ਕੈਪਟਨ ਅਮਰਿੰਦਰ ਦਾ ਰਾਵਤ ਨੂੰ ਜਵਾਬ, ‘ਜੇ ਅਪਮਾਨ ਨਹੀਂ ਕਰਨਾ ਸੀ ਤਾਂ ਸਿੱਧੂ ਨੂੰ ਮੇਰੇ ਖ਼ਿਲਾਫ਼ ਬੋਲਣ ਦੀ ਖੁੱਲ੍ਹ ਕਿਉਂ ਦਿੱਤੀ’

ਤਸਵੀਰ ਸਰੋਤ, ANI
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਪੰਜਾਬ ਵਿੱਚ ਪੂਰੇ ਤਰੀਕੇ ਨਾਲ ਇਸ ਵੇਲੇ ਬੈਕਫੁੱਟ ਉੱਤੇ ਹੈ।
ਉਨ੍ਹਾਂ ਕਿਹਾ, "ਮੇਰੇ ਉੱਤੇ ਦਬਾਅ ਸਿਰਫ਼ ਕਾਂਗਰਸ ਦੀ ਵਫ਼ਾਦਾਰੀ ਦਾ ਸੀ। ਉਨ੍ਹਾਂ ਕਿਹਾ ਕਿ ਮੇਰੇ ਉੱਤੇ ਕੋਈ ਹੋਰ ਦਬਾਅ ਨਹੀਂ ਹੈ।"
ਕੈਪਟਨ ਅਮਰਿੰਦਰ ਨੇ ਇਹ ਬਿਆਨ ਹਰੀਸ਼ ਰਾਵਤ ਦੇ ਉਸ ਬਿਆਨ ਦੇ ਜਵਾਬ ਵਿੱਚ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਕਿਸੇ ਦਬਾਅ ਵਿੱਚ ਹਨ ਅਤੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਰਾਵਤ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਭਾਜਪਾ ਦੀ ਮਦਦ ਨਹੀਂ ਕਰਨੀ ਚਾਹੀਦੀ।
ਹਰੀਸ਼ ਰਾਵਤ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਦਾ ਕਾਂਗਰਸ ਪਾਰਟੀ ਵਿੱਚ ਕਿਸੇ ਤਰੀਕੇ ਦਾ ਕੋਈ ਅਪਮਾਨ ਨਹੀਂ ਹੋਇਆ ਹੈ।
ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਸੀ, ਅਟਕਲਾਂ ਸਨ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
ਹਾਲਾਂਕਿ ਕੈਪਟਨ ਨੇ ਕਿਹਾ, ਉਹ ਭਾਜਪਾ ਵਿੱਚ ਨਹੀਂ ਜਾ ਰਹੇ ਅਤੇ ਕਾਂਗਰਸ ਵਿੱਚ ਵੀ ਨਹੀਂ ਰਹਿਣਗੇ।
ਕੈਪਟਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਪਾਰਟੀ ਵਿੱਚ ਉਨ੍ਹਾਂ ਦਾ ਅਪਮਾਨ ਹੋਇਆ ਹੈ ਅਤੇ ਦੁਖੀ ਮਹਿਸੂਸ ਕਰ ਰਹੇ ਹਨ।
ਇਸੇ ਦੌਰਾਨ ਪੰਜਾਬ ਸਰਕਾਰ ਦੇ ਵਜਾਰਤੀ ਵਿਸਤਾਰ ਅਤੇ ਕੁਝ ਅਫ਼ਸਰਾਂ ਦੀਆਂ ਨਿਯੁਕਤੀਆਂ ਤੋਂ ਬਾਅਦ ਕਾਂਗਰਸ ਵਿੱਚ ਨਵਾਂ ਗ੍ਰਹਿ ਕਲੇਸ਼ ਛਿੜ ਪਿਆ ਹੈ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਮਗਰੋਂ ਕਈ ਮੀਟਿੰਗਾਂ ਦਾ ਦੌਰ ਚੱਲਿਆ। ਵੀਰਵਾਰ ਨੂੰ ਚਰਨਜੀਤ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ।
ਇਹ ਵੀ ਪੜ੍ਹੋ:
ਕੈਪਟਨ ਭਾਜਪਾ ਦੀ ਮਦਦ ਨਾ ਕਰਨ - ਰਾਵਤ
ਹਰੀਸ਼ ਰਾਵਤ ਨੇ ਦੇਹਰਾਦੂਨ ਵਿੱਚ ਬੋਲਦਿਆਂ ਕਿਹਾ, “ਇਨ੍ਹਾਂ ਰਿਪੋਰਟਾਂ ਵਿੱਚ ਕੋਈ ਤੱਥ ਨਹੀਂ ਹਨ ਕਿ ਕਾਂਗਰਸ ਵਿੱਚ ਕੈਪਟਨ ਦਾ ਅਪਮਾਨ ਹੋਇਆ ਹੈ। ਕੈਪਟਨ ਦੇ ਤਾਜ਼ਾ ਬਿਆਨਾਂ ਤੋਂ ਲਗਦਾ ਹੈ ਕਿ ਉਹ ਕਿਸੇ ਦਬਾਅ ਹੇਠ ਹਨ। ਉਨ੍ਹਾਂ ਨੂੰ ਮੁੜ ਸੋਚਣਾ ਚਾਹੀਦਾ ਹੈ ਅਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਭਾਜਪਾ ਦੀ ਮਦਦ ਨਹੀਂ ਕਰਨੀ ਚਾਹੀਦੀ ਹੈ।”
ਹਰੀਸ਼ ਰਾਵਤ ਨੇ ਅੱਗੇ ਕਿਹਾ, “ਕਾਂਗਰਸ ਪਾਰਟੀ ਵੱਲੋਂ ਹੁਣ ਤੱਕ ਜੋ ਕੁਝ ਵੀ ਕੀਤਾ ਗਿਆ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਮਾਣ ਸਨਮਾਨ ਅਤੇ (2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ) ਪਾਰਟੀ (ਦੀ ਜਿੱਤ) ਦੀਆਂ ਸੰਭਾਵਨਾਵਾਂ ਦੀ ਰੱਖਿਆ ਲਈ ਹੀ ਕੀਤਾ ਗਿਆ ਹੈ।”

ਤਸਵੀਰ ਸਰੋਤ, Sukhcharnpreet/bbc
ਰਾਜਾ ਵੜਿੰਗ ਦੀ ਕੈਪਟਨ ਅਮਰਿੰਦਰ ਨੂੰ ਨਸੀਹਤ
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਚਲੇ ਜਾਂਦੇ ਹਨ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਮਾਫ਼ ਨਹੀਂ ਕਰਨਗੇ।
ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਅਨੁਸਾਰ ਰਾਜਾ ਵੜਿੰਗ ਨੇ ਕਿਹਾ, “ਕੈਪਟਨ ਨੇ ਸਾਢੇ ਨੌਂ ਸਾਲ ਕਾਂਗਰਸ ਦੇ ਮੁੱਖ ਮੰਤਰੀ ਵਜੋਂ ਬਿਤਾਏ ਹਨ। ਉਹ ਕਹਿ ਰਹੇ ਹਨ ਕਿ ਮੈਂ ਕਾਂਗਰਸ ਵਿੱਚ ਰਵਾਂਗਾ ਨਹੀਂ ਤੇ ਅਮਿਤ ਸ਼ਾਹ ਨੂੰ ਮਿਲ ਕੇ ਆਏ ਹਨ।”
''ਮੈਂ ਉਨ੍ਹਾਂ ਨੂੰ ਰਾਇ ਦੇਣੀ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਬਜ਼ੁਰਗ ਲੀਡਰ ਹੋ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ। ਪੰਜਾਬ ਦੇ ਲੋਕ ਪਹਿਲਾਂ ਹੀ ਦੁਖੀ ਹਨ ਕਿ ਅਸੀਂ ਆਪਣੇ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ ਹਾਂ ਅਤੇ ਜੇ ਉਨ੍ਹਾਂ ਨੇ ਅਜਿਹਾ ਕੰਮ ਕੀਤਾ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਮਾਫ਼ ਨਹੀ ਕਰਨਗੇ।''
‘ਜੇ ਮੈਨੂੰ ਅਪਮਾਨਿਤ ਨਹੀਂ ਕਰਨਾ ਸੀ...’
ਕੈਪਟਨ ਅਮਰਿੰਦਰ ਨੇ ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਦੇ ਘਰ ਉੱਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਪਤਨ ਵੱਲ ਜਾ ਰਹੀ ਹੈ ਅਤੇ ਸੀਨੀਅਰ ਲੀਡਰਾਂ ਨੂੰ ਖੁੱਡੇ ਲਗਾਇਆ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਹਰੀਸ਼ ਰਾਵਤ ਨੇ ਕਿਹਾ ਸੀ ਕਿ ਉਹ ਪੰਜਾਬ ਸਰਕਾਰ ਦੇ ਕੰਮਕਾਜ ਨਾਲ ਸੰਤੁਸ਼ਟ ਹਨ।
ਉਨ੍ਹਾਂ ਨੇ ਇਹ ਵੀ ਚੇਤੇ ਕਰਵਾਇਆ ਕਿ ਹਰੀਸ਼ ਰਾਵਤ ਨੇ 1 ਸਤੰਬਰ ਨੂੰ ਕਿਹਾ ਸੀ ਕਿ 2022 ਦੀਆਂ ਵਿਧਾਨ ਸਭ ਚੋਣਾਂ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ ਕਿ, ਫਿਰ ਉਹ ਕਿਵੇਂ ਕਹਿ ਸਕਦੇ ਹਨ ਕਿ ਪਾਰਟੀ ਉਨ੍ਹਾਂ ਦੇ ਕੰਮਕਾਜ ਤੋਂ ਸੰਤੁਸ਼ਟ ਨਹੀਂ ਹੈ।
ਉਨ੍ਹਾਂ ਕਿਹਾ, "ਜੇ ਪਾਰਟੀ ਮੈਨੂੰ ਅਪਮਾਨਿਤ ਨਹੀਂ ਕਰਨਾ ਚਾਹੁੰਦੀ ਸੀ ਤਾਂ ਮਹੀਨਿਆਂ ਤੱਕ ਨਵਜੋਤ ਸਿੰਘ ਸਿੱਧੂ ਨੂੰ ਮੇਰੇ ਖਿਲਾਫ਼ ਸੋਸ਼ਲ ਮੀਡੀਆ ਤੇ ਹੋਰ ਪਲੇਟਫਾਰਮਾਂ 'ਤੇ ਕਿਉਂ ਬੋਲਣ ਦਿੱਤਾ ਗਿਆ।"
"ਪਾਰਟੀ ਨੇ ਕਿਉਂ ਮੇਰੇ ਵੱਲੋਂ ਬੀਤੇ 4.5 ਸਾਲ ਵਿੱਚ ਦਿੱਤੀਆਂ ਗਈਆਂ ਚੋਣ ਜਿੱਤਾਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਗਿਆ।

ਤਸਵੀਰ ਸਰੋਤ, sukhcharnpreet/BBC
ਅਸਤੀਫ਼ਾ ਵਾਪਸ ਲਏ ਜਾਣ ਬਾਰੇ ਪਰਗਟ ਸਿੰਘ ਨੇ ਕਿਹਾ, ''ਇਹ ਸਭ ਹੱਲ ਹੋ ਗਿਆ ਹੈ। ਕਈ ਵਾਰ ਨਵੀਂ ਸਰਕਾਰ ਕੋਲ਼ੋਂ ਕਈ ਗਲਤੀਆਂ ਹੋ ਜਾਂਦੀਆਂ ਹਨ, ਉਸ ਵਿੱਚ ਬਣਦੇ ਸੁਧਾਰ ਅਸੀਂ ਇਕੱਠੇ ਕਰਾਂਗੇ।''
''ਇਸ ਲਈ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਹਾਈ ਕਮਾਂਡ ਵੱਲੋਂ ਜਨਰਲ ਸਕੱਤਰ, ਮੁੱਖ ਮੰਤਰੀ ਅਤੇ ਸਾਡੇ ਪ੍ਰਧਾਨ ਹੋਣਗੇ। ਹਫ਼ਤੇ ਵਿੱਚ ਮਿਲਿਆ ਕਰੇਗੀ ਅਤੇ ਹੁਣ ਤੱਕ ਦੇ ਅਤੇ ਆਉਣ ਵਾਲੇ ਸਮਲਿਆਂ ਨੂੰ ਹੱਲ ਕਰੇਗੀ।''
ਕੈਪਟਨ ਅਮਰਿੰਦਰ ਸਿੰਘ ਵੱਲੋ ਨਵਜੋਤ ਸਿੰਘ ਸਿੱਧੂ ਦੇ ਪਾਕਿਸਾਤਾਨ ਬਾਰੇ ਰਿਸ਼ਤਿਆਂ ਨੂੰ ਲੈ ਕੇ ਵਾਰ-ਵਾਰ ਨਿਸ਼ਾਨਾ ਬਣਾਏ ਜਾਣ ਬਾਰੇ ਸਵਾਲ ਨੂੰ ਪਰਗਟ ਸਿੰਘ ਗੋਲਮੋਲ ਕਰਦੇ ਨਜ਼ਰ ਆਏ।'
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਿੱਧੂ ਟੀਮ ਦਾ ਹਿੱਸਾ ਹਨ ਅਤੇ ਕਿਤੇ ਨਹੀਂ ਜਾ ਰਹੇ।
ਮੁੱਖ ਮੰਤਰੀ ਚੰਨੀ ਦੀ ਦਿੱਲੀ ਵਿੱਚ ਮੋਦੀ ਨਾਲ ਮੁਲਾਕਾਤ

ਤਸਵੀਰ ਸਰੋਤ, ANI
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ ਹੋਏ ਹਨ। ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ।
ਖ਼ਬਰ ਏਜੰਸੀ ਏਐੱਨਆਈ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਮੁਲਾਕਾਤ ਵਿੱਚ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ ਸੂਬੇ ਦੇ ਕਿਸਾਨਾਂ ਦੇ ਮੁੱਦੇ ਚੁੱਕਣਗੇ।

ਤਸਵੀਰ ਸਰੋਤ, Punjab government
ਇਸ ਤੋਂ ਇਲਾਵਾ ਉਹ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ 11 ਅਕਤੂਬਰ ਤੱਕ ਅੱਗੇ ਵਧਾਏ ਜਾਣ ਤੋਂ ਕਿਸਾਨਾਂ ਵਿੱਚ ਪਾਏ ਜਾ ਰਹੇ ਰੋਸ ਤੋਂ ਵੀ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ।
ਮੁੱਖ ਮੰਤਰੀ ਨੇ ਮੋਦੀ ਨੂੰ ਅਪੀਲ ਕੀਤੀ ਕਿ ਕਿਸਾਨੀ ਸੰਕਟ ਦਾ ਗੱਲਬਾਤ ਮੁੜ ਸ਼ੁਰੂ ਕਰਕੇ ਫ਼ੌਰੀ ਹੱਲ ਕੱਢਿਆ ਜਾਵੇ।
ਇਸ ਦੇ ਨਾਲ ਹੀ ਚੰਨੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੋਵਿਡ ਸੰਬੰਧੀ ਹਾਲਾਤ ਵਿੱਚ ਸੁਧਾਰ ਦੇ ਮੱਦੇ ਨਜ਼ਰ ਹੁਣ ਕਰਤਾਰ ਪੁਰ ਲਾਂਘੇ ਨੂੰ ਵੀ ਮੁੜ ਤੋਂ ਖੋਲ੍ਹਿਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੂੰ ਝੋਨੇ ਦੀ ਖ਼ਰੀਦ ਖ਼ੁਰਾਕ ਅਤੇ ਜਨਤਕ ਵੰਡ ਮਹਿਕਮੇ ਨਾਲ ਵਿਚਾਰਵਟਾਂਦਰੇ ਤੋਂ ਬਾਅਦ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਵਾਇਆ।

ਤਸਵੀਰ ਸਰੋਤ, Punjab government
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













