You’re viewing a text-only version of this website that uses less data. View the main version of the website including all images and videos.
ਰਣਬੀਰ ਅਤੇ ਆਲਿਆ ਦਾ ਵਿਆਹ ਜਿੱਥੇ ਹੋ ਰਿਹਾ ਹੈ, ਕੀ ਹੈ ਉਸ ਥਾਂ ਦੀ ਕਹਾਣੀ
- ਲੇਖਕ, ਵੰਦਨਾ
- ਰੋਲ, ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਲਈ ਟੀਵੀ ਐਡੀਟਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਮੀਂਹ ਦੀਆਂ ਬੂੰਦਾਂ 'ਚ ਆਪੋ ਆਪਣੇ ਹਿੱਸੇ ਦੀ ਅੱਧੀ ਛੱਤਰੀ ਹੇਠ ਖੜ੍ਹੇ, ਪਿਆਰ 'ਚ ਧੜਕਦੇ ਦੋ ਦਿਲ… ਥੋੜਾ ਇੱਕ ਦੂਜੇ ਦੇ ਨਜ਼ਦੀਕ ਪਰ ਦੋਵਾਂ 'ਚ ਥੋੜੀ ਦੂਰੀ ਵੀ ਕਾਇਮ …
ਮੁਬੰਈ ਦੇ ਮਸ਼ਹੂਰ ਆਰਕੇ ਸਟੂਡੀਓ 'ਚ ਸ਼ੂਟ ਕੀਤਾ ਗਿਆ ਫਿਲਮ 'ਸ਼੍ਰੀ 420' ਦਾ ਇਹ ਗਾਣਾ 'ਪਿਆਰ ਹੁਆ ਇਕਰਾਰ ਹੁਆ…' 67 ਸਾਲਾਂ ਬਾਅਦ ਅੱਜ ਵੀ ਪਿਆਰ ਦਾ ਐਂਥਮ ਬਣਿਆ ਹੋਇਆ ਹੈ।
ਪਤਾ ਨਹੀਂ ਕਿੰਨ੍ਹੀਆਂ ਕੁ ਫਿਲਮਾਂ ਦੀਆਂ ਪ੍ਰੇਮ ਕਹਾਣੀਆਂ ਦੀ ਸ਼ੁਰੂਆਤ ਅਤੇ ਅੰਤ ਰਾਜ ਕਪੂਰ ਵੱਲੋਂ ਬਣਾਏ ਗਏ ਇਸ ਆਰਕੇ ਸਟੂਡੀਓ 'ਚ ਹੋਇਆ ਹੈ।
ਕਿਹਾ ਜਾ ਰਿਹਾ ਹੈ ਕਿ ਇੱਕ ਅਸਲ ਪ੍ਰੇਮ ਕਹਾਣੀ/ ਰੀਅਲ ਲਵ ਸਟੋਰੀ -ਆਲਿਆ ਭੱਟ ਅਤੇ ਰਣਬੀਰ ਕਪੂਰ ਦੀ ਜੋੜੀ ਦੇ ਵਿਆਹ ਦੀਆਂ ਕਈ ਰਸਮਾਂ ਵੀ ਇੱਥੇ ਹੀ ਅਦਾ ਕੀਤੀਆਂ ਜਾਣੀਆਂ ਹਨ।
ਇਹ ਉਹੀ ਸਟੂਡੀਓ ਹੈ ਜਿੱਥੇ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਅਤੇ ਮਾਂ ਨੀਤੂ ਕਪੂਰ ਦੇ ਵਿਆਹ ਦੀ ਰਿਸ਼ੈਪਸ਼ਨ ਹੋਈ ਸੀ।
ਉਹ ਥਾਂ ਜੋ ਕਿ 1980 'ਚ ਰਿਸ਼ੀ ਕਪੂਰ ਦੇ ਵਿਆਹ ਮੌਕੇ ਸਮੁੱਚੀ ਹਿੰਦੀ ਫਿਲਮ ਇੰਡਸਟਰੀ ਦੇ ਦਿੱਗਜਾਂ ਦੀ ਮੌਜੂਦਗੀ ਦੀ ਗਵਾਹ ਰਹੀ ਹੈ।
ਇੱਥੋਂ ਤੱਕ ਕਿ ਉਸਤਾਦ ਨੁਸਰਤ ਫਤਿਹ ਅਲੀ ਖਾਨ ਨੂੰ ਸੁਣਨ ਦਾ ਮੌਕਾ ਵੀ ਆਰਕੇ ਸੂਟਡੀਓ ਦੀਆਂ ਕੰਧਾਂ ਨੂੰ ਮਿਲਿਆ ਹੈ। ਨੁਸਰਤ ਫਤਿਹ ਅਲੀ ਖਾਨ ਰਾਜ ਕਪੂਰ ਦੇ ਸੱਦੇ 'ਤੇ ਰਿਸ਼ੀ ਕਪੂਰ ਦੇ ਸੰਗੀਤ ਸਮਾਗਮ 'ਚ ਗਾਉਣ ਲਈ ਆਏ ਸਨ।
ਇਸ ਦਾ ਜ਼ਿਕਰ ਖੁਦ ਰਿਸ਼ੀ ਕਪੂਰ ਨੇ ਆਪਣੀ ਕਿਤਾਬ 'ਖੁੱਲਮ ਖੁੱਲਾ' 'ਚ ਕੀਤਾ ਹੈ।
ਆਰਕੇ ਸਟੂਡੀਓ 'ਚ ਲੱਗੀ ਭਿਆਨਕ ਅੱਗ
ਆਰਕੇ ਸਟੂਡੀਓ ਭਾਵੇਂ ਅੱਜ ਨਹੀਂ ਹੈ। 2017 'ਚ ਆਰਕੇ ਸਟੂਡੀਓ 'ਚ ਭਿਆਨਕ ਅੱਗ ਲੱਗਣ ਕਰਕੇ ਉਸ ਦਾ ਵੱਡਾ ਹਿੱਸਾ ਅਤੇ ਇੱਥੇ ਰੱਖਿਆ ਫਿਲਮਾਂ ਨਾਲ ਜੁੜਿਆ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ ਸੀ।
ਇਹ ਵੀ ਪੜ੍ਹੋ:
2018 'ਚ ਕਪੂਰ ਖ਼ਾਨਦਾਨ ਨੇ ਇਸ ਸਟੂਡੀਓ ਨੂੰ ਗੋਦਰੇਜ਼ ਪ੍ਰਾਪਟੀਜ਼ ਨੂੰ ਵੇਚ ਦਿੱਤਾ ਸੀ। ਪਰ ਲੋਕਾਂ ਦੇ ਦਿਲਾਂ 'ਚ ਆਰਕੇ ਸਟੂਡੀਓ ਦੀਆਂ ਯਾਦਾਂ ਅੱਜ ਵੀ ਜ਼ਿੰਦਾ ਹਨ।
ਭਾਰਤ ਦੀ ਆਜ਼ਾਦੀ ਦੇ ਇੱਕ ਸਾਲ ਬਾਅਦ, ਸਾਲ 1948 'ਚ ਸਿਰਫ 24 ਸਾਲਾਂ ਦੀ ਉਮਰ 'ਚ ਰਾਜ ਕਪੂਰ ਨੇ ਆਰਕੇ ਬੈਨਰ ਬਣਾਇਆ ਸੀ ਅਤੇ ਆਰਕੇ ਸਟੂਡੀਓ ਬਣਾਉਣ ਦਾ ਸੁਪਨਾ ਵੀ ਵੇਖਿਆ। ਯਾਨੀ ਕਿ ਇਸ ਸਟੂਡੀਓ ਦੀ ਕਹਾਣੀ ਆਜ਼ਾਦ ਭਾਰਤ ਅਤੇ ਇਸ ਦੇ ਬਣਦੇ ਵਿਗੜਦੇ ਸੁਪਨਿਆਂ ਦੀ ਵੀ ਕਹਾਣੀ ਹੈ।
ਦੋ ਏਕੜ 'ਚ ਫੈਲੇ ਆਲੀਸ਼ਾਨ ਆਰਕੇ ਸਟੂਡੀਓ ਅਤੇ ਉੱਥੇ ਨਜ਼ਦੀਕ ਹੀ ਬਣੇ ਰਾਜ ਕਪੂਰ ਦੇ ਕੋਟੇਜ ਤੇ ਰਾਜ ਕਪੂਰ ਦੇ ਕਿੱਸੇ ਅੱਜ ਵੀ ਮਸ਼ਹੂਰ ਹਨ।
ਲੇਖਕ ਅਤੇ ਪੱਤਰਕਾਰ ਖੁਸ਼ਵੰਤ ਸਿੰਘ 1976 'ਚ ਨਿਊਯਾਰਕ ਟਾਈਮਜ਼ 'ਚ ਬਾਲੀਵੁੱਡ ਬਾਰੇ ਇੱਕ ਲੇਖ ਦੇ ਸਬੰਧ 'ਚ ਆਰਕੇ ਸਟੂਡੀਓ 'ਚ ਗਏ ਸਨ।
ਉਨ੍ਹਾਂ ਨੇ ਲਿਖਿਆ ਸੀ, " ਮੈਂ ਰਾਤ ਦੇ ਸਮੇਂ ਉੱਥੇ ਗਿਆ ਸੀ। ਉਸ ਸਮੇਂ ਕਮਰੇ 'ਚ ਰਾਜ ਕਪੂਰ ਸਨ ਅਤੇ ਜ਼ੀਨਤ ਅਮਾਨ ਵੀ ਉੱਥੇ ਮੌਜੂਦ ਸੀ। ਸਤਿਅਮ ਸ਼ਿਵਮ ਸੁੰਦਰਮ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ।
ਰਾਜ ਕਪੂਰ ਦੇ ਕਮਰੇ ਦੀਆਂ ਕੰਧਾਂ 'ਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ। ਇਸ ਦੇ ਨਾਲ ਹੀ ਈਸਾ ਮਸੀਹ, ਨਹਿਰੂ ਅਤੇ ਰਾਜ ਕਪੂਰ ਦੀਆਂ ਸਾਰੀਆਂ ਹੀਰੋਇਨਾਂ ਦੀਆਂ ਤਸਵੀਰਾਂ ਵੀ ਉੱਥੇ ਲੱਗੀਆਂ ਹੋਈਆਂ ਸਨ। ਕਮਰੇ 'ਚ ਕਿਤਾਬਾਂ ਦੀ ਸ਼ੈਲਫ 'ਤੇ ਪੂਰੀ ਤਰਤੀਬ ਨਾਲ ਕਿਤਾਬਾਂ ਪਈਆਂ ਹੋਈਆਂ ਸਨ ਅਤੇ ਇੱਕ ਕੱਚ ਦਾ ਫੁੱਲਦਾਨ ਵੀ ਪਿਆ ਸੀ, ਜਿਸ 'ਚ ਸੋਨੇ ਅਤੇ ਚਾਂਦੀ ਦੇ ਸਿੱਕੇ ਰੱਖੇ ਹੋਏ ਸਨ।"
"ਰਾਜ ਕਪੂਰ ਨੇ ਮੈਨੂੰ ਕਿਹਾ ਕਿ ਜਦੋਂ ਮੈਂ ਵਿਦੇਸ਼ ਦੌਰੇ ਤੋਂ ਵਾਪਸ ਆਉਂਦਾ ਹਾਂ ਤਾਂ ਚਿੱਲਰ/ਸਿੱਕੇ ਇੱਥੇ ਰੱਖ ਦਿੰਦਾ ਹਾਂ। ਜਦੋਂ ਮੈਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਜਵਾਂਗਾ ਤਾਂ ਉਸ ਸਮੇਂ ਲੋਕਾਂ ਨੂੰ ਪਤਾ ਲੱਗੇਗਾ ਕਿ ਮੈਂ ਕਿੱਥੇ ਕਿੱਥੇ ਗਿਆ ਸੀ।"
ਉਸ ਸਮੇਂ ਖੁਸਵੰਤ ਸਿੰਘ ਨੇ ਆਰਕੇ ਸਟੂਡੀਓ ਨੂੰ ਸਭ ਤੋਂ ਵੱਡਾ ਅਤੇ ਸਭ ਤੋਂ ਗਲੈਮਰਸ ਪ੍ਰੋਡਕਸ਼ਨ ਸੈਂਟਰ ਕਿਹਾ ਸੀ।
ਆਰਕੇ ਸਟੂਡੀਓ ਅਤੇ ਰਾਜ ਕਪੂਰ ਦੀਆਂ ਅਜਿਹੀਆਂ ਕਹਾਣੀਆਂ ਅਤੇ ਯਾਦਾਂ ਲੋਕਾਂ ਦੇ ਮਨਾਂ 'ਚ ਭਰੀਆਂ ਪਈਆਂ ਹਨ।
ਆਰਕੇ ਸਟੂਡੀਓ ਦੀ ਹੋਲੀ
ਫਿਰ ਉਹ ਆਰਕੇ ਸਟੂਡੀਓ ਦੀ ਧਮਾਲ ਹੋਲੀ ਹੋਵੇ ਜਾਂ ਫਿਰ ਚੇਂਬਰ 'ਚ ਆਰਕੇ ਸਟੂਡੀਓ ਦਾ ਗਣੇਸ਼ ਉਤਸਵ…।
ਹੋਲੀ ਤੋਂ ਬਾਅਦ ਫਿਲਮੀ ਮੈਗਜ਼ੀਨਾਂ ਦੇ ਪੰਨੇ ਉੱਥੋਂ ਦੀ ਹੋਲੀ ਦੀਆਂ ਕਹਾਣੀਆਂ ਨਾਲ ਭਰੇ ਰਹਿੰਦੇ ਸਨ।
ਮੈਗਜ਼ੀਨ ਦੇ ਸੈਂਟਰ ਸਪ੍ਰੇਡ 'ਚ ਰੰਗਾਂ ਨਾਲ ਭਰੀਆਂ ਹੀਰੋ-ਹੀਰੋਇਨਾਂ ਦੀਆਂ ਫੋਟੋਆਂ ਵੇਖਣ ਲਈ ਲੋਕ ਖਾਸ ਤੌਰ 'ਤੇ ਇੰਨ੍ਹਾਂ ਫਿਲਮੀ ਮੈਗਜ਼ੀਨਾਂ ਨੂੰ ਖਰੀਦਦੇ ਸਨ।
ਆਰਕੇ ਸਟੂਡੀਓ ਦੇ ਨਜ਼ਦੀਕ ਰਾਜ ਕਪੂਰ ਦਾ ਕੋਟੇਜ ਵੀ ਬਹੁਤ ਹੀ ਖਾਸ ਸੀ। ਲੇਖਿਕਾ ਮਧੂ ਜੈਨ ਨੇ ਆਪਣੀ ਕਿਤਾਬ 'ਕਪੂਰਨਾਮਾ' 'ਚ ਲਿਖਿਆ ਹੈ, "ਰਾਜ ਕਪੂਰ ਅਕਸਰ ਹੀ ਕਿਹਾ ਕਰਦੇ ਸਨ ਕਿ ਇਹ ਕੋਟੇਜ ਉਨ੍ਹਾਂ ਦੇ ਮੰਦਰ ਵਰਗਾ ਹੈ। ਰਾਜ ਕਪੂਰ - ਫਿਲਮ ਨਿਰਮਾਤਾ ਅਤੇ ਪਰਿਵਾਰਕ ਰਾਜ ਕਪੂਰ ਵਿਚਾਲੇ ਇਸ ਕੋਟੇਜ ਦਾ ਦਰਵਾਜਾ ਲਾਈਨ ਆਫ ਕੰਟਰੋਲ ਦੀ ਤਰ੍ਹਾਂ ਸੀ। ਪਰਿਵਾਰ ਨੇ ਕਦੇ ਵੀ ਇਸ ਹੱਦ ਨੂੰ ਪਾਰ ਨਹੀਂ ਕੀਤਾ ਸੀ।
ਮੁਬੰਈ ਦੇ ਚੈਂਬਰ ਇਲਾਕੇ ਨੂੰ ਜਦੋਂ ਕੋਈ ਨਹੀਂ ਜਾਣਦਾ ਸੀ, ਉਸ ਸਮੇਂ ਆਰਕੇ ਸਟੂਡੀਓ ਇੱਕ ਤਰ੍ਹਾਂ ਨਾਲ ਸੈਰ-ਸਪਾਟਾ ਸਥਾਨ ਵਾਂਗਰ ਸੀ, ਜਿੱਥੇ ਗੇਟ ਦੇ ਬਾਹਰ ਬੇਹਿਸਾਬ ਲੋਕਾਂ ਦੀ ਭੀੜ੍ਹ ਖੜ੍ਹੀ ਰਹਿਮਦੀ ਸੀ।
ਆਰਕੇ ਸਟੂਡੀਓ ਦੀ ਕਹਾਣੀ ਵੀ ਰਾਜ ਕਪੂਰ ਦੇ ਫਿਲਮੀ ਸਫ਼ਰ ਅਤੇ ਨਰਗਿਸ ਨਾਲ ਉਨ੍ਹਾਂ ਦੀ ਪ੍ਰੇਮ ਕਹਾਣੀ ਦੇ ਨਾਲ ਸ਼ੂਰੂ ਹੁੰਦੀ ਹੈ। 1948 'ਚ ਫਿਲਮ 'ਆਗ' ਤਾਂ ਵਧੇਰੇ ਕੁਝ ਨਾ ਕਰ ਸਕੀ ਸੀ ਪਰ ਇਸ ਤੋਂ ਬਾਅਦ 1949 'ਚ ਰਾਜ ਕਪੂਰ ਨੇ ਨਰਗਿਸ ਦੇ ਨਾਲ ਫਿਲਮ ਬਰਸਾਤ ਬਣਾਈ।
ਇਸ ਫਿਲਮ ਦਾ ਇੱਕ ਮਸ਼ਹੂਰ ਸੀਨ ਰਿਹਾ ਜਿਸ 'ਚ ਰਾਜ ਕਪੂਰ ਇੱਕ ਹੱਥ ਨਾਲ ਵਾਇਲਨ ਵਜਾ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੀਆਂ ਬਾਹਾਂ 'ਚ ਨਰਗਿਸ ਹੈ। ਇਸ ਦ੍ਰਿਸ਼ ਤੋਂ ਪ੍ਰੇਰਿਤ ਹੋ ਕੇ ਇੱਕ ਲੋਗੋ ਤਿਆਰ ਕੀਤਾ ਗਿਆ, ਜੋ ਕਿ ਬਾਅਦ 'ਚ ਹਮੇਸ਼ਾਂ ਲਈ ਆਰਕੇ ਸਟੂਡੀਓ ਦੀ ਪਛਾਣ ਬਣ ਗਿਆ।
1950 'ਚ ਜਦੋਂ ਰਾਜ ਕਪੂਰ ਨਰਗਿਸ ਦੇ ਨਾਲ ਫਿਲਮ ਅਵਾਰਾ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਫਿਲਮ ਦਾ ਗਾਣਾ- 'ਘਰ ਆਇਆ ਮੇਰਾ ਪਰਦੇਸੀ' ਸ਼ੂਟ ਕਰਨਾ ਸੀ। ਉਦੋਂ ਤੱਕ ਉਨ੍ਹਾਂ ਦੇ ਸੁਪਨਿਆਂ ਦਾ ਆਰਕੇ ਸਟੂਡਿਓ ਅਜੇ ਬਣ ਕੇ ਤਿਆਰ ਨਹੀਂ ਹੋਇਆ ਸੀ। ਸਟੂਡੀਓ ਦੀਆਂ ਕੰਧਾਂ ਤਾਂ ਖੜ੍ਹੀਆਂ ਹੋ ਗਈਆਂ ਸਨ ਪਰ ਛੱਤ ਬਣਨੀ ਬਾਕੀ ਪਈ ਸੀ।
ਫਿਰ ਸੁਪਨਿਆਂ ਦੀ ਨਗਰੀ ਵਾਲਾ ਉਹ ਗੀਤ ਆਰਕੇ ਸਟੂਡੀਓ 'ਚ ਹੀ ਸ਼ੂਟ ਕੀਤਾ ਗਿਆ ਸੀ ਬਿਨ੍ਹਾਂ ਛੱਤ ਦੇ।
ਜਿਸ ਆਰਕੇ ਸਟੂਡੀਓ 'ਚ ਰਣਬੀਰ ਕਪੂਰ ਦੇ ਵਿਆਹ ਦੀਆਂ ਚਰਚਾਵਾਂ ਹੋ ਰਹੀਆਂ ਹਨ ਉੱਥੇ ਉਨ੍ਹਾਂ ਨੇ ਤਾਂ ਖੁਦ ਕੋਈ ਫਿਲਮ ਸ਼ੂਟ ਨਹੀਂ ਕੀਤੀ ਹੈ ਪਰ ਉਨ੍ਹਾਂ ਦੇ ਕਪੂਰ ਪਰਿਵਾਰ ਦਾ ਸਾਲਾਂ ਦਾ ਇਤਿਹਾਸ ਇੱਥੇ ਛੁਪਿਆ ਹੋਇਆ ਹੈ।
ਬੌਬੀ, ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ, ਮੇਰਾ ਨਾਮ ਜੋਕਰ, ਸਤਿਅਮ ਸ਼ਿਵਮ ਸੁੰਦਰਮ, ਜਾਗਤੇ ਰਹੋ, ਪ੍ਰੇਮ ਰੋਗ, ਰਾਮ ਤੇਰੀ ਗੰਗਾ ਮੈਲੀ ਹੋ ਗਈ ਵਰਗੀਆਂ ਫਿਲਮਾਂ ਅਤੇ ਇੰਨ੍ਹਾਂ ਫਿਲਮਾਂ ਦੇ ਗਾਣਿਆਂ ਦੀ ਸ਼ੂਟਿੰਗ ਇੱਥੇ ਹੀ ਹੋਈ ਹੈ।
ਅੱਗ 'ਚ ਬੇਸ਼ਕੀਮਤੀ ਸਮਾਨ ਸੜ੍ਹ ਕੇ ਸੁਆਹ ਹੋਇਆ
ਇੰਨ੍ਹਾਂ ਫਿਲਮਾਂ ਨਾਲ ਜੁੜੀਆਂ ਅਣਗਿਣਤ ਨਿਸ਼ਾਨੀਆਂ ਨੂੰ ਰਾਜ ਕਪੂਰ ਨੇ ਆਰਕੇ ਸਟੂਡੀਓ 'ਚ ਸਜਾ ਕੇ ਰੱਖਿਆ ਹੋਇਆ ਸੀ। ਉਹ ਇੰਨ੍ਹਾਂ ਦੀ ਪੂਰੀ ਸਾਂਭ ਸੰਭਾਲ ਕਰਦੇ ਸਨ।
ਫਿਲਮ ਬੌਬੀ 'ਚ ਡਿੰਪਲ ਦੀ ਉਹ ਡ੍ਰੈਸ, ਜੋ ਕਿ ਨੈਸ਼ਨਲ ਕ੍ਰੇਜ਼ ਬਣ ਗਈ ਸੀ ਜਾਂ ਸ਼੍ਰੀ 420 ਅਤੇ ਅਵਾਰਾ ਫਿਲਮਾਂ ਦੀ ਉਹ ਚਾਰਲੀ ਚੈਪਲਿਨ ਵਾਲੀ ਡ੍ਰੈਸ, ਇੰਨ੍ਹਾਂ ਨੂੰ ਆਰਕੇ ਸਟੂਡੀਓ 'ਚ ਸਾਂਭ ਕੇ ਰੱਖਿਆ ਗਿਆ ਸੀ।
ਅਵਾਰਾ ਫਿਲਮ 'ਚ ਰਾਜ ਕਪੂਰ ਨਰਗਿਸ ਨੂੰ ਜੋ ਹਾਰ ਪਵਾਉਂਦੇ ਹਨ ਅਤੇ ਦੋਵਾਂ ਦੇ ਪਿਆਰ ਦੀ ਗਵਾਹੀ ਭਰਦੀ 'ਪਿਆਰ ਹੁਆ ਇਕਰਾਰ ਹੁਆ' ਗਾਣੇ ਵਾਲੀ ਛੱਤਰੀ ਵੀ ਉੱਥੇ ਹੀ ਕਿਸੇ ਕੋਨੇ 'ਚ ਪਈ ਰਹਿੰਦੀ ਸੀ।
ਮਧੂ ਜੈਨ ਆਪਣੀ ਕਿਤਾਬ 'ਕਪੂਰਨਾਮਾ' 'ਚ ਲਿਖਦੀ ਹੈ, "ਕਈ ਸਾਲਾਂ ਤੱਕ ਰਾਜ ਕਪੂਰ ਦੀਆਂ ਫਿਲਮਾਂ ਨਾਲ ਜੁੜੇ ਕੱਪੜੇ ਅਤੇ ਚੀਜ਼ਾਂ ਆਰਕੇ ਸਟੂਡੀਓ ਦੇ ਉਸ ਹਿੱਸੇ 'ਚ ਰੱਖੇ ਜਾਂਦੇ ਸਨ, ਜੋ ਕਿਸੇ ਸਮੇਂ ਨਰਗਿਸ ਦਾ ਡਰੈਸਿੰਗ ਰੂਮ ਹੋਇਆ ਕਰਦਾ ਸੀ। ਨਰਗਿਸ ਨੇ ਜਦੋਂ ਆਰਕੇ ਸਟੂਡੀਓ ਛੱਡਿਆ ਤਾਂ ਉਹ ਕਮਰਾ ਨਵੀਆਂ ਹੀਰੋਇਨਾਂ ਦਾ ਮੇਕਅੱਪ ਰੂਮ ਬਣ ਗਿਆ ਸੀ। ਕਈ ਸਾਲਾਂ ਬਾਅਦ ਜਦੋਂ ਮੈਂ ਸਟੂਡੀਓ ਦਾ ਦੌਰਾ ਕੀਤਾ ਤਾਂ ਉਸ ਦੌਰ ਦੀਆਂ ਕਈ ਯਾਦਾਂ ਜਿਵੇਂ ਇੱਧਰ ਉਧਰ ਖਿੱਲਰੀਆਂ ਪਈਆਂ ਸਨ।
"ਇੱਕ ਪਾਸੇ ਆਰਚੀ ਕਾਮਿਕਸ ਸੀ ( ਰਾਜ ਕਪੂਰ ਨੂੰ ਪਸੰਦ ਸੀ), ਇੱਕ ਪਾਸੇ ਬੇਜਾਨ ਪੁਤਲਾ ਨਰਗਿਸ ਦੀ ਖੂਬਸੂਰਤ ਡ੍ਰੈਸ ਪਾਈ ਕੜ੍ਹਾ ਸੀ, ਜੋ ਕਿ ਨਰਗਿਸ ਨੇ ਅਵਾਰਾ ਫਿਲਮ 'ਚ ਪਾਈ ਸੀ। ਇੱਥੋਂ ਤੱਕ ਉਹ ਚਾਕੂ ਵੀ ਸਾਂਭ ਕੇ ਰੱਖਿਆ ਹੋਇਆ ਸੀ, ਜਿਸ ਨਾਲ ਫਿਲਮ 'ਚ ਰਾਜੂ ਜੱਗਾ ਡਾਕੂ ਦਾ ਕਤਲ ਕਰਦਾ ਹੈ।"
ਪਰ ਹੁਣ ਇਹ ਸਭ ਬੀਤੇ ਜ਼ਮਾਨੇ ਦੀਆਂ ਗੱਲਾਂ ਹਨ। ਅੱਗ ਦੀ ਭੇਂਟ ਸਿਰਫ ਆਰਕੇ ਸਟੂਡੀਓ ਹੀ ਨਹੀਂ ਚੜ੍ਹਿਆ ਬਲਕਿ ਹਿੰਦੀ ਫਿਲਮਾਂ ਦਾ ਇੱਕ ਪੂਰਾ ਇਤਿਹਾਸ ਖ਼ਤਮ ਹੋ ਗਿਆ।
ਆਰਕੇ ਸਟੂਡੀਓ ਦੇ ਨਜ਼ਦੀਕ ਸਥਿਤ ਦੁਕਾਨਾਂ, ਸੰਸਥਾਵਾਂ ਆਦਿ 'ਚ ਕੰਮ ਕਰਨ ਵਾਲਿਆਂ ਕੋਲ ਵੀ ਆਪੋ ਆਪਣੀਆਂ ਯਾਦਾਂ ਹਨ। ਭਾਵੇਂ ਉਹ ਨਜ਼ਦੀਕ ਬਣੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਨਾਲ ਜੁੜੇ ਲੋਕ ਹੋਣ ਜਾਂ ਫਿਰ ਸਟੂਡੀਓ ਦੇ ਬਾਹਰ ਚਾਟ-ਕੁਲਚੇ ਅਤੇ ਪਾਨ ਦੀ ਦੁਕਾਨ ਵਾਲੇ ਹੋਣ।
2018 'ਚ ਜਦੋਂ ਇਸ ਦੇ ਵਿਕਣ ਦੀ ਖ਼ਬਰ ਆਈ ਤਾਂ ਰਿਸ਼ੀ ਕਪੂਰ ਨੇ ਕਿਹਾ ਸੀ ਕਿ ਪਰਿਵਾਰ ਨੇ ਸੀਨੇ 'ਤੇ ਪੱਥਰ ਰੱਖ ਕੇ ਇਹ ਫੈਸਲਾ ਲਿਆ ਹੈ।
ਹਾਲਾਂਕਿ, ਹੁਣ ਕਪੂਰ ਪਰਿਵਾਰ ਨੇ ਆਰਕੇ ਸਟੂਡੀਓ ਦੀਆਂ ਸਾਰੀਆਂ ਫਿਲਮਾਂ ਦੇ ਨੈਗੇਟਿਵ ਨੈਸ਼ਨਲ ਫਿਲਮ ਆਰਕਾਈਵ ਆਫ ਇੰਡੀਆ ਨੂੰ ਸੌਂਪ ਦਿੱਤੇ ਹਨ। ਇਸ 'ਚ 1948 'ਚ ਆਈ ਪਹਿਲੀ ਫਿਲਮ 'ਆਗ' ਤੋਂ ਲੈ ਕੇ 1999 ਇੱਥੇ ਬਣੀ ਆਖਰੀ ਫਿਲਮ 'ਆ ਅਬ ਲੌਟ ਚਲੇਂ' ਸ਼ਾਮਲ ਹੈ।
ਰਾਜ ਕਪੂਰ ਤੋਂ ਬਾਅਦ ਦਾ ਆਰਕੇ ਸਟੂਡੀਓ
ਫਿਲਮ ਪ੍ਰੇਮੀ ਹਮੇਸ਼ਾਂ ਹੀ ਪੁੱਛਦੇ ਹਨ ਕਿ ਰਾਜ ਕਪੂਰ ਦੇ ਜਾਣ ਤੋਂ ਬਾਅਦ ਆਰਕੇ ਫਿਲਮਜ਼ ਅਤੇ ਆਰਕੇ ਸਟੂਡੀਓ ਆਪਣੀ ਜਗ੍ਹਾ ਬਰਕਰਾਰ ਕਿਉਂ ਨਹੀਂ ਰੱਖ ਪਾਇਆ।
1988 'ਚ ਰਾਜ ਕਪੂਰ ਦੇ ਦੇਹਾਂਤ ਤੋਂ ਬਾਅਦ, ਰਣਧੀਰ ਕਪੂਰ ਨੇ 1991 'ਚ ਆਪਣੀ ਅਧੂਰੀ ਫਿਲਮ 'ਹਿਨਾ' ਆਰਕੇ ਬੈਨਰ ਹੇਠ ਮੁਕੰਮਲ ਕੀਤੀ।
ਰਾਜੀਵ ਕਪੂਰ ਨੇ 1996 'ਚ ਰਿਸ਼ੀ ਕਪੂਰ ਅਤੇ ਮਾਧੁਰੀ ਦੀਕਸ਼ਿਤ ਦੇ ਨਾਲ 'ਪ੍ਰੇਮ ਗ੍ਰੰਥ' ਦਾ ਨਿਰਦੇਸ਼ਨ ਕੀਤਾ ਅਤੇ 1999 'ਚ ਰਿਸ਼ੀ ਕਪੂਰ ਨੇ ਐਸ਼ਵਰਿਆ ਰਾਏ ਨਾਲ 'ਆ ਅਬ ਲੌਟ ਚਲੇਂ' ਫਿਲਮ ਬਣਾਈ। ਇਹ ਆਰਕੇ ਸਟੂਡੀਓ ਦੀ ਆਖਰੀ ਫਿਲਮ ਸੀ। ਇੰਨ੍ਹਾਂ 'ਚੋਂ ਕੋਈ ਵੀ ਫਿਲਮ ਚੱਲ ਨਾ ਸਕੀ।
ਆਪਣੀ ਕਿਤਾਬ ਖੁੱਲਮ ਖੁੱਲਾ ਦੀ ਰਿਲੀਜ਼ ਮੌਕੇ ਰਿਸ਼ੀ ਕਪੂਰ ਨੇ ਸੁਹੇਲ ਸੇਠ ਨੂੰ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਸੀ , "ਮੈਂ ਐਕਟਿੰਗ 'ਚ ਰੁੱਝਿਆ ਹੋਇਆ ਸੀ। ਸ਼ਾਇਦ ਅਸੀਂ ਦਰਸ਼ਕਾਂ ਨਾਲ ਸੰਪਰਕ ਗੁਆ ਦਿੱਤਾ ਸੀ। ਇੰਡਸਟਰੀ ਬਦਲ ਰਹੀ ਸੀ। ਨਵੇਂ ਹੀਰੋ ਆ ਚੁੱਕੇ ਸਨ। ਸੋਚ ਬਦਲ ਰਹੀ ਸੀ। ਮੈਂ ਬਹਾਨੇ ਨਹੀਂ ਬਣਾ ਸਕਦਾ ਹਾਂ। ਸ਼ਾਇਦ ਮੈਨੂੰ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਸੀ। ਮੈਂ ਫਿਲਮ ਦਾ ਨਿਰਦੇਸ਼ਨ ਨਹੀਂ ਕਰਨਾ ਚਾਹੁੰਦਾ ਸੀ ਪਰ ਤਜ਼ਰਬੇਕਾਰ ਅਤੇ ਚੰਗੇ ਲੋਕਾਂ ਨੂੰ ਰੱਖ ਜ਼ਰੂਰ ਸਕਦਾ ਸੀ।"
ਨਵੀਂ ਸਦੀ 'ਚ ਮਿਲੇਨੀਅਲ ਜਨਰੇਸ਼ਨ ਦਾ ਆਰਕੇ ਸਟੂਡੀਓ ਨਾਲ ਸੰਬੰਧ ਟੁੱਟ ਗਿਆ। ਕੁਝ ਟੀਵੀ ਸੀਰੀਅਲ ਉੱਥੇ ਸ਼ੂਟ ਹੁੰਦੇ ਸਨ। ਅਖੀਰ 'ਚ ਇਮਤਿਆਜ਼ ਅਲੀ ਦੀ 'ਜਬ ਹੈਰੀ ਮੈੱਟ ਸੇਜਲ' ਦਾ ਇੱਕ ਸੀਨ ਉੱਥੇ ਸ਼ੂਟ ਹੋਇਆ ਸੀ।
ਅੱਜ ਰਣਬੀਰ ਦੇ ਜ਼ਰੀਏ ਆਰਕੇ ਸਟੂਡੀਓ ਨੂੰ ਇੱਕ ਵਾਰ ਯਾਦ ਕੀਤਾ ਜਾ ਰਿਹਾ ਹੈ।
ਜਦੋਂ ਸਟੂਡੀਓ ਦੀ ਹੋਂਦ ਸੀ…ਤਾਂ ਫਿਲਮਾਂ, ਫਿਲਮੀ ਸਿਤਾਰਿਆਂ, ਉਨ੍ਹਾਂ ਦੇ ਹਾਵ-ਭਾਵ, ਉਨ੍ਹਾਂ ਦੇ ਹਾਸੇ ਅਤੇ ਉਨ੍ਹਾਂ ਦਾ ਸਾਜੋ ਸਮਾਨ ਉੱਥੇ ਭਰਿਆ ਰਹਿੰਦਾ ਸੀ।
ਆਰੇ ਸਟੂਡੀਓ ਕੋਈ ਬੇਜਾਨ ਇਮਾਰਤ ਨਹੀਂ ਸੀ। ਉਸ ਦੀਆਂ ਕੰਧਾਂ ਬੋਲਦੀਆਂ ਸਨ, ਉੱਥੇ ਰੱਖੀਆਂ ਤਸਵੀਰਾਂ ਕਹਾਣੀਆਂ ਸੁਣਾਉਂਦੀਆਂ ਸਨ, ਸਟੂਡੀਓ ਦਾ ਹਰ ਕੋਨਾ ਅਤੇ ਉੱਥੇ ਪਿਆ ਹਰ ਸਮਾਨ ਇੱਕ ਵੱਖਰੀ ਕਹਾਣੀ ਬਿਆਨ ਕਰਦਾ ਸੀ।
ਫਿਰ ਉੱਥੇ ਪਿਆ ਵਾਇਲਨ ਹੀ ਕਿਉਂ ਨਾ ਹੋਵੇ, ਜਿਸ ਨੂੰ ਇੱਕ ਹੱਥ ਨਾਲ ਵਜਾਉਂਦਿਆਂ ਰਾਜ ਕਪੂਰ ਨੇ ਦੂਜੇ ਹੱਥ ਨਾਲ ਨਰਗਿਸ ਨੂੰ ਆਪਣੀਆਂ ਬਾਹਾਂ 'ਚ ਲੈ ਲਿਆ ਸੀ ਜਾਂ ਫਿਰ ਉਹ ਡਫਲੀ, ਜਿਸ ਨੂੰ 'ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ' ਫਿਲਮ 'ਚ ਰਾਜ ਕਪੂਰ ਵਜਾਉਂਦਿਆਂ ਥੱਕਦੇ ਹੀ ਨਹੀਂ ਸਨ। ਜਾਂ ਫਿਰ ਉਹ ਪ੍ਰੇਮ ਪੱਤਰ ਜੋ ਕਿ ਰਾਜਿੰਦਰ ਕੁਮਾਰ ਨੇ ਸੰਗਮ ਫਿਲਮ 'ਚ ਵੈਜਯੰਤੀਮਾਲਾ ਨੂੰ ਲਿਖਿਆ ਸੀ ਜਾਂ ਸ਼੍ਰੀ 420 ਫਿਲਮ 'ਚ ਰਾਜ ਕਪੂਰ ਦੀ ਟੋਪੀ ਜਾਂ ਮੇਰਾ ਨਾਮ ਜੋਕਰ ਦਾ ਉਹ ਜੋਕਰ ਹੀ ਕਿਉਂ ਨਾ ਹੋਵੇ।
ਕਿਹਾ ਜਾਂਦਾ ਹੈ ਕਿ ਉਹ ਜੋਕਰ ਅੰਤ ਤੱਕ ਆਰਕੇ ਸਟੂਡੀਓ 'ਚ ਮੌਜੂਦ ਸੀ। ਉਸ ਦੀ ਵਿਗ ਉਤਰ ਚੁੱਕੀ ਸੀ, ਕੁਰਸੀ 'ਤੇ ਬੈਠੇ-ਬੈਠੇ ਉਹ ਝੁਕ ਚੁੱਕਾ ਸੀ… ਪਰ ਉਹ ਸਭ ਕੁਝ ਵੇਖ ਰਿਹਾ ਸੀ। ਸ਼ਾਇਦ ਜਾਂਦੇ-ਜਾਂਦੇ ਅਤੇ ਸੁਆਹ 'ਚ ਸੜਦਿਆਂ ਵੀ ਉਹ ਜੋਕਰ ਇਹੀ ਕਿਹਾ ਰਿਹਾ ਹੋਵੇ ਕਿ - 'ਸ਼ੋਅ ਮਸਟ ਗੋ ਆਨ'।
ਆਰਕੇ ਸਟੂਡੀਓ 'ਚ ਸ਼ੂਟ ਹੋਈ ਫਿਲਮ ਪ੍ਰੇਮ ਰੋਗ ਦਾ ਇੱਕ ਗੀਤ ਯਾਦ ਆ ਰਿਹਾ ਹੈ-
ਯੇ ਗਲੀਆਂ ਯੇ ਚੌਬਾਰਾ, ਯਹਾਂ ਆਨਾ ਨਾ ਦੋਬਾਰਾ ਕਿ ਹਮ ਤੋ ਭਏ ਪਰਦੇਸੀ ਕਿ ਤੇਰਾ ਯਹਾਂ ਕੋਈ ਨਹੀਂ..।
ਰਾਜ ਕਪੂਰ ਦੇ ਪੋਤੇ ਰਣਬੀਰ ਕਪੂਰ ਦੇ ਵਿਆਹ ਦੇ ਬਹਾਨੇ ਆਰਕੇ ਸਟੂਡੀਓ, ਜੋ ਕਿ ਹੁਣ ਲਗਜ਼ਰੀ ਫਲੈਟਾਂ 'ਚ ਬਦਲ ਚੁੱਕਾ ਹੈ, 'ਚ ਅੱਜ ਫਿਰ ਮੁੜ ਜਾਣ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ: