ਯੂਕਰੇਨ ਰੂਸ ਸੰਕਟ: ਭਾਰਤੀਆਂ ਨੂੰ ਲਿਆਉਣ ਲਈ 4 ਉਡਾਣਾਂ, ਪੁਤਿਨ ਨੇ ਦਿੱਤਾ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ - ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦੀਆਂ ਚਾਰ ਉਡਾਣਾਂ ਭੇਜੀਆਂ ਜਾਣਗੀਆਂ। ਇਨ੍ਹਾਂ ਵਿੱਚੋਂ ਤਿੰਨ ਉਡਾਣਾਂ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਅਤੇ ਇੱਕ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਨੂੰ ਭੇਜੀਆਂ ਜਾਣਗੀਆਂ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਇਹ ਉਡਾਣਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸੰਚਾਲਿਤ ਕਰਨੀਆਂ ਹਨ ਅਤੇ ਇਸਦੇ ਲਈ ਭਾਰਤੀਆਂ ਨੂੰ ਸੜਕ ਦੁਆਰਾ ਯੂਕਰੇਨ ਤੋਂ ਉੱਥੇ ਲਿਜਾਇਆ ਜਾ ਰਿਹਾ ਹੈ।

ਯੂਕਰੇਨ ਦੀਆਂ ਪੱਛਮੀ ਸਰਹੱਦਾਂ ਰਾਹੀਂ ਭਾਰਤੀਆਂ ਨੂੰ ਕੱਢਣ ਬਾਰੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿਵਾਇਆ ਹੈ ਕਿ ਰੂਸੀ ਬਲਾਂ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।

ਸ਼ੁੱਕਰਵਾਰ ਸ਼ਾਮ ਤੱਕ, ਪੱਛਮੀ ਯੂਕਰੇਨ ਤੋਂ 200 ਭਾਰਤੀਆਂ ਨੂੰ ਸੁਸੇਵਾ ਬਾਰਡਰ ਕਰਾਸਿੰਗ ਰਾਹੀਂ ਰੋਮਾਨੀਆ ਲਿਜਾਇਆ ਗਿਆ ਸੀ। ਇਨ੍ਹਾਂ ਉਡਾਣਾਂ ਰਾਹੀਂ ਯੂਕਰੇਨ ਵਿੱਚ ਫਸੇ ਲਗਭਗ 16,000 ਭਾਰਤੀਆਂ ਨੂੰ ਬਾਹਰ ਕੱਢਿਆ ਜਾਵੇਗਾ ਅਤੇ ਇਸਦਾ ਖਰਚਾ ਸਰਕਾਰ ਚੁੱਕੇਗੀ।

ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਨੂੰ ਸੁਰੱਖਿਆ ਦੀ ਕੈਬਨਿਟ ਕਮੇਟੀ ਦੀ ਬੈਠਕ 'ਚ ਸਥਿਤੀ ਦੀ ਸਮੀਖਿਆ ਕਰਨਗੇ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਵਿੱਚ ਸਵਦੇਸ਼ੀ ਨਿਰਮਾਣ 'ਤੇ ਦਿੱਤਾ ਜ਼ੋਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੱਖਿਆ ਵਸਤੂਆਂ ਨੂੰ ਦਰਾਮਦ ਕਰਨ ਦੀ ਪ੍ਰਕਿਰਿਆ ਇੰਨੀ ਲੰਬੀ ਹੈ ਕਿ ਜਦੋਂ ਤੱਕ ਉਹ ਸਾਡੇ ਸੁਰੱਖਿਆ ਬਲਾਂ ਤੱਕ ਪਹੁੰਚਦੀਆਂ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਹੁੰਦੀਆਂ ਹਨ ਅਤੇ ਇਸ ਲਈ ਹੱਲ ਇਹ ਹੈ ਕਿ ਸਵਦੇਸ਼ੀ ਨਿਰਮਾਣ ਵੱਲ ਜਾਇਆ ਜਾਵੇ।

ਇਸਦੇ ਨਾਲ ਹੀ ਉਨ੍ਹਾਂ ਨੇ ਸਾਈਬਰ ਸੁਰੱਖਿਆ ਦੇ ਮੁੱਦੇ 'ਤੇ ਗੱਲ ਕਰਦਿਆਂ ਕਿਹਾ ਕਿ ਜਿੰਨਾ ਜ਼ਿਆਦਾ ਅਸੀਂ ਆਪਣੇ ਰੱਖਿਆ ਖੇਤਰ ਵਿੱਚ ਆਈਟੀ ਖੇਤਰ ਦੀ ਸ਼ਕਤੀ ਦੀ ਵਰਤੋਂ ਕਰਾਂਗੇ, ਅਸੀਂ ਆਪਣੀ ਸੁਰੱਖਿਆ ਵਿੱਚ ਓਨਾ ਹੀ ਜ਼ਿਆਦਾ ਭਰੋਸਾ ਰੱਖਾਂਗੇ।

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਰੱਖਿਆ ਮੰਤਰਾਲੇ ਦੇ ਪੋਸਟ-ਬਜਟ ਵੈਬੀਨਾਰ ਵਿੱਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ, "ਗੁਲਾਮੀ ਦੇ ਦੌਰ 'ਚ ਅਤੇ ਆਜ਼ਾਦੀ ਤੋਂ ਤੁਰੰਤ ਬਾਅਦ ਵੀ, ਸਾਡੀ ਰੱਖਿਆ ਨਿਰਮਾਣ ਦੀ ਤਾਕਤ ਬਹੁਤ ਚੰਗੀ ਸੀ। ਭਾਰਤ ਵਿੱਚ ਬਣੇ ਹਥਿਆਰਾਂ ਨੇ ਦੂਜੇ ਵਿਸ਼ਵ ਯੁੱਧ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਸੀ।''

ਹਾਲਾਂਕਿ ਬਾਅਦ ਦੇ ਸਾਲਾਂ ਵਿੱਚ ਸਾਡੀ ਇਹ ਤਾਕਤ ਕਮਜ਼ੋਰ ਹੁੰਦੀ ਰਹੀ, ਪਰ ਇਹ ਦਰਸਾਉਂਦਾ ਹੈ ਕਿ ਭਾਰਤ ਵਿੱਚ ਨਾ ਤਾਂ ਉਸ ਵੇਲੇ ਸਮਰੱਥਾ ਦੀ ਕੋਈ ਕਮੀ ਸੀ ਅਤੇ ਨਾ ਹੀ ਹੁਣ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ 75 ਤੋਂ ਵੱਧ ਦੇਸ਼ਾਂ ਨੂੰ ਮੇਡ ਇਨ ਇੰਡੀਆ ਰੱਖਿਆ ਉਪਕਰਨ ਅਤੇ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

ਰੂਸ 'ਤੇ ਅਮਰੀਕੀ ਪਾਬੰਦੀਆਂ ਦਾ ਅਸਰ ਭਾਰਤ 'ਤੇ ਵੀ ਪਵੇਗਾ

ਬੀਤੀ ਰਾਤ ਅਮਰੀਕਾ ਨੇ ਰੂਸ 'ਤੇ, ਇਸਦੇ ਫੌਜੀ ਉਦਯੋਗਿਕ ਕੰਪਲੈਕਸ ਸਮੇਤ ਹੋਰ ਸਖ਼ਤ ਪਾਬੰਦੀਆਂ ਲਗਾਈਆਂ। ਇਸ ਤੋਂ ਬਾਅਦ ਭਾਰਤ ਨੂੰ ਵੀ ਰੂਸ ਅਤੇ ਅਮਰੀਕਾ ਨਾਲ ਆਪਣੇ ਰਿਸ਼ਤਿਆਂ ਨੂੰ ਸੁਰੱਖਿਅਤ ਰੱਖਣ ਲਈ ਸੰਤੁਲਨ ਬਣਾਏ ਰੱਖਣਾ ਪਏਗਾ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਰੂਸ 'ਤੇ ਭਾਰੀ ਪਾਬੰਦੀਆਂ ਦਾ ਵਰਣਨ ਕਰਦੇ ਹੋਏ ਅਮਰੀਕੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਰੂਸੀ ਰੱਖਿਆ ਮੰਤਰਾਲੇ ਸਮੇਤ 'ਫੌਜੀ ਅੰਤਮ ਉਪਭੋਗਤਾਵਾਂ' ਵਿਰੁੱਧ ਕਦਮ ਸ਼ਾਮਲ ਹਨ।

ਭਾਰਤ ਰੂਸ ਦੁਆਰਾ ਤਿਆਰ ਕੀਤੇ ਫੌਜੀ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦਾ ਸਭ ਤੋਂ ਵੱਧ ਦਰਾਮਦ ਕਰਨ ਵਾਲਿਆਂ ਵਿੱਚੋਂ ਇੱਕ ਹੈ। ਇਨ੍ਹਾਂ ਪਾਬੰਦੀਆਂ ਵਿੱਚ ਸ਼ਾਮਲ ਹੈ ਕਿ ਯੂਐੱਸ ਮੂਲ ਦੇ ਸੌਫਟਵੇਅਰ, ਤਕਨਾਲੋਜੀ ਜਾਂ ਸਾਜ਼ੋ-ਸਾਮਾਨ ਦੀ ਵਰਤੋਂ ਕਰਦੇ ਹੋਏ, ਵਿਦੇਸ਼ੀ ਦੇਸ਼ਾਂ (ਯੂਰਪ, ਯੂਕੇ, ਆਸਟਰੇਲੀਆ ਜਾਂ ਜਾਪਾਨ) ਵਿੱਚ ਤਿਆਰ ਕੀਤੇ ਗਏ ਉਤਪਾਦਾਂ ਸਮੇਤ ਸਾਰੀਆਂ ਅਮਰੀਕੀ ਵਸਤੂਆਂ ਦੀ ਬਰਾਮਦ ਦਾ ਨਿਸ਼ਾਨਾ 'ਫੌਜੀ ਅੰਤਮ ਉਪਭੋਗਤਾਵਾਂ' ਤੱਕ ਸੀਮਤ ਹੋਵੇਗਾ।

ਪਾਬੰਦੀਆਂ ਵਿੱਚ ਸੈਮੀਕੰਡਕਟਰਾਂ, ਦੂਰਸੰਚਾਰ, ਐਨਕ੍ਰਿਪਸ਼ਨ ਸੁਰੱਖਿਆ, ਲੇਜ਼ਰ, ਸੈਂਸਰ, ਨੇਵੀਗੇਸ਼ਨ, ਐਵੀਓਨਿਕਸ ਅਤੇ ਸਮੁੰਦਰੀ ਤਕਨਾਲੋਜੀਆਂ 'ਤੇ ਪਾਬੰਦੀ ਵੀ ਸ਼ਾਮਲ ਹੋਵੇਗੀ। ਅਮਰੀਕਾ ਦਾ ਅੰਦਾਜ਼ਾ ਹੈ ਕਿ ਇਹ ਰੂਸ ਦੇ ਫੌਜੀ ਉਦਯੋਗਿਕ ਕੰਪਲੈਕਸ ਲਈ 50 ਬਿਲੀਅਨ ਡਾਲਰ ਤੋਂ ਵੱਧ ਨਿਵੇਸ਼ ਨੂੰ ਰੋਕ ਦੇਵੇਗਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)