ਹਾਥਰਸ ਬਲਾਤਕਾਰ ਕੇਸ: ਧੀ ਦੇ ਬਲਾਤਕਾਰ ਤੇ ਮੌਤ ਤੋਂ ਇੱਕ ਸਾਲ ਬਾਅਦ ਵੀ ਘਰ 'ਚ ਕੈਦੀਆਂ ਵਾਂਗ ਰਹਿ ਰਿਹਾ ਪਰਿਵਾਰ

ਹਾਥਰਸ

ਤਸਵੀਰ ਸਰੋਤ, ABHISHEK MATHUR

ਤਸਵੀਰ ਕੈਪਸ਼ਨ, ਮਰਹੂਮ ਪੀੜਤਾ ਦਾ ਪਰਿਵਾਰ ਪਿੰਡ ਵਿੱਚ ਬਾਕੀਆਂ ਨਾਲੋਂ ਟੁੱਟਿਆ ਹੋਇਆ ਜੀਵਨ ਜਿਉਂ ਰਿਹਾ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਠੀਕ ਇੱਕ ਸਾਲ ਪਹਿਲਾਂ, ਉੱਤਰ ਪ੍ਰਦੇਸ਼ ਵਿੱਚ ਇੱਕ 19 ਸਾਲਾ ਮੁਟਿਆਰ ਨਾਲ ਉਨ੍ਹਾਂ ਦੇ ਉੱਚੀ ਜਾਤੀ ਵਾਲੇ ਗੁਆਂਢੀਆਂ ਦੁਆਰਾ ਸਮੂਹਿਕ ਬਲਾਤਕਾਰ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਰਿਪੋਰਟ ਤੋਂ ਬਾਅਦ ਪੀੜਿਤਾ ਦੀ ਮੌਤ ਹੋ ਗਈ ਸੀ।

ਫਿਰ ਅਧਿਕਾਰੀਆਂ ਨੇ ਪੀੜਤਾ ਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੀ ਰਾਤ ਦੇ ਹਨੇਰੇ ਵਿੱਚ ਉਸਦੀ ਲਾਸ਼ ਦਾ ਜਬਰਦਸਤੀ ਅੰਤਿਮ ਅੰਸਕਾਰ ਕਰ ਦਿੱਤਾ ਸੀ, ਜਿਸ ਨਾਲ ਇਸ ਮਾਮਲੇ ਦੀ ਵੈਸ਼ਵਿਕ ਪੱਧਰ 'ਤੇ ਵੀ ਨਿੰਦਾ ਹੋਈ।

ਦਬਾਅ ਵਿੱਚ ਆਈ ਸਰਕਾਰ ਨੇ ਵਾਅਦਾ ਕੀਤਾ ਕਿ ਮਾਮਲੇ ਦੀ ਪੂਰੀ ਛਾਣਬੀਣ ਕੀਤੀ ਜਾਵੇਗੀ ਅਤੇ ਇੱਕ ਫਾਸਟ ਟ੍ਰੈਕ ਅਦਾਲਤ ਰਾਹੀਂ ਛੇਤੀ ਨਿਆਂ ਕੀਤਾ ਜਾਵੇਗਾ।

ਹਾਲਾਂਕਿ ਇੱਕ ਸਾਲ ਗੁਜਰ ਜਾਣ ਦੇ ਬਾਅਦ ਵੀ ਅਤੇ ਬਲਾਤਕਾਰ ਅਤੇ ਹੱਤਿਆ ਦੇ ਦੋਸ਼ ਵਿੱਚ ਚਾਰ ਬੰਦਿਆਂ ਉੱਤੇ ਮੁਕੱਦਮਾ ਚਲਾਏ ਜਾਣ ਦੇ ਬਾਵਜੂਦ, ਇਹ ਕੇਸ ਅਜੇ ਵੀ ਭਾਰਤ ਦੀ ਸੁਸਤ ਨਿਆਂ ਪ੍ਰਣਾਲੀ ਤੋਂ ਨਿਆਂ ਦੀ ਉਮੀਦ ਕਰ ਰਿਹਾ ਹੈ।

ਕਿਸ਼ੋਰੀ ਦੇ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਹ ਆਪਣੇ ਘਰ ਵਿੱਚ ਕੈਦੀਆਂ ਵਾਂਗ ਰਹਿ ਰਹੇ ਹਨ ਤੇ ਉਨ੍ਹਾਂ ਦੀ ਜ਼ਿੰਦਗੀ ਰੁਕ ਗਈ ਹੈ।

ਪੀੜਿਤਾ ਦੀ ਮੌਤ ਦੇ ਕੁਝ ਦਿਨਾਂ ਬਾਅਦ ਅਸੀਂ ਸਭ ਤੋਂ ਪਹਿਲਾਂ ਹਾਥਰਸ ਜ਼ਿਲ੍ਹੇ ਦੇ ਭੁਲਗੜ੍ਹੀ ਪਿੰਡ ਦਾ ਦੌਰਾ ਕੀਤਾ ਸੀ।

ਇਹ ਖਬਰ ਨੇ ਵਿਸ਼ਵ ਪੱਧਰ 'ਤੇ ਸੁਰਖੀਆਂ ਦਾ ਹਿੱਸਾ ਬਣੀ ਸੀ ਅਤੇ ਰਿਪੋਰਟਰਾਂ ਅਤੇ ਕੈਮਰੇ ਵਾਲਿਆਂ ਦੀ ਭੀੜ ਨੇ ਉਨ੍ਹਾਂ ਦੇ ਘਰ ਨੂੰ ਜਿਵੇਂ ਘੇਰਾ ਪਾ ਰੱਖਿਆ ਸੀ।

ਸਾਰੇ ਵਿਰੋਧੀ ਪਾਰਟੀਆਂ ਦੇ ਸਿਆਸਤਦਾਨਾਂ ਨੇ ਵੀ ਉਨ੍ਹਾਂ ਦੇ ਘਰ ਦਾ ਦੌਰਾ ਕੀਤਾ ਤੇ ਪਰਿਵਾਰ ਨੂੰ ਨਿਆਂ ਦੀ ਲੜਾਈ ਵਿੱਚ ਆਪਣਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ।

ਵੀਡੀਓ ਕੈਪਸ਼ਨ, ਹਾਥਰਸ ਕੇਸ 'ਚ 6 ਸਵਾਲ ਜਿਨ੍ਹਾਂ ਦੇ ਜਵਾਬ ਗੁੱਥੀ ਸੁਲਝਾ ਸਕਦੇ ਹਨ (ਵੀਡੀਓ ਜੂਨ 2020 ਦਾ ਹੈ)

ਪੀੜਤਾ ਦੇ ਮਾਤਾ ਜੀ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ, ਉਹ 14 ਸਤੰਬਰ ਨੂੰ ਇੱਕ ਖੇਤ ਵਿੱਚ ਬਹੁਤ ਬੁਰੀ ਹਾਲਤ ਵਿੱਚ ਮਿਲੀ ਸੀ ਜਿੱਥੇ ਬਾਜਰੇ ਦੀਆਂ ਉੱਚੀਆਂ ਫਸਲਾਂ ਉੱਗੀਆਂ ਹੋਈਆਂ ਸਨ, ਉਸਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਨੋਚਿਆ ਹੋਇਆ ਸੀ, ਉਹ ਲਗਭਗ ਬੇਹੋਸ਼ ਸੀ ਅਤੇ ਕਮਰ ਤੋਂ ਹੇਠਾਂ ਬਿਨਾਂ ਕਪੜਿਆਂ ਦੇ ਨਗਨ ਹਾਲਤ ਵਿੱਚ ਸੀ।

ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਉਸਦਾ ਖੂਨ ਵਗ ਰਿਹਾ ਸੀ ਅਤੇ ਖੂਨ ਦੀ ਉਲਟੀ ਹੋ ਰਹੀ ਸੀ। ਪੰਦਰਾਂ ਦਿਨਾਂ ਤੱਕ ਜ਼ਿੰਦਗੀ ਦੀ ਲੜਾਈ ਲੜਨ ਤੋਂ ਬਾਅਦ, 29 ਸਤੰਬਰ ਨੂੰ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।

ਹਾਲ ਹੀ ਵਿੱਚ ਜਦੋਂ ਅਸੀਂ ਉਨ੍ਹਾਂ ਦੇ ਘਰ ਇੱਕ ਵਾਰ ਫਿਰ ਤੋਂ ਗਏ ਤਾਂ ਅਸੀਂ ਪਾਇਆ ਕਿ ਉਨ੍ਹਾਂ ਦਾ ਪਰਿਵਾਰ ਪਿੰਡ ਵਿੱਚ ਅਲੱਗ-ਥਲੱਗ ਰਹਿ ਰਿਹਾ ਹੈ, ਜੋ ਕਿ ਆਪਣੇ ਘਰ ਵਿੱਚ ਬੰਦ ਹੈ, ਬਾਹਰ ਮਸ਼ੀਨਗੰਨਾਂ ਵਾਲੇ ਅਰਧ ਸੈਨਿਕ ਸੁਰੱਖਿਆ ਬਲ ਦੇ ਮੈਂਬਰ ਰਾਖੀ ਕਰ ਰਹੇ ਹਨ ਅਤੇ ਥਾਂ-ਥਾਂ ਲੱਗੇ ਸੀਸੀਟੀਵੀ ਕੈਮਰੇ ਹਰ ਆਉਣ-ਜਾਣ ਵਾਲੇ ਨੂੰ ਰਿਕਾਰਡ ਕਰ ਰਹੇ ਹਨ।

(ਇਸ 'ਤੇ ਧਿਆਨ ਦਿੰਦਿਆਂ ਕਿ ਉਨ੍ਹਾਂ ਨੂੰ ਉੱਚ ਜਾਤੀਆਂ ਦੁਆਰਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਉਨ੍ਹਾਂ ਨੂੰ ਇਹ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।)

ਪੀੜਤਾ ਦੇ ਵੱਡੇ ਭਰਾ ਦਾ ਕਹਿਣਾ ਹੈ, "ਇਹ ਸਾਲ ਬਰਬਾਦ ਹੋ ਗਿਆ। ਅਰਧ ਸੈਨਿਕਾਂ ਕਾਰਨ ਅਸੀਂ ਘਰ ਵਿੱਚ ਸੁਰੱਖਿਅਤ ਹਾਂ, ਪਰ ਅਸੀਂ ਕੰਮ 'ਤੇ ਨਹੀਂ ਜਾ ਸਕਦੇ। ਅਸੀਂ ਮੁਆਵਜ਼ੇ ਦੇ ਪੈਸੇ ਅਤੇ ਸਰਕਾਰੀ ਰਾਸ਼ਨ 'ਤੇ ਜੀ ਰਹੇ ਹਾਂ।"

ਪਰਿਵਾਰ ਨੂੰ, ਉਨ੍ਹਾਂ ਕਾਨੂੰਨਾਂ ਦੇ ਅਧੀਨ ਜੋ ਕਤਲ ਅਤੇ ਬਲਾਤਕਾਰ ਸਮੇਤ ਅਪਰਾਧਾਂ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਵਿੱਤੀ ਮੁਆਵਜ਼ਾ ਦੇਣ ਦੀ ਆਗਿਆ ਦਿੰਦੇ ਹਨ, ਰਾਜ ਸਰਕਾਰ ਵੱਲੋਂ 25 ਲੱਖ ਰੁਪਏ ਪ੍ਰਾਪਤ ਹੋਏ ਹਨ।

ਉਨ੍ਹਾਂ ਦੇ ਛੋਟੇ ਭਰਾ ਨੇ ਅੱਗੇ ਕਿਹਾ, "ਅਸੀਂ ਵੀ ਗ੍ਰਿਫਤਾਰ ਮਹਿਸੂਸ ਕਰਦੇ ਹਾਂ। ਇੱਥੋਂ ਤੱਕ ਕਿ ਕਰਿਆਨੇ ਦਾ ਸਮਾਨ ਖਰੀਦਣ ਜਾਂ ਡਾਕਟਰ ਨੂੰ ਮਿਲਣ ਲਈ ਵੀ ਸਾਨੂੰ ਸੈਨਿਕ (ਪੈਰਾਮਿਲਟਰੀ) ਨਾਲ ਜਾਣਾ ਪੈਂਦਾ ਹੈ।"

ਇਹ ਦੁਖਦਾਈ ਘਟਨਾ ਵਾਪਰਨ ਤੋਂ ਪਹਿਲਾਂ, ਪਰਿਵਾਰ ਆਪਣੇ ਛੋਟੇ ਜਿਹੇ ਖੇਤ ਵਿੱਚ ਕੰਮ ਕਰਦਾ ਸੀ ਅਤੇ ਰੋਜ਼ਾਨਾ ਹੋਰ ਕੰਮ-ਧੰਦਾ ਕਰ ਕੇ ਆਮਦਨੀ ਕਰਦਾ ਸੀ। ਪਰ ਇਹ ਹੁਣ ਸੰਭਵ ਨਹੀਂ ਹੈ।

ਉਨ੍ਹਾਂ ਨੇ ਆਪਣੀਆਂ ਸੱਤ ਮੱਝਾਂ ਵਿੱਚੋਂ ਛੇ ਵੇਚ ਦਿੱਤੀਆਂ ਹਨ ਕਿਉਂਕਿ ਹੁਣ ਉਹ ਚਾਰਾ ਇਕੱਠਾ ਕਰਨ ਲਈ ਬਾਹਰ ਨਹੀਂ ਜਾ ਸਕਦੇ। ਅਤੇ ਅਧਿਕਾਰੀਆਂ ਨੇ ਅਜੇ ਤੱਕ ਵੀ ਉਨ੍ਹਾਂ ਨੂੰ ਨਵਾਂ ਘਰ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ।

ਵੀਡੀਓ ਕੈਪਸ਼ਨ, ਹਾਥਰਸ ਗੈਂਗਰੇਪ-ਕਤਲ ਦਾ ਇੱਕ ਸਾਲ, ਪਰਿਵਾਰ ਅੱਜ ਵੀ ਖੌਫ਼ 'ਚ

ਪੀੜਤਾ ਅਤੇ ਉਨ੍ਹਾਂ ਦਾ ਪਰਿਵਾਰ ਦਲਿਤ ਹਨ।

ਪੀੜਤਾ ਨੇ ਉੱਚ ਜਾਤੀ ਦੇ ਠਾਕੁਰ ਕਮਿਊਨਿਟੀ ਦੇ ਚਾਰ ਆਦਮੀਆਂ ਨੂੰ ਆਪਣੇ ਹਮਲਾਵਰਾਂ ਵਜੋਂ ਨਾਮਜ਼ਦ ਕੀਤਾ ਸੀ। ਜਾਂਚਕਰਤਾਵਾਂ ਨੇ ਉਨ੍ਹਾਂ 'ਤੇ ਕਤਲ, ਸਮੂਹਿਕ ਬਲਾਤਕਾਰ ਅਤੇ ਇੱਕ ਦਲਿਤ ਵਿਰੁੱਧ ਅੱਤਿਆਚਾਰ ਕਰਨ ਦੇ ਦੋਸ਼ ਲਾਏ ਅਤੇ ਮੁਕੱਦਮਾ ਸ਼ੁਰੂ ਹੋ ਗਿਆ।

ਪਰ ਮੁਲਜ਼ਮ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਹੈ ਕਿ ਉਹ (ਲੜਕੀ) ਠਾਕੁਰਾਂ ਵਿੱਚੋਂ ਇੱਕ ਨਾਲ ਸਹਿਮਤੀ ਵਾਲੇ ਸੰਬੰਧ ਵਿੱਚ ਸੀ। ਉਨ੍ਹਾਂ ਨੇ ਉਸ ਦੇ ਪਰਿਵਾਰ ਉੱਤੇ "ਆਨਰ ਕਿਲਿੰਗ" ਦਾ ਦੋਸ਼ ਲਾਇਆ, ਕਿਉਂਕਿ ਉਨ੍ਹਾਂ ਨੇ ਇਸ ਰਿਸ਼ਤੇ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਪ੍ਰਭਾਵਸ਼ਾਲੀ ਠਾਕੁਰ ਸਿਆਸਤਦਾਨਾਂ ਨੇ ਵੀ ਦੋਸ਼ੀਆਂ ਦੇ ਸਮਰਥਨ ਵਿੱਚ ਵੱਡੀਆਂ ਰੈਲੀਆਂ ਕੀਤੀਆਂ।

ਪੀੜਤ ਅਤੇ ਦੋਸ਼ੀਆਂ ਦੇ ਘਰਾਂ ਨੂੰ ਇੱਕ ਤੰਗ ਗਲ਼ੀ ਅਲੱਗ ਕਰਦੀ ਹੈ, ਪਰ ਇਹ ਪਾੜਾ ਸਦੀਆਂ ਤੋਂ ਅਟੁੱਟ ਰਿਹਾ ਹੈ। ਅਤੇ ਇਸ ਅਪਰਾਧ ਤੋਂ ਬਾਅਦ ਇਹ ਪਾੜਾ ਹੋਰ ਡੂੰਘਾ ਅਤੇ ਵੱਡਾ ਹੋ ਗਿਆ ਹੈ।

ਸਮਾਜਿਕ ਪਾੜਾ ਹੋਰ ਡੂੰਘਾ ਅਤੇ ਵੱਡਾ ਹੋਇਆ

ਪੀੜਤਾ ਦੇ ਵੱਡੇ ਭਰਾ ਦਾ ਕਹਿਣਾ ਹੈ, "ਉਨ੍ਹਾਂ ਦੇ ਪੁਰਖਿਆਂ ਨੇ ਸਾਡੇ ਪੁਰਖਿਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਅਤੇ ਸਾਡੇ ਨਾਲ ਅਜੇ ਵੀ ਵਿਤਕਰਾ ਕੀਤਾ ਜਾ ਰਿਹਾ ਹੈ। ਸਾਡੀ ਭੈਣ 'ਤੇ ਹਮਲੇ ਤੋਂ ਬਾਅਦ, ਜਾਂ ਜਦੋਂ ਉਹ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੀ ਸੀ ਜਾਂ ਉਸਦੀ ਮੌਤ ਤੋਂ ਬਾਅਦ ਵੀ ਪਿੰਡ 'ਚੋਂ ਕੋਈ ਵੀ ਸਾਨੂੰ ਪੁੱਛਣ ਨਹੀਂ ਆਇਆ। ਬਲਕਿ ਸਾਰਾ ਪਿੰਡ ਅਦਾਲਤ ਵਿੱਚ ਮੁਲਜ਼ਮਾਂ ਦੇ ਸਮਰਥਨ ਵਿੱਚ ਖੜ੍ਹਾ ਹੋ ਗਿਆ।"

ਉਹ (ਭਰਾ) ਹਾਲ ਹੀ ਵਿੱਚ ਹਾਥਰਸ ਜ਼ਿਲ੍ਹਾ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਅਤੇ ਪੁੱਛ-ਗਿੱਛ ਲਈ ਕਈ ਵਾਰ ਗਏ। ਵੀਰਵਾਰ ਨੂੰ, ਗਵਾਹੀ ਦੇਣ ਦੀ ਉਨ੍ਹਾਂ ਦੀ ਮਾਂ ਦੀ ਵਾਰੀ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਅਦਾਲਤ ਦੇ ਦੌਰੇ ਤਣਾਅ ਭਰੇ ਹੁੰਦੇ ਹਨ। ਉਨ੍ਹਾਂ ਦੇ ਵਕੀਲ, ਸੀਮਾ ਕੁਸ਼ਵਾਹਾ, ਧਮਕੀਆਂ ਅਤੇ ਡਰਾਉਣ ਦੀ ਸ਼ਿਕਾਇਤ ਕਰਦੇ ਹਨ - ਬਚਾਅ ਪੱਖ ਦੇ ਵਕੀਲ ਮੁੰਨਾ ਸਿੰਘ ਪੁੰਧੀਰ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰਦੇ ਹਨ।

ਸੀਮਾ ਕੁਸ਼ਵਾਹਾ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਕਾਰ ਵਿੱਚ ਅਦਾਲਤ ਜਾ ਰਹੇ ਸਨ ਤਾਂ ਇਕ ਵਾਹਨ ਵਿੱਚ ਕੁਝ ਆਦਮੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ।

ਹਾਥਰਸ ਬਾਰੇ ਬੀਬੀਸੀ ਦੀਆਂ ਹੋਰ ਰਿਪੋਰਟਾਂ:

ਅਦਾਲਤ ਵਿੱਚ, ਪੁਰਸ਼ ਵਕੀਲਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ "ਦਿੱਲੀ ਦਾ ਇੱਕ ਵਕੀਲ ਹਾਥਰਸ ਵਿੱਚ ਕਿਸੇ ਕੇਸ ਦੀ ਬਹਿਸ ਨਹੀਂ ਕਰ ਸਕਦਾ। ਉਨ੍ਹਾਂ ਨੇ ਮੈਨੂੰ ਘੂਰਣ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਆਪਣੀ ਸੀਮਾ [ਹੱਦ] ਅੰਦਰ ਰਹਿਣ ਲਈ ਕਿਹਾ।"

ਸੀਮਾ ਨੇ ਦੱਸਿਆ ਕਿ ਮਾਰਚ ਵਿੱਚ ਇੱਕ ਦਿਨ, ਜਦੋਂ ਇਹ ਚੀਜ਼ਾਂ ਬੱਸ ਤੋਂ ਬਾਹਰ ਹੋ ਗਈਆਂ ਤਾਂ ਅਦਾਲਤ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ।

ਜ਼ਿਆਦਾਤਰ ਦਿਨਾਂ ਵਿੱਚ, ਪੁਲਿਸ ਦੁਆਰਾ ਉਨ੍ਹਾਂ ਦੀ ਕਾਰ ਨੂੰ ਜ਼ਿਲ੍ਹਾ ਸਰਹੱਦ 'ਤੇ ਲਿਜਾਇਆ ਜਾਂਦਾ ਸੀ। ਪਰ ਹਾਲ ਹੀ ਵਿੱਚ ਹਾਈ ਕੋਰਟ ਨੇ ਕੇਸ ਨੂੰ ਜ਼ਿਲ੍ਹੇ ਤੋਂ ਬਾਹਰ ਟ੍ਰਾਂਸਫਰ ਕਰਨ ਦੀ ਉਨ੍ਹਾਂ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ।

ਸੀਮਾ ਕੁਸ਼ਵਾਹਾ ਦਾ ਕਹਿਣਾ ਹੈ ਕਿ ਡਾਕਟਰਾਂ, ਪੁਲਿਸ ਅਧਿਕਾਰੀਆਂ, ਪਰਿਵਾਰਕ ਮੈਂਬਰਾਂ ਅਤੇ ਸਥਾਨਕ ਪੱਤਰਕਾਰਾਂ ਸਮੇਤ ਹੁਣ ਤੱਕ 104 ਗਵਾਹਾਂ ਵਿੱਚੋਂ 16 ਦੀ ਸੁਣਵਾਈ ਹੋ ਚੁੱਕੀ ਹੈ ਅਤੇ ਉਮੀਦ ਹੈ ਕਿ ਬਾਕੀ ਸੁਣਵਾਈਆਂ ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਸਮਾਪਤ ਹੋ ਜਾਣਗੀਆਂ। ਉਨ੍ਹਾਂ ਬੀਬੀਸੀ ਨੂੰ ਦੱਸਿਆ, "ਅਸੀਂ ਵੱਧ ਤੋਂ ਵੱਧ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ"।

ਉਹ ਸੂਬੇ ਦੀ ਰਾਜਧਾਨੀ ਲਖਨਊ ਵਿੱਚ ਸੁਣੇ ਜਾ ਰਹੇ ਇੱਕ ਦੂਜੇ ਮਾਮਲੇ ਵਿੱਚ ਵੀ ਪਰਿਵਾਰ ਦੇ ਵਕੀਲ ਵਜੋਂ ਸ਼ਾਮਲ ਹਨ।

ਹਾਥਰਸ

ਤਸਵੀਰ ਸਰੋਤ, ABHISHEK MATHUR

ਤਸਵੀਰ ਕੈਪਸ਼ਨ, ਪੀੜਤਾ ਦੇ ਪਰਿਵਾਰ ਮੁਤਾਬਕ ਪਿਛਲੇ ਇੱਕ ਸਾਲ ਦੌਰਨ ਜੇ ਕੋਈ ਚੀਜ਼ ਖਿੜੀ ਹੈ ਤਾਂ ਮਰਹੂਮ ਦੇ ਹੱਥਾਂ ਦਾ ਲਗਾਇਆ ਤੁਲਸੀ ਦਾ ਇਹ ਬੂਟਾ

ਜਿੱਥੇ ਹਾਈ ਕੋਰਟ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ ਕੀ ਅਧਿਕਾਰੀਆਂ ਨੇ ਸੰਸਕਾਰ ਲਈ ਪਰਿਵਾਰ ਦੀ ਸਹਿਮਤੀ ਲਈ ਸੀ ਅਤੇ ਜੇ ਨਹੀਂ, ਤਾਂ ਮਾਮਲੇ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਕੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਇਹ ਪਰਿਵਾਰ ਲਈ ਮੁਆਵਜ਼ੇ 'ਤੇ ਵੀ ਵਿਚਾਰ ਕਰ ਰਹੇ ਹਨ। ਕੁਸ਼ਵਾਹਾ ਨੇ ਕਿਹਾ, "ਪਰਿਵਾਰ ਕਿਸੇ ਹੋਰ ਥਾਂ ਵਸਣਾ ਚਾਹੁੰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਜਿਹਾ ਹੋਣਾ ਚਾਹੀਦਾ ਹੈ।

ਪੈਰਾਮਿਲਟਰੀ ਉਨ੍ਹਾਂ ਨੂੰ ਸਰੀਰਕ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ, ਪਰ ਮਾਨਸਿਕ ਅਤੇ ਭਾਵਨਾਤਮਕ ਸੁਰੱਖਿਆ ਬਾਰੇ ਕੀ? ਸਰਕਾਰ ਨੂੰ ਉਨ੍ਹਾਂ ਨੂੰ ਹਾਥਰਸ ਤੋਂ ਦੂਰ ਰਿਹਾਇਸ਼ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਹ ਨਵੇਂ ਸਿਰੇ ਤੋਂ ਆਪਣਾ ਜੀਵਨ ਸ਼ੁਰੂ ਕਰ ਸਕਣ।"

ਵੀਡੀਓ ਕੈਪਸ਼ਨ, ਹਾਥਰਸ ਕੇਸ: ਕੀ ਸਰੀਰ 'ਤੇ ਸੀਮਨ ਦਾ ਪਾਇਆ ਜਾਣਾ ਹੀ ਰੇਪ ਨੂੰ ਸਾਬਤ ਕਰਦਾ ਹੈ? (ਵੀਡੀਓ ਅਕਤੂਬਰ 2020 ਦਾ ਹੈ)

'ਸਾਡੇ ਬੇਟੇ ਨਿਰਦੋਸ਼ ਹਨ'

ਪਿੰਡ ਵਿੱਚ ਜਾਤੀ ਵੰਡ ਦੇ ਦੋਹਾਂ ਪਾਸਿਆਂ ਤੋਂ ਡਰ ਅਤੇ ਨਾਰਾਜ਼ਗੀ ਹੈ ਅਤੇ ਮਾਹੌਲ ਤਣਾਅਪੂਰਨ ਅਤੇ ਦੁਸ਼ਮਣੀ ਵਾਲਾ ਹੈ। ਮੁਲਜ਼ਮਾਂ ਦੇ ਪਰਿਵਾਰ ਗੁੱਸੇ ਵਿੱਚ ਹਨ ਅਤੇ ਪੱਤਰਕਾਰਾਂ 'ਤੇ ਉਨ੍ਹਾਂ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਉਂਦੇ ਹਨ।

ਇੱਕ ਦੋਸ਼ੀ ਦੀ ਇੱਕ ਬਜ਼ੁਰਗ ਮਹਿਲਾ ਰਿਸ਼ਤੇਦਾਰ ਨੇ ਸਾਨੂੰ ਚਿੱਲਾਉਂਦੇ ਹੋਏ ਪੁੱਛਿਆ- "ਤੁਸੀਂ ਇੱਥੇ ਕਿਉਂ ਆਏ ਹੋ? ਸਾਡੇ ਬੇਟੇ ਨਿਰਦੋਸ਼ ਹਨ। ਉਹ ਜੇਲ੍ਹ ਵਿੱਚ ਹਨ ਕਿਉਂਕਿ ਮੀਡੀਆ ਨੇ ਸਾਨੂੰ ਬੁਰਾ ਦਿਖਾਇਆ ਹੈ।"

ਪਿੰਡ ਦੇ ਜ਼ਿਆਦਾਤਰ ਠਾਕੁਰ ਪਰਿਵਾਰ ਕੁਝ ਵੀ ਬੋਲਣ ਲਈ ਤਿਆਰ ਨਹੀਂ ਸਨ, ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਅਦਾਲਤ ਵਿੱਚ ਹੈ ਅਤੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਇੱਕ ਆਦਮੀ ਨੇ ਕਿਹਾ, "ਅਸੀਂ ਗਰੀਬੀ ਅਤੇ ਮਹਿੰਗਾਈ ਨਾਲ ਲੜ ਰਹੇ ਹਾਂ, ਅਤੇ ਇਸਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"

ਹਾਥਰਸ

ਤਸਵੀਰ ਸਰੋਤ, ABHISHEK MATHUR

ਤਸਵੀਰ ਕੈਪਸ਼ਨ, ਮਰਹੂਮ ਪੀੜਤਾ ਦਾ ਕਹਿਣਾ ਹੈ ਕਿ ਘਰ ਦੇ ਹਰੇਕ ਖੂੰਜੇ ਵਿੱਚੋਂ ਪੀੜਤਾ ਦੀਆਂ ਯਾਦਾਂ ਝਾਕੀਆਂ ਮਾਰਦੀਆਂ ਹਨ

76 ਸਾਲਾ ਬਲਬੀਰ ਸਿੰਘ ਨੇ ਕਿਹਾ, "ਲੋਕ ਹਰ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹਨ, ਪਰ ਕੌਣ ਦੱਸ ਸਕਦਾ ਹੈ ਕਿ ਕੀ ਹੋਇਆ? ਸਿਰਫ ਉਹ [ਪੀੜਤਾ] ਜਾਣਦੀ ਸੀ ਅਤੇ ਰੱਬ ਜਾਣਦਾ ਹੈ।"

ਉਹ ਮੰਨਦੇ ਹਨ ਕਿ ਪਿੰਡ ਵਿੱਚ ਅਜੇ ਵੀ ਕੁਝ ਤਣਾਅ ਹੈ, ਪਰ ਉਹ ਕਹਿੰਦੇ ਹਨ ਕਿ "ਜੋ ਵੀ ਹੋਇਆ ਉਹ ਹੋ ਚੁੱਕਿਆ ਹੈ। ਉਨ੍ਹਾਂ ਨੇ ਇੱਥੇ ਹੀ ਰਹਿਣਾ ਹੈ, ਅਤੇ ਅਸੀਂ ਵੀ।"

ਹਾਲਾਂਕਿ, ਪੀੜਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਿਉਣਾ ਕੋਈ ਜਿਉਣਾ ਨਹੀਂ ਹੈ, ਉਨ੍ਹਾਂ ਦੀ ਜ਼ਿੰਦਗੀ ਅੱਧ-ਵਿਚਾਲੇ ਲਟਕ ਰਹੀ ਹੈ।

ਉਨ੍ਹਾਂ ਦੀ ਮਾਂ ਨੂੰ ਜਦੋਂ ਵੀ ਆਪਣੀ "ਲੰਮੇ ਕਾਲੇ ਵਾਲਾਂ ਵਾਲੀ ਖੂਬਸੂਰਤ ਧੀ" ਯਾਦ ਆਉਂਦੀ ਹੈ, ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਪੈਂਦੇ ਹਨ।

ਵੀਡੀਓ ਕੈਪਸ਼ਨ, ਹਾਥਰਸ ਮਾਮਲਾ: ਪੀੜਤਾ ਦੇ ਭਰਾ ਵੱਲ਼ੋਂ ਇਲਜ਼ਾਮਾਂ ਦੀ ਝੜੀ (ਵੀਡੀਓ ਅਕਤੂਬਰ 2020 ਦਾ ਹੈ)

'ਕੀ ਇੱਕ ਮਾਂ ਕਦੇ ਵੀ ਆਪਣੇ ਬੱਚੇ ਨੂੰ ਭੁੱਲ ਸਕਦੀ ਹੈ?'

ਆਪਣੀ ਸਾੜੀ ਦੇ ਪੱਲੇ ਨਾਲ ਆਪਣੇ ਹੰਝੂ ਪੂੰਝਦੇ ਹੋਏ ਉਹ ਕਹਿੰਦੇ ਹਨ, "ਸਾਨੂੰ ਹਾਲੇ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਕਿਵੇਂ ਹੋ ਗਿਆ। ਕੀ ਇੱਕ ਮਾਂ ਕਦੇ ਵੀ ਆਪਣੇ ਬੱਚੇ ਨੂੰ ਭੁੱਲ ਸਕਦੀ ਹੈ?"

"ਜਦੋਂ ਮੈਂ ਖਾਣਾ ਖਾਂਦੀ ਹਾਂ, ਜਦੋਂ ਮੈਂ ਸੌਂਦੀ ਹਾਂ, ਹਰ ਵੇਲੇ ਮੈਨੂੰ ਉਸਦੀ ਯਾਦ ਆਉਂਦੀ ਹੈ। ਮੈਂ ਭੈੜੇ ਤੋਂ ਭੈੜੇ ਸੁਪਨੇ ਵਿੱਚ ਵੀ ਇਹ ਨਹੀਂ ਸੋਚ ਸਕਦੀ ਸੀ ਕਿ ਮੈਂ ਆਪਣੀ ਬੇਟੀ ਨੂੰ ਗੁਆ ਦੇਵਾਂਗੀ, ਉਹ ਵੀ ਇੰਨੀ ਦਰਿੰਦਗੀ ਨਾਲ"।

"ਪਰ ਮੇਰੀ ਬੇਟੀ ਬਹੁਤ ਬਹਾਦਰ ਸੀ। ਉਹ ਕਹਿੰਦੀ ਰਹੀ ਕਿ ਉਸ ਨਾਲ ਬਲਾਤਕਾਰ ਹੋਇਆ ਹੈ। ਪਿੰਡ ਵਾਲਿਆਂ ਨੂੰ ਇਹ ਪਸੰਦ ਨਹੀਂ, ਉਹ ਕਹਿੰਦੇ ਹਨ ਕਿ ਇਸ ਨਾਲ ਸਾਡੇ ਪਿੰਡ ਦੀ ਬਦਨਾਮੀ ਹੁੰਦੀ ਹੈ ਅਤੇ ਸਾਨੂੰ ਇਸਨੂੰ ਦਬਾਉਣਾ ਚਾਹੀਦਾ ਹੈ।"

ਹਾਥਰਸ

ਤਸਵੀਰ ਸਰੋਤ, ABHISHEK MATHUR

ਤਸਵੀਰ ਕੈਪਸ਼ਨ, ਪਿੰਡ ਜੇ ਇੱਕ ਠਾਕੁਰ ਬਲਬੀਰ ਸਿੰਘ ਦਾ ਕਹਿਣਾ ਹੈ,"ਜੋ ਵੀ ਹੋਇਆ ਉਹ ਹੁਣ ਹੋ ਚੁੱਕਿਆ ਹੈ। ਉਨ੍ਹਾਂ ਨੇ ਇੱਥੇ ਹੀ ਰਹਿਣਾ ਹੈ, ਅਤੇ ਅਸੀਂ ਵੀ"

ਪੀੜਤਾ ਦੇ ਭਰਜਾਈ ਕਹਿੰਦੇ ਹਨ ਕਿ ਇਸ ਘਰ ਵਿੱਚ ਰਹਿਣਾ ਸੰਭਵ ਨਹੀਂ ਹੈ ਕਿਉਂਕਿ "ਇੱਥੇ ਹਰ ਖੂੰਜੇ ਵਿੱਚੋਂ ਬਹੁਤ ਸਾਰੀਆਂ ਯਾਦਾਂ ਝਾਕ ਰਹੀਆਂ ਹਨ"।

"ਅਸੀਂ ਹਮੇਸ਼ਾਂ ਇਕੱਠੇ ਰਹਿੰਦੇ ਸੀ। ਜਦੋਂ ਮੈਂ ਗਰਭਵਤੀ ਸੀ, ਉਹ ਮੈਨੂੰ ਖਾਣਾ ਪਕਾਉਣ ਜਾਂ ਕੋਈ ਵੀ ਕੰਮ ਨਹੀਂ ਕਰਨ ਦਿੰਦੀ ਸੀ। ਆਪਣੀ ਮੌਤ ਦੇ ਦਿਨ ਵੀ, ਉਸਨੇ ਸਬਜ਼ੀ ਬਣਾਈ, ਆਟਾ ਗੁੰਨਿਆ ਅਤੇ ਕਿਹਾ ਕਿ ਉਹ ਚਾਰਾ ਲੈ ਕੇ ਆਉਂਦੀ ਹੈ ਤੇ ਵਾਪਸ ਆ ਕੇ ਰੋਟੀ ਬਣਾਵੇਗੀ।"

ਉਸਦੇ ਭਰਜਾਈ ਰੋਂਦੇ ਹੋਏ ਕਹਿੰਦੇ ਹਨ, "ਪਰ ਉਹ ਕਦੇ ਵਾਪਸ ਨਹੀਂ ਆਈ।"

19 ਸਾਲਾ ਲੜਕੀ ਦੇ ਛੋਟੇ ਭਰਾ ਨੇ ਕਿਹਾ, "ਪਿਛਲੇ ਸਾਲ ਵਿੱਚ ਸਿਰਫ ਇੱਕ ਚੀਜ਼ ਜੋ ਖਿੜੀ ਹੈ ਉਹ ਹੈ ਤੁਲਸੀ ਦਾ ਪੌਦਾ ਹੈ। ਜਦੋਂ ਮੇਰੀ ਭੈਣ ਨੇ ਇਸਨੂੰ ਲਾਇਆ ਸੀ, ਇਹ ਸਿਰਫ ਇੱਕ ਛੋਟਾ ਬੂਟਾ ਸੀ। ਦੇਖੋ ਹੁਣ ਇਹ ਕਿੰਨਾ ਵੱਡਾ ਹੋ ਗਿਆ ਹੈ।"

ਹਾਥਰਸ

ਤਸਵੀਰ ਸਰੋਤ, ABHISHEK MATHUR

ਤਸਵੀਰ ਕੈਪਸ਼ਨ, ਪੀੜਿਤਾ ਦੇ ਸੰਸਕਾਰ ਵਾਲੀ ਥਾਂ ਹੁਣ ਘਾਹ ਅਤੇ ਝਾੜੀਆਂ ਉੱਗ ਆਈਆਂ ਹਨ

ਅਸੀਂ ਉਨ੍ਹਾਂ ਦੇ ਘਰ ਤੋਂ ਲਗਭਗ 1 ਕਿਲੋਮੀਟਰ ਦੂਰ ਖੇਤ ਵੱਲ ਗਏ, ਜਿੱਥੇ ਪੀੜਿਤਾ ਦਾ ਸੰਸਕਾਰ ਕੀਤਾ ਗਿਆ ਸੀ।

ਪਿਛਲੇ ਸਾਲ, ਜਦੋਂ ਅਸੀਂ ਦੇਖਿਆ ਸੀ ਇੱਥੇ ਸੁਆਹ ਦਾ ਇੱਕ ਢੇਰ ਸੀ। ਹੁਣ ਇਸ ਖੇਤਰ 'ਤੇ ਘਾਹ ਉੱਗਿਆ ਹੋਇਆ ਹੈ; ਨੇੜੇ ਨੁਕੀਲੀਆਂ ਟਾਹਣੀਆਂ ਦਾ ਇੱਕ ਢੇਰ ਲੱਗਿਆ ਹੋਇਆ ਹੈ। 29 ਸਤੰਬਰ ਦੀ ਰਾਤ ਨੂੰ ਜੋ ਹੋਇਆ, ਉਸ ਦੇ ਸਾਰੇ ਨਿਸ਼ਾਨ ਮਿਟਾ ਦਿੱਤੇ ਗਏ ਹਨ।

ਜਦੋਂ ਅਸੀਂ ਪਰਿਵਾਰ ਨੂੰ ਉਨ੍ਹਾਂ ਦੀਆਂ ਅਸਥੀਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਦੇ ਭਰਾ ਨੇ ਕਿਹਾ, "ਜਦੋਂ ਤੱਕ ਸਾਨੂੰ ਨਿਆਂ ਨਹੀਂ ਮਿਲਦਾ, ਅਸੀਂ ਉਨ੍ਹਾਂ ਨੂੰ ਨਹੀਂ ਵਹਾਵਾਂਗੇ।"

ਉਨ੍ਹਾਂ ਦੇ ਭਰਜਾਈ ਕਹਿੰਦੇ ਹਨ, "ਅਤੇ ਇਹ ਉਦੋਂ ਹੀ ਹੋਵੇਗਾ ਜਦੋਂ ਉਨ੍ਹਾਂ ਚਾਰਾਂ ਨੂੰ ਫਾਂਸੀ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਪਰਿਵਾਰ ਵੀ ਉਸੇ ਦਰਦ ਦਾ ਅਨੁਭਵ ਕਰ ਸਕਣ ਜੋ ਅਸੀਂ ਪਿਛਲੇ ਇੱਕ ਸਾਲ ਤੋਂ ਕਰ ਰਹੇ ਹਾਂ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)