You’re viewing a text-only version of this website that uses less data. View the main version of the website including all images and videos.
ਸਾਗਰ ਧਨਖੜ ਕਤਲ ਮਾਮਲਾ: ਸੁਸ਼ੀਲ ਕੁਮਾਰ ਅਤੇ 17 ਹੋਰਾਂ ਖਿਲਾਫ ਅਦਾਲਤ ਨੇ ਕਤਲ ਦੇ ਇਲਜ਼ਾਮ ਕੀਤੇ ਤੈਅ
ਦਿੱਲੀ ਦੀ ਇੱਕ ਅਦਾਲਤ ਨੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ 17 ਹੋਰਾਂ ਦੇ ਵਿਰੁੱਧ ਪਹਿਲਵਾਨ ਸਾਗਰ ਧਨਖੜ ਦੇ ਕਤਲ ਮਾਮਲੇ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਦੰਗੇ, ਗੈਰ-ਕਾਨੂੰਨੀ ਇਕੱਠ ਅਤੇ ਹੋਰ ਧਾਰਾਵਾਂ ਸਮੇਤ ਅਪਰਾਧਿਕ ਸਾਜ਼ਿਸ਼ ਰਚਣ ਦੇ ਇਲਜ਼ਾਮ ਤੈਅ ਕੀਤੇ ਹਨ।
ਇਸ ਤੋਂ ਇਲਾਵਾ, 2 ਭਗੌੜੇ ਮੁਲਜ਼ਮਾਂ ਦੇ ਖ਼ਿਲਾਫ਼ ਵੀ ਇਲਜ਼ਾਮ ਤੈਅ ਕੀਤੇ ਹਨ। ਇਹ ਇਲਜ਼ਾਮ ਦਿੱਲੀ ਦੀ ਰੋਹਿਣੀ ਅਦਾਲਤ ਵੱਲੋਂ ਤੈਅ ਕੀਤੇ ਗਏ ਹਨ।
ਕੀ ਹੈ ਮਾਮਲਾ
ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ 'ਤੇ ਕਤਲ ਦਾ ਇਲਜ਼ਾਮ ਹੈ।
ਸੁਸ਼ੀਲ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਸਾਗਰ ਧਨਖੜ ਦੀ ਕੁੱਟਮਾਰ ਕੀਤੀ।
ਇਹ ਘਟਨਾ 4-5 ਮਈ, 2021 ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ ਜਿਸ ਵਿੱਚ ਸਾਗਰ ਧਨਖੜ ਦੀ ਮੌਤ ਹੋ ਗਈ ਸੀ।
ਇਸ ਘਟਨਾ ਤੋਂ ਬਾਅਦ ਸੁਸ਼ੀਲ ਫ਼ਰਾਰ ਹੋ ਗਏ ਸਨ ਅਤੇ 18 ਦਿਨਾਂ ਬਾਅਦ ਪੁਲਿਸ ਨੇ ਸੁਸ਼ੀਲ ਕੁਮਾਰ ਨੂੰ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਸੀ।
ਜਿਸ ਦੌਰਾਨ ਸੁਸ਼ੀਲ ਫ਼ਰਾਰ ਸਨ, ਉਸ ਵੇਲੇ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਸੀ।
ਦੋ ਵਾਰ ਓਲੰਪਿਕ ਮੈਡਲ ਜਿੱਤਣ ਵਾਲੇ ਸੁਸ਼ੀਲ ਕੁਮਾਰ ਇਸ ਵੇਲੇ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹਨ।
ਸੁਸ਼ੀਲ ਕੁਮਾਰ ਬਾਰੇ ਕੁਝ ਖ਼ਾਸ ਗੱਲਾਂ
- ਸੁਸ਼ੀਲ ਕੁਮਾਰ ਭਾਰਤ ਲਈ ਲਗਾਤਾਰ ਦੋ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲਵਾਨ ਹਨ।
- ਓਲੰਪਿਕ ਦੇ ਇਤਿਹਾਸ ਵਿੱਚ ਭਾਰਤ ਲਈ ਦੋ ਵਿਅਕਤੀਗਤ ਮੈਡਲ ਜਿੱਤਣ ਵਾਲੇ ਉਹ ਇਕਲੌਤੇ ਖਿਡਾਰੀ ਹਨ।
- ਉਨ੍ਹਾਂ ਨੇ ਬੀਜਿੰਗ ਉਲੰਪਿਕ ਵਿੱਚ ਕਾਂਸੇ ਦਾ ਅਤੇ ਲੰਡਨ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।
- ਉਨ੍ਹਾਂ ਉੱਤੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਇਲਜ਼ਾਮ ਹਨ।
- ਇਸ ਵੇਲੇ ਸੁਸ਼ੀਲ ਦਿੱਲੀ ਦੀ ਮੰਡੋਲੀ ਜੇਲ੍ਹ 'ਚ ਬੰਦ ਹਨ।
- ਹੁਣ ਦਿੱਲੀ ਦੀ ਇੱਕ ਅਦਾਲਤ ਨੇ ਉਨ੍ਹਾਂ ਉੱਤੇ ਇਸੇ ਮਾਮਲੇ ਵਿੱਚ ਕਤਲ ਦੇ ਇਲਜ਼ਾਮ ਤੈਅ ਕੀਤੇ ਹਨ।
ਸੁਸ਼ੀਲ ਕੁਮਾਰ ਬਾਰੇ ਪੁਰਾਣੇ ਵਿਵਾਦ
ਮੁੰਬਈ ਦੇ ਰੈਸਲਰ ਨਰ ਸਿੰਘ ਯਾਦਵ ਨੇ ਵੀ ਸੁਸ਼ੀਲ ਕੁਮਾਰ ਉੱਪਰ ਗੰਭੀਰ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਨੂੰ ਡੋਪ ਟੈਸਟ ਵਿੱਚ ਫ਼ਸਾਇਆ ਗਿਆ ਹੈ।
ਨਰ ਸਿੰਘ ਯਾਦਵ ਨੇ 2015 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਜਿੱਤ ਕੇ ਰੀਓ ਉਲੰਪਿਕ ਵਿੱਚ ਆਪਣਾ ਕੋਟਾ ਪੱਕਾ ਕਰ ਲਿਆ ਸੀ। (ਪਰ) ਸੁਸ਼ੀਲ ਕੁਮਾਰ ਜੋ ਉਸੇ ਭਾਰ ਵਰਗ ਲਈ ਤਿਆਰੀ ਕਰ ਰਹੇ ਸਨ, ਨੇ ਸਲੈਕਸ਼ਨ ਟਰਾਇਲ ਦੀ ਮੰਗ ਕੀਤੀ ਪਰ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਨੇ ਸੁਸ਼ੀਲ ਦੀ ਗੱਲ ਮੰਨਣ ਤੋਂ ਮਨ੍ਹਾਂ ਕਰ ਦਿੱਤਾ।
ਇਹ ਵੀ ਪੜ੍ਹੋ-
ਬਾਅਦ ਵਿੱਚ ਸੁਸ਼ੀਲ ਕੁਮਾਰ ਨੇ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਲਾਈ ਪਰ ਉਹ ਵੀ ਰੱਦ ਕਰ ਦਿੱਤੀ ਗਈ। ਬਾਅਦ ਵਿੱਚ ਨਰ ਸਿੰਘ ਯਾਦਵ ਨੂੰ ਡੋਪ ਟੈਸਟ ਵਿੱਚ ਸਟੀਰੌਇਡ ਲੈਣ ਦਾ ਮੁਲਜ਼ਮ ਪਾਇਆ ਗਿਆ ਸੀ। ਉਸ ਸਮੇਂ ਨਰ ਸਿੰਘ ਨੇ ਛਤਰਸਾਲ ਦੇ ਇੱਕ ਜੂਨੀਅਰ ਪਹਿਲਵਾਨ 'ਤੇ ਸੁਸ਼ੀਲ ਕੁਮਾਰ ਦੇ ਕਹਿਣ 'ਤੇ ਉਸ ਦੇ ਖਾਣੇ ਵਿੱਚ ਸਟੀਰੌਇਡ ਮਿਲਾਉਣ ਦਾ ਇਲਜ਼ਾਮ ਲਾਇਆ ਸੀ।
ਪੁਲਿਸ ਕਾਰਵਾਈ ਤੋਂ ਬਾਅਦ ਮਾਮਲਾ ਸੀਬੀਆਈ ਤੱਕ ਪਹੁੰਚ ਗਿਆ ਸੀ।
2017 ਵਿੱਚ ਇੱਕ ਹੋਰ ਕੌਮਾਂਤਰੀ ਖਿਡਾਰੀ ਪਰਵੀਨ ਰਾਣਾ ਜੋ ਕਿ ਸੁਸ਼ੀਲ ਕੁਮਾਰ ਦਾ ਟਰੇਨਿੰਗ ਪਾਰਟਨਰ ਰਹਿ ਚੁੱਕਿਆ ਹੈ, ਉਸ ਨੇ ਇਲਜ਼ਾਮ ਲਾਇਆ ਸੀ ਕਿ ਨੈਸ਼ਨਲ ਸਿਲੈਕਸ਼ਨ ਟਰਾਇਲ ਦੌਰਾਨ ਉਸ ਨੂੰ ਕੁੱਟਿਆ ਗਿਆ।
ਪਰਵੀਨ ਦਾ ਕਹਿਣਾ ਸੀ ਕਿ ਉਸ ਦੀ ਗਲਤੀ ਸਿਰਫ਼ ਇੰਨੀ ਸੀ ਕਿ ਉਸ ਨੇ ਸੁਸ਼ੀਲ ਕੁਮਾਰ ਨੂੰ ਉਸ ਦੇ ਭਾਰ ਵਰਗ ਵਿੱਚ ਕੁਸ਼ਤੀ ਲਈ ਲਲਕਾਰਿਆ ਸੀ।
ਬਾਅਦ ਵਿੱਚ ਮਾਮਲਾ ਵੱਧ ਗਿਆ ਅਤੇ ਪੁਲਿਸ ਐੱਫ਼ਆਈਆਰ ਵੀ ਦਰਜ ਕੀਤੀ ਗਈ।
ਪੁਰਾਣੇ ਦੋਸਤਾਂ ਨਾਲ ਵਿਵਾਦ
2012 ਓਲੰਪਿਕ ਮੈਡਲਿਸਟ ਯੋਗੇਸ਼ਵਰ ਦੱਤ ਅਤੇ ਅਰਜੁਨ ਅਵਾਰਡੀ ਬਜਰੰਗ ਪੂਨੀਆ ਵੀ ਪਹਿਲਾਂ ਛਤਰਸਾਲ ਸਟੇਡੀਅਮ ਵਿੱਚ ਹੀ ਕੁਸ਼ਤੀ ਕਰਦੇ ਸਨ ਪਰ ਸੁਸ਼ੀਲ ਕੁਮਾਰ ਨਾਲ ਵਿਗੜਨ ਤੋਂ ਬਾਅਦ ਦੋਵੇਂ ਵੱਖ ਹੋ ਗਏ।
ਕੁਸ਼ਤੀ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਛਤਰਸਾਲ ਸਟੇਡੀਅਮ ਵਿੱਚ ਸੁਸ਼ੀਲ ਕੁਮਾਰ ਦੀ ਮਨ-ਮਰਜ਼ੀ ਚਲਦੀ ਸੀ। ਅਜਿਹੇ ਵੀ ਇਲਜ਼ਾਮ ਸਨ ਕਿ ਜਿਸ ਉੱਪਰ ਭਲਵਾਨ ਜੀ ਦਾ ਆਸ਼ੀਰਵਾਦ ਹੋਵੇਗਾ, ਉਹੀ ਕੁਸ਼ਤੀ ਵਿੱਚ ਅੱਗੇ ਵੱਧ ਸਕੇਗਾ।
ਇਹ ਵੀ ਪੜ੍ਹੋ: