You’re viewing a text-only version of this website that uses less data. View the main version of the website including all images and videos.
India China Border : ਗੁਰਤੇਜ ਨਾਲ ਭਰਤੀ ਹੋਏ ਪਿੰਡ ਦੇ 4 ਮੁੰਡਿਆਂ ਦੇ ਮਾਪਿਆਂ ਨੂੰ ਵੀ ਪੈ ਰਹੇ ਹੌਲ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਪੰਜਾਬ ਅਤੇ ਹਰਿਆਣਾ ਦੀ ਸਰਹੱਦ ਉੱਤੇ ਵਸੇ ਜ਼ਿਲ੍ਹਾ ਮਾਨਸਾ ਦੇ ਪਿੰਡਾਂ ਦੇ ਨੌਜਵਾਨਾਂ ਵਿੱਚ ਸਰੀਰਕ ਕਸਰਤ ਕਰਕੇ ਫ਼ੌਜ ਵਿੱਚ ਭਰਤੀ ਹੋਣ ਦੀ ਰੁਚੀ ਵਧੇਰੇ ਹੈ।
ਹੁਣ ਜਦੋਂ ਭਾਰਤ ਚੀਨ ਸਰਹੱਦ ਉੱਪਰ ਹੋਈ ਫੌਜੀ ਝੜਪ ਵਿੱਚ ਮਾਰੇ ਗਏ ਪੰਜਾਬ ਦੇ ਚਾਰ ਫੌਜੀ ਜਵਾਨਾਂ ਵਿਚ ਇਸ ਖਿੱਤੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਨੌਜਵਾਨ ਗੁਰਦੀਪ ਸਿੰਘ ਦਾ ਨਾਂ ਆਇਆ ਤਾਂ ਲੇਹ ਲੱਦਾਖ ਖਿੱਤੇ ਵਿੱਚ ਡਿਊਟੀ ਨਿਭਾ ਰਹੇ ਇਸ ਖੇਤਰ ਦੇ ਫੌਜੀਆਂ ਦੇ ਪਰਿਵਾਰਾਂ ਵਿੱਚ ਸਹਿਮ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ।
ਦੂਜੇ ਪਾਸੇ ਗੁਰਦੀਪ ਸਿੰਘ ਦਾ ਮ੍ਰਿਤਕ ਸਰੀਰ ਅੱਜ ਵੀ ਪਿੰਡ ਨਾ ਪਹੁੰਚਣ ਕਾਰਨ ਉਸ ਦੀ ਮਾਤਾ ਪ੍ਰਕਾਸ਼ ਕੌਰ ਦੇ ਅੱਖਾਂ ਦੇ ਹੰਝੂ ਤੇ ਹੋ ਕੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕਿਵੇਂ ਉਹ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਣ ਲਈ ਉਤਾਵਲੀ ਹੈ।
ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਵੱਲੋਂ ਆਪਣੇ ਪੁੱਤਰ ਦੇ ਕੀਤੇ ਗਏ ਵਿਆਹ ਸਮੇਂ ਵਸਾਏ ਗਏ ਰੰਗ ਬਰੰਗੇ ਮਹਿੰਗੇ ਟੈਂਟ ਤੇ ਦਰੀਆਂ ਉੱਪਰ ਅੱਜ ਵੀ ਗੁਰਤੇਜ ਦੇ ਰਿਸ਼ਤੇਦਾਰ ਸਿਸਕੀਆਂ ਭਰਦੇ ਨਜ਼ਰ ਆਏ।
ਗੁਰਤੇਜ ਦੀ ਮੌਤ ਦੇ ਗ਼ਮ ਵਿੱਚ ਕਿਸੇ ਦੇ ਜ਼ਿਹਨ ਵਿੱਚ ਇਹ ਗੱਲ ਨਹੀਂ ਸੀ ਕਿ ਕਿਵੇਂ ਇਹ ਰੰਗ ਬਰੰਗੇ ਟੈਂਟ ਤੇ ਦਰੀਆਂ ਹਾਲੇ ਤਿੰਨ ਦਿਨ ਪਹਿਲਾਂ ਹੀ ਸ਼ਗਨਾਂ ਦੀਆਂ ਕਿਲਕਾਰੀਆਂ ਨਾਲ ਗੂੰਜ ਰਹੇ ਸਨ ਤੇ ਅੱਜ ਉਹ ਹੀ ਰੰਗ ਬਰੰਗੀਆਂ ਦਰੀਆਂ ਉੱਪਰ ਕੀਰਨੇ ਪੈ ਰਹੇ ਸਨ।
ਬੀਬੀ ਫ਼ਿਕਰ ਨਾ ਕਰੀਂ
"ਮੇਰੇ ਪੁੱਤ ਦਾ ਦਸ ਦਿਨ ਪਹਿਲਾਂ ਹੀ ਫੋਨ ਆਇਆ ਸੀ ਕਿ ਬੀਬੀ ਫ਼ਿਕਰ ਨਾ ਕਰੀਂ ਮੈਂ ਘਰ ਦੇ ਧੋਣੇ ਧੋ ਦੇਵਾਂਗਾ ਤੇ ਤੂੰ ਮੌਜਾਂ ਮਾਣੇਗੀ ਪਰ ਮੇਰੇ ਜਿਗਰ ਦੇ ਟੁਕੜੇ ਨੂੰ ਕੀ ਪਤਾ ਸੀ ਕਿ ਹੋਣੀ ਦਾ ਕਾਲ ਚੱਲਦੀ ਵਰਤਣ ਵਾਲਾ ਹੈ", ਇਹ ਸ਼ਬਦ ਸੱਥਰ ਤੇ ਬੈਠੀ ਪ੍ਰਕਾਸ਼ ਕੌਰ ਦੇ ਹਨ।
ਪੁੱਛਣ ਤੇ ਗੁਰਤੇਜ ਦੇ ਪਿਤਾ ਵਿਰਸਾ ਸਿੰਘ ਕਹਿੰਦੇ ਹਨ ਕਿ ਹੁਣ ਭਾਵੇਂ ਟੈਂਟ ਰੰਗ ਬਰੰਗਾ ਹੋਵੇ ਭਾਵੇਂ ਸਾਦਾ ਮੁਰਾਦਾ ਕੀ ਫ਼ਰਕ ਪੈਂਦਾ ਹੈ ਮੇਰਾ ਪੁੱਤਰ ਤਾਂ ਇਸ ਜਹਾਨ ਤੋਂ ਤੁਰ ਹੀ ਗਿਆ ਸ਼ੱਕ ਹੈ।
"ਮੈਂ ਤਾਂ ਗੁਰਤੇਜ ਵੱਲੋਂ ਕੀਤੇ ਗਏ ਫੋਨ ਮਗਰੋਂ ਹੀ ਆਪਣੇ ਵੱਡੇ ਪੁੱਤ ਦੇ ਵਿਆਹ ਲਈ ਮਹਿੰਗੇ ਭਾਅ ਦਾ ਰੰਗ ਬਰੰਗਾ ਟੈਂਟ ਲਵਾਇਆ ਸੀ ਪਰ ਗੁਰਤੇਜ ਨੂੰ ਕੀ ਪਤਾ ਸੀ ਕਿ ਇਸੇ ਰੰਗ ਬਰੰਗੇ ਟੈਂਟ ਤੇ ਉਸ ਦੇ ਮਾਂ ਪਿਓ ਅਤੇ ਰਿਸ਼ਤੇਦਾਰ ਉਸ ਦੇ ਗ਼ਮ ਵਿੱਚ ਹੰਝੂ ਤੇ ਹਉਕੇ ਭਰਨਗੇ.
ਹਰਿਆਣਾ ਦੀ ਸਰਹੱਦ ਤੇ ਵਸੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਨੌਜਵਾਨਾਂ ਨਾਲ ਗੱਲ ਕਰਨ ਤੇ ਇਹ ਗੱਲ ਉਭਰੀ ਕਿ ਪੜ੍ਹ ਲਿਖ ਕੇ ਨੌਕਰੀ ਦਾ ਨਹੀਂ ਮਿਲਦੀ ਇਸ ਲਈ ਜਾਂ ਤਾਂ ਵਿਦੇਸ਼ ਜਾਇਆ ਜਾਵੇ ਤੇ ਜਾਂ ਫਿਰ ਫ਼ੌਜ ਵਿੱਚ ਭਰਤੀ ਹੋਇਆ ਜਾਵੇ।
ਪਿੰਡ ਬੀਰੇਵਾਲਾ ਡੋਗਰਾ ਦੇ ਵਾਸੀ ਦੱਸਦੇ ਹਨ ਕਿ ਜਦੋਂ ਗੁਰਤੇਜ ਫ਼ੌਜ ਵਿੱਚ ਭਰਤੀ ਹੋਇਆ ਸੀ ਤਾਂ ਉਸ ਨਾਲ ਉਸ ਵੇਲੇ ਇਸੇ ਪਿੰਡ ਦੇ ਚਾਰ ਹੋਰ ਨੌਜਵਾਨ ਨਵੀਂ ਭਰਤੀ ਹੋਏ ਸਨ।
ਬਾਰ੍ਹਵੀਂ ਪਾਸ ਕਰਕੇ ਆਈਲੈਟਸ ਦੀ ਤਿਆਰੀ ਕਰ ਰਹੇ ਨੌਜਵਾਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਪੰਦਰਾਂ ਦਿਨ ਪਹਿਲਾਂ ਹੀ ਉਸ ਨੂੰ ਉਸਦੇ ਦੋਸਤ ਗੁਰਤੇਜ ਦਾ ਲੇਹ ਲਦਾਖ ਤੋਂ ਫੋਨ ਆਇਆ ਸੀ ਕਿ ਜੇਕਰ ਵਿਦੇਸ਼ ਜਾਣ ਦੀ ਗੱਲ ਨਹੀਂ ਬਣਦੀ ਤਾਂ ਤੂੰ ਵੀ ਮੇਰੇ ਵਾਂਗ ਫੌਜ ਵਿੱਚ ਭਰਤੀ ਹੋ ਜਾ।
ਹੋਰਾਂ ਨੂੰ ਭਰਤੀ ਹੋਣ ਲਈ ਕਹਿੰਦਾ ਸੀ
"ਗੁਰਤੇਜ ਤੇ ਸਾਡੇ ਪਿੰਡ ਦੇ ਹੋਰ ਫੌਜੀ ਅਕਸਰ ਸਾਨੂੰ ਫੋਨ ਕਰਦੇ ਰਹਿੰਦੇ ਸਨ ਤੇ ਇਹੀ ਕਹਿੰਦੇ ਸਨ ਕਿ ਨਸ਼ਿਆਂ ਤੋਂ ਬਚ ਕੇ ਸਰੀਰ ਤਿਆਰ ਕਰੋ ਤੇ ਫੌਜ ਦੀ ਭਰਤੀ ਦੇਖੋ. ਗੁਰਤੇਜ ਅਕਸਰ ਹੀ ਮੈਨੂੰ ਫੋਨ ਤੇ ਕਹਿੰਦਾ ਸੀ ਕਿ ਉਹ ਆਪਣੇ ਮਾਂ ਬਾਪ ਦੀ ਗਰੀਬੀ ਦੂਰ ਕਰੇਗਾ ਅਤੇ ਉਨ੍ਹਾਂ ਨੂੰ ਹੁਣ ਖੇਤਾਂ ਦੀਆਂ ਵੱਟਾਂ ਉੱਪਰ ਦਿਹਾੜੀਦਾਰਾਂ ਵਾਂਗ ਰੋਲ ਨਹੀਂ ਦੇਵੇਗਾ"।
ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਪੰਦਰਾਂ ਦਿਨ ਪਹਿਲਾਂ ਜਿਹੜਾ ਫੋਨ ਗੁਰਤੇਜ ਨੇ ਉਸ ਨੂੰ ਕੀਤਾ ਸੀ, ਉਸ ਸਮੇਂ ਗੁਰਤੇਜ ਨੇ ਦੱਸਿਆ ਸੀ ਕਿ ਲੇਹ ਲਦਾਖ ਦੀ ਸਰਹੱਦ ਉੱਪਰ ਚੀਨ ਦੇ ਫੌਜੀਆਂ ਦੀਆਂ ਹਰਕਤਾਂ ਆਮ ਨਾਲੋਂ ਵੱਖਰੀਆਂ ਸਨ. ਦਿਲਪ੍ਰੀਤ ਨੇ ਦੱਸਿਆ ਕਿ ਗੁਰਤੇਜ ਸਿੰਘ ਦੀ ਗੱਲ ਅਤੇ ਆਵਾਜ਼ ਵਿੱਚੋਂ ਇਸ ਗੱਲ ਦਾ ਝਲਕਾਰਾ ਸਾਫ ਮਿਲਦਾ ਸੀ ਕਿ ਭਾਰਤ ਚੀਨ ਸਰਹੱਦ ਉਪਰ ਜਲਦੀ ਹੀ ਕੋਈ ਘਟਨਾ ਵਾਪਰ ਸਕਦੀ ਹੈ।
ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਗੱਲ ਕੱਲੇ ਗੁਰਤੇਜ ਦੀ ਨਹੀਂ ਹੈ ਸਗੋਂ ਗੱਲ ਤਾਂ ਬੇਰੁਜ਼ਗਾਰੀ ਦੀ ਹੈ।
"ਮੈਂ ਅਤੇ ਮੇਰੇ ਸਾਥੀ ਪੜ੍ਹਾਈ ਵੀ ਕਰ ਰਹੇ ਹਾਂ ਤੇ ਨਾਲ ਨਾਲ ਸਰੀਰਕ ਕਸਰਤ ਵੀ ਕਰਦੇ ਹਨ ਤਾਂ ਕਿ ਜੇ ਕਿਧਰੇ ਨੌਕਰੀ ਨਾ ਮਿਲੀ ਤਾਂ ਸਰੀਰਕ ਯੋਗਤਾ ਦੇ ਆਧਾਰ ਤੇ ਫੌਜੀ ਤਾਂ ਬਣ ਹੀ ਜਾਵਾਂਗੇ. ਇਹ ਵਰਤਾਰਾ ਇਕੱਲੇ ਬੀਰੇਵਾਲਾ ਡੋਗਰਾ ਪਿੰਡ ਦੇ ਨੌਜਵਾਨਾਂ ਦਾ ਨਹੀਂ ਸਗੋਂ ਸਾਡੇ ਨਾਲ ਲੱਗਦੇ ਅਨੇਕਾਂ ਪਿੰਡਾਂ ਦੇ ਨੌਜਵਾਨ ਜਿੰਮ ਜਾਂਦੇ ਹਨ ਅਤੇ ਸਵੇਰ ਵੇਲੇ ਲੰਮੀ ਦੌੜ ਲਾਉਂਦੇ ਹਨ"।
ਪਿੰਡ ਦੇ ਲੋਕਾਂ ਨੂੰ ਅੱਜ ਆਸ ਜ਼ਰੂਰ ਸੀ ਕਿ ਗੁਰਤੇਜ ਦਾ ਮ੍ਰਿਤਕ ਸਰੀਰ ਪਿੰਡ ਬਹੁਤ ਜਾਵੇਗਾ ਅਤੇ ਉਹ ਉਸ ਦੇ ਅੰਤਿਮ ਦਰਸ਼ਨ ਕਰ ਲੈਣਗੇ ਪਰ ਅਜਿਹਾ ਨਹੀਂ ਹੋ ਸਕਿਆ।
ਸਸਕਾਰ ਲਈ ਪਿੰਡ ਕਰ ਰਿਹਾ ਤਿਆਰੀ
ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਐਸਡੀਐਮ ਸਾਗਰ ਸੇਤੀਆ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੂਰੀ ਮਾਣ ਮਰਿਆਦਾ ਨਾਲ ਗੁਰਦੇਵ ਸਿੰਘ ਦੇ ਸਸਕਾਰ ਦੀ ਤਿਆਰੀ ਹੈ ਅਤੇ ਸਸਕਾਰ ਭਲਕੇ ਹੀ ਹੋਵੇਗਾ।
ਪਿੰਡ ਬੀਰੇ ਵਾਲਾ ਡੋਗਰਾ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਰਿਉਂਦ ਕਲਾਂ ਅਤੇ ਢਾਣੀ ਦੇ ਨੌਜਵਾਨ ਅੱਜ ਗੁਰਤੇਜ ਦੇ ਸਸਕਾਰ ਲਈ ਪਿੰਡ ਦੀ ਸਫ਼ਾਈ ਕਰਦੇ ਨਜ਼ਰ ਆਏ।
ਸਸਕਾਰ ਕਰਨ ਵਾਲੀ ਜਗ੍ਹਾ ਨੂੰ ਜੇ ਸੀ ਬੀ ਮਸ਼ੀਨਾਂ ਨਾਲ ਠੀਕ ਕੀਤਾ ਜਾ ਰਿਹਾ ਸੀ ਅਤੇ ਗੁਰਤੇਜ ਸਿੰਘ ਦੇ ਸਸਕਾਰ ਲਈ ਨੌਜਵਾਨਾਂ ਵੱਲੋਂ ਗੁਰਦੇਵ ਸਿੰਘ ਦੇ ਖੇਤ ਵਿੱਚ ਹੀ ਇੱਕ ਵੱਖਰੀ ਕਿਸਮ ਦਾ ਵੱਖਰੀ ਜਗ੍ਹਾ ਤੇ ਥੜ੍ਹਾ ਤਿਆਰ ਕੀਤਾ ਗਿਆ ਹੈ।
ਪਿੰਡ ਦੇ ਅਗਾਂਹਵਧੂ ਨੌਜਵਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕੇ ਗੁਰਤੇਜ ਸਿੰਘ ਦੇ ਪਰਿਵਾਰ ਦੇ ਹਰ ਕੰਮਕਾਜ ਲਈ ਅਤੇ ਗੁਰਤੇਜ ਦੀਆਂ ਅੰਤਿਮ ਰਸਮਾਂ ਲਈ ਇਕੱਲੇ ਨੌਜਵਾਨ ਹੀ ਨਹੀਂ ਸਗੋਂ ਧਾਰਮਿਕ ਸੰਸਥਾਵਾਂ ਦੇ ਆਗੂ ਵੀ ਰਲ ਮਿਲ ਕੇ ਕੰਮ ਕਰ ਰਹੇ ਹਨ।
"ਕਾਰਨ ਕੋਈ ਖਾਸ ਨਹੀਂ ਪਰ ਗੱਲ ਇਹ ਹੈ ਕਿ ਗੁਰਦੇਵ ਸਿੰਘ ਨੇ ਸੱਤਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਲੈ ਲਈ ਸੀ ਤੇ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਹ ਅਖੰਡ ਪਾਠ ਅਤੇ ਸ੍ਰੀ ਸਹਿਜ ਪਾਠ ਆਮ ਸੰਗਤਾਂ ਦੇ ਘਰਾਂ ਵਿੱਚ ਵੀ ਕਰਦਾ ਸੀ"।
ਉਦੋਂ ਪਿੰਡ ਬੀਰੇਵਾਲਾ ਤੋਂ ਇਲਾਵਾ ਰਿਉਂਦ ਕਲਾਂ, ਢਾਣੀ, ਮਘਾਣੀਆਂ ਅਤੇ ਸ਼ੇਰ ਖਾਂ ਵਾਲਾ ਦੇ ਵੱਖ ਵੱਖ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਵਿੱਚ ਫ਼ੌਜੀ ਬਣਨ ਦਾ ਜਜ਼ਬਾ ਤਾਂ ਹੈ ਪਰ ਰਾਜਨੀਤਕ ਲੋਕਾਂ ਦੀਆਂ ਆਪੋ ਆਪਣੀਆਂ ਨੀਤੀਆਂ ਕਾਰਨ ਉਹ ਬੇਵਜ੍ਹਾ ਕੀ ਮੌਤ ਦੇ ਮੂੰਹ ਵਿੱਚ ਜਾਣ ਤੋਂ ਘਬਰਾਉਂਦੇ ਵੀ ਹਨ।
ਦਿਲ ਵਿੱਚ ਹੌਲ ਉੱਠਣ ਲੱਗੇ ਹਨ
ਸ਼ਮਸ਼ਾਨ ਘਾਟ ਦੇ ਰਸਤੇ ਦੀ ਸਫ਼ਾਈ ਕਰਦੇ ਹੋਏ ਪਿੰਡ ਦੇ ਬਜ਼ੁਰਗ ਛਿੰਦਰ ਸਿੰਘ ਨੇ ਕਿਹਾ ਕਿ ਗੁਰਤੇਜ ਸਿੰਘ ਦੀ ਸਰਹੱਦ ਤੇ ਹੋਈ ਮੌਤ ਤੋਂ ਬਾਅਦ ਦਿਲ ਵਿੱਚ ਹੌਲ ਉੱਠਣ ਲੱਗੇ ਹਨ ਕਿ ਆਖ਼ਰਕਾਰ ਸਾਡੇ ਉਨ੍ਹਾਂ ਪੁੱਤਰਾਂ ਦਾ ਇਸ ਵੇਲੇ ਕੀ ਹਾਲ ਹੋਵੇਗਾ, ਜਿਹੜੇ ਲੇਹ ਲਦਾਖ਼ ਨੇੜੇ ਚੀਨ ਦੀ ਸਰਹੱਦ ਉੱਪਰ ਆਪਣੀ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼ ਦੀ ਰਾਖੀ ਕਰ ਰਹੇ ਹਨ।
"ਸਾਡੇ ਦੋ ਹੋਰ ਪੱਤਰ ਇਸ ਵੇਲੇ ਲੱਦਾਖ ਵਿੱਚ ਡਿਊਟੀ ਉੱਤੇ ਤੈਨਾਤ ਹਨ ਪਰ ਉਨ੍ਹਾਂ ਦੀ ਸੁੱਖ ਸਾਲ ਦੀ ਖਬਰ ਦਿੱਤਾ ਸਾਨੂੰ ਸਰਕਾਰ ਹੀ ਦੱਸ ਸਕਦੀ ਹੈ ਕਿਉਂਕਿ ਭਾਰਤ ਚੀਨ ਸਰਹੱਦ ਉੱਪਰ ਤਣਾਅ ਵਧਣ ਮਗਰੋਂ ਫੋਨ ਤੇ ਪਹਿਲਾਂ ਵਾਂਗ ਗੱਲ ਨਹੀਂ ਹੋ ਰਹੀ"।
ਰੋ ਰੋ ਕੇ ਹੰਝੂਆਂ ਰਾਹੀਂ ਆਪਣੀਆਂ ਅੱਖਾਂ ਦਾ ਪਾਣੀ ਵਹਾ ਚੁੱਕੀ ਹਉਕੇ ਭਰਦੀ ਹੋਈ ਗੁਰਤੇਜ ਦੀ ਮਾਤਾ ਪ੍ਰਕਾਸ਼ ਕੌਰ ਕਹਿੰਦੀ ਹੈ, "ਮੇਰਾ ਪੁੱਤ ਗੁਰਤੇਜ ਦੇਸ਼ ਦੀ ਰਾਖੀ ਕਰਦਾ ਆਪਣੀ ਜਾਨ ਕੁਰਬਾਨ ਕਰ ਕੇ ਮੇਰੀ ਝੋਲੀ ਸੁੰਨੀ ਕਰ ਗਿਆ ਹੋਣਾ ਰੱਬ ਉਨ੍ਹਾਂ ਪੁੱਤਰਾਂ ਦੀ ਖ਼ੈਰ ਕਰੇ ਜਿਹੜੇ ਮੇਰੇ ਪੁੱਤ ਵਾਂਗ ਸਰਹੱਦਾਂ ਤੇ ਡਿਊਟੀ ਨਿਭਾ ਰਹੇ ਹਨ. ਮੇਰੇ ਪੁੱਤ ਨੇ ਤਾਂ ਵਾਪਸ ਨਹੀਂ ਮੁੜਨਾ ਮੈਂ ਉਸ ਦੀ ਯਾਦ ਨੂੰ ਆਪਣੇ ਸੀਨੇ ਵਿੱਚ ਸਾਂਭ ਕੇ ਜ਼ਿੰਦਗੀ ਦਾ ਪੰਧ ਮੁਕਾ ਲਵਾਂਗੀ ਪਰ ਮੇਰੇ ਪਿੰਡ ਦੇ ਹੋਰ ਪੁੱਤਰ ਤਾਂ ਜਦੋਂ ਛੁੱਟੀ ਆਉਣਗੇ ਉਨ੍ਹਾਂ ਨੂੰ ਦੇਖ ਕੇ ਮੈਂ ਉਨ੍ਹਾਂ ਵਿੱਚੋਂ ਹੀ ਗੁਰਤੇਜ ਜ਼ਰੂਰ ਲੱਭਿਆ ਕਰਾਂਗੀ"।
ਇਹ ਵੀਡੀਓ ਵੀ ਦੇਖੋ