You’re viewing a text-only version of this website that uses less data. View the main version of the website including all images and videos.
ਓਮੀਰਕਰੋਨ : ਭਾਰਤ ਵਿਚ ਕਦੋਂ ਤੱਕ ਆ ਸਕਦੀ ਹੈ ਤੀਜੀ ਲਹਿਰ ਅਤੇ ਕੀ ਬਣ ਸਕਦੇ ਹਨ ਹਾਲਾਤ - ਪ੍ਰੈਸ ਰੀਵਿਊ
ਨੈਸ਼ਨਲ ਕੋਵਿਡ-19 ਸੁਪਰਮਾਡਲ ਕਮੇਟੀ ਦੇ ਮੈਂਬਰਾਂ ਅਨੁਸਾਰ, ਭਾਰਤ ਵਿੱਚ ਨਿਸ਼ਚਤ ਤੌਰ 'ਤੇ ਕੋਰੋਨਵਾਇਰਸ ਲਾਗ ਦੀ ਤੀਜੀ ਲਹਿਰ ਆਵੇਗੀ।
ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ, ਪੈਨਲ ਦੇ ਮੁਖੀ ਵਿਦਿਆਸਾਗਰ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਓਮੀਕਰੋਨ ਦੇ ਚੱਲਦਿਆਂ ਲਾਗ ਦੀ ਤੀਜੀ ਲਹਿਰ ਅਗਲੇ ਸਾਲ ਦੇ ਸ਼ੁਰੂ ਵਿੱਚ ਆਉਣ ਦੀ ਸੰਭਾਵਨਾ ਹੈ ਅਤੇ ਫਰਵਰੀ ਵਿੱਚ ਇਸਦਾ ਸਿਖਰ ਹੋ ਸਕਦਾ ਹੈ।
ਉਨ੍ਹਾਂ ਕਿਹਾ, "ਭਾਰਤ ਵਿੱਚ ਤੀਜੀ ਲਹਿਰ ਅਗਲੇ ਸਾਲ ਦੇ ਸ਼ੁਰੂ ਵਿੱਚ ਆਉਣ ਦੀ ਸੰਭਾਵਨਾ ਹੈ। ਦੇਸ਼ ਵਿੱਚ ਫਿਲਹਾਲ ਵੱਡੇ ਪੱਧਰ 'ਤੇ ਮੌਜੂਦ ਪ੍ਰਤੀਰੋਧਕ ਸਮਰੱਥਾ ਦੇ ਕਾਰਨ ਇਹ ਲਹਿਰ ਦੂਜੀ ਲਹਿਰ ਤੋਂ ਹਲਕੀ ਹੋਵੇਗੀ। ਨਿਸ਼ਚਿਤ ਤੌਰ 'ਤੇ ਤੀਜੀ ਲਹਿਰ ਹੋਵੇਗੀ। ਇਸ ਸਮੇਂ, ਰੋਜ਼ਾਨਾ ਲਗਭਗ 7,500 ਮਾਮਲੇ ਆ ਰਹੇ ਹਨ। ਇੱਕ ਵਾਰ ਜਦੋਂ ਓਮਿਕਰੋਨ ਵੇਰੀਐਂਟ ਡੈਲਟਾ ਦੀ ਥਾਂ ਵਧੇਰੇ ਫੈਲ ਜਾਵੇਗਾ, ਤਾਂ ਪ੍ਰਤੀ ਦਿਨ ਕੇਸ ਵਧਣੇ ਯਕੀਨੀ ਹਨ।''
ਉਨ੍ਹਾਂ ਕਿਹਾ ਕਿ ਕੇਸਾਂ ਦੀ ਗਿਣਤੀ ਇਸ ਗੱਲ 'ਤੇ ਆਧਾਰਿਤ ਹੋਵੇਗੀ ਕਿ ਓਮਿਕਰੋਨ ਵਿੱਚ ਵੈਕਸੀਨ-ਦੁਆਰਾ ਪ੍ਰਾਪਤ ਪ੍ਰਤੀਰੋਧਕ ਸ਼ਕਤੀ ਅਤੇ ਵਾਇਰਸ ਦੀ (ਪਹਿਲਾਂ ਹੋਈ) ਲਾਗ ਦੁਆਰਾ ਪ੍ਰਾਪਤ ਕੁਦਰਤੀ ਪ੍ਰਤੀਰੋਧਕਤਾ ਤੋਂ ਬਚਣ ਦੀ ਕਿੰਨੀ ਸਮਰੱਥਾ ਹੈ।
ਇੱਕ ਹੋਰ ਪੈਨਲ ਮੈਂਬਰ, ਮਨਿੰਦਾ ਅੱਗਰਵਾਲ ਨੇ ਕਿਹਾ ਕਿ ਭਾਰਤ ਵਿੱਚ ਪ੍ਰਤੀ ਦਿਨ ਇੱਕ ਲੱਖ ਤੋਂ ਦੋ ਲੱਖ ਕੇਸਾਂ ਦੇ ਰਿਪੋਰਟ ਹੋਣ ਦੀ ਉਮੀਦ ਹੈ ਜੋ ਕਿ ਦੂਜੀ ਲਹਿਰ ਤੋਂ ਘੱਟ ਹੋਣਗੇ।
ਲੰਘੇ ਸ਼ਨੀਵਾਰ ਤੱਕ ਭਾਰਤ ਵਿੱਚ ਓਮੀਕਰੋਨ ਮਾਮਲਿਆਂ ਦੀ ਸੰਖਿਆ 126 ਹੋ ਗਈ ਹੈ।
ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਮਹਾਰਾਸ਼ਟਰ ਵਿੱਚ 43, ਦਿੱਲੀ 'ਚ 22, ਰਾਜਸਥਾਨ 'ਚ 17, ਕਰਨਾਟਕ 'ਚ 14, ਤੇਲੰਗਾਨਾ ਵਿੱਚ 8, ਗੁਜਰਾਤ 'ਚ 7, ਕੇਰਲ 'ਚ 11, ਆਂਧਰਾ ਪ੍ਰਦੇਸ਼ 'ਚ 1, ਚੰਡੀਗੜ੍ਹ 'ਚ 1, ਤਾਮਿਲਨਾਡੂ ਅਤੇ ਪੱਛਮੀ ਬੰਗਾਲ 'ਚ ਵੀ 1-1 ਮਾਮਲੇ ਹੁਣ ਤੱਕ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ:
ਕਿਸਾਨ ਜਥੇਬੰਦੀਆਂ ਨੇ ਚੋਣਾਂ ਲੜਨ ਬਾਰੇ ਸਪਸ਼ਟ ਕੀਤਾ ਆਪਣਾ ਪੱਖ
ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਮੁੱਲਾਂਪੁਰ ਵਿੱਚ ਮੀਟਿੰਗ ਦੌਰਾਨ ਕਿਹਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਨੂੰ ਇੱਕ ਦਬਾਅ ਪਾਉਣ ਵਾਲੇ ਸਮੂਹ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਹੋਰ ਸਿਆਸੀ ਪਾਰਟੀਆਂ ਲਈ ਏਜੰਡਾ ਤੈਅ ਕਰਨਾ ਚਾਹੀਦਾ ਹੈ।
ਦੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਕਿ ਜੇਕਰ ਕੋਈ ਕਿਸਾਨ ਆਗੂ ਸਿਆਸੀ ਤੌਰ 'ਤੇ ਉਤਰਨ ਅਤੇ ਕਿਸੇ ਵਿਸ਼ੇਸ਼ ਪਾਰਟੀ ਦੀ ਟਿਕਟ 'ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕਰਦਾ ਹੈ, ਤਾਂ ਇਹ ਉਸ ਦਾ ਵਿਅਕਤੀਗਤ ਫੈਸਲਾ ਹੋਵੇਗਾ ਅਤੇ ਐਸਕੇਐਮ ਨੂੰ ਉਸ ਪਾਰਟੀ ਦੇ ਸਮਰਥਕ ਵਜੋਂ ਨਹੀਂ ਦੇਖਿਆ ਜਾਵੇਗਾ।
ਧਿਆਨ ਰਹੇ ਕਿ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋ ਬਲਬੀਰ ਸਿੰਘ ਰਾਜੇਵਾਲ ਦੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ ਅਤੇ ਹਰਮੀਤ ਸਿੰਘ ਕਾਦੀਆਂ ਵੱਲੋਂ 'ਆਪ' ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੇ ਜਾਣ ਦੀਆਂ ਵੀ ਚਰਚਾਵਾਂ ਹਨ।
ਹਾਲਾਂਕਿ ਕਿਸਾਨ ਆਗੂਆਂ ਰਾਜੇਵਾਲ ਅਤੇ ਜਗਜੀਤ ਸਿੰਘ ਡੱਲੇਵਾਲ ਵਿਚਕਾਰ ਜਨਤਕ ਝਗੜੇ ਦੇ ਮਾਮਲੇ ਵਿੱਚ ਐਸਕੇਐਮ ਨੇ ਸਰਬਸੰਮਤੀ ਨਾਲ ਮਤਾ ਪਾਇਆ ਕਿ ਕਿਸੇ ਵੀ ਨੇਤਾ ਖਿਲਾਫ ਕੋਈ ਬਿਆਨ ਜਨਤਕ ਨਹੀਂ ਕੀਤਾ ਜਾਵੇਗਾ ਅਤੇ ਮਤਭੇਦ (ਜੇ ਕੋਈ ਹਨ) ਅੰਦਰੂਨੀ ਤੌਰ 'ਤੇ ਹੱਲ ਕੀਤੇ ਜਾਣਗੇ।
ਇਸ ਦੌਰਾਨ ਆਗੂਆਂ ਨੇ ਇਹ ਵੀ ਕਿਹਾ ਕਿ ਜੇ ਪੰਜਾਬ ਵਿੱਚ ਟੋਲ ਪਲਾਜੇ ਬੰਦ ਹੋਣ ਤੋਂ ਪਹਿਲਾਂ ਵਾਲੀਆਂ ਦਰਾਂ 'ਤੇ ਕੰਮ ਕਰਨ ਲਈ ਤਿਆਰ ਹਨ ਤਾਂ ਉਹ ਉਨ੍ਹਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇ ਦੇਣਗੇ।
ਰਾਜਨਾਥ ਸਿੰਘ ਦਾ ਅਮਰੀਕਾ, ਰੂਸ ਅਤੇ ਹੋਰਾਂ ਨੂੰ "ਸੰਦੇਸ਼"
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਅਮਰੀਕਾ, ਰੂਸ, ਫਰਾਂਸ ਅਤੇ ਉਸ ਦੇ ਕਈ ਭਾਈਵਾਲ ਦੇਸ਼ਾਂ ਨੂੰ ਸਪੱਸ਼ਟ ਤੌਰ 'ਤੇ ਦੱਸ ਦਿੱਤਾ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੇ ਫੌਜੀ ਪਲੇਟਫਾਰਮ ਅਤੇ ਸਾਜੋ-ਸਾਮਾਨ ਦੇਸ਼ ਵਿੱਚ ਹੀ ਬਣਾਏ ਜਾਣੇ ਹਨ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਉਨ੍ਹਾਂ ਕਿਹਾ ਕਿ ਕਿਹਾ ਕਿ ਪ੍ਰਮਾਤਮਾ ਨੇ ਭਾਰਤ ਨੂੰ ਕੁਝ ਗੁਆਂਢੀ ਦਿੱਤੇ ਹਨ ਜੋ ਇਸ ਦੇ ਵਿਕਾਸ ਨੂੰ ਦੇਖ ਕੇ ਚੰਗਾ ਮਹਿਸੂਸ ਨਹੀਂ ਕਰਦੇ ਅਤੇ ਵੰਡ ਤੋਂ ਪੈਦਾ ਹੋਇਆ ਇੱਕ ਦੇਸ਼, ਭਾਰਤ ਦੇ ਵਿਕਾਸ ਨੂੰ ਲੈ ਕੇ ਹੋ ਰਹੀ ਚਿੰਤਾ ਵਿੱਚ ਕਮਜ਼ੋਰ ਹੁੰਦਾ ਜਾ ਰਿਹਾ ਹੈ।
ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦੇ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅਮਰੀਕਾ, ਰੂਸ ਅਤੇ ਫਰਾਂਸ ਸਮੇਤ ਦੁਨੀਆ ਦੇ ਜ਼ਿਆਦਾਤਰ ਦੇਸ਼ ਭਾਰਤ ਦੇ ਦੋਸਤ ਹਨ।
ਉਨ੍ਹਾਂ ਕਿਹਾ ਕਿ ''ਅਸੀਂ ਹਰ ਮਿੱਤਰ ਦੇਸ਼ ਨੂੰ ਕਿਹਾ ਹੈ ਕਿ ਅਸੀਂ ਦੇਸ਼ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਭਾਰਤ 'ਚ ਹੀ ਮਿਲਟਰੀ ਪਲੇਟਫਾਰਮ, ਹਥਿਆਰ ਅਤੇ ਗੋਲਾ-ਬਾਰੂਦ ਤਿਆਰ ਕਰਨਾ ਚਾਹੁੰਦੇ ਹਾਂ।''
ਇਹ ਵੀ ਪੜ੍ਹੋ:
ਇਹ ਵੀ ਦੇਖੋ: