ਦੀਪੇਸ਼ ਭਾਨ : 'ਭਾਬੀ ਜੀ ਘਰ ਪਰ ਹੈਂ' ਦਾ ਮਲਖਾਨ ਜੋ ਹਸਾਉਂਦੇ-ਹਸਾਉਂਦੇ ਸਭ ਦੀਆਂ ਅੱਖਾਂ ਨਮ ਕਰ ਗਿਆ

    • ਲੇਖਕ, ਮਧੂ ਪਾਲ
    • ਰੋਲ, ਬੀਬੀਸੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

''ਇਹ ਸਭ ਕਿਵੇਂ ਹੋ ਗਿਆ, ਅਜੇ ਤੱਕ ਸਮਝ ਨਹੀਂ ਪਾ ਰਿਹਾ। ਇਹ ਇੱਕ ਅਜਿਹਾ ਦੁੱਖ ਹੈ ਜੋ ਜੀਵਨ ਭਰ ਮੇਰੇ ਨਾਲ ਰਹੇਗਾ।''

ਇਹ ਕਹਿਣਾ ਹੈ ਅਦਾਕਾਰ ਦੀਪੇਸ਼ ਭਾਨ ਦੇ ਕਰੀਬੀ ਦੋਸਤ ਅਤੇ ਸਹਿ ਅਦਾਕਾਰ ਸਲੀਮ ਜ਼ੈਦੀ ਦਾ, ਜੋ 'ਭਾਬੀ ਜੀ ਭਰ ਪਰ ਹੈਂ' ਵਿੱਚ ਟਿੱਲੂ ਦਾ ਕਿਰਦਾਰ ਨਿਭਾਉਂਦੇ ਹਨ।

ਸਲੀਮ ਜ਼ੈਦੀ ਅਜੇ ਤੱਕ ਆਪਣੇ ਦੋਸਤ ਦੇ ਦੁਨੀਆਂ ਤੋਂ ਇੰਝ ਚਲੇ ਜਾਣ 'ਤੇ ਯਕੀਨ ਨਹੀਂ ਕਰ ਪਾ ਰਹੇ।

ਸਲੀਮ ਦੀ ਹੀ ਤਰ੍ਹਾਂ ਮਨੋਰੰਜਨ ਜਗਤ ਦੇ ਬਹੁਤ ਸਾਰੇ ਲੋਕ ਅਦਾਕਾਰ ਦੀਪੇਸ਼ ਭਾਨ ਦੀ ਮੌਤ ਦੀ ਖ਼ਬਰ ਨਾਲ ਸਦਮੇ ਵਿੱਚ ਹਨ।

ਛੋਟੇ ਪਰਦੇ ਦੇ ਮਸ਼ਹੂਰ ਸੀਰੀਅਲ 'ਭਾਬੀ ਜੀ ਘਰ ਪਰ ਹੈਂ' 'ਚ ਮਲਖਾਨ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦੀਪੇਸ਼ ਭਾਨ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ ਮਹਿਜ਼ 41 ਸਾਲ ਦੇ ਸਨ।

ਸੀਰੀਅਲ 'ਭਾਬੀ ਜੀ ਘਰ ਪਰ ਹੈਂ' 'ਚ ਉਨ੍ਹਾਂ ਦੁਆਰਾ ਨਿਭਾਏ ਗਏ ਮਲਖਾਨ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਉਨ੍ਹਾਂ ਦੀ ਕਾਮੇਡੀ ਸਭ ਨੂੰ ਹੱਸਣ ਲਈ ਮਜਬੂਰ ਕਰ ਦਿੰਦੀ ਸੀ।

ਉਨ੍ਹਾਂ ਦੇ ਦੋਸਤ ਸਲੀਮ ਜ਼ੈਦੀ ਉਰਫ਼ ਟਿੱਲੂ ਮੁਤਾਬਕ ਦੀਪੇਸ਼ ਭਾਨ ਦੀ ਮੌਤ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ।

ਲੰਘੇ ਸ਼ਨੀਵਾਰ ਦੀ ਸਵੇਰੇ ਕ੍ਰਿਕਟ ਖੇਡਦੇ ਸਮੇਂ ਦੀਪੇਸ਼ ਅਚਾਨਕ ਡਿੱਗ ਪਏ। ਉਨ੍ਹਾਂ ਦੇ ਨੱਕ 'ਚੋਂ ਖੂਨ ਵਗ ਰਿਹਾ ਸੀ।

ਜਦੋਂ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

11 ਮਈ 1981 ਨੂੰ ਜਨਮੇ ਦੀਪੇਸ਼ ਨੇ ਸਿਰਫ 41 ਸਾਲ ਦੀ ਉਮਰ 'ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।

ਦੀਪੇਸ਼ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੇ ਸਨ। ਉਨ੍ਹਾਂ ਦਾ ਨਿਯਮ ਸੀ ਕਿ ਉਹ ਹਰ ਰੋਜ਼ ਆਪਣੀ ਸੋਸਾਇਟੀ ਵਿੱਚ ਕ੍ਰਿਕਟ ਜ਼ਰੂਰ ਖੇਡਦੇ ਸਨ।

ਉਨ੍ਹਾਂ ਦਾ ਇਸ ਤਰ੍ਹਾਂ ਦੇਹਾਂਤ ਹੋ ਜਾਣਾ ਦੀਪੇਸ਼ ਦੇ ਪਰਿਵਾਰ ਲਈ ਵੱਡਾ ਸਦਮਾ ਹੈ।

ਦੀਪੇਸ਼ ਦੀ ਮਾਂ ਦੀ 8 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਉਹ ਆਪਣੇ ਪਿੱਛੇ ਪਤਨੀ ਅਤੇ 18 ਮਹੀਨੇ ਦਾ ਬੱਚਾ ਛੱਡ ਗਏ ਹਨ।

ਸ਼ੁਰੂਆਤੀ ਦਿਨਾਂ ਵਿੱਚ ਕੰਮ ਦੀ ਭਾਲ 'ਚ ਕੱਟੇ ਕਈ ਚੱਕਰ

ਦੀਪੇਸ਼ ਭਾਨ ਦਿੱਲੀ ਦੇ ਰਹਿਣ ਵਾਲੇ ਸਨ ਅਤੇ 16 ਸਾਲ ਪਹਿਲਾਂ ਐਕਟਿੰਗ ਦੀ ਦੁਨੀਆਂ ਵਿੱਚ ਆਪਣਾ ਨਾਮ ਬਣਾਉਣ ਲਈ ਮੁੰਬਈ ਆਏ ਸਨ।

ਮੁੰਬਈ 'ਚ ਦੀਪੇਸ਼ ਦੇ ਸ਼ੁਰੂਆਤੀ ਦਿਨ ਕਾਫ਼ੀ ਮੁਸ਼ਕਿਲਾਂ ਭਰੇ ਰਹੇ।

ਇਹ ਵੀ ਪੜ੍ਹੋ:

ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਨੇ ਟੈਲੀਵਿਜ਼ਨ ਇੰਡਸਟਰੀ ਅਤੇ ਮੁੰਬਈ ਦੀਆਂ ਗਲੀਆਂ ਵਿੱਚ ਬਹੁਤ ਚੱਕਰ ਕੱਟੇ। ਇੱਕ ਸਟੂਡੀਓ ਤੋਂ ਦੂਜੇ ਸਟੂਡੀਓ ਵਿੱਚ ਜਾਣ ਦੇ ਬਾਵਜੂਦ, ਕੰਮ ਮਿਲਣਾ ਉਨ੍ਹਾਂ ਲਈ ਇੱਕ ਵੱਡੀ ਚੁਣੌਤੀ ਸੀ।

ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ, ਉਨ੍ਹਾਂ ਨੂੰ ਸਬ ਟੀਵੀ ਦੇ ਸ਼ੋਅ ਐੱਫਆਈਆਰ' ਵਿੱਚ ਮੌਕਾ ਮਿਲਿਆ, ਜਿਸ ਵਿੱਚ ਉਨ੍ਹਾਂ ਨੂੰ ਹੌਲਦਾਰ ਦੀ ਭੂਮਿਕਾ ਮਿਲੀ।

ਉਨ੍ਹਾਂ ਨੇ ਉਸ ਸ਼ੋਅ ਤੋਂ ਕੁਝ ਪ੍ਰਸਿੱਧੀ ਤਾਂ ਹਾਸਲ ਕੀਤੀ ਪਰ ਅਸਲ ਪਛਾਣ ਉਨ੍ਹਾਂ ਨੂੰ ਐਂਡ ਟੀਵੀ ਦੇ ਸ਼ੋਅ 'ਭਾਬੀ ਜੀ ਘਰ ਪਰ ਹੈਂ' ਤੋਂ ਮਿਲੀ, ਜਿਸ 'ਚ ਉਨ੍ਹਾਂ ਨੇ ਮਲਖਾਨ ਦੇ ਕਿਰਦਾਰ ਨਾਲ ਲੋਕਾਂ ਨੂੰ ਖੂਬ ਹਸਾਇਆ।

ਇਸ ਸ਼ੋਅ ਵਿੱਚ ਉਹ ਇੱਕ ਬੇਰੁਜ਼ਗਾਰ ਨੌਜਵਾਨ ਦਾ ਕਿਰਦਾਰ ਨਿਭਾ ਰਹੇ ਸਨ ਜੋ ਕਿ ਆਪਣੇ ਮੁੱਹਲੇ ਵਿੱਚ ਆਪਣੇ ਦੋਸਤਾਂ ਨਾਲ ਮਜ਼ਾਕ-ਮਸਤੀ ਕਰਦਾ ਰਹਿੰਦਾ ਹੈ। ਉਹ ਅਤੇ ਉਸਦੇ ਬੇਰੁਜ਼ਗਾਰ ਦੋਸਤ ਨੌਕਰੀ ਦੀ ਭਾਲ ਵਿੱਚ ਹਨ।

ਦੀਪੇਸ਼ ਭਾਨ ਦੇ ਇਸ ਲੋਫ਼ਰ ਟਾਈਪ ਨੌਜਵਾਨ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਉਨ੍ਹਾਂ ਦੀ ਅਦਾਕਾਰੀ ਦਰਸ਼ਕਾਂ ਦੇ ਚਿਹਰੇ 'ਤੇ ਹਾਸਾ ਲਿਆਉਣ 'ਚ ਸਫਲ ਰਹੀ।

ਦੀਪੇਸ਼ ਪਿਛਲੇ ਸੱਤ ਸਾਲਾਂ ਤੋਂ ਮਲਖਾਨ ਦਾ ਕਿਰਦਾਰ ਨਿਭਾ ਰਹੇ ਸਨ।

ਸਾਲ 2018 'ਚ ਬੀਬੀਸੀ ਹਿੰਦੀ ਨੂੰ ਦਿੱਤੇ ਇੰਟਰਵਿਊ 'ਚ ਦੀਪੇਸ਼ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਖਿਆਲ ਸੀ।

ਉਨ੍ਹਾਂ ਕਿਹਾ ਸੀ, ''ਜਿਹੜੇ ਬੱਚੇ ਵਿਆਹਾਂ ਅਤੇ ਪਾਰਟੀਆਂ 'ਚ ਨੱਚਣ ਅਤੇ ਮਸਤੀ ਕਰਨ 'ਚ ਆਪਣਾ ਖੁਰਾਫਾਤੀ ਦਿਮਾਗ ਲਗਾਉਂਦੇ ਹਨ, ਬਚਪਨ 'ਚ ਮੈਂ ਵੀ ਅਜਿਹਾ ਹੀ ਕੁਝ ਕਰਦਾ ਸੀ।''

''ਮੁੱਹਲੇ 'ਚ ਕਿਸਦਾ ਵਿਆਹ ਹੋ ਰਿਹਾ ਹੈ, ਇਹ ਪਤਾ ਨਹੀਂ ਹੁੰਦਾ ਸੀ ਪਰ ਸਟੇਜ 'ਤੇ ਨੱਚਣ ਵਾਸਤੇ ਸਟੇਜ ਘਰੋਂ ਭੱਜ ਜਾਂਦੇ ਸੀ।''

ਉਨ੍ਹਾਂ ਦੱਸਿਆ ਸੀ, "ਵੱਡਾ ਭਰਾ ਅਤੇ ਮੁੱਹਲੇ ਦੇ ਕੁੱਝ ਲੋਕ ਮੈਨੂੰ ਮਿਮਿਕਰੀ ਕਰਨ ਲਈ ਕਹਿੰਦੇ ਸਨ, ਤਾਂ ਮੈਂ ਆਮਿਰ ਖ਼ਾਨ, ਸੰਨੀ ਦਿਓਲ, ਰਾਜ ਕਪੂਰ, ਰਾਜ ਕੁਮਾਰ, ਸੰਜੇ ਦੱਤ ਵਰਗੇ ਕਈ ਵੱਡੇ ਕਲਾਕਾਰਾਂ ਦੀ ਨਕਲ ਕਰਦਾ ਸੀ।''

''ਫਿਰ ਸਾਰੇ ਤਾਰੀਫ਼ ਕਰਦੇ ਸਨ ਅਤੇ ਕਹਿੰਦੇ ਸਨ ਕਿ ਤੂੰ ਮੁੰਬਈ ਜਾ ਅਤੇ ਅਭਿਨੈ ਲਈ ਕੋਸ਼ਿਸ਼ ਕਰ। ਮੈਨੂੰ ਵੀ ਇਸ ਦਾ ਸ਼ੌਕ ਸੀ, ਇਸ ਲਈ ਦਿੱਲੀ ਤੋਂ ਮੁੰਬਈ ਆ ਗਿਆ ਅਤੇ ਹੁਣ ਸੰਘਰਸ਼ ਤੋਂ ਬਾਅਦ ਹੁਣ ਮੰਜ਼ਿਲ ਮਿਲੀ ਹੈ।''

ਦੀਪੇਸ਼ ਬਹੁਤ ਕੁੱਝ ਕਰਨਾ ਚਾਹੁੰਦੇ ਸਨ ਪਰ ਹੁਣ ਉਨ੍ਹਾਂ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ।

ਆਮਿਰ ਖ਼ਾਨ ਨਾਲ ਵੀ ਕੀਤਾ ਕੰਮ

ਦੀਪੇਸ਼ ਭਾਨ ਨਾ ਸਿਰਫ਼ ਟੀਵੀ ਬਲਕਿ ਐਡ ਫ਼ਿਲਮਾਂ ਦਾ ਵੀ ਹਿੱਸਾ ਰਹੇ ਹਨ।

ਉਨ੍ਹਾਂ ਨੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੇ ਨਾਲ ਟੀ-20 ਵਰਲਡ ਕੱਪ ਸਬੰਧੀ ਇੱਕ ਐਡ ਫ਼ਿਲਮ ਵਿੱਚ ਕੰਮ ਕੀਤਾ ਹੈ।

ਇਸ ਤੋਂ ਇਲਾਵਾ ਉਹ 'ਫਾਲਤੂ ਊਟਪਟਾਂਗ ਚਟਪਟੀ ਕਹਾਣੀ' ਫ਼ਿਲਮ 'ਚ ਵੀ ਅਭਿਨੈ ਕਰ ਚੁੱਕੇ ਹਨ।

ਉਨ੍ਹਾਂ ਨੇ 'ਕਾਮੇਡੀ ਕਾ ਕਿੰਗ ਕੌਨ', 'ਕਾਮੇਡੀ ਕੱਲਬ', 'ਭੂਤਵਾਲਾ', ਐੱਫਆਈਆਰ' ਸਮੇਤ ਕਈ ਸ਼ੋਅ ਵਿੱਚ ਅਦਾਕਾਰੀ ਕੀਤੀ ਹੈ।

ਉਹ ਜ਼ਿੰਦਗੀ ਭਰ ਯਾਦ ਰਹੇਗਾ, ਅਜਿਹਾ ਦੋਸਤ ਸੀ'

ਅਦਾਕਾਰ ਸਲੀਮ ਜ਼ੈਦੀ 'ਭਾਬੀ ਜੀ ਭਰ ਪਰ ਹੈਂ' ਵਿੱਚ ਟਿੱਲੂ ਦਾ ਕਿਰਦਾਰ ਨਿਭਾਉਂਦੇ ਹਨ।

ਆਪਣੇ ਦੋਸਤ ਦੇ ਜਾਣ 'ਤੇ ਉਨ੍ਹਾਂ ਕਿਹਾ, ''ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਦੀਪੇਸ਼ ਹੁਣ ਸਾਡੇ ਵਿਚਕਾਰ ਨਹੀਂ ਹੈ। ਸੈੱਟ 'ਤੇ ਕੰਮ ਦੇ ਨਾਲ-ਨਾਲ ਬਹੁਤ ਮਸਤੀ ਕਰਦੇ ਸੀ।''

''ਜਦੋਂ ਵੀ ਸੈੱਟ 'ਤੇ ਵਿਹਲ ਮਿਲਦੀ ਤਾਂ ਅਸੀਂ ਬਹੁਤ ਸਾਰੇ ਗੀਤ ਗਾਉਂਦੇ ਸੀ, ਇੰਸਟਾਗ੍ਰਾਮ ਲਈ ਰੀਲ ਬਣਾਉਂਦੇ ਸੀ, ਇੱਕ-ਦੂਜੇ ਦੀ ਲੱਤ ਖਿੱਚਣਾ, ਮਿਮਕਰੀ ਕਰਨਾ, ਇਹ ਸਭ ਕਰਦੇ ਸੀ।''

''ਦੀਪੇਸ਼ ਬਹੁਤ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਬਹੁਤ ਚੰਗੇ ਇਨਸਾਨ ਵੀ ਸਨ।''

ਉਹ ਅੱਗੇ ਕਹਿੰਦੇ ਹਨ, ''ਮੈਂ ਜਦੋਂ ਵੀ ਉਨ੍ਹਾਂ ਤੋਂ ਕੋਈ ਸਲਾਹ ਮੰਗਦਾ, ਉਹ ਮੈਨੂੰ ਬਹੁਤ ਸਾਰੀਆਂ ਨਸੀਹਤਾਂ ਦਿੰਦੇ ਸਨ ਕਿਉਂਕਿ ਉਹ ਉਮਰ 'ਚ ਮੇਰੇ ਤੋਂ ਵੱਡੇ ਸਨ। ਪਰ ਅਸੀਂ ਬਹੁਤ ਪੱਕੇ ਦੋਸਤ ਸੀ ਅਤੇ ਜ਼ਿੰਦਗੀ ਭਰ ਰਹਾਂਗੇ।''

''ਉਹ ਬਹੁਤ ਕ੍ਰਿਏਟਿਵ ਸਨ। ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸਨ। ਇਹ ਸਭ ਕਿਵੇਂ ਹੋ ਗਿਆ, ਅਜੇ ਤੱਕ ਸਮਝ ਨਹੀਂ ਪਾ ਰਿਹਾ। ਇਹ ਇੱਕ ਅਜਿਹਾ ਦੁੱਖ ਹੈ ਜੋ ਜੀਵਨ ਭਰ ਮੇਰੇ ਨਾਲ ਰਹੇਗਾ।''

''ਉਨ੍ਹਾਂ ਨੂੰ ਪਰਿਵਾਰ ਨਾਲ ਬਹੁਤ ਪਿਆਰ ਸੀ। ਉਹ ਅਕਸਰ ਹੀ ਸੈੱਟ 'ਤੇ ਆਪਣੇ ਬੱਚੇ ਦੀਆਂ ਗੱਲਾਂ ਕਰਦੇ ਸਨ।''

''ਦੀਪੇਸ਼ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਉਨ੍ਹਾਂ ਦੇ ਪਰਿਵਾਰ 'ਚ ਭਰਾ-ਭੈਣ ਹਨ ਜੋ ਦਿੱਲੀ ਵਿੱਚ ਰਹਿੰਦੇ ਹਨ ਅਤੇ ਇੱਥੇ ਮੁੰਬਈ 'ਚ ਉਨ੍ਹਾਂ ਦੀ ਪਤਨੀ ਨੇਹਾ ਅਤੇ ਉਨ੍ਹਾਂ ਦਾ 18 ਮਹੀਨਿਆਂ ਦਾ ਪੁੱਤਰ ਹੈ, ਜੋ ਹੁਣ ਇੱਕਲੇ ਹੋ ਗਏ ਹਨ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)