You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਕੀ ਹੋ ਰਿਹਾ ਉਡਾਣਾ 'ਤੇ ਅਸਰ, ਪੰਜਾਬ ਸਣੇ ਕਿੱਥੇ ਕੀ ਹੋ ਰਿਹਾ - ਪ੍ਰੈੱਸ ਰਿਵੀਊ
ਭਾਰਤ ਵਿੱਚ ਇੱਕ ਵਾਰ ਫੇਰ ਕੋਵਿਡ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ।
ਭਾਰਤ ਸਰਕਾਰ ਦੇ ਐਤਵਾਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਸੋਮਵਾਰ ਨੂੰ 2183 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦੋਂਕਿ ਐਤਵਾਰ ਨੂੰ ਇਹ 1150 ਸਨ।
ਇਨ੍ਹਾਂ ਵਿੱਚ ਜ਼ਿਆਦਾਤਰ ਕੇਸ ਕੇਰਲਾ ਦੇ ਹਨ।
ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਲਵ ਅਗਰਵਾਲ ਨੇ ਕੇਰਲਾ ਸਰਕਾਰ ਨੂੰ ਚਿੱਠੀ ਲਿਖੀ ਹੈ ਅਤੇ ਆਖਿਆ ਹੈ ਕਿ ਪੰਜ ਦਿਨਾਂ ਦੇ ਵਕਫ਼ੇ ਤੋਂ ਬਾਅਦ ਜਾਰੀ ਕੀਤੇ ਇਨ੍ਹਾਂ ਅੰਕੜਿਆਂ ਕਾਰਨ ਦੇਸ਼ ਦਾ ਪੌਜ਼ੀਟੀਵਿਟੀ ਰੇਟ ਇੱਕ ਦਿਨ ਵਿੱਚ 165 ਫੀਸਦ ਵੱਧ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਅੰਕੜਿਆਂ ਕਾਰਨ ਦੇਸ਼ ਵਿੱਚ ਇੱਕ ਦਿਨ ਵਿੱਚ ਆਉਣ ਵਾਲੇ ਕੇਸਾਂ ਵਿੱਚ 90 ਫ਼ੀਸਦ ਵਾਧਾ ਹੋਇਆ ਹੈ। ਇਸ ਦਾ ਅਸਰ ਦੇਸ਼ ਦੇ ਅੰਕੜਿਆਂ ਉੱਪਰ ਵੀ ਪਿਆ ਹੈ।
23 ਮਾਰਚ ਨੂੰ ਕੇਂਦਰ ਸਰਕਾਰ ਵੱਲੋਂ ਲਿਖੀ ਗਈ ਇੱਕ ਚਿੱਠੀ ਵਿੱਚ ਸੂਬੇ ਨੂੰ ਸਤਰਕ ਰਹਿਣ ਨੂੰ ਆਖਿਆ ਗਿਆ ਸੀ। ਇਸ ਦੇ ਨਾਲ ਹੀ ਆਖਿਆ ਸੀ ਕਿ ਕੋਵਿਡ ਦੇ ਪ੍ਰਬੰਧਨ ਸਬੰਧੀ ਸਰਕਾਰਾਂ ਧਿਆਨ ਦੇਣ।
ਵੱਧ ਰਹੇ ਮਾਮਲਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਛੇ ਜ਼ਿਲ੍ਹਿਆਂ ਵਿੱਚ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਨੋਇਡਾ, ਗਾਜ਼ੀਆਬਾਦ, ਹਾਪੁੜ, ਮੇਰਠ, ਬੁਲੰਦਸ਼ਹਿਰ ਅਤੇ ਬਾਗਪਤ ਸ਼ਾਮਿਲ ਹਨ।
ਹਰਿਆਣਾ ਨੇ ਵੀ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਝੱਜਰ ਵਿਖੇ ਮਾਸਕ ਜ਼ਰੂਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ:
ਚੀਨ ਦੇ ਸ਼ੰਘਾਈ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ। ਚੀਨ ਸਰਕਾਰ ਮੁਤਾਬਕ ਇਹ ਤਿੰਨੇ ਬਜ਼ੁਰਗ ਸਨ। ਤਿੰਨਾਂ ਦੇ ਟੀਕੇ ਨਹੀਂ ਲੱਗੇ ਹੋਏ ਸਨ।
ਵੱਧ ਰਹੇ ਮਾਮਲਿਆਂ ਦਾ ਅਸਰ ਉਡਾਣਾਂ ਉਪਰ ਵੀ ਪੈ ਰਿਹਾ ਹੈ। 24 ਅਪ੍ਰੈਲ ਤੱਕ ਹਾਂਗਕਾਂਗ ਵੱਲੋਂ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਸ਼ਨੀਵਾਰ ਨੂੰ ਭਾਰਤ ਤੋਂ ਹਾਂਗਕਾਂਗ ਪਹੁੰਚੀ ਇੱਕ ਉਡਾਣ ਵਿੱਚ ਇੱਕ ਯਾਤਰੀ ਪੌਜ਼ੀਟਿਵ ਪਾਇਆ ਗਿਆ ਸੀ।
ਪੰਜਾਬ ਦੇ ਕਰਜ਼ੇ ਦੀ ਹੋਵੇਗੀ ਜਾਂਚ -ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਆਖਿਆ ਕਿ ਸੂਬੇ ਦੇ ਸਿਰ ਚੜ੍ਹੇ ਤਕਰੀਬਨ ਤਿੰਨ ਲੱਖ ਕਰੋੜ ਦੇ ਕਰਜ਼ੇ ਦੀ ਜਾਂਚ ਕੀਤੀ ਜਾਵੇਗੀ।
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੁਸਤਾਨ ਟਾਈਮਜ਼' ਦੀ ਖ਼ਬਰ ਮੁਤਾਬਕ ਭਗਵੰਤ ਮਾਨ ਨੇ ਆਖਿਆ ਹੈ ਕਿ ਉਨ੍ਹਾਂ ਦੀ ਸਰਕਾਰ ਇਸ ਪੈਸੇ ਦੀ ਵਸੂਲੀ ਵੀ ਕਰੇਗੀ।
ਜਾਂਚ ਦੌਰਾਨ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਕਰਜ਼ਾ ਕਿਸ ਮੰਤਵ ਲਈ ਚੁੱਕਿਆ ਗਿਆ ਹੈ ਅਤੇ ਇਹ ਕਿੱਥੇ ਖ਼ਰਚ ਹੋਇਆ।
ਖ਼ਬਰ ਮੁਤਾਬਕ ਮੁੱਖ ਮੰਤਰੀ ਵੱਲੋਂ ਸਵਾਲ ਕੀਤਾ ਕਿ ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਕੋਈ ਕਾਲਜ,ਹਸਪਤਾਲ ਤੇ ਯੂਨੀਵਰਸਿਟੀ ਨਹੀਂ ਬਣੀ ਫਿਰ ਇਹ ਪੈਸਾ ਕਿੱਥੇ ਖਰਚ ਕੀਤਾ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਉੱਪਰ ਇਸ ਕਰਜ਼ੇ ਦੇ ਲਗਾਤਾਰ ਵਾਧੇ ਦੇ ਇਲਜ਼ਾਮ ਵੀ ਲਗਾਏ ਗਏ ਹਨ।
ਖ਼ਬਰ ਮੁਤਾਬਕ 1997 ਵਿੱਚ ਪੰਜਾਬ ਉੱਪਰ 15,249 ਕਰੋੜ ਦਾ ਕਰਜ਼ਾ ਸੀ ਜਦੋਂਕਿ 2011 ਵਿੱਚ ਇਹ ਵਧ ਕੇ 27830 ਕਰੋੜ ਹੋ ਗਿਆ।
ਮਾਰਚ 2022 ਤੱਕ ਪੰਜਾਬ ਸਿਰ 2.73 ਲੱਖ ਕਰੋੜ ਦਾ ਕਰਜ਼ਾ ਹੈ ਅਤੇ ਸੂਬੇ ਦੀ ਸਾਲਾਨਾ ਆਮਦਨੀ ਦਾ 21 ਫ਼ੀਸਦ ਇਸ ਦੇ ਵਿਆਜ ਵਿੱਚ ਹੀ ਚਲਾ ਜਾਂਦਾ ਹੈ।
ਰੂਸ ਯੂਕਰੇਨ ਯੁੱਧ:ਭਾਰਤ ਦੀ ਮਹਿੰਗਾਈ ਦਰ ਵਿੱਚ ਵਾਧਾ
ਰੂਸ ਯੂਕਰੇਨ ਯੁੱਧ ਦਾ ਅਸਰ ਭਾਰਤ ਦੀ ਮਹਿੰਗਾਈ 'ਤੇ ਵੀ ਪੈ ਰਿਹਾ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਫਰਵਰੀ 2022 ਵਿੱਚ ਹੋਲਸੇਲ ਪ੍ਰਾਈਸ ਇੰਡੈਕਸ 13.11% ਸੀ ਜਦੋਂ ਕਿ ਮਾਰਚ ਵਿੱਚ ਇਹ ਵਧ ਕੇ 14.55%ਹੋ ਗਿਆ ਹੈ।
ਯੁੱਧ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਜਿਸ ਦਾ ਭਾਰਤ 'ਤੇ ਵੀ ਅਸਰ ਪੈ ਰਿਹਾ ਹੈ।
ਮਹਿੰਗਾਈ ਵਿੱਚ ਵਾਧੇ ਕਾਰਨ ਐਸਬੀਆਈ ਬੈਂਕ ਵੱਲੋਂ ਕਰਜੇ ਉੱਪਰ ਆਪਣੀ ਵਿਆਜ ਦਰਾਂ ਵਧਾਈਆਂ ਗਈਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਬੈਂਕਾਂ ਵੀ ਅਜਿਹਾ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ: