ਪ੍ਰਿਆ ਅਗਰਵਾਲ: ਜਦੋਂ ਘੋੜੀ ਚੜ੍ਹ ਕੇ ਲਾੜਾ ਵਿਆਹੁਣ ਪਹੁੰਚੀ ਲਾੜੀ

ਤਸਵੀਰ ਸਰੋਤ, PRIYA AGGARWAL
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਅੰਬਾਲੇ ਦੀ ਰਹਿਣ ਵਾਲੀ 27 ਸਾਲਾ ਪ੍ਰਿਆ ਅਗਰਵਾਲ ਜਦੋਂ ਚਿੱਟੀ ਘੋੜੀ 'ਤੇ ਬੈਠੇ ਕੇ ਪੀਲੀ ਸਾੜ੍ਹੀ ਤੇ ਪੀਲੀ ਪੱਗ ਨਾਲ ਵਿਆਹ ਵਾਲੀ ਥਾਂ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਇਸ ਕਰਤਬ ਨਾਲ ਪਿੱਤਰਸੱਤਾ ਦੀਆਂ ਜੜ੍ਹਾਂ 'ਤੇ ਇੱਕ ਭਰਵਾਂ ਵਾਰ ਕਰ ਦਿੱਤਾ।
ਫਰਵਰੀ ਦੀ ਸ਼ੁਰੂਆਤ ਵਿੱਚ ਹਰਿਆਣਾ ਦੇ ਸਥਾਨਕ ਅਖ਼ਬਾਰਾਂ ਵਿੱਚ ਇਸ ਘਟਨਾ ਦੀ ਖੂਬ ਚਰਚਾ ਹੋਈ।
ਇਸ ਮੌਕੇ ਦੀ ਇੱਕ ਵੀਡੀਓ ਵਿੱਚ ਪ੍ਰਿਆ ਘੋੜੀ ਉੱਪਰ ਬੈਠੇ ਹਨ ਤੇ ਬਾਹਾਂ ਖੋਲ੍ਹ ਕੇ ਹੱਸ ਰਹੇ ਹਨ। ਉਨ੍ਹਾਂ ਦੇ ਨਾਲ ਪਰਿਵਾਰਕ ਜੀਅ ਅਤੇ ਮਹਿਮਾਨ ਤੁਰ ਰਹੇ ਹਨ, ਇਹ 'ਬਰਾਤ' ਕੁਝ-ਕੁਝ ਦੂਰ ਜਾਂਦੀ ਹੈ ਤੇ 'ਬਰਾਤੀ' ਨੱਚਦੇ ਹਨ। ਇਹ ਵੀਡੀਓ ਖੂਬ ਵਾਇਰਲ ਹੋਇਆ।
ਪ੍ਰਿਆ ਨੇ ਬੀਬੀਸੀ ਨੂੰ ਆਪਣੇ ਅਨੁਭਵ ਬਾਰੇ ਦੱਸਿਆ, ''ਮੈਂ ਉਤਸ਼ਾਹਿਤ ਸੀ। ਹਰ ਲਾੜੇ ਨੂੰ ਪਤਾ ਹੁੰਦਾ ਹੈ ਕਿ ਉਹ ਘੋੜੀ ਚੜ੍ਹੇਗਾ ਪਰ ਲਾੜੀਆਂ ਅਜਿਹਾ ਨਹੀਂ ਕਰਦੀਆਂ।''
ਹਾਲਾਂਕਿ ਪ੍ਰਿਆ ਘੋੜੀ ਚੜ੍ਹਨ ਵਾਲੀ ਭਾਰਤ ਦੀ ਪਹਿਲੀ ਵਿਆਹੁਲੀ ਨਹੀਂ ਹੈ ਅਤੇ ਅਤੀਤ ਵਿੱਚ ਅਜਿਹੀਆਂ ਕੁਝ ਮਿਸਾਲਾਂ ਹਨ ਜਦੋਂ ਵਿਆਹੁਲੀਆਂ ਵੀ ਘੋੜੀ ਚੜ੍ਹ ਕੇ ਬਰਾਤ ਲੈ ਕੇ ਲਾੜਾ ਵਿਆਹੁਣ ਪਹੁੰਚੀਆਂ।
ਭਾਰਤੀ ਵਿਆਹਾਂ ਤੇ ਰਸਮਾਂ-ਰਿਵਾਜਾਂ ਬਾਰੇ ਇੱਕ ਕਿਤਾਬ ਦੇ ਲੇਖਕ ਰਾਮ ਨਾਰਾਇਣ ਕੋਗਟਾ ਦੱਸਦੇ ਹਨ, "ਇਹ ਉਸਦਾ (ਲਾੜੇ ਦਾ) ਖਾਸ ਦਿਨ ਹੁੰਦਾ ਹੈ। ਉਸ ਦੀ ਤੁਲਨਾ ਸ਼ਾਹੀ ਵਿਅਕਤੀ ਨਾਲ ਹੁੰਦੀ ਹੈ ਜੋ ਕਿ ਹੱਲੇ-ਗੁੱਲੇ ਨਾਲ ਆਪਣੀ ਦੁਲਹਨ 'ਤੇ ਦਾਅਵਾ ਕਰਨ ਪਹੁੰਚਦਾ ਹੈ। ਲਾੜਾ ਚਮਕੀਲੇ ਕਪੱੜੇ ਸਜਿਆ ਤੇ ਹੱਥ ਵਿੱਚ ਆਪਣੀ ਹੋਣ ਵਾਲੀ ਲਾੜੀ ਨੂੰ ਖੋਹਣ ਲਈ ਆਉਣ ਵਾਲੇ ਕਿਸੇ ਵੀ ਡਾਕੂਆਂ ਦੇ ਮੁਕਾਬਲੇ ਲਈ ਕ੍ਰਿਪਾਨ ਹੁੰਦੀ ਹੈ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, PRIYA AGGARWAL
ਉਨ੍ਹਾਂ ਦਾ ਕਹਿਣਾ ਹੈ ਕਿ ਰਾਜਸਥਾਨ ਤੇ ਹਰਿਆਣੇ ਵਿੱਚ ਕੁਝ ਥਾਵਾਂ ਉੱਪਰ ਲਾੜੀ ਨੂੰ ਵੀ ਵਿਆਹ ਤੋਂ ਇੱਕ ਦਿਨ ਪਹਿਲਾਂ ਘੋੜੀ 'ਤੇ ਬਿਠਾ ਕੇ ਘੁਮਾਇਆ ਜਾਂਦਾ ਹੈ ਪਰ ਉਨ੍ਹਾਂ ਨੇ ਕਦੇ ਕੋਈ ਲਾੜੀ ਵਿਆਹ ਵਾਲੀ ਥਾਂ 'ਤੇ ਘੋੜੀ 'ਤੇ ਸਵਾਰ ਹੋਕੇ ਜਾਂਦੀ ਨਹੀਂ ਦੇਖੀ।
ਵਿਆਹਾਂ ਬਾਰੇ ਜਾਣਕਾਰ ਨੀਤਾ ਰਹੇਜਾ ਦੱਸਦੇ ਹਨ ਕਿ ਹਾਲਾਂਕਿ ਸ਼ਰਮੀਲੀਆਂ ਲਾੜੀਆਂ ਤਾਂ ਦਹਾਕੇ ਪਹਿਲਾਂ ਤੋਂ ਹੀ ਘੱਟ ਗਈਆਂ ਹਨ ਪਰ ਘੋੜੀ 'ਤੇ ਬੈਠ ਕੇ ਪਹੁੰਚਣਾ ਤਾਂ ਆਪਣੇ-ਆਪ ਵਿੱਚ ਮਾਅਰਕਾ ਹੈ।
''ਹੁਣ ਮੈਂ ਉਹ ਸ਼ਰਮਾਉਂਦੀਆਂ ਹੋਈਆਂ ਲਾੜੀਆਂ ਨਹੀਂ ਦੇਖਦੀ ਜਿਨ੍ਹਾਂ ਦਾ ਸਿਰ ਝੁਕਿਆ ਹੁੰਦਾ ਹੈ ਤੇ ਪਰਿਵਾਰ ਤੇ ਰਿਸ਼ਤੇਦਾਰ ਜਿਨ੍ਹਾਂ ਨੂੰ ਸਹਾਰਾ ਦੇ ਕੇ ਲਿਆਂਉਂਦੇ ਸਨ।
ਅੱਜ-ਕੱਲ ਦੁਲਹਨਾਂ ਸ਼ਾਨ ਨਾਲ ਆਉਂਦੀਆਂ ਹਨ। ਉਨ੍ਹਾਂ ਨਾਲ ਫੁੱਲਾਂ ਵਾਲੀਆਂ ਕੁੜੀਆਂ ਹੁੰਦੀਆਂ ਹਨ ਜਾਂ ਚੁਗਿਰਦੇ ਦੀਵੇ ਹੱਥਾਂ ਵਿੱਚ ਫੜੀ ਕੁੜੀਆਂ ਹੁੰਦੀਆਂ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਲਾੜੀਆਂ ਫੁੱਲਾਂ ਨਾਲ ਸਜਾਈਆਂ ਲਿਮੋਜ਼ੀਨ ਜਾਂ ਬੱਗੀ ਵਿੱਚ ਆਉਂਦੀਆਂ ਹਨ। ਉਨ੍ਹਾਂ ਦੇ ਆਉਣ 'ਤੇ ਸੰਗੀਤ ਵਜਾਇਆ ਜਾਂਦਾ ਹੈ, ਜੋ ਬੜੇ ਧਿਆਨ ਨਾਲ ਚੁਣਿਆ ਜਾਂਦਾ ਹੈ।''
ਨੀਤਾ ਕਹਿੰਦੇ ਹਨ ਕਿ ਅਜਿਹੇ ਵਿੱਚ ''ਘੋੜੀ ਉੱਤੇ ਸਵਾਰ ਹੋ ਕੇ ਪ੍ਰਿਆ ਇੱਕ ਇਸਤਰੀਵਾਦੀ ਸੁਨੇਹਾ ਦੇ ਰਹੇ ਹਨ। ਉਹ ਇੱਥੇ ਕਹਿ ਰਹੇ ਹਨ ਕਿ ਮੈਂ ਬਰਾਬਰ ਹਾਂ''।
ਪ੍ਰਿਆ ਕਹਿੰਦੇ ਹਨ ਕਿ ਇਹ ਉਨ੍ਹਾਂ ਦੇ ਪਿਤਾ ਦਾ ਵਿਚਾਰ ਸੀ ਕਿ ਉਹ ਘੋੜੀ ਉੱਪਰ ਬੈਠ ਕੇ ਵਿਆਹ ਵਾਲੀ ਥਾਂ 'ਤੇ ਜਾਣ।
ਪ੍ਰਿਆ ਦੇ ਪਿਤਾ ਨਰਿੰਦਰ ਅਗਰਵਾਲ ਅੰਬਾਲਾ ਸ਼ਹਿਰ ਵਿੱਚ ਇੱਕ ਕਾਰੋਬਾਰੀ ਹਨ ਅਤੇ ਲਿੰਗਕ ਬਰਾਬਰੀ ਵਿੱਚ ਉਨ੍ਹਾਂ ਦਾ ਦ੍ਰਿੜ ਨਿਸ਼ਚਾ ਹੈ।
''ਮੈਂ ਕਦੇ ਆਪਣੀ ਧੀ ਨਾਲ ਪੁੱਤਰ ਨਾਲੋਂ ਫਰਕ ਨਹੀਂ ਕੀਤਾ। ਪਿਛਲੇ ਸਾਲ ਆਪਣੇ ਵਿਆਹ 'ਤੇ ਮੇਰਾ ਬੇਟਾ ਵੀ ਘੋੜੀ 'ਤੇ ਬੈਠਿਆ ਸੀ ਇਸ ਲਈ ਲਾਜ਼ਮੀ ਸੀ ਕਿ ਮੇਰੀ ਬੇਟੀ ਵੀ ਬੈਠਦੀ।''

ਤਸਵੀਰ ਸਰੋਤ, PRIYA AGGARWAL
ਹਰਿਆਣਾ ਵਿੱਚ ਉਨ੍ਹਾਂ ਵੱਲੋਂ ਕਹੇ ਸ਼ਬਦਾਂ ਦੀ ਅਹਿਮੀਅਤ ਇਸ ਲਈ ਵੀ ਹੈ ਕਿਉਂਕਿ ਪਿਛਲੇ ਸਾਲਾਂ ਦੌਰਾਨ ਅੰਬਾਲਾ ਕੁੜੀਆਂ ਪ੍ਰਤੀ ਦਿਆਲੂ ਨਹੀਂ ਰਿਹਾ ਹੈ।
ਸਾਲ 1990 ਵਿੱਚ ਜਦੋਂ ਪ੍ਰਿਆ ਦਾ ਜਨਮ ਹੋਇਆ ਤਾਂ ਜ਼ਿਲ੍ਹੇ ਵਿੱਚ ਭਰੂਣ ਹੱਤਿਆ ਦਾ ਪ੍ਰਚਲਣ ਜ਼ੋਰਾਂ 'ਤੇ ਸੀ। ਪੁੱਤਰ ਦੀ ਚਾਹ ਵਿੱਚ ਪਰਿਵਾਰ ਕੁੜੀਆਂ ਨੂੰ ਕੁੱਖ ਵਿੱਚ ਹੀ ਕਤਲ ਕਰਵਾ ਰਹੇ ਸਨ। 2001 ਦੀ ਜਨਗਣਨਾ ਦਰਸਾਉਂਦੀ ਹੈ ਕਿ ਉਸ ਸਮੇਂ ਅੰਬਾਲੇ ਵਿੱਚ ਇੱਕ ਤੋਂ ਛੇ ਸਾਲ ਉਮਰ ਵਰਗ ਵਿੱਚ 1000 ਮੁੰਡਿਆਂ ਮਗਰ ਮਹਿਜ਼ 781 ਕੁੜੀਆਂ ਸਨ।
ਹਾਲਾਂਕਿ ਨਰਿੰਦਰ ਅਗਰਵਾਲ ਕਹਿੰਦੇ ਹਨ ਕਿ ਪ੍ਰਿਆ ਦਾ ਜਨਮ ਦੀ ਖੁਸ਼ੀ ਵਿੱਚ ਉਨ੍ਹਾਂ ਨੇ ਹਸਪਤਾਲ ਵਿੱਚ ਮਠਿਆਈ ਵੰਡੀ ਸੀ।
ਨਰਿੰਦਰ ਅਗਰਵਾਲ ਦੱਸਦੇ ਹਨ,''ਜੋ ਔਰਤਾਂ ਉੱਥੇ ਆਪਣੀਆਂ ਗਰਭਵਤੀ ਧੀਆਂ ਜਾਂ ਨੂਹਾਂ ਨਾਲ ਸਨ, ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਬੇਟੀ ਦੇ ਜਨਮ ਦੀ ਖੁਸ਼ੀ ਮਨਾਅ ਰਿਹਾ ਹਾਂ ਤਾਂ ਉਨ੍ਹਾਂ ਨੂੰ ਲੱਗਿਆ ਕਿ ਮੈਂ ਪਾਗਲ ਹੋ ਗਿਆ ਹਾਂ।''
ਦੇਖੋ: ਬ੍ਰਿਟਿਸ਼ ਫੌਜ ਦੀ ਪੰਜਾਬਣ ਅਫ਼ਸਰ ਦਾ ਅੰਟਾਰਕਟਿਕਾ ਦਾ ਸਫ਼ਰ
ਅਗਰਵਾਲ ਆਪਣੀ ਬੇਟੀ ਨੂੰ ਬਹੁਤ ਭਾਗਾਂਵਾਲੀ ਸਮਝਦੇ ਹਨ। ਉਨ੍ਹਾਂ ਨੇ ਆਪਣੇ-ਸਾਰੇ ਕੰਮਕਾਜ ਦੇ ਨਾਮ ਆਪਣੀ ਬੇਟੀ ਦੇ ਨਾਮ 'ਤੇ ਹੀ ਰੱਖੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੀ ਬੇਟੀ ਨੂੰ ਘੋੜੀ ਚੜ੍ਹੇ ਦੇਖਿਆਂ ਤਾਂ ''ਮੈਨੂੰ ਬੜਾ ਮਾਣ ਮਹਿਸੂਸ ਹੋਇਆ''।
ਜਦੋਂ ਪ੍ਰਿਆ ਦੀ ਬਰਾਤ ਨਿਕਲ ਰਹੀ ਸੀ ਤਾਂ ਇੱਕ ਵੀਡੀਓ ਕਾਲ ਰਾਹੀਂ ਉਨ੍ਹਾਂ ਦੇ ਪਤੀ ਅਰਵ ਗੁਪਤਾ ਜੋ ਕਿ ਖੁਦ ਵੀ ਇੱਕ ਵਕੀਲ ਹਨ, ਇਹ ਸਾਰਾ ਨਜ਼ਾਰਾ ਇੱਕ ਵੀਡੀਓ ਕਾਲ ਰਾਹੀਂ ਲਾਈਵ ਦੇਖ ਰਹੇ ਸਨ।
ਪ੍ਰਿਆ ਅਤੇ ਉਨ੍ਹਾਂ ਦੇ ਮਾਪਿਆਂ ਨੇ ਇਸ ਵਿਉਂਤ ਦਾ ਓਲ੍ਹਾ ਰੱਖਿਆ ਸੀ। ਇਸ ਲਈ ਅਰਵ ਨੂੰ ਪ੍ਰਿਆ ਦੀ ਗੈਰ-ਸਧਾਰਣ ਆਮਦ ਦਾ ਉੱਕਾ ਹੀ ਕੋਈ ਖਿਆਲ ਨਹੀਂ ਸੀ।
ਉਹ ਦੱਸਦੇ ਹਨ, ''ਮੈਂ ਇਹ ਆਪਣੇ ਮਾਪਿਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਦੇਖ ਰਿਹਾ ਸੀ। ਅਸੀਂ ਸਾਰੇ ਹੈਰਾਨ ਸੀ ਪਰ ਖੁਸ਼ੀ ਨਾਲ।"
ਉਹ ਅੱਗੇ ਦੱਸਦੇ ਹਨ,''ਅਸੀਂ ਸਾਰੇ ਹੈਰਾਨ ਸੀ ਕਿ ਕੀ ਹੋ ਰਿਹਾ ਹੈ? ਇੱਕ ਲਾੜੀ ਨੂੰ ਘੋੜੀ ਉੱਪਰ ਬੈਠਿਆਂ ਦੇਖਣਾ ਨਵੇਕਲਾ ਸੀ, ਪਰ ਇਹ ਇੱਕ ਚੰਗੇ ਬਦਲਾਅ ਲਈ ਸੀ। ਇਹ ਸਾਰਿਆਂ ਨੂੰ ਪਸੰਦ ਆਇਆ। ਮੈਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਮੈਂ ਇੱਕ ਅਜਿਹੀ ਔਰਤ ਨਾਲ ਵਿਆਹ ਕਰ ਰਿਹਾ ਹਾਂ ਜੋ ਬੜੀ ਬਹਾਦਰ ਹੈ।''
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













