ਸੁਖਬੀਰ ਬਾਦਲ ਦੀ 100 ਦਿਨਾਂ ਪੰਜਾਬ ਯਾਤਰਾ: ਸਵਾਲ, ਜੋ ਅਕਾਲੀ ਦਲ ਦੇ ਪ੍ਰਧਾਨ ਲਈ ਬਣ ਰਹੇ ਹਨ ਚੂਣੌਤੀ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਜਨਤਕ ਬੈਠਕਾਂ ਸ਼ੁਰੂ ਕੀਤੀਆਂ ਹਨ ਪਰ ਕਿਸਾਨ ਵੀ ਪਾਰਟੀ ਆਗੂਆਂ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਘੇਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 'ਪੰਜਾਬ ਦੀ ਗੱਲ' ਤਹਿਤ '100 ਦਿਨ 100 ਹਲਕਾ' ਦੀ ਆਪਣੀ ਮੁਢਲੀ ਚੋਣ ਮੁਹਿੰਮ ਸ਼ੁਰੂ ਕਰਕੇ ਬਾਕੀ ਦਲਾਂ ਦੇ ਮੁਕਾਬਲੇ ਅੱਗੇ ਰਹਿਣ ਦੀ ਕੋਸ਼ਿਸ਼ ਕੀਤੀ ਹੈ।

ਪਰ ਪਿਛਲੇ ਵਰ੍ਹੇ ਤੋਂ ਸ਼ੁਰੂ ਹੋਏ ਕਿਸਾਨ ਸੰਘਰਸ਼ ਕਾਰਨ ਅਕਾਲੀ ਦਲ ਅੱਗੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਖੜ੍ਹੀਆਂ ਹੋ ਗਈਆਂ ਹਨ। ਇਹ ਮੁਹਿੰਮ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਤੋਂ 18 ਅਗਸਤ ਨੂੰ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ-

ਇਹ ਨਹੀਂ ਹੈ ਕਿ ਕਿਸਾਨ ਜਥੇਬੰਦੀਆਂ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਆਪਣਾ 'ਨਿਸ਼ਾਨਾ' ਬਣਾ ਰਹੀਆਂ ਹਨ।

ਕਿਸਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਸਵਾਲ ਪੁੱਛਣ ਲਈ 'ਕਾਹਲੇ' ਹਨ ਪਰ ਪੰਜਾਬ ਵਿੱਚ ਇਸ ਵੇਲੇ ਵੱਡੀ ਸਿਆਸੀ ਸਰਗਰਮੀ ਅਕਾਲੀ ਦਲ ਨੇ ਸ਼ੁਰੂ ਕੀਤੀ ਹੈ ਤੇ ਕਿਸਾਨਾਂ ਦੇ ਨਿਸ਼ਾਨੇ 'ਤੇ ਇਸੇ ਵੇਲੇ ਵੀ ਅਕਾਲੀ ਦਲ ਹੀ ਹੈ।

ਵਿਰੋਧ ਕਰਦੇ ਅਤੇ ਸਵਾਲ ਚੁੱਕਦੇ ਕਿਸਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਦੋਂ ਜ਼ਿਲਾ ਫਿਰੋਜ਼ਪੁਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਆਪਣੀ ਇਸ ਮੁਹਿੰਮ ਦਾ ਆਗਾਜ਼ ਕੀਤਾ ਸੀ ਤਾਂ ਉਸੇ ਵੇਲੇ ਹੀ ਉਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਦੇ 'ਨਿਸ਼ਾਨੇ' 'ਤੇ ਆ ਗਏ ਸਨ।

ਕਿਸਾਨ ਸੰਗਠਨਾਂ ਦੇ ਕਾਰਕੁੰਨ ਪਹਿਲਾਂ ਜ਼ੀਰਾ, ਫਿਰ ਗੁਰੂਹਰਸਹਾਏ , ਫਿਰ ਮਲੋਟ ਤੇ ਫਿਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਦੋਦਾ ਵਿਖੇ ਸੁਖਬੀਰ ਸਿੰਘ ਬਾਦਲ ਨੂੰ ਘੇਰ ਕੇ ਸਵਾਲ ਪੁੱਛਣ ਲਈ ਪਹੁੰਚ ਗਏ।

ਇਸ ਸਥਿਤੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ ਕਿ ਜੇਕਰ '100 ਦਿਨ 100 ਹਲਕਾ' ਮੁਹਿੰਮ ਦੌਰਾਨ ਕਿਸਾਨ ਸੰਗਠਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਸਵਾਲ ਪੁੱਛਣ ਦਾ ਰੁਝਾਨ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਇਸ ਦਾ ਸਿਆਸੀ ਪ੍ਰਭਾਵ ਆਉਣ ਵਾਲੀਆਂ ਚੋਣਾਂ ਲਈ ਕਿਵੇਂ ਰਹੇਗਾ?

ਕਿਸਾਨ ਸੰਗਠਨਾਂ ਦੇ ਆਗੂ ਇਸ ਗੱਲ 'ਤੇ ਹੀ ਸਵਾਲ ਪੁੱਛਣ ਨੂੰ ਤਰਜੀਹ ਦੇ ਰਹੇ ਹਨ ਕਿ ਜਦੋਂ ਕੇਂਦਰ ਸਰਕਾਰ ਖੇਤੀ ਕਾਨੂੰਨ ਬਣਾ ਰਹੀ ਸੀ ਤਾਂ ਉਸ ਵੇਲੇ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੱਕ ਵਿਚ ਭੁਗਤੇ।

ਸਵਾਲ ਇਹ ਵੀ ਕੀਤਾ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਆਕਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਥਿਤ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਖ਼ਿਲਾਫ ਨਹੀਂ ਬੋਲੇ।

ਪਰ ਹੁਣ ਵੋਟਾਂ ਦਾ ਸਮਾਂ ਦੇਖਦੇ ਹੀ ਉਹ ਆਪਣੇ ਆਪ ਨੂੰ ਮੁੜ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਲੱਗੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਗੁਰੂਹਰਸਹਾਏ ਵਿਖੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਣ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਹਰਨੇਕ ਸਿੰਘ ਮਹਿਮਾ

ਚਰਚਾ ਵਿਚ ਆਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਮੁੱਚੇ ਸਿਆਸੀ ਦਲਾਂ ਦੀ ਟੇਕ ਅਮੀਰ ਘਰਾਣਿਆਂ ਨੂੰ ਮਜ਼ਬੂਤ ਕਰਕੇ ਆਪਣੇ ਸਿਆਸੀ ਤੇ ਆਰਥਿਕ ਮੁਫ਼ਾਦ ਹਾਸਲ ਕਰਨ 'ਤੇ ਹੀ ਟਿਕੀ ਹੋਈ ਹੈ।

''ਕਿਸਾਨ ਪਿਛਲੇ ਚਾਰ ਦਹਾਕਿਆਂ ਤੋਂ ਆਰਥਿਕ ਮੰਦਹਾਲੀ ਦੀ ਮਾਰ ਝੱਲ ਕੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਇਹੀ ਹਾਲ ਖੇਤ ਮਜ਼ਦੂਰਾਂ ਦਾ ਹੈ।

''ਡੀਜ਼ਲ, ਖਾਦ, ਕੀੜੇਮਾਰ ਦਵਾਈਆਂ ਤੇ ਹੋਰ ਖੇਤੀ ਸਮੱਗਰੀ ਦੇ ਭਾਅ ਲਗਾਤਾਰ ਵਧ ਰਹੇ ਹਨ ਪਰ ਖੇਤੀ ਜਿਣਸਾਂ ਦੇ ਭਾਅ ਵਧਾਉਣ ਦੀ ਕੋਈ ਠੋਸ ਨੀਤੀ ਅੱਜ ਤੱਕ ਨਹੀਂ ਬਣੀ ਹੈ। ਹੁਣ ਤਾਂ ਹੱਦ ਹੀ ਹੋ ਗਈ ਹੈ।''

''ਸਰਕਾਰਾਂ ਹਰ ਨਿੱਜੀਕਰਨ ਕਰ ਰਹੀਆਂ ਹਨ । ਰੁਜ਼ਗਾਰ ਦੇ ਮੌਕੇ ਖ਼ਤਮ ਹਨ। ਕਿਸਾਨ ਦਾ ਤਾਂ ਫਿਰ ਇਸ ਹਾਲਾਤ ਵਿੱਚ ਰੱਬ ਹੀ ਰਾਖਾ ਹੈ।''

'ਅਸੀਂ ਸਿਆਸੀ ਲੋਕਾਂ ਦੇ ਰੰਗ ਵੇਖੇ ਹਨ'

ਪੰਜਾਬ ਦੇ ਮਾਲਵਾ ਖਿੱਤੇ ਦੇ ਬਹੁਤੇ ਪਿੰਡਾਂ ਵਿਚ ਲੋਕਾਂ ਨੇ ਵੱਡੇ-ਵੱਡੇ ਪੋਸਟਰ ਤੇ ਬੋਰਡ ਲਗਾ ਦਿੱਤੇ ਹਨ ਕਿ ਕਿਸੇ ਵੀ ਪਾਰਟੀ ਦੇ ਸਿਆਸੀ ਆਗੂ ਦਾ ਪਿੰਡ ਵਿੱਚ ਆਉਣਾ ਮਨ੍ਹਾ ਹੈ।

ਇਹਨਾਂ ਬੋਰਡਾਂ 'ਤੇ ਲਿਖਿਆ ਗਿਆ ਹੈ ਕਿ ਜੇਕਰ ਕੋਈ ਸਿਆਸੀ ਆਗੂ ਕਿਸਾਨਾਂ, ਖੇਤ ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਨਸ਼ੇ ਦੀ ਦਲਦਲ ਸਬੰਧੀ ਤਸੱਲੀਬਖਸ਼ ਜਵਾਬ ਦੇਣ ਲਈ ਤਿਆਰ ਹੈ ਤਾਂ ਉਸ ਨੂੰ 'ਜੀ ਆਇਆਂ'।

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਕੋਟਲੀ ਦੇ ਨੌਜਵਾਨ ਆਗੂ ਗੁਰਵਿੰਦਰ ਸਿੰਘ ਕਹਿੰਦੇ ਹਨ ਕਿ ਜੇਕਰ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣਾ ਹੈ ਤਾਂ ਸਮੁੱਚੀ ਕਿਰਤੀ ਜਮਾਤ ਨੂੰ ਸਿਆਸੀ ਫਿਜ਼ਾ ਦਾ ਤਿਆਗ ਕਰਕੇ ਇੱਕ ਮਜ਼ਬੂਤ ਲੋਕ ਲਹਿਰ ਖੜ੍ਹੀ ਕਰਨੀ ਪਵੇਗੀ।

''ਮੈਂ ਸਿਆਸੀ ਲੋਕਾਂ ਦੇ ਰੰਗ ਦੇਖੇ ਹਨ ਤੇ ਉਨਾਂ ਵੱਲੋਂ ਹਰ ਵਾਰ ਚੋਣਾਂ ਸਮੇਂ ਕੀਤੇ ਜਾਂਦੇ ਵਾਅਦਿਆਂ 'ਤੇ ਵਿਸ਼ਵਾਸ਼ ਕੀਤਾ। ਪਰ ਸ਼ੁਕਰ ਹੈ ਕਿ ਮੇਰਾ ਇਹ ਭਰਮ ਜਲਦੀ ਹੀ ਟੁੱਟ ਗਿਆ ਕਿ ਸਿਆਸੀ ਵਾਅਦੇ ਵਫ਼ਾ ਨਹੀਂ ਹੋਣੇ।''

''ਅਜਿਹੇ ਵਿੱਚ ਅਸੀਂ ਆਪਣੇ ਖਿੱਤੇ ਵਿੱਚ ਨੌਜਵਾਨਾਂ ਦੀ ਇੱਕ ਟਾਸਕ ਫੋਰਸ ਨਸ਼ਿਆ ਖਿਲਾਫ਼ ਤੇ ਨੌਜਵਾਨ ਕਿਸਾਨਾਂ ਦੀਆਂ ਕਮੇਟੀਆਂ ਸਿਆਸੀ ਲੋਕਾਂ ਨੂੰ ਜਨਤਕ ਕਚਹਿਰੀ ਵਿਚ ਸਵਾਲ ਪੁੱਛਣ ਲਈ ਕਾਇਮ ਕੀਤੀਆਂ ਹਨ।''

'ਅਸੀਂ ਅਸਤੀਫ਼ਾ ਦਿੱਤਾ, ਭਾਜਪਾ ਤੋਂ ਨਾਤਾ ਤੋੜਿਆ'

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀਆਂ ਮੀਟਿੰਗਾਂ ਵਿੱਚ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਹਵਾਲਾ ਦੇ ਕੇ ਅਜਿਹੇ ਤਰਕ ਰੱਖ ਰਹੇ ਹਨ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੀ ਤਰੱਕੀ ਦੀ ਗੱਲ ਕੀਤੀ ਹੈ ਤਾਂ ਉਹ ਸਿਰਫ਼ ਅਕਾਲੀ ਦਲ ਨੇ ਹੀ ਕੀਤੀ ਹੈ।

ਸੁਖਬੀਰ ਸਿੰਘ ਬਾਦਲ ਕਹਿੰਦੇ ਹਨ, ''ਜਿਵੇਂ ਕਿਸਾਨ ਆਗੂ ਆਪਣੀਆਂ ਦਲੀਲਾਂ ਨਾਲ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਲਗਾਤਾਰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਤਿੰਨ ਖੇਤੀ ਬਿੱਲ ਕਿਸਾਨ ਹਿੱਤ ਵਿੱਚ ਨਹੀਂ ਹਨ, ਠੀਕ ਉਸੇ ਤਰ੍ਹਾਂ ਜਦੋਂ ਇਹ ਕਾਨੂੰਨ ਪਾਸ ਹੋ ਰਹੇ ਸਨ ਤਾਂ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਬਿੱਲ ਗਲ਼ਤ ਹਨ।''

''ਆਖ਼ਰਕਾਰ ਅਸੀਂ ਅਸਤੀਫ਼ਾ ਦੇ ਕੇ ਕੇਂਦਰ ਸਰਕਾਰ ਵਿੱਚੋਂ ਬਾਹਰ ਆ ਗਏ ਤੇ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਲਿਆ।''

ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਲੈ ਕੇ ਕਿਸਾਨ ਆਗੂ ਆਪਣੇ ਭਾਸ਼ਨਾਂ ਵਿੱਚ ਇੱਕ ਹੋਰ ਵੀ ਸਵਾਲ ਚੁੱਕਣ ਲੱਗੇ ਹਨ।

ਪੀੜ੍ਹੀ ਦਰ ਪੀੜ੍ਹੀ ਚੱਲਦੀ ਸਿਆਸਤ 'ਤੇ ਵੀ ਸਵਾਲ

ਲੰਘੇ ਮੰਗਲਵਾਰ ਨੂੰ ਜਦੋਂ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਹਲਕੇ ਵਿੱਚ ਸੰਬੋਧਨ ਕਰਨ ਲਈ ਪੁੱਜੇ ਤਾਂ ਇੱਕ ਵੱਡੀ ਗੱਡੀ ਸ਼ਿੰਗਾਰ ਕੇ ਉਸ ਉੱਪਰ ਸੁਖਬੀਰ ਸਿੰਘ ਬਾਦਲ ਦੇ ਪੁੱਤਰ ਅਨੰਤਬੀਰ ਸਿੰਘ ਬਾਦਲ ਦੀ ਤਸਵੀਰ ਲਗਾਈ ਗਈ ਸੀ।

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਗੁਣਵੰਤ ਸਿੰਘ ਪੰਜਾਵਾ ਨੇ ਸਵਾਲ ਚੁੱਕਿਆ ਹੈ ਕਿ ਕੀ ਸਿਆਸੀ ਦਲਾਂ ਦੇ ਆਗੂਆਂ ਦਾ ਕੰਮ ਸਿਰਫ਼ ਪਰਿਵਾਰਾਂ ਨੂੰ ਹੀ ਸਿਆਸਤ ਵਿੱਚ ਲਿਆਉਣ ਦਾ ਰਹਿ ਗਿਆ ਹੈ?

ਉਨਾਂ ਕਿਹਾ, ''ਗੱਲ ਇਕੱਲੇ ਬਾਦਲ ਪਰਿਵਾਰ ਦੀ ਹੀ ਨਹੀਂ ਹੈ। ਕਾਂਗਰਸ ਪਾਰਟੀ ਦਾ ਵੀ ਇਹੋ ਹਾਲ ਹੈ।

''ਸਿਆਸੀ ਦਬਦਬੇ ਤੇ ਧਨ ਦੀ ਬਦੌਲਤ ਸਿਆਸਤ ਉੱਪਰ ਧਨਾਢ ਲੋਕਾਂ ਦਾ ਕਬਜ਼ਾ ਹੋ ਚੁੱਕਿਆ ਹੈ ਤੇ ਇਹੀ ਕਾਰਨ ਹੈ ਹੈ ਕਿ ਅੱਜ ਕਿਸਾਨ, ਮਜ਼ਦੂਰ ਤੇ ਬੇਰੁਜ਼ਗਾਰਾਂ ਦੀ ਗੱਲ ਕੇਵਲ ਸਿਆਸੀ ਲੋਕਾਂ ਦੇ ਭਾਸ਼ਨਾਂ ਤੱਕ ਹੀ ਸੀਮਤ ਹੈ।''

''ਜਦੋਂ ਕਿ ਅਸਲ ਵਿੱਚ ਇਹਨਾਂ ਜਮਾਤਾਂ ਦੀਆਂ ਜ਼ਿੰਦਗੀਆਂ ਵਿੱਚ ਆਈਆਂ ਦੁਸ਼ਵਾਰੀਆਂ ਨੂੰ ਦੂਰ ਕਰਨ ਲਈ ਕੋਈ ਸਿਆਸੀ ਦਲ ਰਾਜ਼ੀ ਨਹੀਂ ਹੈ।''

ਉੱਧਰ, ਅਕਾਲੀ ਦਲ ਨੇ 'ਪੰਜਾਬ ਦੀ ਗੱਲ' ਤਹਿਤ 100 ਦਿਨਾਂ ਵਿੱਚ 700 ਜਨਤਕ ਮੀਟਿੰਗਾਂ ਕਰਨ ਦਾ ਐਲਾਨ ਕੀਤਾ ਹੈ।

ਪਲੇਠੇ ਦੌਰ ਵਿਚ ਹੋਈਆਂ ਮੀਟਿੰਗਾਂ ਵਿਚ ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣਨ 'ਤੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲ ਕਿਸੇ ਵੀ ਹਾਲਤ ਵਿਚ ਰਾਜ ਅੰਦਰ ਲਾਗੂ ਨਹੀਂ ਹੋਣ ਦਿੱਤੇ ਜਾਣਗੇ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਪੱਸ਼ਟ ਸ਼ਬਦਾਂ 'ਚ ਕਹਿ ਰਹੇ ਹਨ ਕਿ ਅਕਾਲੀ ਵਰਕਰ ਚੋਣ ਮੁਹਿੰਮ ਪੂਰੇ ਹੌਸਲੇ ਨਾਲ ਜਾਰੀ ਰੱਖਣਗੇ।

ਕਿਸਾਨ ਸੰਗਠਨ ਆਪਣੀ ਗੱਲ 'ਤੇ ਅੜੇ ਹੋਏ ਹਨ ਕਿ ਜਿਨਾਂ ਚਿਰ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਉਨਾਂ ਚਿਰ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਣ ਲਈ ਕਿਸਾਨ ਆਖਰੀ ਸਾਹ ਤੱਕ ਲੜਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਹੋਰ ਵਾਅਦੇ ਅਤੇ ਦਾਅਵੇ

ਸੁਖਬੀਰ ਸਿੰਘ ਬਾਦਲ ਕਹਿੰਦੇ ਹਨ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਘਰੇਲੂ ਸੁਆਣੀਆਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਘਰੇਲੂ ਭੱਤਾ ਦੇਣਗੇ। ਇਹ ਸਕੀਮ ਨੀਲਾ ਕਾਰਡ ਧਾਰਕ ਹਰ ਔਰਤ ਲਈ ਹੋਵੇਗੀ।

ਇਸ ਤੋਂ ਇਲਾਵਾ ਹਰ ਵਰਗ ਲਈ 400 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਹੋਵੇਗੀ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨ ਪੰਜਾਬ 'ਚ ਲਾਗੂ ਨਹੀਂ ਹੋਣਗੇ।

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ 10 ਲੱਖ ਰੁਪਏ ਤੱਕ ਦਾ ਬਿਨਾਂ ਵਿਆਜ ਕਰਜ਼ਾ ਬਿਨਾ ਕਿਸੇ ਗਰੰਟੀ ਦੇ ਦਿੱਤਾ ਜਾਵੇਗਾ।

ਪਾਰਟੀ ਦੇ ਚੋਣ ਵਾਅਦਿਆਂ ਅਨੁਸਾਰ ਹਰ ਖੇਤਰ ਦੀ ਨੌਕਰੀ ਵਿੱਚ 75 ਫੀਸਦੀ ਨੌਕਰੀਆਂ ਪੰਜਾਬੀ ਲੋਕਾਂ ਲਈ ਰਾਖਵੀਆਂ ਹੋਣਗੀਆਂ।

ਇਸੇ ਤਰ੍ਹਾਂ ਹੀ ਐਸਸੀ ਭਾਈਚਾਰੇ ਦੇ ਵਿਦਿਆਰਥੀਆਂ ਲਈ ਨਵੀਂ ਵਜ਼ੀਫ਼ਾ ਨੀਤੀ ਬਣਾਈ ਜਾਵੇਗੀ। ਗਰੀਬ ਵਰਗ ਲਈ ਨਿਵੇਕਲੀ ਕਿਸਮ ਦੀਆਂ ਸੁਖ ਸਹੂਲਤਾਂ ਦਿੱਤੀਆਂ ਜਾਣਗੀਆਂ। ਸਿਹਤ ਸੁਵਿਧਾਵਾਂ ਵਾਸਤੇ ਹਰ ਜ਼ਿਲੇ ਵਿੱਚ ਮੈਡੀਕਲ ਕਾਲਜ ਜਾਵੇਗਾ।

ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਜਾ ਰਹੇ ਵਾਅਦਿਆਂ 'ਤੇ ਵੀ ਕਿਸਾਨ ਤੇ ਆਮ ਲੋਕ ਸਵਾਲ ਚੁੱਕ ਰਹੇ ਹਨ।

ਕਿਸਾਨਾਂ ਦਾ ਸਵਾਲ ਹੈ ਕਿ ਮੁਫ਼ਤ ਦਿੱਤੀ ਜਾਣ ਵਾਲੀ ਬਿਜਲੀ ਕਿੱਥੋਂ ਆਵੇਗੀ ਤੇ ਇਸ ਦਾ ਬੋਝ ਪੰਜਾਬ ਵਾਸੀਆਂ 'ਤੇ ਪਵੇਗਾ ਜਾਂ ਨਹੀਂ।ਦੂਜੇ ਪਾਸੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਗੱਲ ਦਾ ਗਿਲਾ ਹੈ ਕਿ ਪੰਜਾਬ ਵਿੱਚ ਹਰ ਸਰਕਾਰੀ ਵਿਭਾਗ ਦਾ ਤਾਂ ਨਿੱਜੀਕਰਨ ਹੋ ਚੁੱਕਾ ਹੈ ਤੇ ਫਿਰ ਉਹ ਪੱਕੀ ਨੌਕਰੀ ਦੀ ਆਸ ਕਿਵੇਂ ਰੱਖ ਸਕਦੇ ਹਨ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)