ਪੰਜਾਬ ਚੋਣਾਂ : ਵੋਟਿੰਗ ਦੌਰਾਨ ਕਈ ਥਾਈਂ ਝੜਪਾਂ ਪਰ ਇੱਕ ਪਿੰਡ ਨੇ ਕਾਇਮ ਕੀਤੀ ਮਿਸਾਲ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਲਈ 117 ਹਲਕਿਆਂ ਲਈ ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਚੋਣਾਂ ਕੁੱਲ ਮਿਲਾ ਕੇ ਸ਼ਾਂਤ ਰਹੀਆਂ ਪਰ ਇਸ ਦੌਰਾਨ ਕਿਤੇ ਕੁਝ ਅਣਸੁਖਾਵੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਅਦਾਕਾਰ ਸੋਨੂ ਸੂਦ ’ਤੇ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ।

ਮੋਗਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਜਸਬੀਰ ਸ਼ੇਤਰਾ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਉੱਤੇ ਚੋਣ ਕਮਿਸ਼ਨ ਨੇ ਫ਼ਿਲਮ ਅਦਾਕਾਰ ਸੋਨੂੰ ਸੂਦ ਦੀ ਮੋਗਾ ਵਿਚ ਗੱਡੀ ਜ਼ਬਤ ਕਰ ਲਈ ਸੀ।

ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਮੋਗਾ ਤੋਂ ਕਾਂਗਰਸ ਦੀ ਉਮੀਦਵਾਰ ਹਨ ਅਤੇ ਸੋਨੂੰ ਸੂਦ ਉੱਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲੱਗੇ ਹਨ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਪੋਲਿੰਗ ਖ਼ਤਮ ਹੋਣ ਤੱਕ ਘਰ ਵਿਚ ਹੀ ਮਹਿਦੂਦ ਰਹਿਣ ਲਈ ਕਿਹਾ ਸੀ।

ਸੋਨੂੰ ਸੂਦ ਨੇ ਇੱਕ ਵੀਡੀਓ ਵੀ ਵਾਇਰਲ ਕੀਤੀ ਜਿਸ ਵਿਚ ਉਹ ਕਹਿ ਰਹੇ ਹਨ ਕਿ ਕਿਸੇ ਤੋਂ ਡਰਨ ਦੀ ਲੋੜ ਨਹੀਂ, ਸਾਰੇ ਜਣੇ ਡਟ ਜਾਓ।

ਸੋਨੂੰ ਸੂਦ ਨੇ ਇੱਕ ਟਵੀਟ ਕਰਕੇ ਮੋਗਾ ਵਿਚ ਵਿਰੋਧੀ ਉਮੀਦਵਾਰਾਂ ਉੱਤੇ ਇਲਜ਼ਾਮ ਲਗਾਇਆ ਕਿ ਉਹ ਪੈਸਿਆਂ ਨਾਲ ਵੋਟਾਂ ਖਰੀਦ ਰਹੇ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰੇ।

ਗੜ੍ਹਸ਼ੰਕਰ ਹਲਕੇ ਦੇ ਦੋ ਪਿੰਡਾਂ ਨੇ ਕਿਉਂ ਕੀਤਾ ਚੋਣਾਂ ਦਾ ਬਾਈਕਾਟ

ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਪਿੰਡ ਬਸਿਆਲਾ ਅਤੇ ਰਸੂਲਪੁਰ ਨੂੰ ਜਾਣ ਵਾਲੀ ਲਿੰਕ ਸੜਕ ਰੇਲਵੇ ਵੱਲੋਂ ਗਾਡਰ ਲਾ ਕੇ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਦੋਵਾਂ ਪਿੰਡਾਂ ਦੇ ਵੋਟਰਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਤੇ ਸਾਢੇ ਚਾਰ ਵਜੇ ਤੱਕ ਇੱਕ ਵੀ ਵੋਟ ਨਹੀਂ ਪਈ ਸੀ।

ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਦੀ ਰਿਪੋਰਟ ਮੁਤਾਬਕ ਇੰਨ੍ਹਾਂ ਪਿੰਡਾਂ ਦੇ ਲੋਕਾਂ ਨੇ ਆਪਣੀ ਮੰਗ ਨੂੰ ਲੈ ਕੇ 7 ਫਰਵਰੀ ਤੋਂ ਧਰਨਾ ਲਾਇਆ ਹੋਇਆ ਹੈ ਜਿਹੜਾ ਕਿ ਲਗਾਤਾਰ ਜਾਰੀ ਹੈ।

ਗੜ੍ਹਸ਼ੰਕਰ ਨਵਾਂਸ਼ਹਿਰ ਰੋਡ ਤੇ ਪਿੰਡ ਬਸਿਆਲਾ ਨੂੰ ਜਾਣ ਵਾਲੇ ਲਿੰਕ ਸੜਕ `ਤੇ ਪੈਂਦੇ ਫਾਟਕ ਨੂੰ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰੋਸ ਧਰਨੇ ’ਤੇ ਬੈਠੇ ਸਨ।ਪਿੰਡ ਬਸਿਆਲਾ ਦੀਆਂ ਕੁੱਲ ਵੋਟ 1117 ਅਤੇ ਪਿੰਡ ਰਸੂਲਪੁਰ ਦੀ ਕੁੱਲ ਵੋਟ 462 ਹਨ।

ਦੋਵੇਂ ਪਿੰਡਾਂ ਦੀਆਂ ਕੁੱਲ ਵੋਟਾਂ 1579 ਬਣਦੀਆਂ ਹਨ। ਪਿਛਲੀਆਂ ਵਿਧਾਨ ਸਭਾ ਵਿੱਚ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚੋਂ 1650 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਜਿੱਤੀ ਸੀ।

'ਆਪ' ਉਮੀਦਵਾਰ ਦੀ ਗੱਡੀ 'ਤੇ ਹਮਲਾ

ਬੀਬੀਸੀ ਸਹਿਯੋਗੀ ਸੁਖਚਰਨਪ੍ਰੀਤ ਮੁਤਾਬਕ ਵਿਧਾਨ ਸਭਾ ਹਲਕਾ ਭਦੌੜ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਦੀ ਗੱਡੀ ਉੱਤੇ ਹਮਲਾ ਕੀਤਾ ਗਿਆ ਹੈ।

ਇਸ ਮਾਮਲੇ ਵਿਚ ਪੁਲਿਸ ਨੇ ਥਾਣਾ ਸ਼ਹਿਣਾ ਵਿਚ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਆਪ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਇਲਜ਼ਾਮ ਲਗਾਇਆ ਕਿ ਉਹ ਭਦੌੜ ਵਿਖੇ ਪੁਲਿੰਗ ਬੂਥ ਦੀ ਚੈਕਿੰਗ ਕਰਕੇ ਤਿੰਨਕੋਣੀ ਚੌਂਕ ਨੇੜੇ ਜਾ ਰਹੇ ਸਨ।

ਜਿੱਥੇ ਰਸਤੇ ਵਿੱਚ ਇੱਕ ਕਾਂਗਰਸੀ ਨੇਤਾ ਦੇ ਲੜਕੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਹਨਾਂ ਦੀ ਗੱਡੀ ਉਪਰ ਹਮਲਾ ਕਰ ਦਿੱਤਾ ਸੀ।

ਇਸ ਪਿੰਡ ਵਿੱਚ ਨਾ ਕੋਈ ਬੂਥ ਲੱਗਾ ਤੇ ਨਾ ਕਿਸੇ ਪਾਰਟੀਆਂ ਦੀ ਝੰਡੀਆਂ ਨਜ਼ਰ ਆਈਆਂ

ਬੀਬੀਸੀ ਸਹਿਯੋਗੀ ਜਸਬੀਰ ਸ਼ੇਤਰਾ ਦੀ ਰਿਪੋਰਟ ਮੁਤਾਬਕ, ਜਗਰਾਉਂ ਵਿਧਾਨ ਸਭਾ ਦੇ ਪਿੰਡ ਸਿਧਵਾਂ ਖੁਰਦ ਵਿਧਾਨ ਸਭਾ ਚੋਣਾਂ ਮੌਕੇ ਇਕ ਵਾਰ ਫਿਰ ਇਤਿਹਾਸ ਸਿਰਜਿਆ ਹੈ।

1300 ਵੋਟਾਂ ਵਾਲੇ ਪਿੰਡ ਵਿੱਚ ਇਕ ਪਾਸੇ ਜਿੱਥੇ ਸਾਰੇ ਪਿੰਡਾਂ 'ਚ ਹਰੇਕ ਪਾਰਟੀ ਦੇ ਬੂਥ ਲੱਗੇ ਤੇ ਘਰਾਂ 'ਤੇ ਝੰਡੀਆਂ ਦਿਖਾਈ ਦੇ ਰਹੀਆਂ ਸਨ ਤਾਂ ਦੂਜੇ ਪਾਸੇ ਇਕ ਇਕਲੌਤਾ ਅਜਿਹਾ ਪਿੰਡ ਬਣ ਗਿਆ ਜਿੱਥੇ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਬੂਥ ਲੱਗਿਆ ਅਤੇ ਨਾ ਹੀ ਘਰਾਂ 'ਤੇ ਝੰਡੀਆਂ ਲਾਈਆਂ ਗਈਆਂ।

ਪਿੰਡ ਦੇ ਵੱਖ-ਵੱਖ ਸਿਆਸੀ ਧਿਰਾਂ ਨਾਲ ਜੁੜੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਪਿੰਡ 'ਚ ਕਹਿ ਦਿੱਤਾ ਸੀ ਕਿ ਜਿਸ ਨੂੰ ਦਿਲ ਕਰੇ ਵੋਟ ਪਾ ਦਿੱਤੀ ਜਾਵੇ।

ਵੋਟਾਂ ਲਈ ਨਾ ਕੋਈ ਬੂਥ ਲੱਗੇਗਾ ਨਾ ਹੀ ਝੰਡੀ ਅਤੇ ਨਾ ਹੀ ਕਿਸੇ ਨੂੰ ਕਿਸੇ ਪਾਰਟੀ ਨੂੰ ਵੋਟ ਪਾਉਣ ਵਾਸਤੇ ਹੀ ਆਖਿਆ ਜਾਵੇਗਾ।

ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਇਸ ਦੇ ਨਾਲ ਲੱਗੇ ਸਿੱਧਵਾਂ ਕਲਾਂ ਪਿੰਡ ਨੇ ਵੀ ਇਕ ਪਹਿਲ ਕੀਤੀ ਸੀ ਤੇ ਉਥੇ ਸਾਰੀਆਂ ਸਿਆਸੀ ਧਿਰਾਂ ਦਾ ਸਾਂਝਾ ਬੂਥ ਲੱਗਾ ਸੀ।

ਪੋਲਿੰਗ ਬੂਥ 'ਤੇ ਮੌਤ

ਉਧਰ ਖੰਨਾ ਵਿੱਚ ਵੋਟ ਪਾਉਣ ਗਏ ਇੱਕ ਬਜ਼ੁਰਗ ਦੀ ਮੌਤ ਖ਼ਬਰ ਆਈ ਹੈ।

ਖੰਨਾ ਤੋਂ ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਦੀ ਰਿਪੋਰਟ ਮੁਤਾਬਕ ਵੋਟ ਪਾਉਣ ਗਏ ਸੇਵਾਮੁਕਤ ਮਾਸਟਰ ਦੀਵਾਨ ਚੰਦ ਦੀ ਪੋਲਿੰਗ ਬੂਥ ਉਪਰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

80 ਸਾਲਾ ਦੀਵਾਨ ਚੰਦ ਦੀ ਵੋਟ ਪਾਉਣ ਸਮੇਂ ਮੌਤ ਹੋਈ। ਉਹ ਏਐੱਸ ਮਾਡਰਨ ਸਕੂਲ 'ਚ ਬਣੇ ਬੂਥ ਨੰਬਰ 121 'ਤੇ ਬੂਥ ਪਾਉਣ ਗਏ ਸੀ।

ਜਦੋਂ ਉਨ੍ਹਾਂ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

'ਆਪ' ਤੇ ਭਾਜਪਾ ਵਰਕਰਾਂ ਵਿੱਚ ਝੜਪ

ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਜੱਲੋਕੇ ਵਿਖੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਰਕਰਾਂ ਦੇ ਵਿਚ ਝੜਪ ਦੀ ਖ਼ਬਰ ਵੀ ਆਈ ਹੈ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ ਮੁਤਾਬਕ, ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰਾਣਾ ਸੋਢੀ ਅਤੇ ਉਸ ਦੇ ਕਮਾਂਡੋਆਂ ਵੱਲੋਂ ਕੁੱਟਮਾਰ ਕਰਨ ਇਲਜ਼ਾਮ ਲਗਾਏ ਹਨ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)