ ਕੀਤੀ ਸੀ।

ਟਰੱਸਟ: ਮੰਦਿਰ ਅਤੇ ਮਸਜਿਦ ਨਿਰਮਾਣ ਦੀ ਤੁਲਨਾ ਮੁਨਾਸਿਬ ਨਹੀਂ

ਅਸੀਂ ਮਸਜਿਦ ਦੇ ਨਿਰਮਾਣ ਕਾਰਜ ਅਤੇ ਇਸ ਨਾਲ ਜੁੜੀਆਂ ਚੁਣੌਤੀਆਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇੰਡੋ ਇਸਲਾਮਿਕ ਕਲਚਰਲ ਫਾਊਂਡੇਸ਼ਨ ਮਸਜਿਦ ਟਰੱਸਟ ਦੇ ਲਖਨਊ ਦਫ਼ਤਰ ਦਾ ਦੌਰਾ ਵੀ ਕੀਤਾ।

ਉੱਥੇ ਹੀ ਟਰੱਸਟ ਦੇ ਸਕੱਤਰ ਅਤਹਰ ਹੁਸੈਨ ਨੇ ਕਿਹਾ, "ਸਭ ਤੋਂ ਪਹਿਲਾਂ ਮੈਂ ਇਹ ਕਹਾਂਗਾ ਕਿ ਰਾਮ ਮੰਦਿਰ ਅਤੇ ਦਿੱਤੀ ਗਈ ਇਸ 5 ਏਕੜ ਜ਼ਮੀਨ ਦੀ ਤੁਲਨਾ ਕਰਨਾ ਉਚਿਤ ਨਹੀਂ ਹੈ।"

"ਇਹ ਜ਼ਰੂਰੀ ਨਹੀਂ ਹੈ। ਰਾਮ ਮੰਦਿਰ ਹੋਵੇ ਅਤੇ ਉਸ ਨਾਲ ਜੁੜੀਆਂ ਤਿਆਰੀਆਂ ਲੰਬੀਆਂ ਤਿਆਰੀਆਂ ਹਨ ਅਤੇ ਨਵੰਬਰ 2019 ਤੋਂ ਬਾਅਦ ਦੱਸਿਆ ਗਿਆ ਕਿ ਇਹ ਪੰਜ ਏਕੜ ਜ਼ਮੀਨ ਮਿਲੇਗੀ।"

" ਉਸ ਦੇ ਇੱਕ ਸਾਲ ਬਾਅਦ, ਇਹ ਪ੍ਰੋਜੈਕਟ ਦਾ ਪ੍ਰਸਤਾਵ ਬਣ ਗਿਆ। ਇਸ ਲਈ ਇਸ ਵਿੱਚ ਰਾਮ ਮੰਦਰ ਲਈ ਜੋ ਵੀ ਮੁਹਿੰਮ ਜਾਂ ਉਤਸ਼ਾਹ ਦੇਖਣ ਨੂੰ ਮਿਲਿਆ, ਉਹੀ ਮਿਵੇਗਾ ਤਾਂ ਅਜਿਹਾ ਬਿਲਕੁਲ ਨਹੀਂ ਹੈ।"

"ਸਾਡਾ ਉਦੇਸ਼ ਉੱਥੇ ਇੱਕ ਚੈਰਿਟੀ ਪੱਧਰ ਦਾ ਹਸਪਤਾਲ ਲਿਆਉਣਾ ਹੈ ਅਤੇ ਮਸਜਿਦ ਲਈ ਜ਼ਮੀਨ ਦਿੱਤੀ ਗਈ ਤਾਂ ਉਹ ਤਾਂ ਬਣਾਉਣੀ ਹੀ ਹੈ, ਇਸ ਦੇ ਨਾਲ ਹੀ 1857 ਨੂੰ ਸਮਰਪਿਤ ਇੱਕ ਮਿਊਜ਼ੀਅਮ ਵੀ ਬਣਾਵਾਂਗੇ।"

ਜਦੋਂ ਅਸੀਂ ਧੰਨੀਪੁਰ ਦੇ ਕੇਅਰਟੇਕਰ ਸੋਹਰਾਬ ਖ਼ਾਨ ਨੂੰ ਪੁੱਛਿਆ ਕਿ ਕੀ ਧੰਨੀਪੁਰ ਅਯੁੱਧਿਆ ਵਾਂਗ ਆਸਥਾ ਦਾ ਕੇਂਦਰ ਬਣ ਸਕੇਗਾ ਤਾਂ ਉਨ੍ਹਾਂ ਕਿਹਾ, "ਬਹੁਤ ਸਾਰੇ ਲੋਕ ਸਵਾਲ ਪੁੱਛਦੇ ਹਨ, ਮੀਡੀਆ ਵਾਲੇ ਵੀ ਆਉਂਦੇ ਹਨ, ਪੁੱਛਦੇ ਹਨ ਅਤੇ ਇਲਾਕੇ ਦੇ ਲੋਕ ਆਉਂਦੇ ਹਨ ਜਾਂ ਬਾਹਰੋਂ ਆਉਂਦੇ ਉਹ ਵੀ ਪੁੱਛਦੇ ਹਨ।"

"ਜੋ ਵੀ ਆਉਂਦਾ ਹੈ ਉਹ ਪੁੱਛਦਾ ਹੈ ਕਿ ਸਰਕਾਰ ਵੱਲੋਂ ਇੱਥੇ ਵਿਕਾਸ ਲਈ ਕੀ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਅਯੁੱਧਿਆ ਸ਼ਹਿਰ ਵਿੱਚ ਵਿਕਾਸ ਦੀ ਗੰਗਾ ਵਗ ਰਹੀ ਹੈ, ਉਸ ਗੰਗਾ ਦੀ ਇੱਕ ਧਾਰਾ ਵੀ ਅਜੇ ਤੱਕ ਇੱਥੇ ਨਹੀਂ ਵਗ ਸਕੀ।"

ਕੀ ਅਯੁੱਧਿਆ ਵਾਂਗ ਇੱਥੇ ਵੀ ਹਜ਼ਾਰਾਂ ਲੋਕ ਆਉਂਦੇ ਹਨ? ਕੇਅਰਟੇਕਰ ਸੋਹਰਾਬ ਖ਼ਾਨ ਦਾ ਕਹਿਣਾ ਹੈ, " ਹਜ਼ਾਰਾਂ ਤੇ ਲੱਖਾਂ ਵਿੱਚ ਅਜੇ ਤਾਂ ਨਹੀਂ ਆਉਂਦੇ, ਪਰ ਵਿੱਚ-ਵਿੱਚ ਲੋਕ ਦੇਖਣ, ਜਾਣਨ ਲਈ ਆਉਂਦੇ ਰਹਿੰਦੇ ਹਨ।"

ਧੰਨੀਪੁਰ ਦੇ ਵਸਨੀਕ ਆਸ਼ਾ ਰਾਮ ਯਾਦਵ ਦਾ ਮੰਨਣਾ ਹੈ, "ਜਦੋਂ ਚੰਗੀਆਂ ਚੀਜ਼ਾਂ ਬਣ ਰਹੀਆਂ ਹਨ, ਹਸਪਤਾਲ ਬਣੇਗਾ, ਮਸਜਿਦ ਬਣੇਗੀ ਜਾਂ ਜੋ ਵੀ ਬਣੇਗਾ, ਘੱਟੋ-ਘੱਟ ਬਾਹਰਲੇ ਲੋਕ ਤਾਂ ਆਉਣਗੇ, ਪਿੰਡ ਦਾ ਵਿਕਾਸ ਹੋਵੇਗਾ।"

"ਸਭ ਚੰਗਾ ਸੋਚਦੇ ਹਨ, ਕੋਈ ਬੁਰਾ ਨਹੀਂ ਸੋਚਦਾ। ਕੋਈ ਬੁਰਾ ਕਿਉਂ ਸੋਚੇਗਾ। ਉਸ ਨਾਲ ਸਾਨੂੰ ਕੀ ਘਬਰਾਹਟ ਹੈ, ਸਾਨੂੰ ਕੀ ਨੁਕਸਾਨ ਹੈ।"

"ਕੀ ਹਸਪਤਾਲ ਨਾਲ ਕਿਸੇ ਦਾ ਨੁਕਸਾਨ ਕਹੁੰਦਾਰਦਾ ਹੈ? ਕੀ ਨਹੀਂ ਹੁੰਦਾ ਨਾ? ਕੀ ਲਾਇਬ੍ਰੇਰੀ ਦਾ ਨੁਕਸਾਨ ਨਹੀਂ ਹੁੰਦਾ? ਨਹੀਂ ਨਾ, ਤਾਂ ਮਾੜਾ ਕੀ ਹੈ ਭਾਈ।"

ਧੰਨੀਪੁਰ ਬਾਰੇ ਅਯੁੱਧਿਆ ਦੇ ਮੁਸਲਮਾਨ ਕੀ ਕਹਿੰਦੇ ਹਨ?

ਅਯੁੱਧਿਆ ਦੇ ਮੁਸਲਮਾਨ ਧੰਨੀਪੁਰ ਬਾਰੇ ਕੀ ਸੋਚਦੇ ਹਨ, ਇਹ ਜਾਣਨ ਲਈ ਅਸੀਂ ਅਯੁੱਧਿਆ ਦੇ ਛੋਟੇ ਕੋਠੀਆ ਇਲਾਕੇ ਵਿੱਚ ਪਹੁੰਚੇ ਜਿੱਥੇ ਅਸੀਂ ਬਾਬਰੀ ਮਸਜਿਦ ਕੇਸ ਦੇ ਪਟੀਸ਼ਨਕਰਤਾ ਇਕਬਾਲ ਅੰਸਾਰੀ ਨੂੰ ਮਿਲੇ।

ਉਨ੍ਹਾਂ ਕਿਹਾ, "ਜੋ ਪੰਜ ਏਕੜ ਜ਼ਮੀਨ ਮਿਲੀ ਸੀ, ਜਿੰਨੇ ਲੋਕ ਕੇਸ ਵਿੱਚ ਸਨ, ਹੁਣ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਜ਼ਮੀਨ ਸੁੰਨੀ ਸੈਂਟਰਲ ਵਕਫ਼ ਬੋਰਡ ਨੂੰ ਦਿੱਤੀ ਗਈ ਹੈ, ਉਹ ਜੋ ਵੀ ਬਣਾਉਂਦੀ ਹੈ, ਉਨ੍ਹਾਂ ਦੀ ਮਰਜ਼ੀ ਹੈ।"

"ਕਿਉਂਕਿ ਅਯੁੱਧਿਆ ਦੇ ਮੁਸਲਮਾਨ ਹਾਂ, ਇਸ ਕਾਰਨ ਇੱਕ ਮੁਕਦਮਾ ਕੋਰਟ ਵਿੱਚ ਖ਼ਤਮ ਹੋਇਆ, ਅਸੀਂ ਉਸ ਦਾ ਸਨਮਾਨ ਕੀਤਾ ਹੈ, ਹੁਣ ਸਾਨੂੰ ਕੋਈ ਮਤਲਬ ਨਹੀਂ ਹੈ। ਜਿਨ੍ਹਾਂ ਨੂੰ ਮਸਜਿਦ ਬਣਾਉਣੀ ਹੈ, ਉਹ ਬਣਾਉਣ।

ਨੇੜੇ ਹੀ ਇੱਕ ਦੁਕਾਨ 'ਤੇ ਬੈਠੇ 62 ਸਾਲਾ ਸ਼ਫੀਉੱਲਾ ਨੇ ਕਿਹਾ, "ਮਸਜਿਦ ਲਈ ਜ਼ਮੀਨ ਦਿੱਤੀ ਗਈ ਹੈ ਪਰ ਅਸੀਂ ਅਜੇ ਤੱਕ ਨਹੀਂ ਦੇਖੀ।"

ਉਨ੍ਹਾਂ ਨੂੰ ਜਗ੍ਹਾ ਦਾ ਵੀ ਪਤਾ ਨਹੀਂ ਸੀ। ਪਰ ਜਦੋਂ ਅਸੀਂ ਉਨ੍ਹਾਂ ਨੂੰ ਧੰਨੀਪੁਰ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਹਾਂ ਧੰਨੀਪੁਰ ਵਿੱਚ ਮਿਲੀ ਹੈ। ਪਰ ਉੱਥੇ ਝਗੜਾ ਹੈ, ਕਿਵੇਂ ਹੈ, ਪਤਾ ਨਹੀਂ।"

ਕੀ ਸ਼ਫੀਉੱਲਾ ਉਸ ਜ਼ਮੀਨ ਨੂੰ ਦੇਖਣ ਦੀ ਇੱਛਾ ਹੈ? ਉਹ ਕਹਿੰਦੇ ਹਨ, "ਹੁਣ ਸੁਣਦੇ ਹਾਂ ਕਿ ਉੱਥੇ ਕੁਝ ਹੁੰਦਾ ਨਹੀਂ ਹੈ।"

ਇੱਥੋਂ ਲੰਘ ਰਹੇ 25 ਸਾਲਾ ਪਰਵੇਜ਼ ਆਲਮ ਨੂੰ ਵੀ ਸ਼ੁਰੂਆਤੀ ਸਵਾਲਾਂ ਵਿੱਚ ਧੰਨੀਪੁਰ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਪਰ ਜਿਵੇਂ ਹੀ ਅਸੀਂ ਧੰਨੀਪੁਰ ਦਾ ਨਾਮ ਲਿਆ ਤਾਂ ਉਹ ਕਹਿਣ ਲੱਗੇ, "ਖ਼ਬਰਾਂ ਵਿੱਚ ਧੰਨੀਪੁਰ ਦਾ ਨਾਮ ਸੁਣਿਆ ਹੈ। ਬੱਸ ਸੁਣਿਆ ਹੈ ਕਿ ਧੰਨੀਪੁਰ ਵਿੱਚ ਮਸਜਿਦ ਲਈ ਜ਼ਮੀਨ ਮਿਲੀ ਹੈ। ਮੈਂ ਖ਼ਬਰਾਂ ਵਿੱਚ ਸੁਣਿਆ ਸੀ ਕਿ ਇਸ ਦਾ ਨਕਸ਼ਾ ਪਾਸ ਨਹੀਂ ਹੋਇਆ ਹੈ।"

ਰਾਮ ਮੰਦਰ ਦੀ ਉਸਾਰੀ ਕਿੰਨੀ ਤੇਜ਼ੀ ਨਾਲ ਚੱਲ ਰਹੀ ਹੈ?

ਦੂਜੇ ਪਾਸੇ, ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੀ ਅਧਿਕਾਰਤ ਵੈੱਬਸਾਈਟ 'ਤੇ ਮੌਜੂਦ ਇੱਕ ਐਨੀਮੇਸ਼ਨ ਵੀਡੀਓ ਤੋਂ ਮਿਲੀ ਜਾਣਕਾਰੀ ਦਰਸਾਉਂਦੀ ਹੈ ਕਿ ਰਾਮ ਮੰਦਰ ਦੇ ਨਿਰਮਾਣ ਵਿੱਚ ਕੀ ਵਿਕਾਸ ਹੋਇਆ ਹੈ ਅਤੇ ਅੱਗੇ ਕੀ ਟੀਚੇ ਹਨ।

ਇਸ ਮੁਤਾਬਕ -

  • ਮੰਦਿਰ ਦੇ ਨਿਰਮਾਣ ਲਈ ਖੁਦਾਈ ਜਨਵਰੀ 2021 ਵਿੱਚ ਸ਼ੁਰੂ ਹੋਈ ਸੀ।
  • ਮਾਰਚ 2021 ਵਿੱਚ ਖੁਦਾਈ ਦਾ ਕੰਮ ਪੂਰਾ ਹੋਇਆ
  • ਅਪ੍ਰੈਲ 2021 ਤੋਂ ਨੀਹਾਂ ਭਰਨ ਦਾ ਕੰਮ
  • ਸਤੰਬਰ 2021 ਵਿੱਚ ਨੀਹਾਂ ਭਰਨ ਦਾ ਕੰਮ ਪੂਰਾ ਹੋਇਆ
  • ਸਤੰਬਰ 2021 ਵਿੱਚ ਟਾਵਰ ਕਰੇਨ ਸਥਾਪਿਤ ਕੀਤੀ ਗਈ
  • ਸਤੰਬਰ 2021 ਵਿੱਚ ਰਾਫਟ ਦਾ ਕੰਮ ਵਿੱਚ ਸ਼ੁਰੂ ਹੋਇਆ
  • ਨਵੰਬਰ 2021 ਵਿੱਚ ਰਾਫਟ ਦਾ ਕੰਮ ਪੂਰਾ ਹੋਇਆ
  • ਨਵੰਬਰ 2021 ਵਿੱਚ ਨੀਂਹ ਪੱਥਰ ਰੱਖਣ ਦਾ ਕੰਮ ਸ਼ੁਰੂ ਹੋਵੇਗਾ
  • ਮਾਰਚ 2022 ਵਿੱਚ ਨੀਂਹ ਪੱਥਰ ਰੱਖਣ ਦਾ ਕੰਮ ਪੂਰਾ ਹੋਇਆ
  • ਜਨਵਰੀ 2022 ਵਿੱਚ ਮੰਦਿਰ ਦੇ ਥੰਮ੍ਹਾਂ ਨੂੰ ਰੱਖਣ ਦਾ ਕੰਮ ਸ਼ੁਰੂ ਹੋਇਆ
  • ਉਸ ਤੋਂ ਬਾਅਦ ਬੀਮ ਦੇ ਪੱਥਰ ਰੱਖੇ ਜਾਣ ਲੱਗੇ
  • ਫਿਰ ਸਲੈਬ ਪੱਥਰ
  • ਮੰਦਿਰ ਦੀ ਛੱਤ ਅਤੇ ਗੁੰਬਦ ਦਾ ਕੰਮ ਅਗਸਤ 2023 ਵਿੱਚ ਪੂਰਾ ਹੋ ਜਾਵੇਗਾ

ਇੰਡੀਅਨ ਐਕਸਪ੍ਰੈਸ ਨੇ ਲਿਖਿਆ ਹੈ ਕਿ ਆਰਕੀਟੈਕਟ ਚੰਦਰਕਾਂਤ ਸੋਮਪੁਰਾ ਮੁਤਾਬਕ ਮੰਦਿਰ ਦੀ ਉਚਾਈ 141 ਫੁੱਟ ਤੋਂ ਵਧਾ ਕੇ 161 ਫੁੱਟ ਕਰ ਦਿੱਤੀ ਗਈ ਹੈ ਅਤੇ ਡਿਜ਼ਾਇਨ ਵਿੱਚ ਤਿੰਨ ਹੋਰ ਗੁੰਬਦ ਜੋੜੇ ਗਏ ਹਨ ਤੇ ਥੰਮ੍ਹਾਂ ਦੀ ਗਿਣਤੀ 160 ਤੋਂ ਵਧਾ ਕੇ 366 ਕਰ ਦਿੱਤੀ ਗਈ ਹੈ।

ਕਿਸ ਲਾਗਤ 'ਤੇ ਬਣੇਗਾ ਰਾਮ ਮੰਦਿਰ?

ਰਾਮ ਮੰਦਿਰ ਦੇ ਨਿਰਮਾਣ ਦੀ ਲਾਗਤ ਬਾਰੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਦਾ ਕਹਿਣਾ ਹੈ, "ਰੱਬ ਦਾ ਘਰ, ਰਾਜਾ ਮਹਾਰਾਜਿਆਂ ਦਾ ਘਰ ਬਣਦਾ ਹੈ, ਕੌਣ ਕਿੱਥੇ ਕੀਮਤ ਜਾਣਦਾ ਹੈ।"

"ਅਸੀਂ ਉਸ ਦਾ ਵਿਚਾਰ ਛੱਡ ਦਿੱਤਾ ਹੈ। ਫਿਰ ਵੀ ਮੰਨ ਲਓ 1800 ਕਰੋੜ ਰੁਪਏ ਖਰਚ ਹੋ ਜਾਣਗੇ, ਸ਼ਾਇਦ, ਜ਼ਿਆਦਾ ਵੀ ਹੋ ਸਕਦੇ ਹਨ, ਕੁਝ ਘੱਟ ਵੀ ਹੋ ਸਕਦੇ ਹਨ। ਗਣਿਤ ਦਾ ਕੋਈ ਅਰਥ ਨਹੀਂ ਹੈ।"

ਤਾਂ ਹੁਣ ਤੱਕ ਮੰਦਿਰ ਨਿਰਮਾਣ ਦਾ ਕਿੰਨਾ ਕੰਮ ਪੂਰਾ ਹੋਇਆ ਹੈ?

ਚੰਪਤ ਰਾਏ ਕਹਿੰਦੇ ਹਨ, "ਇੰਜੀਨੀਅਰਿੰਗ ਦੇ ਕੰਮ ਵਿੱਚ ਫੀਸਦ ਦਾ ਕੋਈ ਮਤਲਬ ਨਹੀਂ ਹੈ। ਪਰ ਜੇਕਰ ਕੁੱਲ ਕੰਮ ਨੂੰ ਵਿਚਾਰੀਏ ਤਾਂ 40 ਫੀਸਦ ਮੰਨਿਆ ਜਾਂਦਾ ਹੈ। ਪੱਥਰ ਦੀ ਨਕਾਸ਼ੀ ਹੋ ਗਈ ਹੈ। ਸਿਰਫ਼ ਇੰਸਟਾਲੇਸ਼ਨ ਬਾਕੀ ਹੈ।"

"ਸਭ ਕੁਝ ਮੰਦਿਰ ਹਿੱਸਾ ਹੈ। ਥੜ੍ਹਾ ਬਣਾਇਆ ਗਿਆ ਹੈ। ਥੜ੍ਹੇ ਦਾ ਅਰਥ ਹੈ ਮੰਦਿਰ ਦੀ ਕੁਰਸੀ। ਇਸ ਉੱਤੇ ਪੱਥਰਾਂ ਦੀਆਂ ਅੱਠ ਪਰਤਾਂ ਲੱਗ ਗਈਆਂ ਹਨ। ਬਹੁਤ ਸਾਰਾ ਕੰਮ ਕੀਤਾ ਗਿਆ ਹੈ ਅਤੇ ਅਗਲੇ ਸਾਲ ਤੱਕ ਬੇਸਮੈਂਟ, ਗਰਾਊਂਡ ਫਲੋਰ ਮੁਕੰਮਲ ਹੋ ਜਾਵੇਗਾ।"

"ਪੂਰਾ ਮਤਲਬ 350 ਫੁੱਟ ਲੰਬਾ, 250 ਫੁੱਟ ਚੌੜਾ, 20 ਫੁੱਟ ਉੱਚੀ, ਇਕ ਮੰਜ਼ਿਲ ਤਿਆਰ ਹੋ ਜਾਵੇਗੀ, ਗਰਾਊਂਡ ਫਲੋਰ ਬਹੁਤ ਵੱਡਾ ਕੰਮ ਹੈ।"

ਮੰਦਿਰ ਵਿੱਚ ਕਿੰਨਾ ਪੱਥਰ ਲਗਾਇਆ ਗਿਆ ਹੈ ਅਤੇ ਕਿੱਥੋਂ ਲਿਆਂਦਾ ਜਾ ਰਿਹਾ ਹੈ?

ਚੰਪਤ ਰਾਏ ਇਸ ਬਾਰੇ ਦੱਸਦੇ ਹਨ, "ਕੁਰਸੀ ਨੂੰ ਉੱਚਾ ਚੁੱਕਣ ਵਾਲਾ ਪੱਥਰ ਗ੍ਰੇਨਾਈਟ ਹੈ। ਇਹ ਤੇਲੰਗਾਨਾ ਅਤੇ ਕਰਨਾਟਕ ਤੋਂ ਆ ਰਿਹਾ ਹੈ। 17000 ਪੱਥਰ ਆ ਰਹੇ ਹਨ।"

"ਇੱਕ ਪੱਥਰ ਦਾ ਆਕਾਰ ਪੰਜ ਫੁੱਟ ਲੰਬਾ, ਢਾਈ ਫੁੱਟ ਚੌੜਾ, ਤਿੰਨ ਫੁੱਟ ਉੱਚਾ ਹੈ ਅਤੇ ਗ੍ਰੇਨਾਈਟ ਕੁਰਸੀ ਬਣਾਉਣ ਤੋਂ ਬਾਅਦ ਮੰਦਿਰ ਲਈ ਪੱਥਰ, ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਪਿੰਡ ਬੰਸੀਪੁਰ ਹੈ, ਉਥੋਂ ਦੀਆਂ ਪਹਾੜੀਆਂ ਨੂੰ ਹਲਕਾ ਗੁਲਾਬੀ ਰੇਤਲਾ ਪੱਥਰ ਕਿਹਾ ਜਾਂਦਾ ਹੈ ਅਤੇ ਮਕਰਾਨਾ ਵਿੱਚ ਚਿੱਟਾ ਸੰਗਮਰਮਰ ਹੈ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)