ਟੋਕੀਓ 2020 ਓਲੰਪਿਕ: ਹਾਕੀ ਖਿਡਾਰਨ ਵੰਦਨਾ ਕਟਾਰੀਆ ਦੇ ਘਰ ਦੇ ਬਾਹਰ ਜਾਤੀਵਾਦੀ ਹੰਗਾਮੇ ਦੀ ਕੀ ਹੈ ਸੱਚਾਈ - ਗਰਾਊਂਡ ਰਿਪੋਰਟ

ਤਸਵੀਰ ਸਰੋਤ, Alexander Hassenstein/Getty Images
- ਲੇਖਕ, ਧਰੁਵ ਮਿਸ਼ਰਾ
- ਰੋਲ, ਰੌਸ਼ਨਾਬਾਦ, ਹਰਿਦੁਆਰ ਤੋਂ ਬੀਬੀਸੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਟੋਕੀਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੇ ਅਰਜਨਟੀਨਾ ਤੋਂ ਹਾਰਨ ਤੋਂ ਬਾਅਦ ਖਿਡਾਰੀ ਵੰਦਨਾ ਕਟਾਰੀਆ ਦੇ ਘਰ ਦੇ ਬਾਹਰ ਜਾਤੀਵਾਦੀ ਹੰਗਾਮਾ ਕਰਨ ਦੇ ਇਲਜ਼ਾਮ ਤਹਿਤ ਹਰਿਦੁਆਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਹਰਿਦੁਆਰ ਦੇ ਐੱਸਐੱਸਪੀ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਗ੍ਰਿਫ਼ਤਾਰੀ ਐੱਸਸੀ/ਐੱਸਟੀ ਐਕਟ ਦੇ ਤਹਿਤ ਕੀਤੀ ਗਈ ਹੈ।
ਰੋਸ਼ਨਾਬਾਦ ਪਿੰਡ ਦੀਆਂ ਤੰਗ ਗਲੀਆਂ ਵਿੱਚ ਖਿਡਾਰੀ ਵੰਦਨਾ ਕਟਾਰੀਆ ਦਾ ਘਰ ਹੈ। ਇਹ ਗਲੀਆਂ ਇੰਨੀਆਂ ਤੰਗ ਹਨ ਕਿ ਉਨ੍ਹਾਂ ਦੇ ਘਰ ਤੱਕ ਕਾਰ ਦਾ ਪਹੁੰਚਣਾ ਸੰਭਵ ਨਹੀਂ ਹੈ।
ਉਨ੍ਹਾਂ ਦੇ ਘਰ ਪਹੁੰਚਣ ਲਈ ਕਾਰ ਬਾਹਰ ਮੁੱਖ ਸੜਕ 'ਤੇ ਹੀ ਖੜ੍ਹੀ ਕਰਨੀ ਪੈਂਦੀ ਹੈ। ਫਿਰ ਲਗਭਗ 300-400 ਮੀਟਰ ਪੈਦਲ ਚੱਲ ਕੇ ਉਨ੍ਹਾਂ ਦੇ ਘਰ ਪਹੁੰਚਿਆ ਜਾ ਸਕਦਾ ਹੈ।
ਆਲੇ-ਦੁਆਲੇ ਦੇ ਇਲਾਕੇ ਵਿੱਚ ਨਿਮਨ ਵਰਗ ਦੇ ਲੋਕ ਰਹਿੰਦੇ ਹਨ।
ਇਸ ਇਲਾਕੇ ਵਿੱਚ ਵੰਦਨਾ ਕਟਾਰੀਆ ਦੇ ਘਰ ਦਾ ਪਤਾ ਪੁੱਛਣ 'ਤੇ ਬਹੁਤੇ ਲੋਕ ਉਨ੍ਹਾਂ ਦੇ ਨਾਮ ਤੋਂ ਅਣਜਾਣ ਹੀ ਮਿਲੇ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Dhruv Mishra
ਵੰਦਨਾ ਦੇ ਘਰ ਦੇ ਬਾਹਰ ਪਟਾਕੇ ਚਲਾਏ ਗਏ?
ਵੰਦਨਾ ਕਟਾਰੀਆ ਦੇ ਮਾਤਾ ਜੀ ਨੇ ਬੀਬੀਸੀ ਨੂੰ ਦੱਸਿਆ, "ਸ਼ਾਮ ਨੂੰ ਤਕਰੀਬਨ 5 ਵੱਜ ਰਹੇ ਸਨ ਅਤੇ ਅਸੀਂ ਮੈਚ ਦੇਖ ਰਹੇ ਸੀ, ਉਸੇ ਵੇਲੇ ਪਟਾਕੇ ਫੁੱਟਣ ਦੀ ਆਵਾਜ਼ ਸੁਣਾਈ ਦਿੱਤੀ। ਅਸੀਂ ਹੇਠਾਂ ਚਲੇ ਗਏ। ਜਦੋਂ ਅਸੀਂ ਪੁੱਛਿਆ ਤਾਂ ਸਾਨੂੰ ਦੱਸਿਆ ਗਿਆ ਕਿ ਪਟਾਕੇ ਚਲਾਏ ਗਏ ਹਨ।"
ਵੰਦਨਾ ਦੇ ਮਾਤਾ ਜੀ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ। ਜਦੋਂ ਅਸੀਂ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ। ਉਨ੍ਹਾਂ ਨੇ ਇਸ ਤੋਂ ਅੱਗੇ ਹੋਰ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਵੰਦਨਾ ਦੇ ਵੱਡੇ ਭਰਾਵਾਂ ਵਿੱਚੋਂ ਇੱਕ, ਲਾਖਨ ਸਿੰਘ ਕਟਾਰੀਆ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਅਸੀਂ ਸਾਰੇ ਇੱਥੇ ਘਰ ਵਿੱਚ ਮੈਚ ਵੇਖ ਰਹੇ ਸੀ, ਨਾਲ ਹੀ ਕਈ ਮੀਡੀਆ ਦੇ ਲੋਕ ਵੀ ਮੌਜੂਦ ਸਨ।"
"ਜਿਵੇਂ ਹੀ ਟੀਮ ਇੰਡੀਆ ਮੈਚ ਹਾਰ ਗਈ, ਸਾਡੇ ਘਰ ਦੇ ਨੇੜੇ ਹੀ ਇੱਕ ਘਰ ਹੈ, ਉੱਥੇ ਪਟਾਕੇ ਚੱਲਣੇ ਸ਼ੁਰੂ ਹੋ ਗਏ। ਸਾਡੇ ਵੱਡੇ ਭਰਾ ਨੇ ਇਹ ਸਭ ਸੁਣਿਆ ਅਤੇ ਕਿਹਾ, ਕਿ ਦੇਖੋ ਇਹ ਕੌਣ ਹੈ?"

ਤਸਵੀਰ ਸਰੋਤ, Dhruv Mishra
ਲਾਖਨ ਦੱਸਦੇ ਹਨ, "ਜਦੋਂ ਅਸੀਂ ਹੇਠਾਂ ਗਏ ਤਾਂ ਅਸੀਂ ਵੇਖਿਆ ਕਿ ਉੱਥੇ ਬਹੁਤ ਭੀੜ ਲੱਗੀ ਹੋਈ ਸੀ। ਉੱਥੇ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਇਹ ਲੋਕ ਪਟਾਕੇ ਚਲਾ ਰਹੇ ਹਨ, ਆਤਿਸ਼ਬਾਜ਼ੀ ਕਰ ਰਹੇ ਹਨ, ਇਨ੍ਹਾਂ ਦਾ ਕੀ ਕੀਤਾ ਜਾਵੇ?"
"ਉਸੇ ਵੇਲੇ ਉੱਥੇ ਦੋ ਕਾਂਸਟੇਬਲ ਆ ਗਏ। ਉਨ੍ਹਾਂ ਨੂੰ ਦੱਸ ਦਿੱਤਾ ਗਿਆ ਕਿ ਇੱਥੇ ਅਜਿਹੀ ਗੱਲ ਵਾਪਰੀ ਹੈ। ਫਿਰ ਪੁਲਿਸ ਵਾਲੇ, ਵਿੱਕੀ ਪਾਲ (ਪੂਰਾ ਨਾਂ ਵਿਜੇਪਾਲ) ਨੂੰ ਆਪਣੇ ਨਾਲ ਲੈ ਗਏ।"
ਦੂਜੀ ਧਿਰ ਦਾ ਕੀ ਕਹਿਣਾ ਹੈ
ਵਿਜੇਪਾਲ ਦਾ ਘਰ ਵੰਦਨਾ ਕਟਾਰੀਆ ਦੇ ਘਰ ਤੋਂ ਕਰੀਬ 40 ਮੀਟਰ ਦੂਰ ਹੈ। ਉਸ ਸਮੇਂ ਘਰ ਵਿੱਚ ਉਸ ਦੀਆਂ ਦੋ ਭੈਣਾਂ ਮੌਜੂਦ ਸਨ।
ਉਹ ਦੋਵੇਂ ਬਹੁਤ ਡਰੀਆਂ ਹੋਈਆਂ ਸਨ। ਦਰਵਾਜ਼ਾ ਵੀ ਨਹੀਂ ਖੋਲ੍ਹ ਰਹੀਆਂ ਸਨ।
ਜਦੋਂ ਅਸੀਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਛੋਟੀ ਭੈਣ ਨੇ ਇਹ ਕਹਿ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਕਿ, "ਤੁਸੀਂ ਲੋਕ ਵੀ ਉਸ (ਵੰਦਨਾ ਕਟਾਰੀਆ) ਦੇ ਘਰੋਂ ਆਏ ਹੋ। ਮੈਂ ਤੁਹਾਨੂੰ ਉਸ ਦੇ ਘਰੋਂ ਆਉਂਦੇ ਵੇਖਿਆ ਹੈ। ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਾਂਗੇ।"

ਤਸਵੀਰ ਸਰੋਤ, Dhruv Mishra
ਪਰ ਕੁਝ ਸਮੇਂ ਬਾਅਦ ਗ੍ਰਿਫ਼ਤਾਰ ਹੋਏ ਵਿਜੇਪਾਲ ਦੀ ਵੱਡੀ ਭੈਣ ਸਾਡੇ ਨਾਲ ਗੱਲ ਕਰਨ ਲਈ ਤਿਆਰ ਹੋ ਗਏ।
ਉਨ੍ਹਾਂ ਨੇ ਕਿਹਾ, "ਮੇਰੇ ਭਰਾ ਨੂੰ ਫਸਾਇਆ ਜਾ ਰਿਹਾ ਹੈ। ਮੇਰੇ ਪਰਿਵਾਰ ਨਾਲ ਵੰਦਨਾ ਕਟਾਰੀਆ ਦੇ ਭਰਾ ਪਹਿਲਾਂ ਵੀ ਲੜ ਚੁੱਕੇ ਹਨ, ਇੱਥੋਂ ਤੱਕ ਕਿ ਹੱਥੋਪਾਈ ਵੀ ਹੋਈ ਹੈ।"
ਉਹ ਸਾਨੂੰ ਕੁੱਟਮਾਰ ਦੇ ਕੁਝ ਵੀਡੀਓ ਵੀ ਦਿਖਾਉਂਦੇ ਹਨ।
ਵਿਜੇਪਾਲ ਦੀ ਭੈਣ ਦਾ ਇਹ ਵੀ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਮੀਡੀਆ ਕਰਮਚਾਰੀ ਉਨ੍ਹਾਂ ਦੇ ਘਰ ਉਨ੍ਹਾਂ ਦਾ ਪੱਖ ਜਾਨਣ ਲਈ ਨਹੀਂ ਆਇਆ।
ਇਹ ਵੀ ਪੜ੍ਹੋ-
ਉਨ੍ਹਾਂ ਅਨੁਸਾਰ, ਮੀਡੀਆ ਦੇ ਸਾਰੇ ਲੋਕ ਵੰਦਨਾ ਕਟਾਰੀਆ ਦੇ ਘਰ ਜਾਂਦੇ ਹਨ ਅਤੇ ਫਿਰ ਉੱਥੋਂ ਹੀ ਵਾਪਸ ਵੀ ਚਲੇ ਜਾਂਦੇ ਹਨ।
ਵਿਜੇਪਾਲ ਦੇ ਮਾਤਾ ਜੀ ਕਵਿਤਾ ਪਾਲ ਕੁਝ ਜ਼ਰੂਰੀ ਕਾਨੂੰਨੀ ਕੰਮ ਪੂਰੇ ਕਰਨ ਤੋਂ ਬਾਅਦ ਅਦਾਲਤ ਤੋਂ ਘਰ ਪਹੁੰਚੇ।
ਪਟਾਕੇ ਚਲਾਉਣ ਦੇ ਇਲਜ਼ਾਮ ਦੇ ਜਵਾਬ ਵਿੱਚ, ਬੀਬੀਸੀ ਨਾਲ ਗੱਲਬਾਤ ਕਰਦਿਆਂ ਉਹ ਕਹਿੰਦੇ ਹਨ, "ਮੇਰਾ ਬੇਟਾ ਉਸ ਦਿਨ ਬਿਮਾਰ ਸੀ, ਉਸ ਨੂੰ ਬੁਖਾਰ ਅਤੇ ਗਲੇ ਵਿੱਚ ਖਰਾਸ਼ ਦੀ ਸ਼ਿਕਾਇਤ ਸੀ, ਇਸ ਲਈ ਉਹ ਅੰਦਰ ਕਮਰੇ 'ਚ ਪਿਆ ਸੀ।"

ਤਸਵੀਰ ਸਰੋਤ, Dhruv Mishra
"ਫਿਰ ਅਚਾਨਕ ਸਾਡੀ ਛੱਤ ਉੱਤੇ ਪਟਾਕੇ ਚੱਲਣ ਦੀ ਆਵਾਜ਼ ਆਈ। ਅਸੀਂ ਸਾਰੇ ਛੱਤ ਵੱਲ ਭੱਜੇ।"
ਉਹ ਦੱਸ ਦੇ ਹਨ ਕਿ ਹਾਲੇ ਵਿਜੇਪਾਲ ਦੇ ਪਿਤਾ ਨੂੰ ਇਸ ਬਾਰੇ ਜਾਣਕਾਰੀ ਦਿਤੀ ਹੀ ਜਾ ਰਹੀ ਸੀ ਕਿ, "ਉਸੇ ਸਮੇਂ ਪੁਲਿਸ ਸਾਡੇ ਘਰ ਪਹੁੰਚੀ ਅਤੇ ਮੇਰੇ ਬੇਟੇ ਨੂੰ ਚੁੱਕ ਕੇ ਲੈ ਗਈ। ਕੀ ਤੁਸੀਂ ਕਦੇ ਪੁਲਿਸ ਨੂੰ ਇੰਨੀ ਜਲਦੀ ਆਉਂਦੇ ਵੇਖਿਆ ਹੈ?"
ਅਸੀਂ ਵਿਜੇਪਾਲ ਦੇ ਮਾਤਾ ਨੂੰ ਪੁੱਛਿਆ ਕਿ ਤੁਹਾਡੀ ਛੱਤ 'ਤੇ ਇਸ ਤਰ੍ਹਾਂ ਪਟਾਕੇ ਕੌਣ ਚਲਾ ਸਕਦਾ ਹੈ, ਛੱਤ ਤੁਹਾਡੀ ਹੈ ਤਾਂ ਕੋਈ ਹੋਰ ਪਟਾਕੇ ਕਿਵੇਂ ਚਲਾ ਸਕਦਾ ਹੈ?
ਇਸ ਦੇ ਜਵਾਬ ਵਿੱਚ ਉਹ ਕਹਿੰਦੇ ਹਨ, "ਸਾਡੀਆਂ ਛੱਤਾਂ ਆਲੇ-ਦੁਆਲੇ ਨਾਲ ਜੁੜੀਆਂ ਹੋਈਆਂ ਹਨ। ਵੰਦਨਾ ਕਟਾਰੀਆ ਦੇ ਪਰਿਵਾਰ ਨਾਲ ਸਾਡੀ ਪੁਰਾਣੀ ਦੁਸ਼ਮਣੀ ਹੈ। ਹੋ ਸਕਦਾ ਹੈ ਕਿ ਕਿਸੇ ਨੇ ਇਹ ਹਰਕਤ ਇਸ ਲਈ ਵੀ ਕੀਤੀ ਹੋਵੇ ਤਾਂ ਜੋ ਸਾਡੇ ਵਿਚਕਾਰ ਲੜਾਈ ਹੋਰ ਵੱਧ ਜਾਵੇ।"
ਜਦੋਂ ਅਸੀਂ ਆਂਢੀਆਂ-ਗੁਆਂਢੀਆਂ ਤੋਂ ਇਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਜ਼ਿਆਦਾਤਰ ਲੋਕ ਇਸ ਮਾਮਲੇ 'ਤੇ ਬੋਲਣ ਤੋਂ ਬਚਦੇ ਨਜ਼ਰ ਆਏ।
ਜਾਤੀਸੂਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮ
ਇਸ ਮਾਮਲੇ ਵਿੱਚ ਵਿਜੇਪਾਲ ਨੂੰ ਐੱਸਸੀ / ਐੱਸਟੀ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੇਪਾਲ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਵੀ ਕੀਤੀ ਸੀ।

ਤਸਵੀਰ ਸਰੋਤ, Dhruv Mishra
ਜਾਤੀਸੂਚਕ ਸ਼ਬਦ ਕਹੇ ਜਾਣ ਦੇ ਬਾਰੇ ਵੰਦਨਾ ਦੇ ਭਰਾ ਲਾਖਨ ਕਹਿੰਦੇ ਹਨ, "ਇਸ ਵਿੱਚ ਐੱਸਸੀ/ਐੱਸਟੀ ਐਕਟ ਦਾ ਕੋਈ ਮਤਲਬ ਨਹੀਂ ਹੈ ਅਤੇ ਇੱਥੇ ਜਾਤੀਸੂਚਕ ਸ਼ਬਦ ਦੀ ਵੀ ਕੋਈ ਗੱਲ ਨਹੀਂ। ਕੁਝ ਲੋਕਾਂ ਨੇ ਇਸ ਨੂੰ ਮੁੱਦਾ ਬਣਾ ਲਿਆ ਹੈ। ਮਾਮਲਾ ਸਿਰਫ਼ ਪਟਾਕੇ ਫੋੜਨ ਬਾਰੇ ਹੈ।"
ਪਰ ਇਸ ਪੂਰੇ ਮਾਮਲੇ ਵਿੱਚ ਵੰਦਨਾ ਕਟਾਰੀਆ ਦੇ ਵੱਡੇ ਭਰਾ ਚੰਦਰਸ਼ੇਖਰ ਕਟਾਰੀਆ ਨੇ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਜਾਤੀਸੂਚਕ ਸ਼ਬਦ ਕਹੇ ਗਏ ਸਨ।
ਹਰਿਦੁਆਰ ਦੇ ਸੀਨੀਅਰ ਪੁਲਿਸ ਸੁਪਰੀਟੇਂਡੇਂਟ (ਐੱਸਐੱਸਪੀ) ਨੇ ਖ਼ੁਦ ਬੀਬੀਸੀ ਨੂੰ ਇਸ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਦਾ ਪੱਖ
ਹਰਿਦੁਆਰ ਦੇ ਐੱਸਐੱਸਪੀ ਸੈਂਥਿਲ ਅਵੁਡਈ ਕ੍ਰਿਸ਼ਣ ਰਾਜ ਐਸ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਵੰਦਨਾ ਕਟਾਰੀਆ ਦੇ ਭਰਾ ਚੰਦਰਸ਼ੇਖਰ ਕਟਾਰੀਆ ਤੋਂ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ।"
"ਉਸੇ ਦੇ ਤਹਿਤ ਕਾਰਵਾਈ ਕਰਦੇ ਹੋਏ, ਅਸੀਂ ਧਾਰਾ 504 (ਭੜਕਾਉਣ ਦੀ ਕਾਰਵਾਈ) ਅਤੇ ਐੱਸਸੀ/ਐੱਸਟੀ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੋਰ ਜਾਂਚ ਜਾਰੀ ਹੈ।"

ਤਸਵੀਰ ਸਰੋਤ, Dhruv Mishra
ਵੰਦਨਾ ਕਟਾਰੀਆ ਦੇ ਵੱਡੇ ਭਰਾ ਚੰਦਰਸ਼ੇਖਰ ਕਟਾਰੀਆ ਦਿਨ ਭਰ ਘਰ ਵਿੱਚ ਮੌਜੂਦ ਨਹੀਂ ਸਨ।
ਜਦੋਂ ਸ਼ਾਮ ਨੂੰ ਉਹ ਘਰ ਆਏ ਤਾਂ ਅਸੀਂ ਉਨ੍ਹਾਂ ਤੋਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਜਾਤੀਸੂਚਕ ਸ਼ਬਦ ਦੀ ਵਰਤੋਂ ਕਰਨ ਦੀ ਗੱਲ ਕਿੱਥੋਂ ਆਈ?
ਇਸ ਦਾ ਜਵਾਬ ਦਿੰਦੇ ਹੋਏ ਚੰਦਰਸ਼ੇਖਰ ਕਟਾਰੀਆ ਕਹਿੰਦੇ ਹਨ, ''ਅਸੀਂ ਦਲਿਤ ਜਾਤੀ ਤੋਂ ਆਉਂਦੇ ਹਾਂ, ਇਹ ਤਾਂ ਸਭ ਨੂੰ ਪਤਾ ਹੈ। ਅਸੀਂ ਆਪਣੀ ਜਾਤੀ ਨਹੀਂ ਬਦਲ ਸਕਦੇ, ਜਾਤੀਸੂਚਕ ਸ਼ਬਦ ਕਹਿਣਾ ਜਾਂ ਗਾਲ਼ ਕੱਢਣਾ, ਅਜਿਹਾ ਸਿਰਫ਼ ਅਸੀਂ ਹੀ ਨਹੀਂ ਕਹਿ ਰਹੇ, ਹੋਰ ਲੋਕ ਵੀ ਕਹਿ ਰਹੇ ਹਨ।"
"ਤੁਸੀਂ ਜਾਉ ਅਤੇ ਉਨ੍ਹਾਂ ਨੂੰ ਪੁੱਛੋ ਲਵੋ। 'ਵੰਦਨਾ ਕਟਾਰੀਆ ਮੁਰਦਾਬਾਦ' ਵਰਗੇ ਨਾਅਰੇ ਲਗਾਏ ਜਾ ਰਹੇ ਹਨ। ਅਜਿਹਾ ਕਿਉਂ ਕੀਤਾ ਜਾ ਰਿਹਾ ਹੈ, ਕਿਸ ਗੱਲ ਦੀ ਦੁਸ਼ਮਣੀ ਹੈ?"
ਪੁਰਾਣੀ ਦੁਸ਼ਮਣੀ ਅਤੇ ਦੋ ਤਰਫਾ ਨਾਅਰੇਬਾਜ਼ੀ
ਵਿਜੇਪਾਲ ਦੀਆਂ ਭੈਣਾਂ ਦੁਆਰਾ ਦਿਖਾਏ ਗਏ ਝਗੜਿਆਂ ਦੇ ਵੀਡਿਓ ਬਾਰੇ ਪੁੱਛਣ 'ਤੇ ਚੰਦਰਸ਼ੇਖਰ ਕਹਿੰਦੇ ਹਨ, "ਇਹ ਲੋਕ ਬਾਹਰ ਤੋਂ ਆਏ ਹੋਏ ਹਨ, ਇਹ ਦਬੰਗ ਲੋਕ ਹਨ। ਇਹ ਕਹਿੰਦੇ ਹਨ ਕਿ ਅਸੀਂ ਕਿਸੇ ਤੋਂ ਨਹੀਂ ਡਰਦੇ।"

ਤਸਵੀਰ ਸਰੋਤ, Dhruv Mishra
"ਅਸੀਂ ਲੋਕ ਮੁਜ਼ੱਫਰਨਗਰ ਦੇ ਰਹਿਣ ਵਾਲੇ ਹਾਂ, ਜਿਵੇਂ ਅਸੀਂ ਉੱਥੇ ਕੀਤਾ ਹੈ ਇੱਥੇ ਵੀ ਉਸੇ ਤਰ੍ਹਾਂ ਕਰਾਂਗੇ। ਇਨ੍ਹਾਂ ਲੋਕਾਂ ਨੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।"
ਦੂਜੇ ਪਾਸੇ ਵਿਜੇਪਾਲ ਦੇ ਮਾਤਾ ਕਵਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਗਈ ਸੀ, ਉਹ ਦੋਸ਼ ਲਗਾਉਂਦੇ ਹਨ ਕਿ ਵੰਦਨਾ ਕਟਾਰੀਆ ਦੇ ਭਰਾਵਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਜਾਤੀ ਦਾ ਨਾਮ ਲੈ ਕੇ ਮੁਰਦਾਬਾਦ ਦੇ ਨਾਅਰੇ ਲਗਾਏ।
ਜਦੋਂ ਅਸੀਂ ਇਸ ਬਾਰੇ ਜਾਣਕਾਰੀ ਲੈਣ ਲਈ ਅਸੀਂ ਵੰਦਨਾ ਦੇ ਰਿਸ਼ਤੇ ਦੇ ਇੱਕ ਭਰਾ ਨਾਲ ਗੱਲ ਕੀਤੀ ਤਾਂ ਉਸ ਨੇ ਮੰਨਿਆ ਕਿ 'ਅਸੀਂ ਵੀ ਮੁਲਜ਼ਮ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਸੀ।'
ਇੰਨਾ ਹੀ ਨਹੀਂ, ਉਨ੍ਹਾਂ ਨੇ ਇੱਕ ਵੀਡੀਓ ਵੀ ਦਿਖਾਇਆ ਜਿਸ ਵਿੱਚ ਕੁਝ ਲੋਕ ਵਿਜੇਪਾਲ ਦੇ ਘਰ ਦੇ ਸਾਹਮਣੇ ਨਾਅਰੇ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦਲਿਤ ਸੰਗਠਨ ਵੀ ਸਰਗਰਮ
ਇਸ ਦੌਰਾਨ ਦਲਿਤ ਸੰਗਠਨਾਂ ਨਾਲ ਜੁੜੇ ਕਈ ਲੋਕਾਂ ਦਾ ਵੰਦਨਾ ਕਟਾਰੀਆ ਦੇ ਘਰ ਆਉਣ-ਜਾਣ ਦਾ ਸਿਲਸਿਲਾ ਜਾਰੀ ਹੈ।
ਕਈ ਲੋਕ ਪੋਸਟਰ ਬੈਨਰ ਲੈ ਕੇ ਵੰਦਨਾ ਕਟਾਰੀਆ ਦੇ ਘਰ ਉਨ੍ਹਾਂ ਦੇ ਸਮਰਥਨ ਵਿੱਚ ਨਾਅਰੇ ਲਗਾਉਂਦੇ ਹੋਏ ਨਜ਼ਰ ਆਏ।
ਇਹ ਲੋਕ ਨਾਅਰੇ ਲਗਾਉਂਦੇ ਹੋਏ ਪਟਾਕੇ ਚਲਾਉਣ ਵਾਲਿਆਂ ਦੇ ਵਿਰੁੱਧ ਦੇਸ਼ਧ੍ਰੋਹ ਅਤੇ ਐੱਨਐੱਸਏ ਦੇ ਤਹਿਤ ਕਾਰਵਾਈ ਦੀ ਮੰਗ ਕਰ ਰਹੇ ਸਨ।
ਹਰਿਦੁਆਰ ਦੇ ਝਬਰੇੜਾ ਤੋਂ ਭਾਜਪਾ ਵਿਧਾਇਕ ਦੇਸ਼ਰਾਜ ਕਰਣਵਾਲ ਵੀ ਵੰਦਨਾ ਕਟਾਰੀਆ ਦੇ ਘਰ ਆਏ ਅਤੇ ਉਨ੍ਹਾਂ ਨੇ ਵੀ ਇਸ ਮਾਮਲੇ ਵਿੱਚ ਐੱਸਸੀ/ਐੱਸਟੀ ਐਕਟ ਦੇ ਨਾਲ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਵੀ ਕਾਰਵਾਈ ਕਰਨ ਦੀ ਗੱਲ ਕਹੀ।
ਭਾਜਪਾ ਵਿਧਾਇਕ ਦੇਸ਼ਰਾਜ ਕਰਨਵਾਲ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਉਨ੍ਹਾਂ ਨੇ ਅਜਿਹਾ ਘਿਨੌਣਾ ਕੰਮ ਕੀਤਾ ਹੈ, ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ। ਕੋਈ ਵੀ ਨਿਰਦੋਸ਼ ਫਸਣਾ ਨਹੀਂ ਚਾਹੀਦਾ, ਕਿਸੇ ਬੇਗੁਨਾਹ ਨੂੰ ਜੇਲ੍ਹ ਨਹੀਂ ਜਾਣਾ ਚਾਹੀਦਾ, ਪਰ ਜੋ ਗੁਨਾਹਗਾਰ ਹਨ ਉਹ ਬਚਣੇ ਵੀ ਨਹੀਂ ਚਾਹੀਦੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












