ਭਿਵਾਨੀ ਵਿੱਚ ਪਹਾੜ ਖਿਸਕਣ ਮਗਰੋਂ ਕਈ ਲੋਕਾਂ ਦੇ ਹੇਠਾਂ ਦਬੇ ਹੋਣ ਦਾ ਖਦਸ਼ਾ, ਬਚਾਅ ਕਾਰਜ ’ਚ ਇਹ ਮੁਸ਼ਕਿਲਾਂ ਆ ਰਹੀਆਂ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਸ਼ਨਿੱਚਰਵਾਰ ਨੂੰ ਭਿਵਾਨੀ ਵਿੱਚ ਵਾਪਰੀ ਪਹਾੜ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ ਤਿੰਨ ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜਦਕਿ ਕਈਆਂ ਦੇ ਫ਼ਸੇ ਹੋਣ ਦਾ ਖ਼ਦਸ਼ਾ ਹੈ।

ਭਿਵਾਨੀ ਦੇ ਡਿਪਟੀ ਕਮਿਸ਼ਨਰ ਆਰਐਸ ਢਿੱਲੋਂ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ, "ਸਵੇਰੇ ਤਕਰੀਬਨ ਨੌਂ-ਸਾਢੇ ਨੌਂ ਵਜੇ ਇਹ ਹਾਦਸਾ ਹੋਇਆ ਹੈ। ਪਹਾੜ ਖਿਸਕਣ ਤੋਂ ਬਾਅਦ ਜਿੱਥੇ ਮਾਈਨਿੰਗ ਗਤੀਵਿਧੀ ਹੋ ਰਹੀ ਸੀ ਉੱਥੇ ਡਿੱਗ ਪਿਆ।"

ਹਾਦਸੇ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਸੰਜੇ (ਵਾਸੀ ਜੀਂਦ) ਵਿਜੇਂਦਰ (ਤੋਸ਼ਮ ਵਾਸੀ) ਅਤੇ ਤੂਫ਼ਾਨ ਸਿੰਘ (ਵਾਸੀ ਝਾਰਖੰਡ) ਵਜੋਂ ਹੋਈ ਹੈ।

ਹਾਲਾਂਕਿ ਭਿਵਾਨੀ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਕਰਵਾਏ ਜਾ ਰਹੇ ਹਨ ਪਰ ਸੂਬਾ ਸਰਕਾਰ ਵੱਲੋਂ ਹਿਸਾਰ ਕੈਂਟ ਵਿੱਚ ਤਾਇਨਾਤ ਭਾਰਤੀ ਫ਼ੌਜ ਅਤੇ ਨੋਇਡਾ ਤੋਂ ਐਨਡੀਆਰਆਫ਼ ਤੋਂ ਵੀ ਮਦਦ ਮੰਗੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਸ਼ਾਮ ਨੂੰ ਕੀ ਕੁਝ ਦੱਸਿਆ

ਮੌਕੇ 'ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਭਿਵਾਨੀ ਦੇ ਡਿਪਟੀ ਕਮਿਸ਼ਨਰ ਆਰ ਐਸ ਢਿੱਲੋਂ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ, "ਸਵੇਰੇ ਤਕਰੀਬਨ ਨੌਂ-ਸਾਢੇ ਵਜੇ ਇਹ ਹਾਦਸਾ ਹੋਇਆ ਹੈ। ਪਹਾੜ ਖਿਸਕਣ ਤੋਂ ਬਾਅਦ ਜਿੱਥੇ ਮਾਈਨਿੰਗ ਗਤੀਵਿਧੀ ਹੋ ਰਹੀ ਸੀ ਉੱਥੇ ਡਿੱਗ ਪਿਆ।"

"ਪ੍ਰਸ਼ਾਸਨ ਨੂੰ ਜਦੋਂ ਪਤਾ ਲੱਗਿਆ ਤਾਂ ਪੀੜਤਾਂ ਨੂੰ ਜਲਦੀ ਤੋਂ ਜਲਦੀ ਇਲਾਜ ਮਿਲ ਸਕੇ ਅਤੇ ਜਾਨੀ ਨੁਕਾਸਾਨ ਘਟਾਇਆ ਜਾ ਸਕੇ, ਇਸ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।"

"ਤਕਰੀਬਨ 10-12 ਗੱਡੀਆਂ ਦੀ ਸਾਨੂੰ ਜਾਣਕਾਰੀ ਹੈ, ਛੇ ਕੁ ਡੰਪਰ ਸਨ। ਉਸ ਹਿਸਾਬ ਨਾਲ 15-20 ਲੋਕ ਲਾਪਤਾ ਹਨ।"

"ਸਵੇਰ ਤੋਂ ਪੰਜ ਪੀੜਤ ਕੱਢੇ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ ਪਰ ਇੱਕ ਦੀ ਬਾਂਹ ਦੀ ਹੱਡੀ ਟੁੱਟੀ ਹੋਈ ਹੈ।"

"ਮਨੁੱਖੀ ਨੁਕਸਾਨ ਨੂੰ ਘਟਾਉਣ ਲਈ ਐਨਡੀਆਰਐਫ਼ ਨੂੰ ਮਦਦ ਲਈ ਬੇਨਤੀ ਕੀਤੀ ਗਈ ਹੈ।"

ਡਿਪਟੀ ਕਮਿਸ਼ਨਰ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ,"ਕਿ ਇਹ ਕੋਈ ਸੌਖਾ ਆਪ੍ਰੇਸ਼ਨ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਕਿ ਵੱਡੇ-ਵੱਡੇ ਬੋਲਡਰ ਡਿੱਗੇ ਹਨ। ਇਨ੍ਹਾਂ ਬੋਲਡਰਾਂ ਨੂੰ ਮਸ਼ੀਨਾਂ ਨਾਲ ਹੀ ਕੱਢਿਆ ਜਾਂਦਾ ਹੈ।"

"ਮੇਰੇ ਕੋਲ ਜੋ ਜਾਣਕਾਰੀ ਹੈ ਕਿ ਇੱਥੇ ਕਰੀਬ 15-20 ਲੋਕ ਕੰਮ ਕਰ ਰਹੇ ਹੋਣਗੇ।"

ਉਨ੍ਹਾਂ ਨੇ ਅੱਗੇ ਦੱਸਿਆ "ਉਹ ਕੰਮ ਵੀ ਬੜੇ ਧਿਆਨ ਨਾਲ ਕੀਤਾ ਜਾਂਦਾ ਹੈ ਤਾਂ ਜੇ ਕੋਈ ਮਾਈਨਰ ਉਨ੍ਹਾਂ ਦੇ ਥੱਲੇ ਠੀਕ ਹੋਣ ਤਾਂ ਉਨ੍ਹਾਂ ਨੂੰ ਵੀ ਠੀਕ-ਠਾਕ ਕੱਢਿਆ ਜਾਵੇ ਤਾਂ ਜੋ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਸਕੇ।"

ਇਹ ਵੀ ਪੜ੍ਹੋ:

ਭਾਜਪਾ ਐੱਮਪੀ ਨੇ ਚੁੱਕੇ ਸਵਾਲ

ਘਟਨਾ ਉੱਪਰ ਸਦਮੇ ਦਾ ਪ੍ਰਗਟਾਵਾ ਕਰਦਿਆਂ ਭਿਵਾਨੀ ਤੋਂ ਭਾਜਪਾ ਸਾਂਸਦ ਧਰਮਬੀਰ ਸਿੰਘ ਨੇ ਕਿਹਾ ਕਿ ਮਾਈਨਿੰਗ 500-700 ਫੁੱਟ ਹੇਠਾਂ ਤੱਕ ਪਹੁੰਚ ਗਈ ਸੀ ਜੋ ਸਹੀ ਨਹੀਂ ਹੈ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮਾਈਨਿੰਗ ਠੇਕੇਦਾਰ ਮਾਈਨਿੰਗ ਖੇਤਰ ਵਿੱਚ ਕਿਸੇ ਬਾਹਰੀ ਵਿਅਕਤੀ ਨੂੰ ਜਾਣ ਨਹੀਂ ਦਿੰਦਾ ਸੀ।

ਉਨ੍ਹਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਡਿਊਟੀ ਨਿਭਾ ਰਹੇ ਸਰਕਾਰੀ ਅਧਿਕਾਰੀਆਂ ਨੂੰ ਵੀ ਮਾਈਨਿੰਗ ਖੇਤਰ ਵਿੱਚ ਜਾਣ ਨਹੀਂ ਦਿੱਤਾ ਜਾਂਦਾ ਸੀ।

ਉਨ੍ਹਾਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾ ਕੇ ਹਾਦਸੇ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਾਹਮਣੇ ਲਿਆਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਲ ਗੱਲ ਕਰਨਗੇ।

ਸੂਬੇ ਵਿੱਚ ਮਾਈਨਿੰਗ ਦੀ ਸਥਿਤੀ ਬਾਰੇ ਪੁੱਛੇ ਜਾਣ ਤੇ ਸਾਂਸਦ ਨੇ ਦੱਸਿਆ ਕਿ ਠੇਕੇਦਾਰ ਖ਼ਿਲਾਫ਼ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਸਨ ਪਰ ਉਨ੍ਹਾਂ ਨੂੰ ਸਹੀ ਤਰ੍ਹਾਂ ਨਜਿੱਠਿਆ ਨਹੀਂ ਗਿਆ।

ਉਨ੍ਹਾਂ ਨੇ ਕਿਹਾ, "ਜੇ ਸ਼ਿਕਾਇਤਾਂ ਵੱਲ ਸਮਾਂ ਰਹਿੰਦਿਆਂ ਧਿਆਨ ਦਿੱਤਾ ਜਾਂਦਾ ਤਾਂ, ਦੁਖਾਂਤ ਰੋਕਿਆ ਜਾ ਸਕਦਾ ਸੀ।"

ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟਵੀਟ ਕਰਕੇ ਚਾਰ ਮੌਤਾਂ ਦੀ ਪੁਸ਼ਟੀ ਕੀਤੀ ਸੀ। ਉਨਾਂ ਨੇ ਦੱਸਿਆ ਸੀ ਕਿ ਸਟੇਟ ਡਿਜ਼ਾਸਟਰ ਰਿਲੀਫ਼ ਫੋਰਸ ਅਤੇ ਹਿਸਾਰ ਤੋਂ ਫ਼ੌਜ ਦੀ ਇੱਕ ਇਕਾਈ ਨੂੰ ਵੀ ਮਦਦ ਲਈ ਬੁਲਾਇਆ ਗਿਆ ਹੈ।

ਕਾਂਗਰਸ ਨੇ ਸੂਬਾ ਸਰਕਾਰ ਨੂੰ ਘੇਰਿਆ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਰੋਹਤਕ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਹਾਦਸੇ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਉਨ੍ਹਾਂ ਨੇ ਹਾਦਸੇ ਵਿੱਚ ਨਿਆਂਇਕ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ, "ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਵਿੱਚ ਗੰਭੀਰ ਟਿੱਪਣੀ ਕੀਤੀ ਹੈ ਅਤੇ ਇਸ ਖੇਤਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਸੂਬਾ ਸਰਕਾਰ ਜਾਂਚ ਨਹੀਂ ਕਰਵਾ ਰਹੀ ਹੈ।"

ਕਾਂਗਰਸੀ ਵਿਧਾਇਕ ਕਿਰਨ ਚੌਧਰੀ ਨੇ ਇਲਜ਼ਾਮ ਲਗਾਇਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਇਲਾਕੇ ਵਿੱਚ ਮਾਈਨਿੰਗ ਦੇ ਕੰਮ ਉੱਪਰ ਰੋਕ ਲਗਾਈ ਗਈ ਸੀ।

ਉਨ੍ਹਾਂ ਨੇ ਕਿਹਾ ਕਿ ਮਾਈਨਿੰਗ ਤੈਅ ਨਿਯਮਾਂ ਮੁਤਾਬਕ ਨਹੀਂ ਹੋ ਰਹੀ ਸੀ ਜਿਸ ਕਾਰਨ ਅਜਿਹੇ ਹਾਦਸੇ ਹੁੰਦੇ ਹਨ।

ਨਵੰਬਰ ਮਹੀਨੇ ਦੀ 10 ਤਰੀਕ ਨੂੰ ਕੌਮੀ ਰਾਜਧਾਨੀ ਖੇਤਰ ਵਿੱਚ ਪ੍ਰਦੂਸ਼ਣ ਵਧ ਜਾਣ ਕਾਰਨ ਦਾਨਮ ਸਮੇਤ ਕਈ ਇਲਕਿਆਂ ਵਿੱਚ ਮਾਈਨਿੰਗ ਉੱਪਰ ਰੋਕ ਲਗਾ ਦਿੱਤੀ ਗਈ ਸੀ।

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਹੇਠਾਂ ਆ ਜਾਣ ਦੇ ਬਾਵਜੂਦ ਵੀ ਮਾਈਨਿੰਗ ਨੂੰ ਰੋਕਿਆ ਹੋਇਆ ਸੀ।

ਇਸੇ ਦੌਰਾਨ ਠੇਕੇਦਾਰ, ਮਜ਼ਦੂਰ ਅਤੇ ਮਾਈਨਿੰਗ ਖੇਤਰ ਨਾਲ ਜੁੜੇ ਹੋਰ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੈਮੋਰੈਂਡਮ ਸੋਂਪਿਆ ਅਤੇ ਮਾਈਨਿੰਗ ਛੇਤੀ ਸ਼ੁਰੂ ਕਰਵਾਉਣ ਲਈ ਮੰਗ ਕੀਤੀ।

ਉਨ੍ਹਾਂ ਦਾ ਕਹਿਣਾ ਸੀ ਕਿ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਤੋਂ ਬਾਅਦ ਮਾਈਨਿੰਗ ਗਤੀਵਿਧੀਆਂ ਮੁੜ ਤੋਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ।

ਉਸ ਤੋਂ ਬਾਅਦ 13 ਦਸੰਬਰ ਨੂੰ ਹੀ ਮਾਈਨਿੰਗ ਮੁੜ ਸ਼ੁਰੂ ਹੋਈ ਸੀ ਅਤੇ ਬਿਜਲੀ ਦੇ ਕਨੈਕਸ਼ਨ ਬਹਾਲ ਕੀਤੇ ਗਏ ਸਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)