ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਲਾਲ ਕਿਲ਼ੇ ਉੱਤੇ ਹੋਏ ਸਮਾਗਮ ਦੀਆਂ ਤਸਵੀਰਾਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਲਾਲ ਕਿਲੇ 'ਤੇ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਹਾਜ਼ਰੀ ਲਵਾਈ ਅਤੇ ਸਮਾਗਮ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ, "ਸ਼ਬਦ ਕੀਰਤਨ ਸੁਣ ਕੇ ਮੈਨੂੰ ਜੋ ਸ਼ਾਂਤੀ ਮਿਲੀ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਅੱਜ ਮੈਨੂੰ ਗੁਰੂ ਜੀ ਨੂੰ ਸਮਰਪਿਤ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਇਸਨੂੰ ਮੇਰੇ ਉੱਤੇ ਗੁਰੂ ਦੀ ਹੋਈ ਵਿਸ਼ੇਸ਼ ਕਿਰਪਾ ਸਮਝਦਾ ਹਾਂ।"

"ਮੈਨੂੰ ਖੁਸ਼ੀ ਹੈ ਕਿ ਅੱਜ ਸਾਡਾ ਦੇਸ਼ ਆਪਣੇ ਗੁਰੂਆਂ ਦੇ ਆਦਰਸ਼ਾਂ 'ਤੇ ਪੂਰੀ ਤਨਦੇਹੀ ਨਾਲ ਅੱਗੇ ਵੱਧ ਰਿਹਾ ਹੈ। ਇਸ ਪਵਿੱਤਰ ਮੌਕੇ 'ਤੇ ਮੈਂ ਸਾਰੇ ਦਸ ਗੁਰੂਆਂ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ।"

ਤੁਹਾਨੂੰ ਸਾਰਿਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਅਤੇ ਪੂਰੀ ਦੁਨੀਆ ਨੂੰ ਜਿਨ੍ਹਾਂ ਦਾ ਗੁਰਬਾਣੀ ਵਿੱਚ ਵਿਸ਼ਵਾਸ, ਸਾਰਿਆਂ ਨੂੰ ਪ੍ਰਕਾਸ਼ ਉਤਸਵ ਦੀਆਂ ਹਾਰਦਿਕ ਵਧਾਈਆਂ ਦਿੰਦਾ ਹਾਂ।"

"ਇਹ ਲਾਲ ਕਿਲਾ ਕਈ ਮਹੱਤਵਪੂਰਨ ਦੌਰਾਂ ਦਾ ਗਵਾਹ ਰਿਹਾ ਹੈ। ਇਸ ਕਿਲੇ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਦੇਖੀ ਹੈ ਅਤੇ ਦੇਸ਼ ਲਈ ਜਾਨਾਂ ਵਾਰਨ ਵਾਲੇ ਲੋਕਾਂ ਦੇ ਹੌਂਸਲੇ ਨੂੰ ਵੀ ਪਰਖਿਆ ਹੈ।"

"ਇਹ ਭਾਰਤ ਭੂਮੀ, ਸਿਰਫ਼ ਇੱਕ ਦੇਸ਼ ਨਹੀਂ ਹੈ, ਸਗੋਂ ਸਾਡੀ ਇੱਕ ਮਹਾਨ ਵਿਰਾਸਤ, ਇੱਕ ਮਹਾਨ ਪਰੰਪਰਾ ਹੈ। ਇਸ ਨੂੰ ਸਾਡੇ ਰਿਸ਼ੀ-ਮੁਨੀਆਂ, ਗੁਰੂਆਂ ਨੇ ਲੱਖਾਂ ਸਾਲਾਂ ਦੀ ਤਪੱਸਿਆ ਰਾਹੀਂ ਸਿੰਜਿਆ ਹੈ, ਆਪਣੇ ਵਿਚਾਰਾਂ ਨਾਲ ਭਰਪੂਰ ਕੀਤਾ ਹੈ।"

"ਲਾਲ ਕਿਲੇ ਦੇ ਨੇੜੇ ਗੁਰੂ ਤੇਗ ਬਹਾਦਰ ਜੀ ਦੀ ਅਮਰ ਕੁਰਬਾਨੀ ਦਾ ਪ੍ਰਤੀਕ ਗੁਰਦੁਆਰਾ ਸੀਸਗੰਜ ਸਾਹਿਬ ਵੀ ਹੈ। ਇਹ ਪਵਿੱਤਰ ਗੁਰਦੁਆਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਮਹਾਨ ਸੱਭਿਆਚਾਰ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਕਿੰਨੀ ਮਹਾਨ ਸੀ।"

"ਉਸ ਸਮੇਂ ਦੇਸ਼ ਵਿੱਚ ਧਾਰਮਿਕ ਕੱਟੜਤਾ ਦਾ ਤੂਫ਼ਾਨ ਆਇਆ ਹੋਇਆ ਸੀ।ਧਰਮ ਨੂੰ ਫ਼ਲਸਫ਼ੇ, ਵਿਗਿਆਨ ਅਤੇ ਸਵੈ-ਖੋਜ ਦਾ ਵਿਸ਼ਾ ਮੰਨਣ ਵਾਲੇ ਸਾਡੇ ਭਾਰਤ ਦੇ ਸਾਹਮਣੇ ਧਰਮ ਦੇ ਨਾਮ ਉੱਤੇ ਹਿੰਸਾ ਅਤੇ ਅੱਤਿਆਚਾਰ ਕਰਨ ਵਾਲੇ ਲੋਕ ਸਨ।"

"ਉਸ ਸਮੇਂ ਭਾਰਤ ਨੂੰ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿਚ ਆਪਣੀ ਪਛਾਣ ਬਚਾਉਣ ਦੀ ਵੱਡੀ ਆਸ ਸੀ। ਉਸ ਸਮੇਂ ਗੁਰੂ ਤੇਗ ਬਹਾਦਰ ਜੀ 'ਹਿੰਦ ਦੀ ਚਾਦਰ' ਬਣ ਕੇ ਔਰੰਗਜ਼ੇਬ ਦੀ ਜ਼ਾਲਮ ਸੋਚ ਦੇ ਸਾਹਮਣੇ ਚਟਾਨ ਬਣ ਕੇ ਖੜ੍ਹੇ ਸਨ।"

"ਗੁਰੂ ਤੇਗ ਬਹਾਦੁਰ ਜੀ ਦੀ ਕੁਰਬਾਨੀ ਨੇ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਦੀ ਇੱਜ਼ਤ, ਮਾਣ ਅਤੇ ਸਤਿਕਾਰ ਦੀ ਰਾਖੀ ਲਈ ਜੀਣ ਅਤੇ ਮਰਨ ਲਈ ਪ੍ਰੇਰਿਤ ਕੀਤਾ ਹੈ। ਤੂਫ਼ਾਨ ਸ਼ਾਂਤ ਹੋ ਗਏ ਹਨ, ਪਰ ਭਾਰਤ ਅਜੇ ਵੀ ਅਮਰ ਹੈ, ਅੱਗੇ ਵਧ ਰਿਹਾ ਹੈ।"

"ਗੁਰੂ ਨਾਨਕ ਦੇਵ ਜੀ ਨੇ ਪੂਰੇ ਦੇਸ਼ ਨੂੰ ਇੱਕ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਦੇ ਹਰ ਪਾਸੇ ਪੈਰੋਕਾਰ ਸਨ।

ਪਟਨਾ ਵਿੱਚ ਪਟਨਾ ਸਾਹਿਬ ਅਤੇ ਦਿੱਲੀ ਵਿੱਚ ਰਕਾਬਗੰਜ ਸਾਹਿਬ, ਅਸੀਂ ਗੁਰੂ ਦੀ ਮੱਤ ਅਤੇ ਬਖਸ਼ਿਸ਼ ਦੇ ਰੂਪ ਵਿੱਚ ਹਰ ਥਾਂ 'ਏਕ ਭਾਰਤ' ਦੇ ਰੂਪ ਵਿੱਚ ਦੇਖਿਆ ਹੋਵੇਗਾ। "

"ਪਿਛਲੇ ਸਾਲ ਹੀ ਸਾਡੀ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਦੀ ਯਾਦ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ। ਸਾਡੀ ਸਰਕਾਰ ਵੀ ਸਿੱਖ ਪਰੰਪਰਾਵਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।"

"ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਸਵੈ-ਬੋਧ ਦਾ ਮਾਰਗ ਦਰਸ਼ਕ ਹੋਣ ਦੇ ਨਾਲ-ਨਾਲ ਭਾਰਤ ਦੀ ਅਨੇਕਤਾ ਅਤੇ ਏਕਤਾ ਦਾ ਇੱਕ ਜੀਵਤ ਸਰੂਪ ਹਨ। ਸਰਕਾਰ ਆਪਣੀ ਪੂਰੀ ਤਾਕਤ ਲਗਾ ਰਹੀ ਹੈ।"

"ਭਾਰਤ ਨੇ ਕਦੇ ਵੀ ਕਿਸੇ ਦੇਸ਼ ਜਾਂ ਸਮਾਜ ਲਈ ਖਤਰਾ ਨਹੀਂ ਬਣਾਇਆ। ਅੱਜ ਵੀ ਅਸੀਂ ਪੂਰੀ ਦੁਨੀਆ ਦੀ ਭਲਾਈ ਲਈ ਸੋਚਦੇ ਹਾਂ। ਜਦੋਂ ਅਸੀਂ ਆਤਮ-ਨਿਰਭਰ ਭਾਰਤ ਦੀ ਗੱਲ ਕਰਦੇ ਹਾਂ, ਤਾਂ ਅਸੀਂ ਪੂਰੀ ਦੁਨੀਆ ਦੀ ਤਰੱਕੀ ਨੂੰ ਟੀਚਾ ਸਾਹਮਣੇ ਰੱਖਦੇ ਹਾਂ।

ਇਸ ਮੌਕੇ ਅੱਜ ਲਾਲ ਕਿਲੇ 'ਤੇ ਰੱਖੇ ਸਮਾਗਮ ਵਿੱਚ 400 ਕੀਰਤਨੀਆਂ ਨੇ ਇਕੱਠਿਆ ਕੀਰਤਨ ਜਸ ਗਾਇਨ ਕੀਤਾ ਅਤੇ ਹਜ਼ਾਰਾਂ ਲੋਕਾਂ ਨੇ ਸੰਗਤੀ ਰੂਪ ਵਿਚ ਹਾਜ਼ਰੀ ਲਵਾਈ

ਸਮਾਗਮ ਦੇ ਪਹਿਲੇ ਦਿਨ 20 ਅਪ੍ਰੈਲ ਨੂੰ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਜ਼ਰੀ ਲਗਵਾਈ ਸੀ ਅਤੇ ਸੰਬੋਧਨ ਕੀਤਾ ਸੀ।

ਲਾਲ ਕਿਲ਼ੇ ਉੱਤੇ ਨਗਰ ਕੀਰਤਨ ਦਾ ਲਗਾਤਾਰ ਪ੍ਰਵਾਹ ਵਗਦਾ ਰਿਹਾ , ਜੋ ਇੱਕ ਖਾਸ ਰੂਹਾਨੀ ਨਜ਼ਾਰਾ ਪੇਸ਼ ਕਰ ਰਿਹਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)