You’re viewing a text-only version of this website that uses less data. View the main version of the website including all images and videos.
ਕਾਲਜ ਵਿਚ ਕੁੜੀਆਂ ਦੇ ਹਿਜ਼ਾਬ ਪਾਉਣ ਉੱਤੇ ਰੋਕ ਅਤੇ ਰੇਲ ਗੱਡੀ ਵਿਚੋਂ ਮੁਸਲਿਮ ਮਰਦ ਦੇ ਹਿੰਦੂ ਵਿਆਹੁਤਾ ਔਰਤ ਨੂੰ ਉਤਾਰਿਆ -ਪ੍ਰੈਸ ਰਿਵੀਊ
ਦੇਸ਼ ਵਿੱਚ ਮੁਸਲਿਮ ਘੱਟ ਗਿਣਤੀ ਖਿਲਾਫ ਹੋਈਆਂ ਦੋ ਘਟਨਾਵਾਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ।
ਪਹਿਲੀ ਘਟਨਾ, ਕਰਨਾਟਕ ਸੂਬੇ ਦੇ ਉਡੁਪੀ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਕਾਲਜ ਦੀ ਹੈ, ਜਿੱਥੇ ਮੁਸਲਿਮ ਵਿਦਿਆਰਥਣਾਂ ਦੇ ਇੱਕ ਸਮੂਹ ਨੂੰ ਹਿਜਾਬ ਪਹਿਨਣ ਕਾਰਨ ਹਫ਼ਤਿਆਂ ਤੋਂ ਕਲਾਸਾਂ ਦੇ ਬਾਹਰ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਨ੍ਹਾਂ ਕੁੜੀਆਂ ਨੂੰ 31 ਦਸੰਬਰ ਤੋਂ ਆਪਣੀਆਂ ਕਲਾਸਾਂ ਤੋਂ ਗੈਰ-ਹਾਜ਼ਰ ਮੰਨਿਆ ਗਿਆ ਹੈ। ਹਾਲਾਂਕਿ ਕੁੜੀਆਂ ਮੁਤਾਬਕ ਉਹ ਹਰ ਰੋਜ਼ ਕਾਲਜ ਆ ਰਹੀਆਂ ਹਨ।
ਅਲ ਜਜ਼ੀਰਾ ਦੀ ਖ਼ਬਰ ਮੁਤਾਬਕ, ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ ਕਿਉਂਕਿ ਹਿਜਾਬ ਕਾਲਜ ਦੀ ਵਰਦੀ ਦਾ ਹਿੱਸਾ ਨਹੀਂ ਹੈ।
ਪਰ ਕੁੜੀਆਂ ਨੇ ਅਲ ਜਜ਼ੀਰਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਿਜਾਬ "ਉਨ੍ਹਾਂ ਦੇ ਵਿਸ਼ਵਾਸ ਦਾ ਹਿੱਸਾ" ਹੈ ਅਤੇ ਇਸਦਾ ਪਾਲਨ ਕਰਨਾ "ਕਾਨੂੰਨ ਦੇ ਅਧੀਨ ਉਨ੍ਹਾਂ ਦੇ ਅਧਿਕਾਰ ਦੀ ਗਰੰਟੀ" ਹੈ।
ਕਾਲਜ ਦੇ ਇਸ ਰਵੱਈਏ ਨਾਲ ਵਿਦਿਆਰਥੀ ਅਤੇ ਅਧਿਕਾਰ ਸਮੂਹਾਂ ਵਿੱਚ ਰੋਸ ਦੀ ਭਾਵਨਾ ਹੈ ਅਤੇ ਉਨ੍ਹਾਂ ਨੇ ਕਾਲਜ ਪ੍ਰਸ਼ਾਸਨ 'ਤੇ ਮੁਸਲਿਮ ਘੱਟ ਗਿਣਤੀ ਦੇ ਵਿਰੁੱਧ ਪੱਖਪਾਤ ਕਰਨ ਦਾ ਦੋਸ਼ ਲਗਾਇਆ ਹੈ।
ਦੂਜੀ ਘਟਨਾ ਵਿੱਚ ਬਜਰੰਗ ਦਲ ਦੇ ਮੈਂਬਰਾਂ ਨੇ ਇੱਕ ਮੁਸਲਿਮ ਆਦਮੀ ਅਤੇ ਇੱਕ ਵਿਆਹੁਤਾ ਹਿੰਦੂ ਔਰਤ ਨੂੰ ਅਜਮੇਰ ਜਾਣ ਵਾਲੀ ਰੇਲਗੱਡੀ ਤੋਂ ਜ਼ਬਰਦਸਤੀ ਉਤਾਰ ਲਿਆ ਅਤੇ ਉਜੈਨ ਵਿੱਚ ਰੇਲਵੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ, ਬਜਰੰਗ ਦਲ ਦੇ ਮੈਂਬਰਾਂ ਨੇ ਮੁਸਲਿਮ ਵਿਅਕਤੀ 'ਤੇ 'ਲਵ ਜੇਹਾਦ' ਦਾ ਦੋਸ਼ ਲਗਾਇਆ।
ਰੇਲਵੇ ਪੁਲਿਸ ਨੇ ਦੋਵੇਂ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਦੋਸਤਾਂ ਤੋਂ ਪੁੱਛਗਿੱਛ ਕੀਤੀ ਅਤੇ ਦੋਵਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੇ ਆਉਣ ਤੱਕ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ। ਫਿਰ ਬਿਆਨ ਦਰਜ ਕਰਨ ਤੋਂ ਬਾਅਦ ਦੋਵਾਂ ਨੂੰ ਛੱਡ ਦਿੱਤਾ ਗਿਆ।
ਪੁਲਿਸ ਨੇ ਬਜਰੰਗ ਦਲ ਦੇ ਕਾਰਕੁਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ:
ਆਈਐੱਨਐੱਸ ਰਣਵੀਰ 'ਤੇ ਹੋਏ ਧਮਾਕੇ 'ਚ 3 ਜਵਾਨਾਂ ਦੀ ਮੌਤ
ਜਲ ਸੈਨਾ ਦੇ ਜਹਾਜ਼ ਆਈਐੱਨਐੱਸ ਰਣਵੀਰ 'ਤੇ ਹੋਏ ਧਮਾਕੇ ਕਾਰਨ ਜਲ ਸੈਨਾ ਦੇ ਤਿੰਨ ਨੇਵੀ ਦੇ ਜਵਾਨਾਂ ਦੀ ਮੌਤ ਹੋ ਗਈ ਹੈ।
ਬੀਬੀਸੀ ਹਿੰਦੀ ਦੀ ਖ਼ਬਰ ਮੁਤਾਬਕ, ਇਸ ਧਮਾਕੇ ਬਾਰੇ ਜਾਣਕਾਰੀ ਰੱਖਿਆ ਮੰਤਰਾਲੇ ਨੇ ਦਿੱਤੀ ਹੈ। ਦਿੱਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ, "ਅੱਜ ਨੇਵਲ ਡੌਕਯਾਰਡ ਮੁੰਬਈ ਵਿੱਚ ਮੰਦਭਾਗੀ ਘਟਨਾ ਵਾਪਰੀ ਜਿੱਥੇ ਆਈਐੱਨਐੱਸ ਰਣਵੀਰ ਦੇ ਇੱਕ ਕੰਪਾਰਟਮੈਂਟ ਵਿੱਚ ਹੋਏ ਧਮਾਕੇ 'ਚ ਤਿੰਨ ਨੌਸੈਨੀਕਾਂ ਦੀ ਮੌਤ ਹੋ ਗਈ ਹੈ।''
''ਜਹਾਜ਼ ਦੇ ਦਸਤੇ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਥਿਤੀ ਨੂੰ ਕਾਬੂ ਹੇਠ ਕਰ ਲਿਆ। ਕਿਸੇ ਵੱਡੇ ਨੁਕਸਾਨ ਦੀ ਖ਼ਬਰ ਨਹੀਂ ਹੈ।"
ਆਈਐੱਨਐੱਸ ਰਣਵੀਰ ਨੂੰ ਨਵੰਬਰ 2021 ਵਿੱਚ ਕਰਾਸ ਕੋਸਟ ਆਪ੍ਰੇਸ਼ਨ ਤੈਨਾਤੀ ਦੇ ਤਹਿਤ ਈਸਟਰਨ ਨੇਵਲ ਕਮਾਂਡ ਤੋਂ ਰਵਾਨਾ ਕੀਤਾ ਗਿਆ ਸੀ ਅਤੇ ਇਸਨੇ ਜਲਦੀ ਹੀ ਆਪਣੀ ਬੰਦਰਗਾਹ 'ਤੇ ਵਾਪਸ ਆਉਣਾ ਸੀ।
ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਲਈ ਇੱਕ ਬੋਰਡ ਦਾ ਗਠਨ ਕੀਤਾ ਗਿਆ ਹੈ।
ਕੋਵਿਡ ਦੀ ਤੀਸਰੀ ਲਹਿਰ: 23 ਜਨਵਰੀ ਨੂੰ ਇਸ ਲਹਿਰ ਦਾ ਸਿਖਰ ਆਉਣ ਦੀ ਸੰਭਾਵਨਾ
ਵਿਗਿਆਨੀਆਂ ਦੁਆਰਾ ਕੋਵਿਡ-19 ਦੀ ਸਥਿਤੀ ਦੇ ਤਾਜ਼ਾ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਤੀਜੀ ਲਹਿਰ ਦੀ ਸਮੁੱਚੀ ਸਿਖਰ 23 ਜਨਵਰੀ ਨੂੰ ਆਵੇਗੀ, ਪਰ ਰੋਜ਼ਾਨਾ ਕੇਸਾਂ ਦੀ ਸੰਖਿਆ 4 ਲੱਖ ਨੂੰ ਪਾਰ ਕਰਨ ਦੀ ਸੰਭਾਵਨਾ ਨਹੀਂ ਹੈ।
ਕੋਵਿਡ ਟਰੈਕਰ ਦੇ ਸੂਤਰ ਮਾਡਲ ਮੁਤਾਬਕ, ਰਾਜਧਾਨੀ ਦਿੱਲੀ ਅਤੇ ਮਹਾਨਗਰ ਮੁੰਬਈ ਵਿੱਚ ਜਨਵਰੀ ਦੇ ਦੂਜੇ ਹਫ਼ਤੇ ਦੇ ਸ਼ੁਰੂ ਵਿੱਚ ਹੀ ਇਸਦਾ ਸਿਖਰ ਆ ਚੁੱਕਿਆ ਹੈ।
ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਵੱਖ-ਵੱਖ ਸੂਬਿਆਂ ਵਿੱਚ ਚੱਲ ਰਹੀ ਤੀਜੀ ਲਹਿਰ ਦੇ ਸਿਖਰ ਦੀ ਜਾਣਕਾਰੀ ਦਿੰਦੇ ਹੋਏ, ਇਸ ਮਾਡਲ ਨੇ ਦੱਸਿਆ ਹੈ ਕਿ ਮੁੰਬਈ ਵਿੱਚ 12 ਜਨਵਰੀ ਨੂੰ ਇਹ ਆਪਣੇ ਸਿਖਰ 'ਤੇ ਪਹੁੰਚ ਗਈ ਸੀ ਅਤੇ ਹੁਣ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ।
ਜਦਕਿ ਦਿੱਲੀ 16 ਜਨਵਰੀ ਨੂੰ ਅਤੇ ਕੋਲਕਾਤਾ 13 ਜਨਵਰੀ ਨੂੰ ਕੋਵਿਡ ਦੀ ਤੀਜੀ ਲਹਿਰ ਆਪਣੇ ਸਿਖਰ 'ਤੇ ਸੀ। ਬੈਂਗਲੁਰੂ ਵਿੱਚ ਇਹ 22 ਜਨਵਰੀ ਨੂੰ ਸਿਖਰ 'ਤੇ ਪਹੁੰਚ ਜਾਵੇਗੀ।
ਖੋਜ ਮੁਤਾਬਕ, ਮਹਾਰਾਸ਼ਟਰ, ਗੁਜਰਾਤ ਅਤੇ ਯੂਪੀ 19 ਜਨਵਰੀ ਅਤੇ ਅਸਮ ਵਿੱਚ 26 ਜਨਵਰੀ ਨੂੰ ਇਸਦੇ ਸਿਖਰ 'ਤੇ ਪਹੁੰਚਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: