ਓਮੀਕਰੋਨ: ਦਿੱਲੀ ਵਿੱਚ ਰਾਤ ਦਾ ਕਰਫਿਊ, ਚੰਡੀਗੜ੍ਹ ਵਿਚ ਦੋ ਨਵੇਂ ਕੇਸ-ਜਾਣੋ ਲਾਗ ਦਾ ਪਤਾ ਕਿਵੇਂ ਲੱਗੇ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੋਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ।

ਇਹ ਕਰਫਿਊ ਕੱਲ੍ਹ, 27 ਦਸੰਬਰ ਤੋਂ ਅਮਲ ਵਿੱਚ ਆ ਜਾਵੇਗਾ, ਜੋ ਰਾਤ 11 ਵਜੇ ਤੋਂ ਸਵੇਰੇ 5 ਵਜੇ ਲਾਗੂ ਰਹੇਗਾ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 290 ਕੋਰੋਨਾਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ ਅਤੇ ਇੱਕ ਮੌਤ ਦਰਜ ਹੋਈ ਹੈ।

ਉਧਰ ਏਐੱਨਆਈ ਮੁਤਾਬਕ ਹੀ ਨੈਸ਼ਨਲ ਹੈਲਥ ਓਥੋਰਿਟੀ ਦੇ ਸੀਈਓ ਡਾ. ਆਰਐੱਸ ਸ਼ਰਮਾ ਨੇ ਕਿਹਾ ਹੈ ਕਿ 60 ਸਾਲਾਂ ਤੋਂ ਉੱਤੇ ਦੇ ਲੋਕਾਂ ਨੂੰ ਸਾਵਧਾਨੀ ਡੋਜ਼ (precautionary dose) ਲਈ ਕੋਮੋਰਬਿਡੀਟੀਸ ਸਰਟੀਫਿਕੇਟ (comorbidities certificate) ਦੀ ਲੋੜ ਹੈ।

ਚੰਡੀਗੜ੍ਹ ਵਿਚ ਓਮੀਕਰੋਨ ਦੇ 3 ਕੇਸ

ਚੰਡੀਗੜ੍ਹ ਪ੍ਰਸਾਸ਼ਨ ਮੁਤਾਬਕ ਸ਼ਹਿਰ ਵਿਚ ਓਮੀਕਰੋਨ ਵੇਰੀਐਂਟ ਦੇ ਦੋ ਨਵੇਂ ਪੌਜਿਟਿਵ ਕੇਸ ਸਾਹਮਣੇ ਆਏ ਹਨ। ਇਹ ਕੇਸ ਅਸਲ ਵਿਚ ਕੁਝ ਦਿਨ ਪਹਿਲਾਂ ਪੌਜਿਟਿਵ ਕੇਸ ਦੇ ਸੰਪਰਕ ਕੇਸ ਹਨ।

ਕੁਝ ਦਿਨ ਪਹਿਲਾਂ ਸ਼ਹਿਰ ਵਿਚ ਪੁਰਤਗਾਲ ਤੋਂ ਆਇਆ ਇੱਕ ਵਿਅਕਤੀ ਓਮੀਕਰੋਨ ਵੇਰੀਐਂਟ ਦੀ ਲਾਗ ਦਾ ਸ਼ਿਕਾਰ ਪਾਇਆ ਗਿਆ ।

ਸਿਹਤ ਮਹਿਕਮੇ ਨੇ ਇਸ ਵਿਅਕਤੀ ਦੇ ਸੰਪਰਕ ਵਿਚ ਆਏ 5 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਸਨ, ਜਿਨ੍ਹਾਂ ਵਿਚੋਂ 2 ਵਿਅਕਤੀ ਕੋਰੋਨਾ ਪੌਜਿਟਿਵ ਪਾਏ ਗਏ ਹਨ।

ਲਾਗ ਦਾ ਸ਼ਿਕਾਰ ਹੋਏ ਵਿਅਕਤੀਆਂ ਵਿਚੋਂ ਇੱਕ 80 ਸਾਲ ਦਾ ਬਜੁਰਗ ਹੈ, ਜੋ ਬਲੱਡ ਪ੍ਰੈਸਰ ਦਾ ਰੋਗੀ ਹੈ। ਪਰ ਇਹ ਵਿਅਕਤੀ ਵਿਚ ਬਿਮਾਰੀ ਬਿਨ੍ਹਾਂ ਲੱਛਣਾਂ ਵਾਲੀ ਹੈ।

ਇਸ ਵਿਅਕਤੀ ਨੂੰ ਪਹਿਲਾਂ ਹੀ ਹਸਪਤਾਲ ਵਿਚ ਆਈਸੋਲੇਟ ਕੀਤਾ ਗਿਆ ਸੀ, ਇਸ ਦਾ ਆਖ਼ਰੀ ਵਾਰ ਟੈਸਟ 24 ਦਸੰਬਰ ਨੂੰ ਕੀਤਾ ਗਿਆ ਸੀ , ਜਿਸ ਵਿਚ ਇਹ ਪੌਜਿਟਿਵ ਪਾਇਆ ਗਿਆ। ਹੁਣ ਇਸ ਦਾ ਅਗਲਾ ਟੈਸਟ ਪਹਿਲੀ ਜਨਵਰੀ 2021 ਨੂੰ ਹੋਵੇਗਾ।

ਲਾਗ ਦਾ ਸ਼ਿਕਾਰ ਹੋਇਆ ਦੂਜਾ ਵਿਅਕਤੀ 45 ਸਾਲ ਹੈ। ਉਸ ਦਾ ਟੈਸਟ ਨੈਗੇਟਿਵ ਆਇਆ ਹੈ, ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ।

ਦੱਸਿਆ ਗਿਆ ਕਿ ਬਾਕੀ ਤਿੰਨ ਵਿਅਕਤੀਆਂ ਦੀ ਜੀਨੌਮ ਟੈਸਟਿੰਗ ਰਿਪੋਰਟ ਆਉਣੀ ਬਾਕੀ ਹੈ, ਪਰ ਉਨ੍ਹਾਂ ਦੇ 24 ਦਸੰਬਰ ਨੂੰ ਹੋਏ ਟੈਸਟ ਨੈਗੇਟਿਵ ਆ ਚੁੱਕੇ।

ਚੰਡੀਗੜ੍ਹ ਵਿਚ ਹੁਣ ਤੱਕ ਤਿੰਨ ਕੇਸ ਓਮੀਕਰੋਨ ਵੇਰੀਐਂਟ ਦੇ ਆ ਚੁੱਕੇ ਹਨ ਅਤੇ 2 ਜਣਿਆਂ ਦੀ ਛੁੱਟੀ ਹੋ ਚੁੱਕੀ ।

ਓਮੀਕਰੋਨ ਦੀ ਲਾਗ ਦਾ ਪਤਾ ਕਿਵੇਂ ਲੱਗੇ

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਓਮੀਕਰੋਨ ਦੇ ਨਾਲ ਇਹ ਚੰਗੀ ਗੱਲ ਹੈ ਕਿ ਇਸ ਦਾ ਪਤਾ ਕੁਝ ਆਰਟੀ-ਪੀਸੀਆਰ ਟੈਸਟ ਤੋਂ ਪਤਾ ਚੱਲ ਸਕਦਾ ਹੈ।

ਇਸ ਨਾਲ ਇਸ ਦਾ ਪਤਾ ਲਗਾਉਣ ਵਿੱਚ ਅਤੇ ਫ਼ੈਲਣ ਤੋਂ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਕਈ ਦੂਜੇ ਵੇਰੀਐਂਟ ਦਾ ਪਤਾ ਲਗਾਉਣ ਲਈ ਜੈਨੇਟਿਕ ਸਿਕਵੈਂਸਿੰਗ ਦਾ ਸਹਾਰਾ ਲੈਣਾ ਪੈਂਦਾ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਆਰਟੀ-ਪੀਸੀਆਰ ਟੈਸਟ ਤੋਂ ਸਿਰਫ਼ ਇਹ ਪਤਾ ਲਗਦਾ ਹੈ ਕਿ ਕੋਈ ਵਿਅਕਤੀ ਕੋਰੋਨਾ ਪੀੜਤ ਹੈ ਜਾਂ ਨਹੀਂ, ਨਾ ਕਿ ਵੇਰੀਐਂਟ ਬਾਰੇ ਪਤਾ ਲੱਗਦਾ ਹੈ।

ਉਹ ਅੱਗੇ ਕਹਿੰਦੇ ਹਨ ਕਿ ਜੀਨੋਮ ਸਿਕਵੈਂਸਿੰਗ ਸਟਡੀ ਜ਼ਰੂਰੀ ਹੋ ਜਾਂਦੀ ਹੈ, ਪਰ ਸਾਰੇ ਲਾਗ ਵਾਲੇ ਸੈਂਪਲ ਨੂੰ ਜੀਨੋਮ ਸਿਕਵੈਂਸਿੰਗ ਲਈ ਨਹੀਂ ਭੇਜਿਆ ਜਾ ਸਕਦਾ।

ਓਮੀਕਰੋਨ ਮਿਊਟੇਸ਼ਨ ਨਾਲ ਜੁੜਿਆ ਹੈ, ਜੋ ਕਿ ਵਾਇਰਸ ਦਾ ਇੱਕ ਅਜਿਹਾ ਹਿੱਸਾ ਹੁੰਦਾ ਹੈ ਜੋ ਕਿ ਵਾਰ-ਵਾਰ ਬਦਲਦਾ ਹੈ ਤਾਂ ਜੋ ਉਹ ਖ਼ੁਦ ਨੰ ਦਵਾਈਆਂ ਅਤੇ ਰੋਗ-ਪ੍ਰਤਿਰੋਧ ਕੋਸ਼ਿਕਾਵਾਂ ਤੋਂ ਬਚਾ ਸਕੇ।

ਕਈ ਲੈਬਸ ਵਿੱਚ ਵੇਰੀਐਂਟਸ ਦਾ ਪਤਾ ਲਗਾਉਣ ਦੀ ਵੀ ਸੁਵਿਧਾ ਉਪਲਬਧ ਹੁੰਦੀ ਹੈ ਅਤੇ ਇਸ ਲਈ ਇਹ ਨਿਰਭਰ ਕਰਦਾ ਹੈ ਸੈਂਪਲ ਕਿੱਥੇ ਭੇਜਿਆ ਗਿਆ ਹੈ।

ਇਸ ਤੋਂ ਇਲਾਵਾ ਰੇਪਿਡ ਫਲੋਅ ਟੈਸਟ, ਜਿਸ ਨੂੰ ਘਰ ਵਿੱਚ ਵੀ ਕੀਤਾ ਜਾ ਸਕਦਾ ਹੈ, ਉਸ ਤੋਂ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਤੁਸੀਂ ਕਿਹੜੇ ਵੇਰੀਐਂਟ ਨਾਲ ਪੀੜਤ ਹੋ।

ਪਰ ਇਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਲਾਗ ਨਾਲ ਪੀੜਤ ਹੋ ਜਾਂ ਨਹੀਂ।

ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਕਿ ਲੋਕ ਕੋਰੋਨਾ ਨਾਲ ਪੀੜਤ ਹਨ ਜਾਂ ਨਹੀਂ ਪੀਸੀਆਰ ਟੈਸਟ ਰਾਹੀਂ ਸਵੈਬ ਲੈ ਕੇ ਉਸ ਨੂੰ ਲੈਬ ਵਿੱਚ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)