You’re viewing a text-only version of this website that uses less data. View the main version of the website including all images and videos.
ਭਾਰਤ 'ਚ ਧਰਮ ਪਰਿਵਰਤਨ ਕਾਨੂੰਨ ਅਤੇ ਇਸਾਈਆਂ ਦਾ ਡਰ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਪਰਤਦਿਆਂ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਫਰਵਰੀ ਮਹੀਨੇ ਛੱਤੀਸਗੜ੍ਹ ਦੇ ਕਬਾਇਲੀ ਪਿੰਡ ਬ੍ਰਿਮਡੇਗਾ 'ਚ ਇੱਕ ਰੰਗਾਰੰਗ ਧਾਰਮਿਕ ਪ੍ਰੋਗਰਾਮ ਦੌਰਾਨ ਲਗਭਗ ਦੋ ਦਰਜਨ ਲੋਕਾਂ ਦੀ ਹਿੰਦੂ ਧਰਮ 'ਚ ਵਾਪਸੀ ਕੀਤੀ ਗਈ। ਇਸ ਸਮਾਗਮ ਦੇ ਪ੍ਰਬੰਧਕ ਇਸ ਕਾਰਜ ਨੂੰ 'ਘਰ ਵਾਪਸੀ' ਦਾ ਨਾਂਅ ਦਿੰਦੇ ਹਨ।
ਇਸ ਦਾ ਮਤਲਬ ਇਹ ਹੈ ਕਿ ਹਾਲ ਹੀ ਦੇ ਸਾਲਾਂ 'ਚ ਹਿੰਦੂ ਧਰਮ ਛੱਡ ਇਸਾਈ ਧਰਮ 'ਚ ਪਰਿਵਰਤਿਤ ਹੋਏ ਲੋਕਾਂ ਨੂੰ ਮੁੜ ਹਿੰਦੂ ਧਰਮ 'ਚ ਵਾਪਸ ਲਿਆਂਦਾ ਗਿਆ ਹੈ। ਹਿੰਦੂ ਧਰਮ 'ਚ 'ਵਾਪਸ' ਹੋਣ ਵਾਲੇ ਇੱਕ ਨੌਜਵਾਨ ਪਰਮੇਸ਼ਵਰ ਏਕਾ ਨੇ ਮੈਨੂੰ ਕਿਹਾ ਕਿ ਉਸ ਨੇ ਆਪਣੇ ਗੁਰੂ ਨਾਲ ਕਈ ਮਹੀਨਿਆਂ ਤੱਕ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਹਿੰਦੂ ਧਰਮ 'ਚ ਵਾਪਸ ਆਉਣ ਦਾ ਫੈਸਲਾ ਕੀਤਾ ਹੈ।
"ਅਸੀਂ ਲੋਕ ਸ਼ੁਰੂ ਤੋਂ ਹੀ ਹਿੰਦੂ ਹਾਂ। ਅਣਜਾਣਪੁਨੇ 'ਚ ਅਸੀਂ ਸਾਲ ਦੋ ਸਾਲ ਲਈ ਇਸਾਈ ਧਰਮ 'ਚ ਚਲੇ ਗਏ ਸੀ। ਉਸ ਧਰਮ 'ਚ ਬੇਨਤੀ ਅਰਦਾਸ ਕਰਵਾਉਂਦੇ ਸੀ ਕਿ ਜੇਕਰ ਤੁਸੀਂ ਇਹ ਅਰਦਾਸ ਕਰੋਗੇ ਤਾਂ ਤੁਹਾਡੇ ਦੁੱਖ, ਤਕਲੀਫਾਂ ਸਭ ਦੂਰ ਹੋ ਜਾਵੇਗਾ। ਸਾਲ ਭਰ ਉੱਥੇ ਗਏ ਪਰ ਕੁਝ ਨਾ ਬਦਲਿਆ। ਫਿਰ ਗੁਰੂ ਦੇ ਜ਼ਰੀਏ ਅੱਜ ਸਾਡਾ ਧਰਮ ਪਰਿਵਰਤਨ ਹੋ ਗਿਆ ਹੈ । ਪੈਰ ਧੋ ਕੇ ਹਿੰਦੂ ਧਰਮ 'ਚ ਵਾਪਸੀ ਹੋ ਗਈ ਹੈ।"
ਬ੍ਰਿਮਗੇਡਾ ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ 'ਚ ਪੈਂਦਾ ਹੈ, ਜੋ ਕਿ ਝਾਰਖੰਡ ਅਤੇ ਉੜੀਸਾ ਦੇ ਨਾਲ ਲੱਗਦਾ ਖੇਤਰ ਹੈ। ਇਹ ਇੱਕ ਵੱਡੀ ਕਬਾਇਲੀ ਪੱਟੀ/ ਖੇਤਰ ਹੈ। ਇਸ ਪੂਰੇ ਇਲਾਕੇ 'ਚ ਕਈ ਸਾਲਾਂ ਤੋਂ ਲੋਕਾਂ ਨੂੰ ਹਿੰਦੂ ਧਰਮ 'ਚ ਵਾਪਸ ਲਿਆਉਣ ਲਈ ਇੱਕ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ, ਜਿਸ 'ਚ ਆਰਿਆ ਸਮਾਜ, ਭਾਜਪਾ, ਆਰਐਸਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਸੰਘ ਪਰਿਵਾਰ ਦੀਆਂ ਹੋਰ ਵੀ ਕਈ ਜਥੇਬੰਦੀਆਂ ਸ਼ਾਮਲ ਹਨ।
ਮਰਦਮਸ਼ੁਮਾਰੀ ਦੇ ਅਨੁਸਾਰ 1991 ਤੋਂ ਬਾਅਦ ਤੋਂ ਛੱਤੀਸਗੜ੍ਹ, ਝਾਰਖੰਡ ਅਤੇ ਉੜੀਸਾ ਦੇ ਕਬਾਇਲੀ ਖੇਤਰਾਂ 'ਚ ਇਸਾਈ ਵਸੋਂ 'ਚ ਖਾਸਾ ਵਾਧਾ ਹੋਇਆ ਹੈ। ਇਸ ਖੇਤਰ 'ਚ ਇਸ ਮੁਹਿੰਮ ਦੀ ਅਗਵਾਈ ਭਾਜਪਾ ਦੇ ਪ੍ਰਸਿੱਧ ਆਗੂ ਪ੍ਰਬਲ ਪ੍ਰਤਾਪ ਸਿੰਘ ਜੂਦੇਵ ਕਰ ਰਹੇ ਹਨ, ਜਿੰਨਾਂ ਦੇ ਪਿਤਾ ਦਲੀਪ ਸਿੰਘ ਜੂਦੇਵ ਨੇ ਇਹ ਕੰਮ 1985-86 'ਚ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ
ਉਹ ਪ੍ਰਧਾਨ ਮੰਤਰੀ ਵਾਜਪਾਈ ਦੇ ਮੰਤਰੀ ਮੰਡਲ ਦੇ ਮੈਂਬਰ ਸਨ ਅਤੇ ਇਸ ਮੁਹਿੰਮ ਨੂੰ ਅੱਗੇ ਲਿਜਾਣ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਸਾਲ 2013 'ਚ ਪ੍ਰਬਲ ਪ੍ਰਤਾਪ ਨੇ ਇਸ ਮੁਹਿੰਮ ਦੀ ਜ਼ਿੰਮੇਵਾਰੀ ਸੰਭਾਲੀ।
ਉਹ ਕਹਿੰਦੇ ਹਨ, "ਮੈਂ ਹੁਣ ਤੱਕ 15 ਹਜ਼ਾਰ ਲੋਕਾਂ ਦੀ 'ਘਰ ਵਾਪਸੀ' ਕਰਵਾ ਚੁੱਕਾ ਹਾਂ।"
ਆਦਿਵਾਸੀਆਂ ਦੀ 'ਘਰ ਵਾਪਸੀ'
16 ਫਰਵਰੀ ਨੂੰ ਜਦੋਂ ਮੈਂ ਬ੍ਰਿਮਡੇਗਾ ਪਹੁੰਚਿਆ ਤਾਂ ਉੱਥੋਂ ਦਾ ਮਾਹੌਲ ਜੋਸ਼ ਭਰਿਆ ਸੀ। ਆਦਿਵਾਸੀ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਮਿੱਟੀ ਦੇ ਇੱਕ ਵੱਡੇ ਘਰ 'ਚ ਕਈ ਧਾਰਮਿਕ ਗੁਰੂ ਯੱਗ ਕਰ ਰਹੇ ਸਨ ਅਤੇ ਮੰਤਰ ਜਾਪ ਹੋ ਰਿਹਾ ਸੀ। ਉੱਥੇ ਮੌਜੂਦ ਪਿੰਡ ਦੇ ਲੋਕ ਛੋਟੇ-ਛੋਟੇ ਸਮੂਹਾਂ 'ਚ ਇਸ 'ਚ ਸ਼ਾਮਲ ਹੋ ਰਹੇ ਸਨ। ਅਖੀਰ 'ਚ ਉਹ 22 ਲੋਕ ਸ਼ਾਮਲ ਹੋਏ ਜਿੰਨ੍ਹਾਂ ਦੀ 'ਘਰ ਵਾਪਸੀ' ਲਈ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ।
ਪ੍ਰਬਲ ਪ੍ਰਤਾਪ ਸਿੰਘ ਇੱਕ-ਇੱਕ ਕਰਕੇ ਗੰਗਾ ਜਲ ਨਾਲ ਉਨ੍ਹਾਂ ਦੇ ਪੈਰ ਧੋ ਰਹੇ ਸਨ।
ਉਨ੍ਹਾਂ ਦੱਸਿਆ ਕਿ "ਇਹ ਅਨੋਖੀ ਪਰੰਪਰਾ ਮੇਰੇ ਪਿਤਾ ਜੀ ਨੇ ਸ਼ੁਰੂ ਕੀਤੀ ਸੀ। ਉਹ ਗੰਗਾ ਜਲ ਨਾਲ ਪੈਰ ਧੋ ਕੇ ਆਦਿਵਾਸੀ ਪਰਿਵਾਰਾਂ ਦੀ ਘਰ ਵਾਪਸੀ ਕਰਵਾਉਂਦੇ ਸਨ।"
ਸ਼ਾਂਤ ਸੁਭਾਅ ਅਤੇ ਉੱਚੇ ਲੰਮੇ ਕਦ ਕਾਠ ਵਾਲੇ ਪ੍ਰਬਲ ਪ੍ਰਤਾਪ ਦਾ ਕਹਿਣਾ ਹੈ ਕਿ ਉਹ ਇਸ ਮੁਹਿੰਮ ਦੀ ਅਗਵਾਈ ਤਾਂ ਜ਼ਰੂਰ ਕਰ ਰਹੇ ਹਨ ਪਰ ਇਸ ਨੂੰ ਅੱਗੇ ਤੱਕ ਲਿਜਾਣ ਦੀ ਜ਼ਿੰਮੇਵਾਰੀ ਸਾਰੇ ਹੀ ਹਿੰਦੂਆਂ ਦੀ ਬਰਾਬਰ ਹੈ।
ਉਹ ਅੱਗੇ ਕਹਿੰਦੇ ਹਨ, "ਇਹ ਕਿਸੇ ਇੱਕ ਵਿਸ਼ੇਸ਼ ਪਾਰਟੀ ਜਾਂ ਸੰਗਠਨ ਦਾ ਏਜੰਡਾ ਨਹੀਂ ਹੋਣਾ ਚਾਹੀਦਾ ਹੈ। ਇਹ ਇੱਕ ਅਸਲੀਅਤ ਹੈ ਕਿ ਹਿੰਦੂ ਭਾਈਚਾਰਾ ਸੰਕਟ ਨਾਲ ਜੂਝ ਰਿਹਾ ਹੈ, ਧਰਮ ਪਰਿਵਰਤਨ ਹੋ ਰਿਹਾ ਹੈ। ਨੇਪਾਲ ਨੂੰ ਛੱਡ ਕੇ ਭਾਰਤ ਹੀ ਇੱਕਲਾ ਹਿੰਦੂ ਰਾਸ਼ਟਰ ਰਹਿ ਗਿਆ ਹੈ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਜੇਕਰ ਅਸੀਂ ਆਪਣੀ ਪੁਰਾਤਨ ਸੰਸਕ੍ਰਿਤੀ, ਧਰੋਹਰ ਨੂੰ ਬਚਾਉਣ ਜਾਂ ਸੁਰੱਖਿਅਤ ਰੱਖਣ ਲਈ ਸਰਗਰਮ ਨਹੀਂ ਹੋਵਾਂਗੇ ਤਾਂ ਸਾਡਾ ਹਿੰਦੂ ਰਾਸ਼ਟਰ ਬਚੇਗਾ ਹੀ ਨਹੀਂ, ਸਾਰੇ ਹੀ ਧਰਮ ਪਰਿਵਰਤਨ ਕਰ ਲੈਣਗੇ, ਇਸ ਲਈ ਇਹ ਸਾਰੇ ਹਿੰਦੂਆਂ ਦੀ ਜ਼ਿੰਮੇਵਾਰੀ ਹੈ।"
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਧਰਮ ਪਰਿਵਰਤਨ ਦੇ ਮਾਮਲਿਆਂ ਅਤੇ ਇਲਾਜ਼ਮਾਂ ਦੇ ਬਾਵਜੂਦ ਭਾਰਤ 'ਚ ਆਜ਼ਾਦੀ ਤੋਂ ਬਾਅਦ ਹੁਣ ਤੱਕ ਹਿੰਦੂਆਂ ਦੀ ਆਬਾਦੀ ਲਗਭਗ 80% ਅਤੇ ਇਸਾਈਆਂ ਦੀ ਆਬਾਦੀ 2.30% ਰਹੀ ਹੈ।
ਪਰ ਹਿੰਦੂ ਸਮਾਜ 'ਚ ਇੱਕ ਅਜਿਹਾ ਵਰਗ ਹੈ ਜੋ ਕਿ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਬ੍ਰਿਮਡੇਗਾ 'ਚ ਤਿੰਨ ਘੰਟਿਆਂ ਤੱਕ ਚੱਲਣ ਵਾਲੇ ਇਸ ਸਮਾਗਮ 'ਚ ਸ਼ਾਮਲ ਹੋਣ ਵਾਲੇ ਕਈ ਲੋਕਾਂ ਨੇ ਮੈਨੂੰ ਦੱਸਿਆ ਕਿ 'ਘਰ ਵਾਪਸੀ' , 'ਲਵ ਜੇਹਾਦ' ਦੀ ਤਰ੍ਹਾਂ ਹੀ ਹਿੰਦੂ ਜਾਗਰਣ ਦਾ ਨਤੀਜਾ ਹੈ ਅਤੇ ਹਿੰਦੂ ਰਾਸ਼ਟਰ ਦੇ ਨਿਰਮਾਣ ਦਾ ਇੱਕ ਮਹੱਤਵਪੂਰਨ ਕਾਰਜ ਵੀ ਹੈ।
ਧਰਮ ਪਰਿਵਰਤਨ ਦਾ ਗੜ੍ਹ
ਜੇਕਰ ਇਹ ਕਬਾਇਲੀ ਪੱਟੀ 'ਘਰ ਵਾਪਸੀ' ਦਾ ਕੇਂਦਰ ਬਿੰਦੂ ਹੈ ਤਾਂ ਇਸ ਨੂੰ ਧਰਮ ਪਰਿਵਰਤਨ ਦਾ ਗੜ੍ਹ ਵੀ ਮੰਨਿਆ ਜਾਂਦਾ ਹੈ।
ਪ੍ਰਬਲ ਪ੍ਰਤਾਪ ਸਿੰਘ ਦਾ ਕਹਿਣਾ ਹੈ, "ਜਸ਼ਪੁਰ 'ਚ ਬਹੁਤ ਸਾਰੇ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆਏ ਹਨ। ਜਸ਼ਪੁਰ ਧਰਮ ਪਰਿਵਰਤਨ ਦਾ ਇੱਕ ਗੜ੍ਹ ਹੈ। ਇਹ ਇੱਕ ਕਬਾਇਲੀ ਖੇਤਰ ਹੈ, ਇੱਕ ਪੱਛੜਿਆਂ ਇਲਾਕਾ ਹੈ। ਇੱਥੇ ਵਧੇਰੇ ਸਾਜਿਸ਼ ਕਰਨ ਵਾਲੀਆਂ ਤਾਕਤਾਂ ਸਰਗਰਮ ਹਨ। ਇਸ ਦੇ ਨਾਲ ਹੀ ਸਰਹੱਦ ਝਾਰਖੰਡ ਨਾਲ ਲੱਗਦੀ ਹੈ। ਉੱਥੇ ਵੀ ਵੱਡੇ ਪੱਧਰ 'ਤੇ ਧਰਮ ਪਰਿਵਰਤਨ ਹੁੰਦਾ ਹੈ। ਬਹੁਤ ਸਾਰੇ ਹਿੰਦੂਆਂ ਨੇ ਧਰਮ ਪਰਿਵਰਤਨ ਕੀਤਾ ਹੈ।"
ਇਸਾਈ ਧਰਮ ਨੂੰ ਅਪਣਾਉਣ ਵਾਲਿਆਂ ਅਤੇ ਇਸ ਦਾ ਪ੍ਰਚਾਰ ਕਰਨ ਵਾਲਿਆਂ 'ਤੇ ਅੱਤਿਆਚਾਰ ਦੀਆਂ ਖ਼ਬਰਾਂ ਵੀ ਇੱਥੋਂ ਹੀ ਸਭ ਤੋਂ ਵੱਧ ਆ ਰਹੀਆਂ ਹਨ। ਪਰ ਇਹ ਇੱਕਲਾ ਹੀ ਅਜਿਹਾ ਖੇਤਰ ਨਹੀਂ ਹੈ।
ਪੂਰਬੀ ਉੱਤਰ ਪ੍ਰਦੇਸ਼ 'ਚ ਵੀ ਈਸਾਈਆਂ ਦਾ ਕਹਿਣਾ ਹੈ ਕਿ ਖੱਬੇਪੱਖੀ/ ਦੱਖਣਪੰਥੀ ਹਿੰਦੂ ਸੰਗਠਨ ਹਿੰਸਾ ਦੇ ਜ਼ੋਰ ਨਾਲ ਉਨ੍ਹਾਂ ਦੀਆਂ ਪ੍ਰਾਰਥਨਾ ਸਭਾਵਾਂ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਸ ਦੇ ਬਾਵਜੂਦ ਪੁਲਿਸ ਇਸਾਈਆਂ ਨੂੰ ਹੀ ਹਿਰਾਸਤ 'ਚ ਲੈਂਦੀ ਹੈ।
ਇਸਾਈ ਪ੍ਰਾਰਥਨਾ ਸਭਾਵਾਂ 'ਚ ਹਮਲੇ ਇੰਨ੍ਹੇ ਵੱਧ ਗਏ ਹਨ ਕਿ ਹੁਣ ਇਹ ਸਭਾਵਾਂ ਖੁੱਲ੍ਹੇ ਜਾਂ ਗਿਰਜਾਘਰਾਂ 'ਚ ਘੱਟ ਆਯੋਜਿਤ ਹੁੰਦੀਆਂ ਹਨ। ਇੰਨ੍ਹਾਂ ਦਾ ਆਯੋਜਨ ਜ਼ਿਆਦਾਤਰ ਘਰਾਂ ਦੇ ਅੰਦਰ ਹੀ ਕੀਤਾ ਜਾ ਰਿਹਾ ਹੈ। ਦੇਸ਼ ਭਰ 'ਚ ਧਰਮ ਪਰਿਵਰਤਨ ਵਿਰੋਧੀ ਕੋਈ ਕਾਨੂੰਨ ਨਹੀਂ ਹੈ। ਪਰ ਅੱਠ ਸੂਬਿਆਂ ਨੇ ਜ਼ਬਰਦਸਤੀ ਧਰਮ ਪਰਿਵਰਤਨ ਨੂੰ ਰੋਕਣ ਲਈ ਆਪਣੇ ਖੁਦ ਦੇ ਕਾਨੂੰਨ ਬਣਾਏ ਹਨ। ਭਾਜਪਾ ਨੇ ਅਜਿਹੇ ਇੱਕ ਰਾਸ਼ਟਰੀ ਕਾਨੂੰਨ ਦੀ ਜ਼ਰੂਰਤ ਦੀ ਗੱਲ ਜ਼ਰੂਰ ਕੀਤੀ ਹੈ।
ਪਿਛਲੇ ਸਾਲ ਉੱਤਰ ਪ੍ਰਦੇਸ਼ ਨੇ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਪਾਸ ਕੀਤਾ ਅਤੇ ਮੱਧ ਪ੍ਰਦੇਸ਼ ਨੇ ਆਪਣੇ 1968 ਦੇ ਕਾਨੂੰਨ 'ਚ ਸੋਧ ਕੀਤੀ ਸੀ। ਕਰਨਾਟਕ ਦੇ ਧਰਮ ਪਰਿਵਰਤਨ ਵਿਰੋਧੀ ਬਿੱਲ ਨੂੰ ਵਿਧਾਨ ਸਭਾ ਵੱਲੋਂ ਹਰੀ ਝੰਡੀ ਮਿਲ ਗਈ ਹੈ, ਪਰ ਵਿਧਾਨ ਪ੍ਰੀਸ਼ਦ ਵੱਲੋਂ ਪਾਸ ਹੋਣਾ ਅਜੇ ਬਾਕੀ ਹੈ।
ਧਰਮ ਦਾ ਪ੍ਰਚਾਰ ਅਤੇ ਪ੍ਰਸਾਰ
ਬਨਾਰਸ ਸ਼ਹਿਰ ਦੇ ਇੱਕ ਇਲਾਕੇ 'ਚ ਇਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਵੱਸੋਂ ਚੰਗੀ ਭਲੀ ਹੈ। ਸਾਨੂੰ ਉੱਥੇ ਇੱਕ ਘਰ 'ਚ ਚੱਲ ਰਹੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉੱਥੇ ਮੌਜੂਦ ਸਾਰੇ ਹੀ ਲੋਕ ਈਸਾਈ ਸਨ।
ਪਾਦਰੀ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਪਾਦਰੀ ਪ੍ਰਤੀਭਾ ਉੱਥੇ ਮੌਜੁਦ ਮਰਦ, ਔਰਤਾਂ ਅਤੇ ਬੱਚਿਆਂ ਨਾਲ ਉੱਚੀ-ਉੱਚੀ ਗਾਣੇ ਦੇ ਅੰਦਾਜ਼ 'ਚ ਪ੍ਰਾਰਥਨਾ ਕਰ ਰਹੇ ਸਨ। ਬਾਅਦ 'ਚ ਉਨ੍ਹਾਂ ਨੇ ਬਾਈਬਲ ਦਾ ਪਾਠ ਵੀ ਪੜ੍ਹਿਆ।
ਪਾਦਰੀ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਨੂੰ ਵੇਖ ਕੇ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਹਾਲ 'ਚ ਹੀ ਜੇਲ੍ਹ ਤੋਂ ਰਿਹਆ ਹੋ ਕੇ ਪਰਤੇ ਹਨ। ਪਿਛਲੇ ਸਾਲ ਨਵੰਬਰ ਮਹੀਨੇ ਉਨ੍ਹਾਂ ਨੇ ਆਪਣੇ ਮਓ ਸਥਿਤ ਘਰ 'ਚ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਸੀ, ਜਿਸ ਦੌਰਾਨ ਪਾਦਰੀ ਪ੍ਰਤੀਭਾ ਦੇ ਅਨੁਸਾਰ, "ਈਸਾਈ ਵਿਰੋਧੀ ਲੋਕ 2020 ਤੋਂ ਬਾਅਦ ਦੂਜੀ ਵਾਰ ਸਾਡੇ ਘਰ ਆਏ ਸਨ। ਅਸੀਂ ਆਪਣੇ ਲੋਕਾਂ ਨੂੰ ਪ੍ਰਾਰਥਨਾ ਜਾਰੀ ਰੱਖਣ ਲਈ ਕਿਹਾ।"
ਉਹ ਅੱਗੇ ਦੱਸਦੇ ਹਨ, "ਉਹ ਲੋਕ ਮੋਬਾਈਲ ਨਾਲ ਸਾਡੀ ਵੀਡੀਓ ਬਣਾ ਰਹੇ ਸਨ ਅਤੇ ਕਹਿ ਰਹੇ ਸਨ ਕਿ ਇੱਥੇ ਧਰਮ ਪਰਿਵਰਤਨ ਦਾ ਧੰਦਾ/ਰੈਕੇਟ ਚੱਲ ਰਿਹਾ ਹੈ। ਸਾਨੂੰ ਸਾਰਿਆਂ ਨੂੰ ਕੋਤਵਾਲੀ ਲਿਜਾਇਆ ਗਿਆ। ਪੁਲਿਸ ਸਾਨੂੰ ਥਾਣੇ ਲੈ ਗਈ ਅਤੇ ਬਾਅਦ 'ਚ ਸਾਨੂੰ ਸੱਤ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।"
ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ, ਹੁਣ ਉਹ ਪੂਰੀ ਤਰ੍ਹਾਂ ਨਾਲ ਚੌਕਸ ਹਨ ਅਤੇ ਸਭਾਵਾਂ ਘਰਾਂ ਦੇ ਅੰਦਰ ਹੀ ਕਰ ਰਹੇ ਹਨ।
ਇੱਥੇ ਲੋਕ ਇਸਾਈ ਧਰਮ ਕਿਉਂ ਅਪਣਾ ਰਹੇ ਹਨ?
ਬਨਾਰਸ ਦੇ ਹੀ ਰਾਜੇਸ਼ ਕੁਮਾਰ ਆਪਣੇ ਦੂਜੇ ਇਸਾਈ ਸਾਥੀਆਂ ਨਾਲ ਇੱਕ ਪ੍ਰਾਰਥਨਾ ਸਭਾ 'ਚ ਸ਼ਾਮਲ ਸਨ।
ਉਨ੍ਹਾਂ ਨੇ ਕਿਹਾ, "ਕੁਝ ਸਥਾਨਕ ਹਿੰਦੂ ਮੁੰਡੇ ਪੁਲਿਸ ਦੇ ਨਾਲ ਆਏ ਅਤੇ ਕਿਹਾ ਕਿ ਤੁਸੀਂ ਜ਼ਬਰਦਸਤੀ ਧਰਮ ਪਰਿਵਰਤਨ ਕਰ ਰਹੇ ਹੋ।"
ਫਿਰ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਗਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
"15-16 ਮੁੰਡਿਆਂ ਨੇ ਸਾਡੇ ਖਿਲਾਫ ਸ਼ਿਕਾਇਤ ਕੀਤੀ ਸੀ ਕਿ ਅਸੀਂ ਧਰਮ ਪਰਿਵਰਤਨ ਲਈ ਪ੍ਰਾਰਥਨਾ ਸਭਾ ਕਰਦੇ ਹਾਂ। ਸਾਨੂੰ ਕਿੰਨ੍ਹਾਂ ਵੀ ਸਤਾਇਆ ਜਾਵੇ ਪਰ ਅਸੀਂ ਪ੍ਰਭੂ ਦਾ ਪ੍ਰਚਾਰ ਕਰਨਾ ਨਹੀਂ ਛੱਡਾਂਗੇ।"
ਰਾਜੇਸ਼ ਇੱਕ ਸਮੇਂ ਹਿੰਦੂ ਸਨ ਪਰ ਕਈ ਸਾਲ ਪਹਿਲਾਂ ਉਹ ਈਸਾਈ ਧਰਮ 'ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਸੀ ਜਦੋਂ ਉਨ੍ਹਾਂ ਦੀ ਭੈਣ ਜੋ ਕਿ ਬਲੱਡ ਕੈਂਸਰ ਨਾਲ ਪੀੜ੍ਹਤ ਸੀ ਅਤੇ 16 ਸਾਲਾਂ ਤੋਂ ਉਹ ਮੰਜੇ 'ਤੇ ਹੀ ਸੀ, ਉਸ ਵੱਲੋਂ ਬਾਈਬਲ ਦਾ ਪਾਠ ਕਰਨ ਤੋਂ ਬਾਅਦ ਤੁਰਨ ਲੱਗ ਪਈ ਸੀ।
ਇਸ 'ਚਮਤਕਾਰ' ਨੇ ਹੀ ਉਸ ਨੂੰ ਈਸਾਈ ਬਣਾ ਦਿੱਤਾ। ਮੈਂ ਬਹੁਤ ਸਾਰੇ ਇਸਾਈਆਂ ਨੂੰ ਮਿਲਿਆ ਹਾਂ ਜਿੰਨ੍ਹਾਂ ਨੇ ਹਾਲ ਹੀ ਦੇ ਸਾਲਾਂ 'ਚ ਚਮਤਕਾਰ ਨਾਲ ਠੀਕ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਆਪਣਾ ਧਰਮ ਪਰਿਵਰਤਨ ਕੀਤਾ ਹੈ।
ਸ਼ਿਵ ਸੈਨਾ ਦੇ ਇੱਕ ਸਥਾਨਕ ਨੌਜਵਾਨ ਆਗੂ ਪ੍ਰਮੋਦ ਸੋਨਕਰ ਦੇ ਸ਼ਬਦਾਂ ਅਨੁਸਾਰ, ਪਹਿਲਾਂ ਉਹ ਇਸਾਈਆਂ ਦੀਆਂ ਪ੍ਰਾਰਥਨਾ ਸਭਾਵਾਂ ਭੰਗ ਕਰਦਾ ਸੀ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕਰਦਾ ਸੀ, ਪਰ ਸਾਲ 2014 'ਚ ਉਹ ਖੁਦ ਇਸਾਈ ਬਣ ਗਿਆ।
ਉਸ ਦਾ ਮੰਨਣਾ ਹੈ ਕਿ ਜਦੋਂ ਉਹ ਇੱਕ ਹਸਪਤਾਲ ਦੇ ਆਈਸੀਯੂ 'ਚ ਦੋ ਘੰਟਿਆਂ ਲਈ ਮਰ ਗਿਆ ਸੀ ਤਾਂ ਇਸਾਈ ਧਰਮ ਨੇ ਹੀ ਉਸ ਨੂੰ ਮੁੜ ਜ਼ਿੰਦਾ ਕੀਤਾ ਸੀ।
ਉਸ ਦਾ ਕਹਿਣਾ ਹੈ, "ਮੇਰੇ ਦੋਵੇਂ ਗੁਰਦਿਆਂ 'ਚ ਪੱਥਰੀ ਸੀ। ਮੇਰੇ ਬਚਣ ਦੀ ਕੋਈ ਉਮੀਦ ਨਹੀਂ ਸੀ। ਮੇਰੀ ਭੈਣ ਨੇ ਕਿਹਾ ਕਿ ਇਸਾਈ ਪ੍ਰਾਰਥਨਾ ਸਭਾ 'ਚ ਜਾਓ ਅਤੇ ਜੇਕਰ ਠੀਕ ਨਾ ਹੋਏ ਤਾਂ ਮੁੜ ਹਿੰਦੂ ਧਰਮ 'ਚ ਵਾਪਸ ਚਲੇ ਜਾਣਾ।"
ਪ੍ਰਮੋਦ ਅੱਗੇ ਦੱਸਦੇ ਹਨ ਕਿ ਜਦੋਂ ਉਸ ਦਾ ਆਪਰੇਸ਼ਨ ਹੋਇਆ ਸੀ ਤਾਂ ਆਈਸੀਯੂ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉਹ ਦੋ ਘੰਟਿਆਂ ਤੱਕ ਉਸੇ ਹਾਲਤ 'ਚ ਪਿਆ ਰਿਹਾ ਪਰ ਉਸ ਦੇ ਸ਼ਿਵ ਸੈਨਾ ਦੇ ਸਾਥੀ ਅਤੇ ਇਸਾਈ ਮਿੱਤਰ ਉਸ ਲਈ ਲਗਾਤਾਰ ਪ੍ਰਾਰਥਨਾ ਕਰ ਰਹੇ ਸਨ। ਆਖਰਕਾਰ ਉਹ ਖੜ੍ਹਾ ਹੋਇਆ ਅਤੇ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ। ਹੁਣ ਉਹ ਇੱਕ ਪਾਦਰੀ ਹੈ ਅਤੇ ਆਪਣੇ ਇਸਾਈ ਧਰਮ ਦਾ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਿਹਾ ਹੈ।
ਦੁਨੀਆ ਭਰ ਵਿੱਚ ਬ੍ਰਹਮ ਦਖਲ ਨਾਲ ਬਿਮਾਰੀਆਂ ਦੇ ਇਲਾਜ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਅੱਜ ਤੱਕ ਇਸ ਬਾਰੇ ਕੋਈ ਵਿਗਿਆਨਕ ਆਧਾਰ ਨਹੀਂ ਮਿਲਿਆ ਹੈ ।
ਨਿਰਭੈ ਸਿੰਘ ਦਾ ਕਹਿਣਾ ਹੈ ਕਿ ਇਸਾਈ ਪ੍ਰਚਾਰਕ ਭੋਲੇ-ਭਾਲੇ ਹਿੰਦੂਆਂ ਨੂੰ ਈਸਾਈ ਬਣਾਉਣ ਲਈ ਅਜਿਹੇ ਖਤਰਨਾਕ ਅੰਧਵਿਸ਼ਵਾਸਾਂ ਦੀ ਵਰਤੋਂ ਕਰਦੇ ਹਨ ।
ਉਨ੍ਹਾਂ ਦਾ ਕਹਿਣਾ ਹੈ, "ਸੱਚਮੁੱਚ ਉਹ ਹਿੰਦੂਆਂ ਨੂੰ ਪੈਸੇ ਅਤੇ ਨੌਕਰੀਆਂ ਦਾ ਲਾਲਚ ਦੇ ਕੇ ਅਤੇ ਕਈ ਵਾਰ ਲਾਇਲਾਜ ਬਿਮਾਰੀਆਂ ਦੇ ਇਲਾਜ ਦੀਆਂ ਝੂਠੀਆਂ ਕਹਾਣੀਆਂ ਘੜ ਕੇ ਈਸਾਈ ਧਰਮ ਵੱਲ ਲੁਭਾਉਂਦੇ ਹਨ।"
ਦੂਜੇ ਪਾਸੇ ਈਸਾਈ ਮਿਸ਼ਨਰੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਮੰਦਿਰਾਂ ਦੇ ਸ਼ਹਿਰ 'ਚ ਧਰਮ ਪਰਿਵਰਤਨ
ਬਨਾਰਸ ਮੰਦਰਾਂ ਦਾ ਸ਼ਹਿਰ ਹੈ ਅਤੇ ਹਿੰਦੂਆਂ ਲਈ ਇੱਕ ਪ੍ਰਾਚੀਨ ਤੀਰਥ ਸਥਾਨ ਵੀ ਹੈ।
ਇੱਥੇ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਇਸਾਈ ਧਰਮ ਦੇ ਪ੍ਰਚਾਰਕ ਬਹੁਤ ਸਰਗਰਮ ਹਨ।
ਪਿਛਲੇ ਦੋ ਸਾਲਾਂ ਵਿੱਚ, ਮੈਂ ਉਸ ਖੇਤਰ ਵਿੱਚ ਬਹੁਤ ਸਾਰੇ ਪੇਂਡੂ ਖੇਤਰਾਂ ਦਾ ਦੌਰਾ ਕੀਤਾ ਹੈ ਜਿੱਥੇ ਇਸਾਈ ਧਰਮ ਦਾ ਪ੍ਰਭਾਵ ਵਧਿਆ ਹੈ।
ਆਪਣੇ ਵਿਆਹ ਤੋਂ ਬਾਅਦ, ਕਈ ਸਾਲ ਪਹਿਲਾਂ ਪਾਦਰੀ ਪ੍ਰਤਿਭਾ ਰਾਂਚੀ ਤੋਂ ਮਊ ਵਿੱਚ ਵਸ ਗਈ ਸੀ। ਉਨ੍ਹਾਂ ਦਾ ਇੱਕੋ ਇੱਕ ਮਕਸਦ ਸੀ- ਆਪਣੇ ਧਰਮ ਦਾ ਪ੍ਰਚਾਰ ਕਰਨਾ।
ਉਹ ਕਹਿੰਦੀ ਹੈ, "ਇੱਥੇ ਈਸਾ ਮਸੀਹ ਦਾ ਨਾਮ ਕੋਈ ਨਹੀਂ ਜਾਣਦਾ ਸੀ। ਪਰ ਹੁਣ ਮਊ 'ਚ ਪ੍ਰਭੂ ਦੀ ਇੰਨ੍ਹੀ ਬਖਸ਼ਿਸ਼ ਹੋਈ ਹੈ ਕਿ ਅੱਜ ਬਹੁਤ ਸਾਰੇ ਲੋਕ ਮਸੀਹ 'ਚ ਪਾਏ ਜਾਂਦੇ ਹਨ।"
ਧਰਮ ਪਰਿਵਰਤਨ ਵਿਰੁੱਧ ਹਿੰਸਕ ਪ੍ਰਦਰਸ਼ਨ
ਧਰਮ ਪਰਿਵਰਤਨ ਨੂੰ ਰੋਕਣ ਲਈ ਸੱਜੇ ਪੱਖੀ ਹਿੰਦੂ ਸੰਗਠਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਅਕਸਰ ਇਹ ਪ੍ਰਦਰਸ਼ਨ ਹਿੰਸਕ ਵੀ ਹੁੰਦੇ ਹਨ। ਹਿੰਦੂ ਯੁਵਾ ਸ਼ਕਤੀ ਬਨਾਰਸ ਵਿੱਚ ਇੱਕ ਅਜਿਹੀ ਸੰਸਥਾ ਹੈ ਜਿਸਦਾ ਮਕਸਦ ਧਰਮ ਪਰਿਵਰਤਨ ਨੂੰ ਰੋਕਣਾ ਅਤੇ ਸਾਰੇ ਦੇਸ਼ਾਂ ਦੇ ਹਿੰਦੂਆਂ ਦੀ ਏਕਤਾ ਲਈ ਕੰਮ ਕਰਨਾ ਹੈ।
ਇੱਕ ਲੱਖ ਤੋਂ ਵੀ ਵੱਧ ਮੈਂਬਰਾਂ ਵਾਲੇ ਹਿੰਦੂ ਯੁਵਾ ਸ਼ਕਤੀ ਸੰਗਠਨ ਦੇ ਪ੍ਰਧਾਨ ਨਿਰਭੈ ਸਿੰਘ ਦਾ ਕਹਿਣਾ ਹੈ ਕਿ ਧਰਮ ਪਰਿਵਰਤਨ ਨੂੰ ਰੋਕਣ ਦੀ ਕੋਸ਼ਿਸ ਕਰਨ ਲਈ ਉਹ 'ਪੰਜਾਹ ਵਾਰ' ਜੇਲ੍ਹ ਜਾ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਆਪਣੀ ਮਰਜ਼ੀ ਨਾਲ ਹਿੰਦੂ ਧਰਮ ਛੱਡ ਦਿੰਦੇ ਹਨ ਤਾਂ ਉਨ੍ਹਾਂ ਨੂੰ ਦੁੱਖ ਜ਼ਰੂਰ ਹੁੰਦਾ ਹੈ, ਪਰ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸਾਈ ਪ੍ਰਚਾਰਕ ਨੌਕਰੀਆਂ ਅਤੇ ਪੈਸੇ ਦਾ ਲਾਲਚ ਦੇ ਕੇ 'ਸਿੱਧੇ ਸਾਧੇ' ਹਿੰਦੂਆਂ ਦਾ ਧਰਮ ਪਰਿਵਰਤਨ ਕਰਦੇ ਹਨ। ਉਨ੍ਹਾਂ ਅਨੁਸਾਰ ਉਹ ਧਰਮ ਪਰਿਵਰਤਨ ਲਈ ਹਿੰਦੂ ਮਰੀਜ਼ਾਂ ਦੀ ਬਿਮਾਰੀ ਨੂੰ ਠੀਕ ਕਰਨ ਲਈ 'ਝੂਠੇ ਚਮਤਕਾਰ' ਦਾ ਦਾਅਵਾ ਵੀ ਕਰਦੇ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: