You’re viewing a text-only version of this website that uses less data. View the main version of the website including all images and videos.
ਓਮੀਕਰੋਨ ਦੇ ਵਧਦੇ ਮਾਮਲੇ: ਕੈਨੇਡਾ ਸਰਕਾਰ ਨੇ ਲੋਕਾਂ ਨੂੰ ਦੇਸ਼ ਨਾ ਛੱਡਣ ਸਮੇਤ ਹੋਰ ਕੀ-ਕੀ ਕਿਹਾ ਹੈ - ਪ੍ਰੈੱਸ ਰੀਵਿਊ
ਤੇਜ਼ੀ ਨਾਲ ਫੈਲਣ ਵਾਲੇ ਓਮੀਕਰੋਨ ਕੋਰੋਨਵਾਇਰਸ ਬਾਰੇ ਚਿੰਤਤ ਕੈਨੇਡਾ ਦੀ ਸਰਕਾਰ ਨੇ ਬੁੱਧਵਾਰ ਨੂੰ ਵਸਨੀਕਾਂ ਨੂੰ ਦੇਸ਼ ਨਾ ਛੱਡਣ ਲਈ ਅਪੀਲ ਕੀਤੀ ਹੈ।
ਇਸਦੇ ਨਾਲ ਹੀ ਓਮੀਕਰੋਨ ਨਾਲ ਨਿਪਟਣ ਲਈ ਦੇਸ਼ ਵਿੱਚ ਟੀਕੇ ਲਗਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਕੈਨੇਡਾ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ, ਪਿਛਲੇ 7 ਦਿਨਾਂ ਵਿੱਚ ਵੱਡੇ ਗਿਣਤੀ ਵਿੱਚ ਮਾਮਲੇ ਸਾਹਮਣੇ ਆਏ ਹਨ।
ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ, "ਮੈਂ ਬਹੁਤ ਸਪੱਸ਼ਟ ਤੌਰ 'ਤੇ ਕਹਿੰਦਾ ਹਾਂ, ਹੁਣ ਯਾਤਰਾ ਕਰਨ ਦਾ ਸਮਾਂ ਨਹੀਂ ਹੈ।" ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਕੈਨੇਡਾ ਵਿੱਚ ਓਮੀਕਰੋਨ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਰਿਹਾ ਹੈ।''
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਸਮਝਦਾ ਹਾਂ ਕਿ ਇਹ ਪਰੇਸ਼ਾਨ ਕਰਨ ਵਾਲਾ ਹੈ।" ਇਸ ਦੌਰਾਨ ਟਰੂਡੋ ਨੇ ਕੈਨੇਡਾ ਦੇ ਲੋਕਾਂ ਨੂੰ ਜਨਤਕ ਸਿਹਤ ਸਲਾਹ ਦੀ ਪਾਲਣਾ ਕਰਨ ਅਤੇ "ਛੁੱਟੀਆਂ ਦੇ ਇਸ ਸਮੇਂ ਦੌਰਾਨ ਸਾਵਧਾਨ ਰਹਿਣ'' ਦੀ ਅਪੀਲ ਕੀਤੀ।
ਉਨ੍ਹਾਂ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਕੋਰੋਨਵਾਇਰਸ ਤੋਂ ਸੁਰੱਖਿਆ ਲਈ ਉਹ ਆਪਣੇ ਬੱਚਿਆਂ ਨੂੰ ਟੀਕੇ ਲਗਵਾ ਲੈਣ।
ਮੰਗਲਵਾਰ ਤੱਕ, ਪਿਛਲੇ ਦੋ ਹਫ਼ਤਿਆਂ ਦੌਰਾਨ ਓਨਟਾਰੀਓ ਵਿੱਚ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕਿਸੇ ਵੀ ਹੋਰ ਉਮਰ ਸਮੂਹ ਨਾਲੋਂ ਸਭ ਤੋਂ ਵੱਧ ਲਾਗ ਦੀ ਦਰ ਸੀ।
ਇਹ ਵੀ ਪੜ੍ਹੋ:
ਪ੍ਰੇਮਿਕਾ ਦੇ ਪਤੀ ਤੋਂ ਬਚਣ ਲਈ ਵਿਅਕਤੀ ਨੇ 5ਵੀਂ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ
ਰਾਜਸਥਾਨ ਦੇ ਜੈਪੁਰ ਵਿੱਚ ਇੱਕ 29 ਸਾਲਾ ਵਿਅਕਤੀ ਨੇ ਆਪਣੀ ਪ੍ਰੇਮਿਕਾ ਦੇ ਪਤੀ ਤੋਂ ਬਚਣ ਲਈ ਇੱਕ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਸਥਾਨਕ ਪੁਲਿਸ ਨੇ ਬੁੱਧਵਾਰ ਨੂੰ ਇਸਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਮੋਹਸੀਨ ਵਜੋਂ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ।
ਐੱਨਡਟੀਵੀ ਦੀ ਖ਼ਬਰ ਮੁਤਾਬਕ, ਉਹ ਇੱਕ ਵਿਆਹੁਤਾ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ, ਪ੍ਰਤਾਪ ਨਗਰ ਥਾਣੇ ਦੇ ਖੇਤਰ ਅਧੀਨ ਆਉਂਦੀ ਇੱਕ ਇਮਾਰਤ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਸਨ।
ਮਹਿਲਾ ਦੋ ਸਾਲ ਪਹਿਲਾਂ ਨੈਨੀਤਾਲ ਤੋਂ ਮੋਹਸੀਨ ਨਾਲ ਫਰਾਰ ਹੋ ਗਈ ਸੀ।
ਪੁਲਿਸ ਨੇ ਦੱਸਿਆ ਕਿ ਮਹਿਲਾ ਦਾ ਪਤੀ ਉਨ੍ਹਾਂ ਦੀ ਭਾਲ ਕਰ ਰਿਹਾ ਸੀ ਅਤੇ ਅਖੀਰ ਉਹ ਉਨ੍ਹਾਂ ਨੂੰ ਜੈਪੁਰ ਵਿੱਚ ਲੱਭਣ 'ਚ ਕਾਮਯਾਬ ਵੀ ਰਿਹਾ।
ਐਤਵਾਰ ਨੂੰ ਜਦੋਂ ਮਹਿਲਾ ਦਾ ਪਤੀ ਉਨ੍ਹਾਂ ਦੇ ਘਰ ਪਹੁੰਚ ਗਿਆ ਤਾਂ ਉਸ ਨੂੰ ਦੇਖ ਕੇ ਮੋਹਸੀਨ ਘਬਰਾ ਗਿਆ ਅਤੇ ਉਨ੍ਹਾਂ ਨੇ ਘਰ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ।
ਪ੍ਰਤਾਪ ਨਗਰ ਥਾਣੇ ਦੇ ਸਟੇਸ਼ਨ ਹਾਊਸ ਅਫਸਰ ਬਲਵੀਰ ਸਿੰਘ ਨੇ ਦੱਸਿਆ ਕਿ ਔਰਤ ਮੋਹਸੀਨ ਨੂੰ ਐਸਐਮਐਸ ਸਰਕਾਰੀ ਹਸਪਤਾਲ ਲੈ ਕੇ ਭੱਜੀ, ਜਿੱਥੇ ਸੋਮਵਾਰ ਰਾਤ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਔਰਤ ਅਤੇ ਉਨ੍ਹਾਂ ਦਾ ਪਤੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਬਲਵੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਮੋਹਸਿਨ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਪੰਜਾਬ ਸਰਕਾਰ ਨੇ ਨਿਯੁਕਤ ਕੀਤਾ ਨਵਾਂ ਡੀਜੀਪੀ
ਦੇਰ ਰਾਤ ਹੋਏ ਫੇਰਬਦਲ ਵਿੱਚ ਪੰਜਾਬ ਸਰਕਾਰ ਨੇ ਆਈਪੀਐਸ ਇਕਬਾਲ ਪ੍ਰੀਤ ਸਹੋਤਾ ਦੀ ਥਾਂ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਹੈ।
ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਪੰਜਾਬ ਸਰਕਾਰ ਦੁਆਰਾ ਅਚਾਨਕ ਲਏ ਗਏ ਇਸ ਫੈਸਲੇ ਨੂੰ ਲੈ ਕੇ ਥੋੜ੍ਹੀ ਹੈਰਾਨੀ ਜਤਾਈ ਜਾ ਰਹੀ ਹੈ ਕਿਉਂਕਿ ਸਹੋਤਾ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਮੰਨਿਆ ਜਾਂਦਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਉਨ੍ਹਾਂ ਨੂੰ ਹਟਾਉਣ ਲਈ ਦਬਾਅ ਪਾਉਣ ਦੇ ਬਾਵਜੂਦ ਵੀ ਉਹ ਆਪਣੇ ਅਹੁਦੇ 'ਤੇ ਬਣੇ ਰਹੇ ਸਨ।
ਚਟੋਪਾਧਿਆਏ, 1986 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਉਹ ਆਪਣੀ ਇਸ ਨਵੀਂ ਜ਼ਿੰਮੇਵਾਰੀ ਦੇ ਨਾਲ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਦਾ ਕਾਰਜਭਾਰ ਵੀ ਸੰਭਾਲਦੇ ਰਹਿਣਗੇ।
ਇਕਬਾਲ ਪ੍ਰੀਤ ਸਹੋਤਾ ਡੀਜੀਪੀ, ਪੀਏਪੀ, ਜਲੰਧਰ ਬਣੇ ਰਹਿਣਗੇ।
ਇਹ ਵੀ ਪੜ੍ਹੋ:
ਇਹ ਵੀ ਦੇਖੋ: