ਕਿਸਾਨ ਜਥੇਬੰਦੀਆਂ ਨੇ ਵਲੰਟੀਅਰਾਂ ਨੂੰ ਕਿਹਾ ਕਿ ਭਾਜਪਾ 'ਤੇ ਧਿਆਨ ਰੱਖੋ, ਹੋਰ ਪਾਰਟੀਆਂ ਦੇ ਆਗੂਆਂ ਨਾਲ ਨਾ ਭਿੜੋ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਵਿੱਚ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਖ਼ਿਲਾਫ਼ ਲਗਾਤਾਰ ਹੁੰਦੇ ਮੁਜ਼ਾਹਰਿਆਂ ਵਿਚਾਲੇ ਹੁਣ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਯੂਨੀਅਨਾਂ ਨੇ ਆਪਣੇ ਵਲੰਟੀਅਰਾਂ ਨੂੰ ਭਾਜਪਾ ਉੱਤੇ ਫੋਕਸ ਕਰਨ ਨੂੰ ਕਿਹਾ ਹੈ।

ਹਿੰਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਜਥੇਬੰਦੀਆਂ ਨੇ ਆਪਣੇ ਵਰਕਰਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਗ਼ੈਰ-ਭਾਜਪਾ ਆਗੂਆਂ ਨੂੰ ਸਵਾਲ ਕਰ ਸਕਦੇ ਹਨ ਪਰ ''ਇੱਕ ਲੋਕਤਾਂਤਰਿਕ ਢੰਗ'' ਨਾਲ ਤਾਂ ਜੋ ਇਹ ਮਾੜਾ ਨਾ ਲੱਗੇ।

ਖ਼ਬਰ ਮੁਤਾਬਕ ਇੱਕ ਵੀਡੀਓ ਸੁਨੇਹੇ ਰਾਹੀਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੀ ਜਥੇਬੰਦੀਆਂ ਵੱਲੋਂ ਇਹ ਗੱਲ ਸਪਸ਼ਟ ਕੀਤੀ ਕਿ ਉਹ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਭਾਜਪਾ ਆਗੂਆਂ ਦਾ ਘੇਰਾਓ ਕਰਨਗੇ।

ਉਨ੍ਹਾਂ ਕਿਹਾ, "ਭਾਜਪਾ ਕੇਂਦਰ ਵਿੱਚ ਸੱਤਾ ਵਿੱਚ ਹੈ ਤੇ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕਰ ਰਹੀ। ਹਾਲਾਂਕਿ ਬਾਕੀ ਸਿਆਸੀ ਪਾਰਟੀਆਂ ਵੀ ਉਸੇ ਤਰ੍ਹਾਂ ਦੀਆਂ ਹਨ, ਅਸੀਂ ਉਨ੍ਹਾਂ ਨਾਲ ਉਸ ਤਰ੍ਹਾਂ ਦਾ ਵਤੀਰਾ ਨਹੀਂ ਰੱਖਾਂਗੇ। ਅਸੀਂ ਘੋਲ ਸਮਾਪਤ ਹੋਣ ਤੱਕ ਪਿੰਡਾਂ ਵਿੱਚ ਇਨ੍ਹਾਂ ਪਾਰਟੀਆਂ ਦੀਆਂ ਚੋਣ ਰੈਲੀਆਂ ਦੇ ਬਾਇਕਾਟ ਦਾ ਸੱਦਾ ਦੇਵਾਂਗੇ।"

ਇਹ ਵੀ ਪੜ੍ਹੋ:

ਚੀਨ ਸਾਡਾ ਸਭ ਤੋਂ ਅਹਿਮ ਭਾਈਵਾਲ: ਤਾਲਿਬਾਨ

ਤਾਲਿਬਾਨ ਨੇ ਚੀਨ ਨੂੰ ਉਨ੍ਹਾਂ ਦਾ ਸਭ ਤੋਂ ਅਹਿਮ ਭਾਈਵਾਲ ਕਿਹਾ ਹੈ।

ਇੰਡੀਆ ਟੂਡੇ ਦੀ ਖ਼ਬਰ ਮੁਤਾਬਕ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਚੀਨ ਦੀ ਵਨ ਬੈਲਟ, ਵਨ ਰੋਡ ਪਹਿਲ ਜੋ ਚੀਨ ਨੂੰ ਅਫ਼ਰੀਕਾ, ਏਸ਼ੀਆ ਅਤੇ ਯੂਰਪ ਨਾਲ ਬੰਦਰਗਾਹਾਂ, ਰੇਲਵੇ, ਸੜਕਾਂ ਅਤੇ ਇੰਡਸਟ੍ਰੀਅਲ ਪਾਰਕਾਂ ਨਾਲ ਜੋੜਦੀ ਹੈ, ਉਸ ਦਾ ਸਮਰਥਨ ਕਰਦਾ ਹੈ।

ਉਨ੍ਹਾਂ ਕਿਹਾ, ''ਚੀਨ ਸਾਡਾ ਸਭ ਤੋਂ ਅਹਿਮ ਭਾਈਵਾਲ ਹੈ ਅਤੇ ਸਾਡੇ ਲਈ ਬੁਨਿਆਦੀ ਤੇ ਬਿਹਤਰੀਨ ਮੌਕੇ ਦਿੰਦਾ ਹੈ ਕਿਉਂਕਿ ਇਹ ਸਾਡੇ ਦੇਸ਼ ਦੇ ਮੁੜ ਨਿਰਮਾਨ ਅਤੇ ਨਿਵੇਸ਼ ਲਈ ਤਿਆਰ ਹੈ।''

''ਦੇਸ਼ ਵਿੱਚ ਬੇਸ਼ਕਿਮਤੀ ਤਾਂਬੇ ਦੀਆਂ ਖਾਨਾਂ ਹਨ ਅਤੇ ਉਹ ਚੀਨ ਦੇ ਸਹਾਰੇ ਮੁੜ ਤੋਂ ਸ਼ੁਰੂ ਹੋ ਸਕਦੀਆਂ ਹਨ ਤੇ ਉਨ੍ਹਾਂ ਦਾ ਨਵੀਨੀਕਰਨ ਹੋ ਸਕਦਾ ਹੈ। ਸਾਡੇ ਲਈ ਚੀਨ ਦੁਨੀਆ ਦੀ ਮਾਰਕਿਟ ਲਈ ਇੱਕ ਪਾਸ ਹੈ।''

ਜਲ੍ਹਿਆਂਵਾਲਾ ਬਾਗ ਨੂੰ ਲੈ ਕੇ ਸਿਆਸਤ ਵਿੱਚ ਨਾ ਪਓ: ਬਿੱਟਾ

ਸਾਬਕਾ ਕਾਂਗਰਸੀ ਆਗੂ ਅਤੇ ਆਲ ਇੰਡੀਆ ਐਂਟੀ ਟੈਰੀਰਿਸਟ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਨੇ ਜਲ੍ਹਿਆਂਵਾਲਾ ਬਾਗ ਦੇ ਬਦਲਾਅ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕਿਸੇ ਨੂੰ ਕੌਮੀ ਸਮਾਰਕ ਸਬੰਧੀ ਸਿਆਸਤ ਵਿੱਚ ਨਹੀਂ ਪੈਣਾ ਚਾਹੀਦਾ।

ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਬਿੱਟਾ ਵੱਲੋਂ ਸ਼ੁੱਕਰਵਾਰ ਨੂੰ ਜਲ੍ਹਿਆਂਵਾਲਾ ਬਾਗ ਦਾ ਦੌਰਾ ਕੀਤਾ ਗਿਆ।

ਇਸ ਦੌਰਾਨ ਬਿੱਟਾ ਨੇ ਕਿਹਾ, "ਮੈਂ ਬਚਪਨ ਵਿੱਚ ਆਪਣੇ ਦਾਦਾ ਨਾਲ ਜਲ੍ਹਿਆਂਵਾਲਾ ਬਾਗ ਆਉਂਦਾ ਸੀ। ਮੇਰੇ ਹਿਸਾਬ ਨਾਲ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਨਵੀਨੀਕਰਨ ਬਹੁਤ ਵਧੀਆ ਹੈ। ਜੇ ਕਿਸੇ ਨੂੰ ਇਸ ਨਵੀਨੀਕਰਨ ਵਿੱਚ ਕੋਈ ਕਮੀ ਲਗਦੀ ਹੈ ਤਾਂ ਉਹ ਕੇਂਦਰ ਸਰਕਾਰ ਨੂੰ ਇਸ ਬਾਰੇ ਲਿੱਖ ਸਕਦਾ ਹੈ। ਸਾਨੂੰ ਸ਼ਹੀਦਾਂ ਦੇ ਸਮਾਰਕ ਬਾਰੇ ਸਿਆਸਤ ਵਿੱਚ ਨਹੀਂ ਪੈਣਾ ਚਾਹੀਦਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹਨੀ ਸਿੰਘ ਘੇਰਲੂ ਹਿੰਸਾ ਦੇ ਮਾਮਲੇ 'ਚ ਅਦਾਲਤ ਵਿੱਚ ਹੋਏ ਪੇਸ਼

ਗਾਇਕ ਅਤੇ ਰੈਪਰ ਹਨੀ ਸਿੰਘ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਨੂੰ ਲੈ ਕੇ ਪੇਸ਼ ਹੋਏ।

ਟਾਇਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਹਨੀ ਸਿੰਘ ਅਦਾਲਤ ਵਿੱਚ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਵੱਲੋਂ ਦਰਜ ਹੋਏ ਘਰੇਲੂ ਹਿੰਸਾ ਦੇ ਮਾਮਲੇ ਨੂੰ ਲੈ ਕੇ ਪੇਸ਼ ਹੋਏ। ਹਨੀ ਸਿੰਘ ਨਾਲ ਉਨ੍ਹਾਂ ਦੇ ਵਕੀਲ ਵੀ ਸਨ।

ਹਨੀ ਸਿੰਘ, ਜਿਨ੍ਹਾਂ ਦਾ ਅਸਲੀ ਨਾਮ ਹਰੀਦੇਸ਼ ਸਿੰਘ ਹੈ, ਦੀ ਪਤਨੀ ਸ਼ਾਲਿਨੀ ਤਲਵਾਰ ਨੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਦਾ ਕਈ ਵਾਰ ਜ਼ੁਬਾਨੀ ਅਤੇ ਮਾਨਸਿਕ ਸ਼ੋਸ਼ਣ ਹੋਇਆ। ਸ਼ਾਲਿਨੀ ਵੱਲੋਂ 20 ਕਰੋੜ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਖਾਦ ਤੇਲ ਦੀਆਂ ਕੀਮਤਾਂ ਦਸੰਬਰ ਤੱਕ ਘੱਟ ਹੋਣਗੀਆਂ

ਫੂਡ ਸੈਕਰੇਟਰੀ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਇੰਟਰਨੈਸ਼ਨਲ ਕਮੋਡਿਟੀ ਦਾ ਭਵਿੱਖ ਅਤੇ ਘਰੇਲੂ ਖਾਦ ਬੀਜਾਂ ਦਾ ਆਉਣਾ ਦੱਸਦਾ ਹੈ ਕਿ ਦਸੰਬਰ ਤੱਕ ਖਾਦ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਵੇਗੀ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਖਾਦ ਤੇਲ ਦੀਆਂ ਰਿਟੇਲ ਕੀਮਤਾਂ ਪਿਛਲੇ ਸਾਲ ਤੱਕ 48 ਫੀਸਦੀ ਤੱਕ ਵਧੀਆਂ ਹਨ। ਇਸ ਪਿੱਛੇ ਵਜ੍ਹਾ ਆਲਮੀ ਕੀਮਤਾਂ ਅਤੇ ਭਾਰਤ ਵਿੱਚ ਸੋਇਆਬੀਨ ਦੀ ਘੱਟ ਪੈਦਾਵਾਰ ਹੈ, ਜੋ ਕਿ ਭਾਰਤ ਵਿੱਚ ਖਾਦ ਤੇਲ ਦੀ ਸਭ ਤੋਂ ਵੱਡੀ ਫ਼ਸਲ ਹੈ।

ਹਾਲਾਂਕਿ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਤੇਜ਼ੀ ਖ਼ਤਮ ਹੋ ਗਈ ਹੈ।

ਉਹ ਕਹਿੰਦੇ ਹਨ, ''ਸੋਇਆਬੀਨ ਅਤੇ ਤਾੜ ਦੇ ਤੇਲ ਨੂੰ ਲੈ ਕੇ ਦਸੰਬਰ ਦੇ ਰੁਝਾਨ ਹੇਠਾਂ ਨੂੰ ਜਾ ਰਹੇ ਹਨ। ਅਸੀਂ ਘੱਟੋ-ਘੱਟ ਇਹ ਉਮੀਦ ਕਰ ਸਕਦੇ ਹਾਂ ਕਿ ਕੀਮਤਾਂ ਨਹੀਂ ਵਧਣਗੀਆਂ।''

ਪਾਕਿਸਤਾਨ ਵੱਲੋਂ ਗਿਲਾਨੀ ਦੀ 'ਲਾਸ਼ ਨਾਲ ਖਿੱਚ-ਧੂਹ' ਸਬੰਧੀ ਭਾਰਤੀ ਦੂਤ ਨੂੰ ਸੰਮਨ

ਪਾਕਿਸਤਾਨ ਵੱਲੋ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਇੰਚਾਰਜ ਨੂੰ ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੀ ਲਾਸ਼ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਦਫ਼ਨ ਕੀਤੇ ਜਾਣ ਨੂੰ ਲੈ ਕੇ ਸੰਮਨ ਜਾਰੀ ਕਰਦਿਆਂ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਡਾਅਨ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਬਿਆਨ ਵਿੱਚ ਕਿਹਾ ਗਿਆ ਹੈ, "ਭਾਰਤੀ ਮਾਮਲਿਆਂ ਦੇ ਇੰਚਾਰਜ ਨੂੰ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿੱਚ ਸੰਮਨ ਕੀਤਾ ਗਿਆ ਅਤੇ ਪਾਕਿਸਤਾਨ ਵੱਲੋਂ ਸਖ਼ਤ ਇਤਰਾਜ਼ ਇਸ ਗੱਲ ਉੱਤੇ ਜ਼ਾਹਿਰ ਕੀਤਾ ਗਿਆ ਕਿ ਭਾਰਤੀ ਕਬਜ਼ੇ ਵਾਲੀਆਂ ਫੋਰਸਾਂ ਨੇ ਕਸ਼ਮੀਰੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੀ ਲਾਸ਼ ਨੂੰ ਸਹੀ ਢੰਗ ਨਾਲ ਨਹੀਂ ਸੰਭਾਲਿਆ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)