ਲਾਹੌਰ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਦਿੱਲੀ ਦਾ ਬੁਰਾ ਹਾਲ ਤੇ ਪੰਜਾਬ ਦੇ ਕਿਸ ਸ਼ਹਿਰ 'ਚ ਰਹੀ ਸਭ ਤੋਂ ਪ੍ਰਦੂਸ਼ਿਤ ਹਵਾ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਉਂਝ ਤਾਂ ਪ੍ਰਦੂਸ਼ਣ ਸਾਰਾ ਸਾਲ ਹੀ ਚਰਚਾ ਅਤੇ ਚਿੰਤਾ ਦਾ ਵਿਸ਼ਾ ਰਹਿੰਦਾ ਹੈ ਪਰ ਪਰਾਲੀ ਸਾੜਨ ਦੇ ਦਿਨਾਂ ਵਿੱਚ ਅਤੇ ਦੀਵਾਲੀ ਤੋਂ ਬਾਅਦ ਇਹ ਪਰੇਸ਼ਾਨੀ ਦਾ ਸਪੱਸ਼ਟ ਕਾਰਨ ਵੀ ਬਣ ਜਾਂਦਾ ਹੈ।

ਪਿਛਲੇ ਦਿਨਾਂ ਦੌਰਾਨ ਦਿੱਲੀ ਦੀ ਯਮੁਨਾ ਨਦੀ ਵਿੱਚ ਜ਼ਹਿਰੀਲੀ ਝੱਗ ਵਿੱਚ ਛਠ ਪੂਜਾ ਕਰਦੇ ਲੋਕਾਂ ਦੀਆਂ ਤਸਵੀਰਾਂ ਨੇ ਦੇਸ਼ ਦੀ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਹਰ ਸਾਲ ਵਾਂਗ ਇੱਕ ਸਿਆਸੀ ਮੁੱਦਾ ਬਣਾ ਦਿੱਤਾ।

ਸ਼ੁੱਕਰਵਾਰ ਨੂੰ ਖ਼ਬਰ ਏਜੰਸੀ ਏਐਨਆਈ ਨੇ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਿੰਟਗ ਐਂਡ ਰਿਸਰਚ ਦੇ ਹਵਾਲੇ ਨਾਲ ਦੱਸਿਆ ਕਿ ਸ਼ਹਿਰ/ਰਾਜ ਦੇ ਕਈ ਹਿੱਸਿਆਂ ਵਿੱਚ ਹਵਾ ਦੀ ਸਮੁੱਚੀ ਗੁਣਵੱਤਾ 360 ਦਰਜ ਕੀਤੀ ਗਈ ਹੈ।

ਦੁਪਹਿਰ ਦੇ 12 ਵਜੇ ਤੱਕ ਦਿੱਲੀ ਦੀਆਂ ਕਈ ਇਮਾਰਤਾਂ ਜਿਵੇਂ ਲੋਟਸ ਟੈਂਪਲ, ਅਕਸ਼ਰਧਾਮ ਮੰਦਿਰ ਅਤੇ ਕੁਤਬ ਮੀਨਾਰ ਆਦਿ ਧੂਏਂ ਅਤੇ ਸਮੋਗ ਦੇ ਸੰਘਣੇਪਣ ਕਾਰਨ ਦਿਖਾਈ ਨਹੀਂ ਦੇ ਰਹੀਆਂ ਸਨ।

ਚਰਚਾ ਵਿੱਚ ਰਿਹਾ ਹੈ ਕਿ ਦੀਵਾਲੀ ਦੇ ਪਟਾਕਿਆਂ ਕਾਰਨ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਗੰਭੀਰ ਨਿਘਾਰ ਆਉਂਦਾ ਹੈ।

ਪਿਛਲੇ ਸਮਿਆਂ ਦੌਰਾਨ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਪੰਜਾਬ-ਹਰਿਆਣਾ ਵਿੱਚ ਖੇਤੀਬਾੜੀ ਰਹਿੰਦ-ਖੂਹੰਦ (ਪਰਾਲੀ) ਨੂੰ ਸਾੜੇ ਜਾਣ ਕਾਰਨ ਪੈਦਾ ਹੋਇਆ ਧੂਆਂ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ।

ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਟਾਕੇ ਅਤੇ ਪਰਾਲੀ ਸਾੜਨ ਕਾਰਨ ਹਨ ਅਤੇ ਅਸਲੀ ਵਜ੍ਹਾ ਤਾਂ ਸਾਰਾ ਸਾਲ ਚੱਲਣ ਵਾਲੇ ਵਾਹਨ ਹਨ।

ਇਸ ਰਹਿੰਦ-ਖੂਹੰਦ ਨੂੰ ਸਾੜਨ ਦੇ ਬਦਲ ਵਜੋਂ ਕਿਸਾਨਾਂ ਨੂੰ ਕੀ ਦਿੱਤਾ ਜਾਵੇ ਇਸ ਬਾਰੇ ਵੀ ਵਿਚਾਰ ਹੁੰਦਾ ਹੈ।

ਇਹ ਵੀ ਪੜ੍ਹੋ:

ਇੱਕ ਰਾਇ ਇਹ ਹੈ ਕਿ ਪਰਾਲੀ ਦੀ ਵਰਤੋਂ ਕਾਗਜ਼, ਬਿਜਲੀ ਅਤੇ ਖੰਡ ਉਤਪਾਦਨ ਵਰਗੀ ਸਨਅਤ ਵਿੱਚ ਬਾਲਣ ਦੇ ਰੂਪ ਵਿੱਚ ਊਰਜਾ ਜ਼ਰੂਰਤਾਂ ਪੂਰੀਆਂ ਕਰਨ ਲਈ ਕੀਤੀ ਜਾਵੇ।

ਹਾਲਾਂਕਿ ਇਹ ਇੱਕ ਸੁਸਤ ਪ੍ਰਕਿਰਿਆ ਹੈ ਅਤੇ ਇਸ ਲਈ ਮਸ਼ੀਨਰੀ ਦੀ ਵੀ ਲੋੜ ਹੋਵੇਗੀ।

ਉੱਘੇ ਖੇਤੀ ਮਾਹਰ ਡਾ਼ ਦੇਵਿੰਦਰ ਸ਼ਰਮਾ ਨੇ ਖ਼ਬਰ ਏਜੰਸੀ ਰੌਇਟਰਜ਼ ਨਾਲ ਗੱਲਬਾਤ ਦੌਰਾਨ ਕਿਹਾ, ''ਪੰਜਾਬ ਅਤੇ ਹਰਿਆਣਾ ਨੂੰ ਇਨ੍ਹਾਂ ਮਸ਼ੀਨਾਂ ਦੇ ਕਬਾੜਖਾਨੇ ਵਿੱਚ ਬਦਲਣ ਨਾਲੋਂ ਸਰਕਾਰ ਨੂੰ ਕਿਸਾਨਾਂ ਨੂੰ ਝੋਨੇ ਦੀ 100 ਕਿੱਲੋ ਪਰਾਲੀ ਪਿੱਛੇ 200 ਰੁਪਏ ਦੇਣੇ ਚਾਹੀਦੇ ਹਨ ਜਿਸ ਨੂੰ ਕਿ ਕਈ ਸਨਅਤਾਂ ਦਾ ਢਿੱਡ ਭਰਨ ਲਈ ਵਰਤਿਆ ਜਾ ਸਕਦਾ ਹੈ।''

ਲਾਹੌਰ ਵਿੱਚ ਪ੍ਰਦੂਸ਼ਣ ਦੀ ਵਿਗੜਦੀ ਹਾਲਤ

ਦਿੱਲੀ ਇਕੱਲਾ ਨਹੀਂ ਹੈ ਜੋ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਅਮਰੀਕਾ ਦੇ ਏਅਰ ਕੁਆਲਿਟੀ ਇੰਡੈਕਸ ਵੱਲੋਂ ਜਾਰੀ ਕੀਤੇ ਗਏ ਡੇਟਾ ਮੁਤਾਬਕ ਲਾਹੌਰ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ।

ਬੁੱਧਵਾਰ ਨੂੰ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ 600 ਦਰਜ ਕੀਤੀ ਗਈ। ਇਸ ਸੂਚੀ ਵਿੱਚ ਕਰਾਚੀ ਪੰਜਵੇਂ ਨੰਬਰ 'ਤੇ ਹੈ।

ਇਸ ਤੋਂ ਇਲਾਵਾ ਪਾਕਿਸਤਾਨ ਦੇ ਹੋਰ ਸ਼ਹਿਰ ਗੁਲਬਰਗ (681), ਰਾਵਲਪਿੰਡੀ (626) ਅਤੇ ਲਾਹੌਰ ਦੇ ਅਨਾਰਕਲੀ ਮਾਰਕਿਟ (541) ਅਤੇ ਮਾਡਲ ਟਾਊਨ ਇਲਾਕੇ ਵਿੱਚ ਹਵਾ ਦੀ ਗੁਣਵੱਤਾ 532 ਦਰਜ ਕੀਤੀ ਗਈ।

ਪਾਕਿਸਤਾਨੀ ਪੰਜਾਬ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਤੋਂ ਪ੍ਰਸ਼ਾਸਨ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਹੈ।

ਪੰਜਾਬ ਵਿੱਚ ਪ੍ਰਦੂਸ਼ਣ ਦੀ ਸਥਿਤੀ

ਪੰਜਾਬ ਵਿੱਚ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਰਾਲੀ ਸਾੜਨ ਉੱਪਰ 56 ਲੱਖ ਰੁਪਏ ਦੇ ਜੁਰਮਾਨੇ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਵਿੱਚ ਪਰਾਲੀ ਦੇ ਸੀਜ਼ਨ ਵਿੱਚ ਇਸ ਮਹੀਨੇ ਨੌਂ ਤਰੀਕ ਤੱਕ 2019 ਦੇ ਇਸੇ ਅਰਸੇ ਦੌਰਾਨ ਪਰਾਲੀ ਫੂਕਣ ਦੀਆਂ ਦੁੱਗਣੀਆਂ ਘਟਨਾਵਾਂ ਹੋ ਚੁੱਕੀਆਂ ਹਨ।

ਤੁਲਨਾਤਮਕ ਰੂਪ ਵਿੱਚ ਇਹ ਮਾਮਲੇ ਹਾਲਾਂਕਿ ਇਸ ਸਾਲ ਪਿਛਲੇ ਸਾਲ 2020 ਦੇ ਮੁਕਾਬਲੇ ਘੱਟ ਹਨ।

ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦੇ 47,409 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 72% ਨਵੰਬਰ ਮਹੀਨੇ ਦੇ ਪਹਿਲੇ ਨੌ ਦਿਨਾਂ ਵਿੱਚ ਸਾਹਮਣੇ ਆਏ ਹਨ।

ਵੀਰਵਾਰ ਨੂੰ ਪਟਿਆਲਾ ਸੂਬੇ ਦਾ ਸਭ ਤੋਂ ਗੰਦੀ ਹਵਾ ਵਾਲਾ ਸ਼ਹਿਰ ਗਿਣਿਆ ਗਿਆ ਜਿੱਥੇ ਹਵਾ ਦੀ ਗੁਣਵੱਤਾ 296 ਦਰਜ ਕੀਤੀ ਗਈ।

ਇਸੇ ਤਰ੍ਹਾਂ ਜੇ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਬਠਿੰਡਾ- 283, ਜਲੰਧਰ-271, ਖੰਨਾ ਅਤੇ ਲੁਧਿਆਣਾ- 259, ਅਤੇ ਮੰਡੀ ਗੋਬਿੰਦਗੜ੍ਹ- 239 ਦਰਜ ਕੀਤੀ ਗਈ ਜਦਕਿ ਰੋਪੜ ਵਿੱਚ ਹਵਾ ਸਭ ਤੋਂ ਸਾਫ਼ 161 ਦਰਜ ਕੀਤੀ ਗਈ।

ਇਸ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਕੋਲ ਪਰਾਲੀ ਸਾੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ ਕਿਉਂਕਿ ਸਰਕਾਰ ਉਨ੍ਹਾਂ ਨੂੰ ਇਸ ਸਮੱਸਿਆ ਉੱਪਰ ਕਾਬੂ ਪਉਣ ਲਈ ਕੋਈ ਵੀ ਮਦਦ ਦੇਣ ਵਿੱਚ ਅਸਫ਼ਲ ਰਹੀ ਹੈ।

ਪਟਿਆਲਾ ਜ਼ਿਲ੍ਹੇ ਅੰਦਰ ਪੈਂਦੇ ਨਾਭਾ ਸ਼ਹਿਰ ਦੇ ਪਿੰਡ ਅਗੇਤੀ ਵਿੱਚ ਸਾਲ 2017 ਤੋਂ ਬਾਅਦ ਕਦੇ ਪਰਾਲੀ ਨਹੀਂ ਸਾੜੀ ਗਈ ਸੀ ਅਤੇ ਪਿੰਡ ਨੂੰ 'ਸਿਫ਼ਰ ਪਾਰਾਲੀ ਸਾੜਨ ਵਾਲੇ ਪਿੰਡ' ਵਜੋਂ ਜਾਣਿਆ ਜਾਂਦਾ ਸੀ।

ਦੋ ਸਾਲ ਸਰਕਾਰ ਦੇ ਵਚਨਾਂ ਉੱਪਰ ਫੁੱਲ ਚੜ੍ਹਾਉਣ ਤੋਂ ਬਾਅਦ ਇਸ ਵਾਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਅੱਗੇ ਬੇਬੱਸ ਹਨ ਅਤੇ ਪਰਾਲੀ ਸਾੜਨ ਲਈ ਮਜਬੂਰ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)