ਕੋਰੋਨਾਵਾਇਰਸ: ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੇ ਹੌਟਸਪੋਟ ਬਣਨ ਮਗਰੋਂ ਕੀ ਹਾਲਾਤ

ਕੋਰੋਨਾਵਾਇਰਸ ਲੌਕਡਾਊਨ

ਤਸਵੀਰ ਸਰੋਤ, Balihar Singh

ਤਸਵੀਰ ਕੈਪਸ਼ਨ, ਬਲਿਹਾਰ ਸਿੰਘ ਮੁਤਾਬਕ ਪਿੰਡ ਵਿੱਚ ਪਹਿਲਾਂ ਵੀ ਲੌਕਡਾਊਨ ਦਾ ਪਾਲਣ ਹੋ ਰਿਹਾ ਸੀ, ਪਰ ਇਸ ਤਰ੍ਹਾਂ ਦਾ ਸਹਿਮ ਨਹੀਂ ਸੀ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਪਿੰਡ ਜਵਾਹਰਪੁਰ ਦੀ ਬਲਜੀਤ ਕੌਰ ਨੇ ਮੈਨੂੰ ਫੋਨ 'ਤੇ ਦੱਸਿਆ,“ਪਹਿਲਾਂ ਕੋਰੋਨਾ ਬਾਰੇ ਖ਼ਬਰਾਂ ਸੁਣਦੇ ਸੀ, ਕੀ ਪਤਾ ਸੀ ਸਾਡੇ ਪਿੰਡ ਵਿੱਚ ਹੀ ਆ ਜਾਵੇਗਾ। ਪਿੰਡ ਵਿੱਚ ਕੋਰੋਨਾ ਦੇ ਮਰੀਜ਼ ਆਉਣ ਤੋਂ ਬਾਅਦ ਡਰ ਲਗਦਾ ਹੈ, ਅਸੀਂ ਘਰੋਂ ਬਾਹਰ ਨਹੀਂ ਨਿਕਲਦੇ।”

ਉਨ੍ਹਾਂ ਨੇ ਕਿਹਾ ਕਿ ਹੁਣ ਰਿਸ਼ਤੇਦਾਰ ਵੀ ਫੋਨ ਕਰਕੇ ਫ਼ਿਕਰ ਜਤਾਉਂਦੇ ਅਤੇ ਪਿੰਡ ਦਾ ਹਾਲਚਾਲ ਪੁੱਛਦੇ ਹਨ।

ਪਿੰਡ ਜਵਾਹਰਪੁਰ, ਮੁਹਾਲੀ ਜ਼ਿਲ੍ਹੇ ਦੀ ਡੇਰਾ ਬੱਸੀ ਤਹਿਸੀਲ ਵਿੱਚ ਆਉਂਦਾ ਹੈ। ਇਹ ਪਿੰਡ ਚੰਡੀਗੜ੍ਹ-ਦਿੱਲੀ ਹਾਈਵੇਅ 'ਤੇ ਵਸਿਆ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬੱਸੀ ਨੂੰ ਪੰਜਾਬ ਦੇ ਕੋਰੋਨਾ ਹੌਟਸਪੌਟ ਬਣੇ ਖੇਤਰਾਂ ਵਿੱਚ ਗਿਣ ਚੁੱਕੇ ਨੇ।

ਡੇਰਾਬੱਸੀ ਦੇ ਇਸ ਪਿੰਡ ਵਿੱਚ ਐਤਵਾਰ ਸ਼ਾਮ ਪੰਜ ਵਜੇ ਤੱਕ ਕੋਰੋਨਾ ਦੇ 34 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪੰਜਾਬ ਸਰਕਾਰ ਮੁਤਾਬਕ, ਪੂਰੇ ਮੁਹਾਲੀ ਜ਼ਿਲ੍ਹੇ ਅੰਦਰ ਕੁੱਲ 50 ਕੇਸ ਸਾਹਮਣੇ ਆਏ, ਜਿੰਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਤੇ 5 ਮਰੀਜ਼ ਠੀਕ ਹੋ ਚੁੱਕੇ ਹਨ।

bbc
bbc

'ਅਫ਼ਵਾਹਾਂ ਹੋਰ ਡਰਾਉਂਦੀਆਂ ਹਨ'

ਬਲਜੀਤ ਕੌਰ ਦੇ ਪਤੀ ਬਲਿਹਾਰ ਸਿੰਘ ਨੂੰ ਪਿੰਡ ਬਾਰੇ ਫੈਲਦੀਆਂ ਅਫ਼ਵਾਹਾਂ ਬਾਰੇ ਫ਼ਿਕਰ ਹੈ।

ਉਨ੍ਹਾਂ ਨੇ ਕਿਹਾ,“ਇੱਕ ਟੀਵੀ ਚੈਨਲ ਸਾਡੇ ਪਿੰਡ ਵਿੱਚ ਕੋਰੋਨਾ ਦੇ ਮਰੀਜਾਂ ਦੀ ਅਸਲ ਨਾਲੋਂ ਵੱਧ ਗਿਣਤੀ ਅਤੇ ਦੋ ਮੌਤਾਂ ਹੋ ਜਾਣ ਦੀ ਖ਼ਬਰ ਦਿਖਾ ਰਿਹਾ ਹੈ। ਜਿਸ ਤੋਂ ਬਾਅਦ ਧੜਾਧੜ ਮੈਨੂੰ ਫ਼ੋਨ ਆ ਰਹੇ ਹਨ। ਅਜਿਹੀਆਂ ਅਫ਼ਵਾਹਾਂ ਅਤੇ ਝੂਠੀਆਂ ਖ਼ਬਰਾਂ ਡਰ ਵੀ ਪੈਦਾ ਕਰਦੀਆਂ ਨੇ ਅਤੇ ਗਲਤ ਤਸਵੀਰ ਵੀ ਪੇਸ਼ ਕਰਦੀਆਂ ਹਨ।"

ਕੋਰੋਨਾਵਾਇਰਸ ਲੌਕਡਾਊਨ

ਤਸਵੀਰ ਸਰੋਤ, Balihar Singh

ਤਸਵੀਰ ਕੈਪਸ਼ਨ, ਬਲਿਹਾਰ ਸਿੰਘ ਮੁਤਾਬਕ ਪਿੰਡ ਵਿੱਚ ਸਭ ਕੁਝ ਬੰਦ ਹੈ, ਲੋਕਾਂ ਕੋਲ ਸੁੱਕਾ ਰਾਸ਼ਨ ਤਾਂ ਹੈ ਪਰ ਤਾਜ਼ੀਆਂ ਚੀਜ਼ਾਂ ਦੀ ਕਮੀ ਹੈ

ਬਲਿਹਾਰ ਸਿੰਘ ਨੇ ਕੋਰੋਨਾ ਪੀੜਤ ਪਰਿਵਾਰਾਂ ਵੱਲੋਂ ਲੰਗਰ ਵੰਡੇ ਜਾਣ ਦੀਆਂ ਖ਼ਬਰਾਂ ਨੂੰ ਵੀ ਝੂਠੀਆਂ ਦੱਸਿਆ। ਮੇਰੇ ਸਹਿਯੋਗੀ ਦਲਜੀਤ ਅਮੀ ਨੇ ਇਸ ਪਿੰਡ ਦੇ ਇੱਕ ਕੋਰੋਨਾ ਵਾਇਰਸ ਪੌਜ਼ਿਟਿਵ ਮਰੀਜ਼ ਨਾਲ ਗੱਲ ਕੀਤੀ।

ਦਲਜੀਤ ਅਮੀ ਨੂੰ ਉਨ੍ਹਾਂ ਨੇ ਦੱਸਿਆ, “ਮੇਰੇ ਪਰਿਵਾਰ ਦੇ ਅੱਠ ਮੈਂਬਰਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ। ਜੋ ਅਫ਼ਵਾਹ ਫੈਲ ਰਹੀ ਹੈ ਕਿ ਸਾਨੂੰ ਸਾਡੀ ਫ਼ੈਕਟਰੀ ਦੇ ਵਰਕਰਾਂ ਤੋਂ ਇਹ ਵਾਇਰਸ ਫੈਲਿਆ ਉਹ ਅਧਾਰਹੀਣ ਲਗਦੀ ਹੈ ਕਿਉਂਕਿ ਸਾਰੇ ਵਰਕਰਾਂ ਦੇ ਕੋਰੋਨਾ ਟੈਸਟ ਨੈਗੇਟਿਵ ਆਏ ਹਨ।"

ਉਨ੍ਹਾਂ ਕਿਹਾ, "ਅਸੀਂ ਪੁਲਿਸ ਨੂੰ ਵੀ ਕਿਹਾ ਹੈ ਕਿ ਕਥਿਤ ਤੌਰ 'ਤੇ ਤਬਲੀਗ਼ੀ ਜਮਾਤ ਦੇ ਸੰਪਰਕ ਵਿੱਚ ਆਏ ਵਰਕਰਾਂ ਨੂੰ ਸਾਡੇ ਦਿੱਲੀ ਜਾਂ ਅੰਬਾਲਾ ਤੱਕ ਛੱਡ ਕੇ ਆਉਣ ਦੀਆਂ ਗੱਲਾਂ ਵੀ ਝੂਠੀਆਂ ਹਨ। ਪੁਲਿਸ ਚਾਹੇ ਤਾਂ ਜਾਂਚ ਕਰ ਸਕਦੀ ਹੈ।”

ਕੋਵਿਡ-19 ਸਬੰਧੀ ਮੁਹਾਲੀ ਦੀ ਨੋਡਲ ਅਫ਼ਸਰ ਡਾ.ਹਰਮਨਦੀਪ ਕੌਰ ਨੇ ਦੱਸਿਆ ਕਿ ਤਬਲੀਗ਼ੀ ਜਮਾਤ ਨਾਲ ਕਿਸੇ ਤਰ੍ਹਾਂ ਦੇ ਲਿੰਕ ਜਾਂ ਫਿਰ ਹੁਣ ਤੱਕ ਕੋਰੋਨਾ ਦੇ ਪੌਜ਼ਿਟਿਵ ਪਾਏ ਗਏ ਮਰੀਜਾਂ ਦੇ ਪਿੰਡ ਵਿੱਚ ਲੰਗਰ ਵਰਤਾਉਣ ਬਾਰੇ ਪੁਸ਼ਟੀ ਨਹੀਂ ਹੋਈ ਹੈ। ਫਿਲਹਾਲ ਸਾਰੇ ਪਹਿਲੂ ਜਾਂਚੇ ਜਾ ਰਹੇ ਹਨ।

ਡਾ.ਹਰਮਨਦੀਪ ਕੌਰ ਨੇ ਇਹ ਵੀ ਦੱਸਿਆ ਕਿ ਫ਼ਿਲਹਾਲ ਸਾਰੇ ਪਿੰਡ ਦੇ ਸੈਂਪਲ ਨਹੀਂ ਲਏ ਜਾ ਰਹੇ, ਪੌਜ਼ਿਟਿਵ ਕੇਸਾਂ ਦੇ ਸੰਪਰਕ ਵਿੱਚ ਆਏ ਲੋਕਾਂ ਅਤੇ ਬਿਮਾਰੀ ਦੇ ਲੱਛਣਾਂ ਵਾਲੇ ਲੋਕਾਂ ਦੇ ਹੀ ਕੋਰੋਨਾ ਸਬੰਧੀ ਟੈਸਟ ਹੋ ਰਹੇ ਹਨ।

ਪੂਰੀ ਤਰ੍ਹਾਂ ਸੀਲ ਹੋਣ ਤੋਂ ਬਾਅਦ ਪਿੰਡ ਦੇ ਹਾਲਾਤ

ਬਲਿਹਾਰ ਸਿੰਘ ਦੱਸਦੇ ਹਨ ਕਿ ਪਿੰਡ ਵਿੱਚ ਪਹਿਲਾਂ ਵੀ ਲੌਕਡਾਊਨ ਦਾ ਪਾਲਣ ਹੋ ਰਿਹਾ ਸੀ, ਪਰ ਇਸ ਤਰ੍ਹਾਂ ਦਾ ਸਹਿਮ ਨਹੀਂ ਸੀ। ਜੋ ਹੁਣ ਪਿੰਡ ਵਿੱਚ ਇੰਨੇ ਕੇਸ ਸਾਹਮਣੇ ਆ ਜਾਣ ਤੋਂ ਬਾਅਦ ਮਹਿਸੂਸ ਹੋ ਰਿਹਾ ਹੈ।

ਉਨ੍ਹਾਂ ਮੁਤਾਬਕ ਬੱਚਿਆਂ ਦੇ ਮਨ ਵਿੱਚ ਵੀ ਡਰ ਹੈ। ਆਮ ਖੰਘ ਨੂੰ ਵੀ ਉਹ ਕੋਰੋਨਾ ਵਾਇਰਸ ਸਮਝਦੇ ਹਨ।

ਕੋਰੋਨਾਵਾਇਰਸ ਲੌਕਡਾਊਨ

ਤਸਵੀਰ ਸਰੋਤ, Balihar Singh

ਤਸਵੀਰ ਕੈਪਸ਼ਨ, ਡੇਅਰੀ ਵਾਲੇ ਮੁਤਾਬਕ ਹੁਣ ਲੋਕ ਆਂਢ-ਗੁਆਂਢ ਵਿੱਚੋਂ ਵੀ ਕੋਈ ਵਸਤ ਲੈਣ ਤੋਂ ਡਰਦੇ ਹਨ

ਉਨ੍ਹਾਂ ਨੇ ਕਿਹਾ, “ਘਰੇ ਕੋਈ ਖੰਘਦਾ ਹੈ ਤਾਂ ਬੱਚੇ ਉਸ ਨੂੰ ਮੂੰਹ ਢਕਣ ਲਈ ਕਹਿੰਦੇ ਨੇ।"

ਇੱਥੇ ਦੱਸ ਦੇਈਏ ਕਿ ਸਾਹ ਲੈਣ ਵਿੱਚ ਦਿੱਕਤ, ਖੰਘ ਅਤੇ ਸੁਆਦ ਦਾ ਮਹਿਸੂਸ ਨਾ ਹੋਣਾ ਵੀ ਕੋਰੋਨਾਵਾਇਰਸ ਦੇ ਲੱਛਣ ਹੋ ਸਕਦੇ ਹਨ।

bbc
bbc

ਬਲਿਹਾਰ ਸਿੰਘ ਨੇ ਦੱਸਿਆ ਕਿ ਹੁਣ ਪਿੰਡ ਪੂਰੀ ਤਰ੍ਹਾਂ ਬੰਦ ਹੈ, ਨਾ ਕੋਈ ਰਾਸ਼ਨ ਦੀ ਦੁਕਾਨ ਖੁੱਲ੍ਹੀ ਹੈ, ਨਾ ਮੈਡੀਕਲ ਸਟੋਰ।

ਬਲਿਹਾਰ ਸਿੰਘ ਇੱਕ ਕਾਰੋਬਾਰੀ ਹਨ। ਉਨ੍ਹਾਂ ਮੁਤਾਬਕ ਪਿੰਡ ਵਿੱਚ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਉਣ ਬਾਅਦ ਜਦੋਂ ਤੋਂ ਪਿੰਡ ਸੀਲ ਹੋਇਆ, ਰੂਟੀਨ ਜ਼ਿੰਦਗੀ ਵਿੱਚ ਵੀ ਕੁਝ ਮੁਸ਼ਕਿਲਾਂ ਆ ਰਹੀਆਂ ਹਨ।

ਉਨ੍ਹਾਂ ਨੇ ਕਿਹਾ, “ਪਿੰਡ ਅੰਦਰ ਪਰਵਾਸੀ ਮਜ਼ਦੂਰਾਂ ਅਤੇ ਹੋਰ ਗ਼ਰੀਬ ਤਬਕੇ ਲਈ ਪ੍ਰਸ਼ਾਸਨ ਦੀਆਂ ਟੀਮਾਂ ਰਾਸ਼ਨ-ਪਾਣੀ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਪਰ ਫਿਲਹਾਲ ਮੱਧਵਰਗੀ ਪਰਿਵਾਰਾਂ ਦੀਆਂ ਜ਼ਰੂਰਤਾਂ ਬਾਰੇ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ।

ਸੁੱਕਾ ਰਾਸ਼ਨ ਲੋਕਾਂ ਦੇ ਘਰਾਂ ਵਿੱਚ ਹੈ, ਪਰ ਸਬਜ਼ੀਆਂ ਅਤੇ ਦਵਾਈਆਂ ਬਾਬਤ ਦਿੱਕਤਾਂ ਹਨ। ਆਮ ਬੁਖਾਰ ਜਾਂ ਹੋਰ ਕਿਸੇ ਸਿਹਤ ਸਮੱਸਿਆ ਲਈ ਇੱਕ ਡਾਕਟਰ ਦੀ ਡਿਊਟੀ ਲੱਗ ਜਾਵੇ ਤਾਂ ਕਾਫੀ ਮਦਦ ਮਿਲ ਜਾਵੇਗੀ।”

ਪਿੰਡ ਵਿੱਚ ਦੁੱਧ ਦੀ ਡੇਅਰੀ ਚਲਾਉਣ ਵਾਲੇ ਗੁਰਤੇਜ ਸਿੰਘ ਕਹਿੰਦੇ ਹਨ,“ਪਹਿਲਾਂ ਮੇਰੀ ਡੇਅਰੀ ‘ਤੇ ਹੋਰ ਰੋਜ਼ ਕਰੀਬ ਪੰਜ ਕੁਇੰਟਲ ਦੁੱਧ ਇਕੱਠਾ ਹੁੰਦਾ ਸੀ। ਹੁਣ ਪਿੰਡ ਸੀਲ ਹੋਣ ਤੋਂ ਬਾਅਦ ਉਹ ਦੁੱਧ ਕਿਵੇਂ ਖ਼ਪਤ ਹੁੰਦਾ ਹੋਏਗਾ ਪਤਾ ਨਹੀਂ।"

"ਸਾਡੀਆਂ ਆਪਣੀਆਂ 10-12 ਮੱਝਾਂ ਦਾ ਦੁੱਧ ਇਕੱਠਾ ਹੁੰਦਾ ਹੈ, ਜੋ ਕਿ ਹੁਣ ਖ਼ਰਾਬ ਹੋ ਰਿਹਾ ਹੈ। ਕੋਰੋਨਾ ਦੇ ਡਰੋਂ ਆਂਢ-ਗੁਆਂਢ ਵੀ ਇੱਕ ਦੂਜੇ ਦੇ ਘਰੋਂ ਦੁੱਧ ਲੈਣੋਂ ਗੁਰੇਜ਼ ਕਰਦਾ ਹੈ। ਇਸ ਤੋਂ ਇਲਾਵਾ ਪਸ਼ੂਆਂ ਦੀ ਫ਼ੀਡ ਖਤਮ ਹੋ ਰਹੀ ਹੈ, ਇਹ ਵੀ ਸਾਡੇ ਲਈ ਪ੍ਰੇਸ਼ਾਨੀ ਹੈ।”

ਪਿੰਡ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਅਤੇ ਪੁਲਿਸ ਦੀ ਨਾਕੇਬੰਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਨੂੰ ਸੈਨੇਟਾਈਜ਼ ਵੀ ਕੀਤਾ ਗਿਆ ਹੈ। ਆਪੋ-ਆਪਣੇ ਘਰਾਂ ਅੰਦਰ ਬੰਦ ਪਿੰਡ ਵਾਸੀ ਜਲਦੀ ਸਭ ਕੁਝ ਠੀਕ ਹੋਣ ਦੀ ਦੁਆ ਕਰ ਰਹੇ ਹਨ।

bbc
bbc
ਕੋਰੋਨਾਵਾਇਰਸ ਹੈਲਪਲਾਈਨ

ਤਸਵੀਰ ਸਰੋਤ, MoHFW_INDIA

ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)