ਮਹਿਲਾ ਵਿਸ਼ਵ ਕੱਪ: ਭਾਰਤ ਦੀ ਦੂਜੀ ਜਿੱਤ, ਵੈਸਟ ਇੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ, ਹਰਮਨਪ੍ਰੀਤ ਨੇ ਜੜਿਆ ਸੈਂਕੜਾ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਨਿਊਜ਼ੀਲੈਂਡ ਦੇ ਹੈਮਿਲਟਨ ਵਿੱਚ ਖੇਡੇ ਜਾ ਰਹੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਦੀ ਟੀਮ ਨੂੰ 155 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ।

ਸਲਾਮੀ ਬੱਲੇਬਾਜ਼ ਸਮ੍ਰਤਿ ਸੰਧਾਨਾ ਅਤੇ ਹਰਮਨਪ੍ਰੀਤ ਦੇ ਸਾਂਝੇ ਸੈਂਕੜੇ ਦੀ ਬਦੌਲਤ ਭਾਰਤ ਨੇ ਵੈਸਟ ਇੰਡੀਜ਼ ਦੇ ਸਾਹਮਣੇ 317 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਵੈਸਟ ਇੰਡੀਜ਼ ਦੀ ਪਾਰੀ 162 ਦੌੜਾਂ ਉੱਪਰ ਹੀ ਸਿਮਟ ਗਈ।

ਭਾਰਤ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਮੇਘਨਾ ਸਿੰਘ ਅਤੇ ਸਨੇਹ ਰਾਣੇ ਨੇ 2-2 ਅਤੇ ਰਾਜੇਸ਼ਵਰੀ ਗਾਇਕਵਾੜ ਤੇ ਪੂਜਾ ਵਤਸਕਰ ਨੇ 1-1 ਵਿਕੇਟਾਂ ਝਟਕੀਆਂ।

ਵੈਸਟ ਇੰਡੀਜ਼ ਦੀ ਟੀਮ ਨੇ ਦਮਦਾਰ ਸ਼ੁਰੂਆਤ ਕੀਤੀ ਸੀ ਅਤੇ ਬਿਨਾਂ ਕੋਈ ਵਿਕਟ ਗੁਆਏ 90 ਦੌੜਾਂ ਬਣਾ ਲਈਆਂ ਸਨ।

ਇਸ ਤੋਂ ਪਹਿਲਾਂ ਭਾਰਤ ਨੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਵੈਸਟ ਇੰਡੀਜ਼ ਨੂੰ 318 ਦੌੜਾਂ ਦਾ ਟੀਚਾ ਦਿੱਤਾ ਹੈ।

ਸਮ੍ਰਿਤੀ ਮੰਧਾਨਾ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 119 ਗੇਂਦਾਂ ਵਿੱਚ 123 ਦੌੜਾਂ ਬਣਾਈਆਂ ਅਤੇ ਹਰਮਨਪ੍ਰੀਤ ਕੌਰ ਨੇ 107 ਗੇਂਦਾਂ ਵਿੱਚ 109 ਦੌੜਾਂ ਬਣਾਈਆਂ।

ਮੰਧਾਨਾ ਨੇ ਆਪਣੀ ਪਾਰੀ 'ਚ 13 ਚੌਕੇ ਅਤੇ 2 ਛੱਕੇ ਲਗਾਏ। ਹਾਲਾਂਕਿ 43ਵੇਂ ਓਵਰ ਦੀ ਦੂਜੀ ਗੇਂਦ 'ਤੇ ਮੰਧਾਨਾ ਵੈਸਟਇੰਡੀਜ਼ ਦੀ ਗੇਂਦਬਾਜ਼ ਕੋਨੇਲ ਦੇ ਹੱਥੋਂ ਕੈਚ ਹੋ ਆਊਟ ਹੋ ਗਏ।

ਮੈਚ ਵਿੱਚ ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਭਾਰਤ ਲਈ ਸਮ੍ਰਿਤੀ ਮੰਧਾਨਾ ਅਤੇ ਯਸਤਿਕਾ ਭਾਟੀਆ ਸਭ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀਆਂ ਸਨ। ਭਾਰਤ ਨੂੰ ਪਹਿਲਾ ਝਟਕਾ ਛੇਵੇਂ ਓਵਰ ਦੀ ਤੀਜੀ ਗੇਂਦ 'ਤੇ ਲੱਗਾ ਅਤੇ ਯਸਤਿਕਾ ਭਾਟੀਆ 31 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਕਪਤਾਨ ਮਿਤਾਲੀ ਰਾਜ ਮੈਦਾਨ 'ਤੇ ਆਏ ਪਰ ਉਹ ਵੀ ਜ਼ਿਆਦਾ ਦੇਰ ਨਹੀਂ ਟਿਕ ਸਕੇ। ਮਿਤਾਲੀ ਸਿਰਫ਼ ਪੰਜ ਦੌੜਾਂ ਬਣਾਉਣ ਤੋਂ ਬਾਅਦ ਨੌਵੇਂ ਓਵਰ ਦੀ ਤੀਜੀ ਗੇਂਦ 'ਤੇ ਕੈਚ ਆਊਟ ਹੋ ਗਏ। ਦਸਵੇਂ ਓਵਰ ਤੱਕ ਭਾਰਤ ਦਾ ਸਕੋਰ 2 ਵਿਕਟਾਂ ਦੇ ਨੁਕਸਾਨ 'ਤੇ 62 ਦੌੜਾਂ ਸੀ।

ਦੀਪਤੀ ਸ਼ਰਮਾ ਨੇ ਕੁਝ ਦੇਰ ਮੰਧਾਨਾ ਦਾ ਸਾਥ ਦਿੱਤਾ ਪਰ ਉਹ ਵੀ ਤੇਰ੍ਹਵੇਂ ਓਵਰ ਵਿੱਚ ਕੈਚ ਆਊਟ ਹੋ ਗਏ। ਉਨ੍ਹਾਂ ਵੀ ਸਿਰਫ 15 ਦੌੜਾਂ ਹੀ ਜੋੜ ਸਕੇ। ਇਸ ਸਮੇਂ ਭਾਰਤੀ ਟੀਮ ਥੋੜ੍ਹੀ ਮੁਸ਼ਕਲ 'ਚ ਨਜ਼ਰ ਆਈ ਪਰ ਸਮ੍ਰਿਤੀ ਮੰਧਾਨਾ ਦੂਜੇ ਸਿਰੇ 'ਤੇ ਡਟੇ ਰਹੇ।

ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਹਰਮਨਪ੍ਰੀਤ ਕੌਰ ਮੈਦਾਨ 'ਤੇ ਆਏ ਅਤੇ 20ਵੇਂ ਓਵਰ ਤੱਕ ਦੋਵੇਂ ਖਿਡਾਰਨਾਂ ਨੇ ਭਾਰਤ ਦੀ ਪਾਰੀ ਨੂੰ 100 ਦੌੜਾਂ ਤੱਕ ਪਹੁੰਚਾ ਦਿੱਤਾ। ਇਸ ਤੋਂ ਬਾਅਦ ਦੋਵਾਂ ਸਿਰਿਆਂ ਤੋਂ ਦੌੜਾਂ ਬਣਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ 39ਵੇਂ ਓਵਰ 'ਚ ਦੋਵਾਂ ਖਿਡਾਰਨਾਂ ਵਿਚਾਲੇ 150 ਦੌੜਾਂ ਦੀ ਪਾਰੀ ਪੂਰੀ ਹੋਈ।

ਮੰਧਾਨਾ ਨੇ 40ਵੇਂ ਓਵਰ 'ਚ ਮੈਥਿਊਜ਼ ਦੀ ਦੂਜੀ ਗੇਂਦ 'ਤੇ ਚੌਕਾ ਮਾਰ ਕੇ ਆਪਣਾ ਸੈਂਕੜਾ ਪੂਰਾ ਕੀਤਾ ਤੇ ਇਸ ਤੋਂ ਬਾਅਦ ਵੀ ਧਮਾਕੇਦਾਰ ਬੱਲੇਬਾਜ਼ੀ ਦਿਖਾਉਂਦੇ ਹੋਏ 41ਵੇਂ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ ਲਗਾਤਾਰ 3 ਚੌਕੇ ਮਾਰੇ।

ਹਾਲਾਂਕਿ 43ਵੇਂ ਓਵਰ 'ਚ ਹੀ ਮੰਧਾਨਾ 123 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਉਸ ਸਮੇਂ ਟੀਮ ਦਾ ਸਕੋਰ 262 ਦੌੜਾਂ ਸੀ। ਉਨ੍ਹਾਂ ਦੇ ਪਵੇਲੀਅਨ ਪਰਤਣ ਮਗਰੋਂ ਹਰਮਨਪ੍ਰੀਤ ਕੌਰ ਨੇ ਮੋਰਚਾ ਸਾਂਭਿਆ। ਗੁੱਟ ਵਿੱਚ ਦਰਦ ਦੇ ਬਾਵਜੂਦ, ਕੌਰ ਨੇ 47ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸਿੰਗਲ ਲੈ ਕੇ ਆਪਣੇ ਕਰੀਅਰ ਦਾ ਚੌਥਾ ਵਨਡੇ ਸੈਂਕੜਾ ਪੂਰਾ ਕੀਤਾ।

ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਕੌਰ ਦਾ ਇਹ ਦੂਜਾ ਸੈਂਕੜਾ ਹੈ। ਹਰਮਨਪ੍ਰੀਤ ਨੇ 100 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ।

ਭਾਰਤ ਨੂੰ ਪੰਜਵਾਂ ਝਟਕਾ ਰਿਚਾ ਘੋਸ਼ ਦੇ ਰੂਪ 'ਚ ਲੱਗਾ। ਉਹ ਸਿਰਫ਼ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਪੂਜਾ ਵਸਤਰਕਰ ਨੇ ਕੁਝ ਚੰਗੇ ਸ਼ਾਟ ਖੇਡੇ ਅਤੇ ਇਸ ਤਰ੍ਹਾਂ ਭਾਰਤ ਨੇ ਆਪਣੀਆਂ 300 ਦੌੜਾਂ ਪੂਰੀਆਂ ਕੀਤੀਆਂ।

48ਵੇਂ ਓਵਰ ਵਿੱਚ ਪੂਜਾ ਵਸਤਰਕਾਰ ਅਤੇ 49ਵੇਂ ਓਵਰ ਵਿੱਚ ਹਰਮਨਪ੍ਰੀਤ ਕੌਰ ਵੀ 109 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈਆਂ। ਅੱਠਵਾਂ ਵਿਕੇਟ ਝੂਲਨ ਗੋਸਵਾਮੀ ਦਾ ਡਿੱਗਿਆ ਅਤੇ ਭਾਰਤ ਨੇ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 317 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)