You’re viewing a text-only version of this website that uses less data. View the main version of the website including all images and videos.
ਪ੍ਰੈਗਨੈਂਸੀ ਵਿੱਚ ਲਈਆਂ ਗਈਆਂ ਦਵਾਈਆਂ ਕੀ ਬੱਚੇ ਤੱਕ ਪਹੁੰਚਦੀਆਂ ਹਨ? ਭਾਰਤ ਵਿੱਚ ਚੱਲ ਰਿਹਾ ਪ੍ਰੀਖਣ ਦੇਵੇਗਾ ਇਸ ਦਾ ਜਵਾਬ
- ਲੇਖਕ, ਓਂਕਾਰ ਕਰੰਬੇਲਕਰ
- ਰੋਲ, ਬੀਬੀਸੀ ਮਰਾਠੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਗਰਭ ਧਾਰਨ, ਪ੍ਰੈਗਨੈਂਸੀ ਅਤੇ ਬੱਚੇ ਦੇ ਜਨਮ ਨਾਲ ਜੁੜੀਆਂ ਗੱਲਾਂ ਹਮੇਸ਼ਾ ਤੋਂ ਦੁਨੀਆਂ ਭਰ ਵਿੱਚ ਰਿਸਰਚ ਦਾ ਵੱਡਾ ਵਿਸ਼ਾ ਰਹੀਆਂ ਹਨ। ਖਾਸ ਕਰਕੇ ਬੱਚੇ ਦੇ ਜਨਮ ਤੋਂ ਪਹਿਲਾਂ ਉਸ ਦੀ ਸੁਰੱਖਿਆ ਨੂੰ ਲੈ ਕੇ ਵਿਗਿਆਨੀ ਲਗਾਤਾਰ ਨਵੀਂ ਜਾਣਕਾਰੀ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਹਨ।
ਪ੍ਰੈਗਨੈਂਸੀ ਦੌਰਾਨ ਮਹਿਲਾ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਪਰ ਇਹ ਦਵਾਈਆਂ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਾਂ ਨਹੀਂ। ਇਸ ਦੀ ਪੂਰੀ ਜਾਣਕਾਰੀ ਡਾਕਟਰਾਂ ਅਤੇ ਵਿਗਿਆਨਕਾਂ ਕੋਲ ਅਕਸਰ ਨਹੀਂ ਹੁੰਦੀ।
ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਗਰਭ ਅਵਸਥਾ ਦੌਰਾਨ ਪਲੇਸੈਂਟਾ ਦਾ ਸਿੱਧਾ ਅਧਿਐਨ ਕਰਨਾ ਅਸਾਨ ਨਹੀਂ ਹੁੰਦਾ।
ਇਸੇ ਸਮੱਸਿਆ ਦਾ ਹੱਲ ਕੱਢਣ ਲਈ ਆਈਸੀਐਮਆਰ-ਨੈਸ਼ਨਲ ਇੰਸਟਿਚਿਊਟ ਫਾਰ ਰਿਸਰਚ ਆਨ ਵੂਮਨਜ਼ ਹੈਲਥ ਅਤੇ ਆਈਆਈਟੀ ਬੰਬੇ ਦੇ ਵਿਗਿਆਨਕਾਂ ਨੇ 'ਪਲੇਸੈਂਟਾ ਆਨ ਏ ਚਿੱਪ' ਨਾਮ ਦੀ ਇੱਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਇਹ ਪ੍ਰਯੋਗਸ਼ਾਲਾ ਵਿੱਚ ਇਨਸਾਨੀ ਪਲੇਸੈਂਟਾ ਦੇ ਅਹਿਮ ਕੰਮਾਂ ਦੀ ਨਕਲ ਕਰਦੀ ਹੈ।
ਇਸ ਰਿਸਰਚ ਦੇ ਨਤੀਜੇ ਕੌਮਾਂਤਰੀ ਜਰਨਲ ਬਾਇਓਫੈਬ੍ਰਿਕੇਸ਼ਨ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਅਧਿਐਨ ਵਿੱਚ ਅੰਸ਼ੁਲ ਭਿੜੇ, ਸੌਰਵ ਮੁਖਰਜੀ, ਡਾ. ਕਿੰਜਾਲਕਾ ਘੋਸ਼, ਪ੍ਰੋਫੈਸਰ ਅਭਿਜੀਤ ਮਜੂਮਦਾਰ ਅਤੇ ਪ੍ਰੋਫੈਸਰ ਦੀਪਕ ਮੋਦੀ ਸ਼ਾਮਿਲ ਰਹੇ।
'ਪਲੇਸੈਂਟਾ ਆਨ ਏ ਚਿੱਪ' ਇੱਕ ਛੋਟੀ ਲੈਬ ਅਧਾਰਿਤ ਪ੍ਰਣਾਲੀ ਹੈ ਜੋ ਇਨਸਾਨੀ ਪਲੇਸੈਂਟਾ ਦੀ ਸੁਰੱਖਿਆ ਪਰਤ ਦੇ ਮੁੱਖ ਕੰਮਾਂ ਨੂੰ ਦੁਹਰਾਉਂਦੀ ਹੈ।
ਇਸ ਚਿੱਪ ਦੀ ਮਦਦ ਨਾਲ ਵਿਗਿਆਨੀ ਇਹ ਸਮਝ ਸਕਣਗੇ ਕਿ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਚਕਾਰ ਪੋਸ਼ਕ ਤੱਤ, ਹਾਰਮੋਨ, ਦਵਾਈਆਂ ਅਤੇ ਸਰੀਰ ਦੇ ਫਾਲਤੂ ਪਦਾਰਥ ਕਿਸ ਤਰ੍ਹਾਂ ਇੱਕ ਦੂਜੇ ਤੱਕ ਪਹੁੰਚਦੇ ਜਾਂ ਬਾਹਰ ਨਿਕਲਦੇ ਹਨ।
ਵਿਗਿਆਨੀਆਂ ਨੇ ਇਨਸਾਨੀ ਟ੍ਰੇਫੋਬਲਾਸਟ ਅਤੇ ਐਂਡੋਥੀਲਿਅਲ ਕੋਸ਼ਿਕਾਵਾਂ ਦੀ ਮਦਦ ਨਾਲ ਦੋ ਵੱਖ ਵੱਖ ਹਿੱਸਿਆਂ ਵਾਲਾ ਇਕ ਸਿਸਟਮ ਤਿਆਰ ਕੀਤਾ ਹੈ।
ਇਸ ਨੇ ਹਾਰਮੋਨ ਬਣਨ, ਪੋਸ਼ਕ ਤੱਤਾਂ ਦੇ ਅਦਾਨ ਪ੍ਰਦਾਨ, ਸਰੀਰ ਦੇ ਫਾਲਤੂ ਪਦਾਰਥਾਂ ਦੇ ਨਿਕਲਣ ਅਤੇ ਪਲੇਸੈਂਟਾ ਦੀ ਸੁਰੱਖਿਆ ਪਰਤ ਦੇ ਕੰਮ ਨੂੰ ਸਫਲਤਾਪੂਰਵਕ ਦਿਖਾਇਆ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਇਸ ਤਕਨੀਕ ਦੀ ਵਰਤੋਂ ਪ੍ਰੈਗਨੈਂਸੀ ਦੌਰਾਨ ਦਵਾਈਆਂ ਸੁਰੱਖਿਅਤ ਹਨ ਜਾਂ ਨਹੀਂ, ਇਹ ਜਾਂਚਣ, ਗਰਭ ਅਵਸਥਾ ਨਾਲ ਜੁੜੀਆਂ ਸਮੱਸਿਆਵਾਂ ਦਾ ਅਧਿਐਨ ਕਰਨ ਅਤੇ ਜਾਨਵਰਾਂ 'ਤੇ ਹੋਣ ਵਾਲੇ ਪਰੀਖਣਾਂ ਦੀ ਲੋੜ ਘੱਟ ਕਰਨ ਲਈ ਕੀਤਾ ਜਾ ਸਕਦਾ ਹੈ।
ਪਲੇਸੈਂਟਾ ਕੀ ਹੁੰਦਾ ਹੈ ?
ਪਲੇਸੈਂਟਾ, ਗਰਭ ਅਵਸਥਾ ਦੌਰਾਨ ਮਾਂ ਦੇ ਗਰਭ ਵਿੱਚ ਬਣਨ ਵਾਲਾ ਇੱਕ ਅਸਥਾਈ ਪਰ ਬਹੁਤ ਅਹਿਮ ਅੰਗ ਹੈ। ਇਹ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ।
ਪਲੇਸੈਂਟਾ ਸਿਰਫ਼ ਪੋਸ਼ਣ ਪਹੁੰਚਾਉਣ ਦਾ ਕੰਮ ਹੀ ਨਹੀਂ ਕਰਦਾ ਬਲਕਿ ਇਹ ਇੱਕ ਸੁਰੱਖਿਆ ਬੈਰੀਅਰ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਇਹ ਕਈ ਹਾਨੀਕਾਰਕ ਤੱਤਾਂ ਨੂੰ ਬੱਚੇ ਤੱਕ ਪਹੁੰਚਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ ਅਤੇ ਗਰਭ ਅਵਸਥਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਾਰਮੋਨ ਵੀ ਬਣਾਉਂਦਾ ਹੈ।
ਸੌਖੀ ਭਾਸ਼ਾ ਵਿੱਚ ਕਹੀਏ ਤਾਂ ਪਲੇਸੈਂਟਾ ਮਾਂ ਅਤੇ ਬੱਚੇ ਵਿਚਕਾਰ ਇੱਕ 'ਲਿਵਿੰਗ ਬ੍ਰਿਜ' ਦਾ ਕੰਮ ਕਰਦਾ ਹੈ ਜੋ ਦੋਹਨਾਂ ਵਿਚਕਾਰ ਜ਼ਰੂਰੀ ਪੋਸ਼ਕ ਤੱਤਾਂ, ਆਕਸੀਜਨ ਅਤੇ ਹੋਰ ਪਦਾਰਥਾਂ ਦੇ ਅਦਾਨ ਪ੍ਰਧਾਨ ਨੂੰ ਕੰਟਰੋਲ ਕਰਦਾ ਹੈ। ਇਹੀ ਬੱਚੇ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
'ਪਲੇਸੈਂਟਾ ਆਨ ਏ ਚਿੱਪ' ਕਿਵੇਂ ਕੰਮ ਕਰਦਾ ਹੈ ?
ਪਲੇਸੈਂਟਾ ਸਿਰਫ਼ ਮਾਂ ਅਤੇ ਬੱਚੇ ਵਿਚਕਾਰ ਸਿਰਫ਼ ਇੱਕ ਕੜੀ ਦਾ ਕੰਮ ਨਹੀਂ ਕਰਦਾ, ਬਲਕਿ ਗਰਭ ਵਿੱਚ ਪਲ ਰਹੇ ਬੱਚੇ ਦੀ ਸੁਰੱਖਿਆ ਵੀ ਕਰਦਾ ਹੈ। ਪਰ ਗਰਭ ਅਵਸਥਾ ਦੌਰਾਨ ਪਲੇਸੈਂਟਾ ਦਾ ਸਿੱਧੇ ਅਧਿਐਨ ਕਰਨਾ ਨੈਤਿਕ ਅਤੇ ਤਕਨੀਕੀ ਕਾਰਨਾਂ ਕਰਕੇ ਸੌਖਾ ਨਹੀਂ ਹੁੰਦਾ।
ਇਸੇ ਸਮੱਸਿਆ ਦਾ ਹੱਲ ਕੱਢਣ ਲਈ ਵਿਗਿਆਨੀਆਂ ਨੇ ਇੱਕ ਛੋਟੀ ਜਿਹੀ ਲੈਬ ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਪਲੇਸੈਂਟਾ ਦੇ ਕੰਮ ਕਰਨ ਦੇ ਤਰੀਕੇ ਦੀ ਨਕਲ ਕਰਦੀ ਹੈ। ਇਹ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਵਿਚਕਾਰ ਹੋਣ ਵਾਲੀ ਜੈਵਿਕ ਪ੍ਰਕਿਰਿਆ ਨੂੰ ਪ੍ਰਯੋਗਸ਼ਾਲਾ ਵਿੱਚ ਦੁਬਾਰਾ ਤਿਆਰ ਕਰਦੀ ਹੈ।
ਵਿਗਿਆਨੀਆਂ ਦੇ ਬਣਾਏ ਇਸ ਉਪਕਰਨ ਵਿੱਚ ਦੋ ਵੱਖ ਵੱਖ ਹਿੱਸੇ ਹਨ ਜਿਨ੍ਹਾਂ ਨੂੰ ਇੱਕ ਬੇਹਦ ਬਰੀਕ ਛੇਦਾਂ ਵਾਲੀ ਝਿੱਲੀ ਤੋਂ ਵੱਖ ਕੀਤਾ ਗਿਆ ਹੈ।
ਝਿੱਲੀ ਦੇ ਇੱਕ ਪਾਸੇ ਟ੍ਰੋਫੋਬਲਾਸਟ ਕੋਸ਼ਿਕਾਵਾਂ ਅਤੇ ਦੂਜੇ ਪਾਸੇ ਐਂਡੋਥੀਲਿਅਲ ਕੋਸ਼ਿਕਾਵਾਂ ਉਘਾਈਆਂ ਜਾਂਦੀਆਂ ਹਨ। ਇਸ ਨਾਲ ਇਨਸਾਨੀ ਪਲੇਸੈਂਟਾ ਦੀ ਸੁਰੱਖਿਆ ਪਰਤ ਦਾ ਨਕਲੀ ਮਾਡਲ ਤਿਆਰ ਕੀਤਾ ਜਾਂਦਾ ਹੈ।
ਟ੍ਰੋਫੋਬਲਾਸਟ ਕੋਸ਼ਿਕਾਵਾਂ ਗਰਭ ਅਵਸਥਾ ਦੇ ਸ਼ੁਰੂਆਤੀ ਪੜਾਅ ਵਿੱਚ ਬਣਦੀਆਂ ਹਨ ਅਤੇ ਅੱਗੇ ਚੱਲ ਕੇ ਪਲੇਸੈਂਟਾ ਦਾ ਅਹਿਮ ਹਿੱਸਾ ਬਣ ਜਾਂਦੀਆਂ ਹਨ। ਇਹ ਕੋਸ਼ਿਕਾਵਾਂ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਵਿਚਕਾਰ ਸੰਪਰਕ ਸਥਾਪਿਤ ਕਰਦੀਆਂ ਹਨ।
ਨਾਲ ਹੀ, ਬੱਚੇ ਤੱਕ ਪੋਸ਼ਕ ਤੱਤ ਅਤੇ ਆਕਸੀਜਨ ਪਹੁੰਚਾਉਣ ਅਤੇ ਗਰਭ ਅਵਸਥਾ ਨੂੰ ਬਣਾਈ ਰੱਖਣ ਵਾਲੇ ਜ਼ਰੂਰੀ ਹਾਰਮੋਨ ਬਣਾਉਣ ਵਿੱਚ ਵੀ ਇਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪਲੇਸੈਂਟਾ ਆਨ ਏ ਚਿੱਪ ਵਿੱਚ ਇਨ੍ਹਾਂ ਹੀ ਕੋਸ਼ਿਕਾਵਾਂ ਦੀ ਵਰਤੋਂ ਪਲੇਸੈਂਟਾ ਦੀ ਬਾਹਰੀ ਪਰਤ ਤਿਆਰ ਕਰਨ ਲਈ ਕੀਤਾ ਗਿਆ ਹੈ।
ਉੱਧਰ,ਐਂਡੋਥੀਲਿਅਲ ਸੈੱਲ, ਖੂਨ ਦੀਆਂ ਨਾੜੀਆਂ ਦੀ ਅੰਦਰੂਨੀ ਸਤ੍ਹਾ 'ਤੇ ਹੁੰਦੀਆਂ ਹਨ। ਇਹ ਸਰੀਰ ਵਿਚ ਖੂਨ ਦੇ ਵਹਾਅ ਨੂੰ ਕੰਟਰੋਲ ਕਰਨ, ਖੂਨ ਦੇ ਜ਼ਰੂਰੀ ਪਦਾਰਥਾਂ ਦੇ ਅਦਾਨ-ਪ੍ਰਦਾਨ ਵਿੱਚ ਮਦਦ ਕਰਨ ਅਤੇ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ।
ਪਲੇਸੈਂਟਾ ਵਿੱਚ ਇਹੀ ਕੋਸ਼ਿਕਾਵਾਂ ਗਰਭ ਦੀਆਂ ਖੂਨ ਨਾੜੀਆਂ ਦੀ ਪਰਤ ਬਣਾਉਂਦੀਆਂ ਹਨ। ਵਿਗਿਆਨੀਆਂ ਨੇ ਚਿੱਪ ਵਿੱਚ ਇਨ੍ਹਾਂ ਦੀ ਵਰਤੋਂ ਗਰਭ ਵਾਲੇ ਪਾਸੇ ਦੇ ਹਿੱਸੇ ਨੂੰ ਤਿਆਰ ਕਰਨ ਲਈ ਕੀਤੀ।
ਪ੍ਰਯੋਗਾਂ ਦੌਰਾਨ ਇਸ ਚਿੱਪ ਨੇ ਗਰਭ ਅਵਸਥਾ ਲਈ ਜ਼ਰੂਰੀ ਹਾਰਮੋਨ ਬਣਾਏ, ਜਿਨ੍ਹਾਂ ਨੇ ਗੁਲੂਕੋਜ਼ ਜਿਹੇ ਪੋਸ਼ਕ ਤੱਤਾਂ ਨੂੰ ਸਫਲਤਾਪੂਰਵਕ ਲਿਜਾਣ ਦਾ ਕੰਮ ਕੀਤਾ। ਫਾਲਤੂ ਪਦਾਰਥਾਂ ਦੇ ਅਦਾਨ ਪ੍ਰਦਾਨ ਨੂੰ ਦਿਖਾਇਆ ਅਤੇ ਵੱਡੇ ਅਣੂਆਂ ਨੂੰ ਰੋਕਦੇ ਹੋਏ ਕੇਵਲ ਜ਼ਰੂਰੀ ਪਦਾਰਥਾਂ ਨੂੰ ਗੁਜ਼ਰਨ ਦੇਣ ਦੀ ਸਮਰੱਥਾ ਸਾਬਿਤ ਕੀਤੀ।
ਵਿਗਿਆਨੀਆਂ ਨੇ ਹਾਈ ਗਲੂਕੋਜ਼ ਲੈਵਲ ਜਿਹੀਆਂ ਸਥਿਤੀਆਂ ਵੀ ਤਿਆਰ ਕੀਤੀਆਂ। ਇਸ ਦੌਰਾਨ ਚਿੱਪ ਨੇ ਉਸੇ ਤਰ੍ਹਾਂ ਪ੍ਰਤੀਕ੍ਰਿਆ ਦਿੱਤਾ ਜਿਵੇਂ ਅਸਲੀ ਪਲੇਸੈਂਟਾ ਦਿੰਦਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਇਹ ਪ੍ਰਣਾਲੀ ਵੱਖ ਵੱਖ ਪਰਿਸਥਿਤੀਆਂ ਵਿੱਚ ਪਲੇਸੈਂਟਾ ਦੇ ਵਿਵਹਾਰ ਦਾ ਅਧਿਐਨ ਕਰਨ ਵਿੱਚ ਉਪਯੋਗੀ ਸਾਬਿਤ ਹੋ ਸਕਦੀ ਹੈ।
ਇਸ ਤਕਨੀਕ ਦੀ ਲੋੜ ਕਿਉਂ ਹੈ ?
ਫ਼ਿਲਹਾਲ ਗਰਭ ਅਵਸਥਾ ਦੌਰਾਨ ਦਵਾਈਆਂ ਦੀ ਸੁਰੱਖਿਆ ਜਾਂਚਣ ਲਈ ਕਾਫ਼ੀ ਹੱਦ ਤੱਕ ਜਾਨਵਰਾਂ 'ਤੇ ਕੀਤੇ ਜਾਣ ਵਾਲੇ ਪਰੀਖਣਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ।
ਪਰ ਜਾਨਵਰਾਂ ਦਾ ਪਲੇਸੈਂਟਾ ਅਤੇ ਇਨਸਾਨਾਂ ਦਾ ਪਲੇਸੈਂਟਾ ਬਾਇਓਲਾਜਿਕਲ ਤੌਰ ਤੇ ਇੱਕ ਦੂਜੇ ਨਾਲੋਂ ਕਾਫੀ ਵੱਖ ਹੁੰਦਾ ਹੈ। ਇਸ ਲਈ ਜਾਨਵਰਾਂ ਤੇ ਕੀਤੇ ਜਾਣ ਵਾਲੇ ਪਰੀਖਣਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ।
ਪਰ ਜਾਨਵਰਾਂ ਦਾ ਪਲੇਸੈਂਟਾ ਅਤੇ ਇਨਸਾਨਾਂ ਦਾ ਪਲੇਸੈਂਟਾ ਜੈਵਿਕ ਪੱਖੋਂ ਇੱਕ ਦੂਜੇ ਤੋਂ ਕਾਫ਼ੀ ਵੱਖਰੇ ਹੁੰਦੇ ਹਨ। ਇਸ ਲਈ ਜਾਨਵਰਾਂ 'ਤੇ ਮਿਲੇ ਨਤੀਜੇ ਇਨਸਾਨਾਂ 'ਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੋਣਗੇ, ਇਸ ਦੀ ਗਾਰੰਟੀ ਨਹੀਂ ਹੁੰਦੀ।
ਇਸ ਤੋਂ ਇਲਾਵਾ, ਗਰਭ ਅਵਸਥਾ ਨਾਲ ਜੁੜੀਆਂ ਬਿਮਾਰੀਆਂ, ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਵਿਚਕਾਰ ਹੋਣ ਵਾਲੇ ਬਾਇਓਲਾਜੀਕਲ ਸੰਪਰਕ, ਦਵਾਈਆਂ ਦੇ ਬੱਚੇ ਤੱਕ ਪਹੁੰਚਣ ਦੇ ਤਰੀਕੇ ਅਤੇ ਪਲੇਸੈਂਟਾ ਨਾਲ ਜੁੜੀਆਂ ਸਮੱਸਿਆਵਾਂ ਦਾ ਅਧਿਐਨ ਕਰਨ ਲਈ ਇਨਸਾਨੀ ਮਾਡਲ ਦੀ ਲੋੜ ਲਗਾਤਾਰ ਵਧ ਰਹੀ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਪਲੇਸੈਂਟਾ ਆਨ ਏ ਚਿੱਪ ਇਸ ਦਿਸ਼ਾਂ ਵਿੱਚ ਇੱਕ ਅਹਿਮ ਕਦਮ ਸਾਬਿਤ ਹੋ ਸਕਦੀ ਹੈ।
ਇਹ ਜਾਨਵਰਾਂ 'ਤੇ ਹੋਣ ਵਾਲੇ ਪਰੀਖਣਾਂ ਦਾ ਬਿਹਤਰ ਵਿਕਲਪ ਜਾਂ ਪੂਰਕ ਬਣ ਸਕਦੀ ਹੈ ਅਤੇ ਭਵਿੱਖ ਵਿੱਚ ਗਰਭ ਅਵਸਥਾ ਦੌਰਾਨ ਦਵਾਈਆਂ ਨੂੰ ਵੱਧ ਸੁਰੱਖਿਅਤ ਬਣਾਉਣ ਦੇ ਨਾਲ ਨਾਲ ਮਾਂ ਅਤੇ ਬੱਚੇ ਦੀ ਸਿਹਤ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰ ਸਕਦੀ ਹੈ।
ਇਸ ਖੋਜ ਨਾਲ ਜੁੜੇ ਵਿਗਿਆਨੀ ਪ੍ਰੋਫੈਸਰ ਦੀਪਕ ਮੋਦੀ ਨੇ ਦੱਸਿਆ ਕਿ ਹੁਣ ਤੱਕ ਵਿਕਸਿਤ ਜ਼ਿਆਦਾਤਰ ਮਾਡਲ ਕਾਫ਼ੀ ਜਟਿਲ ਸੀ। ਇਸ ਲਈ ਉਨ੍ਹਾਂ ਦੀ ਟੀਮ ਨੇ ਸਭ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਅਸਲ ਵਿੱਚ ਇਨਸਾਨੀ ਪਲੇਸੈਂਟਾ ਕੰਮ ਕਿਵੇਂ ਕਰਦਾ ਹੈ।
ਉਨ੍ਹਾਂ ਨੂੰ ਪਤਾ ਲੱਗਿਆ ਕਿ ਮਾਂ ਦਾ ਖੂਨ ਪਲੇਸੈਂਟਾ ਦੇ ਅੰਦਰ ਖੂਨ ਨਾੜੀਆਂ ਤੋਂ ਨਹੀਂ ਵਹਿੰਦਾ, ਬਲਕਿ ਪਲੇਸੈਂਟਾ ਦੇ ਟਿਸ਼ੂਆਂ ਦੇ ਆਲੇ-ਦੁਆਲੇ ਘੁੰਮਦਾ ਹੈ। ਇਸੇ ਪ੍ਰਕਿਰਿਆ ਦੌਰਾਨ ਆਕਸੀਜਨ ਅਤੇ ਪੋਸ਼ਕ ਤੱਤ ਗਰਭ ਵਿੱਚ ਪਲ ਰਹੇ ਬੱਚੇ ਤੱਕ ਪਹੁੰਚਦੇ ਹਨ ਅਤੇ ਫਾਲਤੂ ਪਦਾਰਥ ਬਾਹਰ ਨਿਕਲਦੇ ਹਨ।
ਇਸੇ ਸਮਝ ਦੇ ਅਧਾਰ 'ਤੇ ਵਿਗਿਆਨਕਾਂ ਨੇ ਜਟਿਲ ਪ੍ਰਣਾਲੀ ਦੀ ਬਜਾਏ ਪਲੇਸੈਂਟਾ ਦੇ ਨੈਚੁਰਲ ਕੰਮ-ਕਾਜ ਦੀ ਨਕਲ ਕਰਨ ਵਾਲਾ ਇੱਕ ਸਰਲ ਮਾਡਲ ਤਿਆਰ ਕੀਤਾ।
ਤੇ ਸਭ ਤੋਂ ਵੱਡੀ ਚੁਣੌਤੀ ਇਹ ਸਾਬਿਤ ਕਰਨਾ ਸੀ ਕਿ ਇੰਨੀ ਸਰਲ ਪ੍ਰਣਾਲੀ ਵੀ ਪਲੇਸੈਂਟਾ ਦੇ ਮੁੱਖ ਕੰਮ ਕਰ ਸਕਦੀ ਹੈ। ਪਰੀਖਣਾਂ ਵਿੱਚ ਇਸ ਚਿੱਪ ਨੇ ਹਾਰਮੋਨ ਬਣਾਏ, ਪੌਸ਼ਟਿਕ ਤੱਤਾਂ ਨੂੰ ਪਹੁੰਚਾਇਆ, ਪਾਲਤੂ ਪਦਾਰਥਾਂ ਨੂੰ ਬਾਹਰ ਕੱਢਿਆ ਅਤੇ ਬਿਮਾਰੀ ਜਿਹੇ ਹਾਲਾਤ ਵਿੱਚ ਵੀ ਸਹੀ ਪ੍ਰਤੀਕਿਰਿਆ ਦਿੱਤੀ।
ਇਹ ਚਿੱਪ ਬਿਮਾਰੀਆਂ ਨੂੰ ਸਮਝਣ ਵਿੱਚ ਕਿਵੇਂ ਮਦਦ ਕਰੇਗੀ ?
ਪ੍ਰੋਫੈਸਰ ਦੀਪਕ ਮੋਦੀ ਦੱਸਦੇ ਹਨ ਕਿ ਗਰਭ ਅਵਸਥਾ ਨਾਲ ਜੁੜੀਆਂ ਕਈ ਗੰਭੀਰ ਸਮੱਸਿਆਵਾਂ ਦੀ ਸ਼ੁਰੂਆਤ ਪਲੇਸੈਂਟਾ ਵਿੱਚ ਹੁੰਦੀ ਹੈ।
ਪਰ ਗਰਭ ਅਵਸਥਾ ਦੌਰਾਨ ਪਲੇਸੈਂਟਾ ਦਾ ਸਿੱਧਾ ਅਧਿਐਨ ਨਹੀਂ ਕੀਤਾ ਜਾ ਸਕਦਾ, ਇਸ ਲਈ ਪ੍ਰੈਗਨੈਂਸੀ ਵੇਲੇ ਸ਼ੂਗਰ ਯਾਨੀ ਗੈਸਟੇਸ਼ਨਲ ਡਾਇਬਟੀਜ਼, ਪਰੀ-ਐਕਲੈਂਪਸੀਆ ਅਤੇ ਗਰਭ ਵਿੱਚ ਬੱਚੇ ਦੇ ਹੌਲੀ ਵਿਕਾਸ ਜਿਹੀਆਂ ਸਥਿਤੀਆਂ ਦਾ ਪਲੇਸੈਂਟਾ ਅਤੇ ਬੱਚਿਆਂ 'ਤੇ ਕੀ ਅਸਰ ਪੈਂਦਾ ਹੈ, ਇਸ ਬਾਰੇ ਸਾਡੀ ਜਾਣਕਾਰੀ ਹੁਣ ਵੀ ਸੀਮਿਤ ਹੈ ?
ਖੋਜ ਕਰਤਾ ਅੰਸ਼ੁਲ ਭਿਡੇ ਕਹਿੰਦੇ ਹਨ, "ਸਾਡੀ ਪਲੇਸੈਂਟਾ ਆਨ ਏ ਚਿੱਪ ਤਕਨੀਕ ਇਸ ਲੁਕੋ ਹੋਈ ਦੁਨੀਆਂ ਨੂੰ ਸਮਝਣ ਦਾ ਮੌਕਾ ਦਿੰਦੀ ਹੈ। ਲੈਬ ਵਿੱਚ ਅਸੀਂ ਬਿਮਾਰੀ ਜਿਹੇ ਹਾਲਾਤ ਤਿਆਰ ਕਰ ਸਕਦੇ ਹਾਂ ਅਤੇ ਉੇਸੇ ਵੇਲੇ ਦੇਖ ਸਕਦੇ ਹਾਂ ਕਿ ਪਲੇਸੈਂਟਾ ਦੀ ਸੁਰੱਖਿਆ ਪਰਤ ਉਨ੍ਹਾਂ 'ਤੇ ਕਿਵੇਂ ਪ੍ਰਤੀਕਿਰਿਆ ਦਿੰਦੀ ਹੈ।"
ਉਹ ਕਹਿੰਦੇ ਹਨ, "ਉਦਾਹਰਨ ਵਜੋਂ, ਇਸ ਅਧਿਐਨ ਵਿੱਚ ਅਸੀਂ ਗਰਭ ਦੌਰਾਨ ਸ਼ੂਗਰ ਜਿਹੀ ਸਥਿਤੀ ਬਣਾਉਣ ਲਈ ਖੂਨ ਵਿੱਚ ਗਲੂਕੋਜ਼ ਦਾ ਪੱਧਰ ਵਧਾਇਆ। ਅਸੀਂ ਦੇਖਿਆ ਕਿ ਪਲੇਸੈਂਟਾ ਆਪਣੀ ਸੁਰੱਖਿਆ ਸਮਰੱਥਾ ਬਰਕਰਾਰ ਰੱਖਦਿਆਂ ਹੋਇਆਂ ਵੀ ਮਾਂ ਤੋਂ ਬੱਚੇ ਵੱਲ ਜ਼ਿਆਦਾ ਗਲੂਕੋਜ਼ ਜਾਣ ਦਿੰਦਾ ਹੈ।"
"ਇਸ ਨਾਲ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਸ਼ੂਗਰ ਤੋਂ ਪੀੜਤ ਗਰਭਵਤੀ ਮਹਿਲਵਾਂ ਦੇ ਬੱਚਿਆਂ ਤੱਕ ਵਾਧੂ ਗਲੂਕੋਜ਼ ਕਿਵੇਂ ਪਹੁੰਚ ਸਕਦਾ ਹੈ। ਜਿਸ ਨਾਲ ਉਨ੍ਹਾਂ ਦਾ ਵਿਕਾਸ ਆਮ ਕੋਈ ਵੱਧ ਹੋ ਸਕਦਾ ਹੈ।"
ਕਿਹੜੀਆਂ ਨਵੀਆਂ ਜਾਣਕਾਰੀਆਂ ਮਿਲ ਸਕਦੀਆਂ ਹਨ ?
ਪ੍ਰੋਫੈਸਰ ਦੀਪਕ ਮੋਦੀ ਮੁਤਾਬਕ, ਇਸੇ ਤਕਨੀਕ ਦੀ ਮਦਦ ਨਾਲ ਹੁਣ ਗਰਭ ਅਵਸਥਾ ਨਾਲ ਜੁੜੀਆਂ ਕਈ ਦੂਜੀਆਂ ਸਥਿਤੀਆਂ ਦਾ ਵੀ ਅਧਿਐਨ ਕੀਤਾ ਜਾ ਸਕਦਾ ਹੈ।
ਇਸ ਨਾਲ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਲਾਗ, ਪੋਸ਼ਣ ਦੀ ਕਮੀ ਜਾਂ ਵਾਤਾਵਰਨ ਵਿੱਚ ਮੌਜੂਦ ਪ੍ਰਦੂਸ਼ਕ ਤੱਤ ਪਲੇਸੈਂਟਾ ਦੇ ਕੰਮ ਕਰਨ ਦੇ ਤਰੀਕੇ ਅਤੇ ਬੱਚੇ ਤੱਕ ਪੋਸ਼ਟਿਕ ਤੱਤਾਂ ਦੇ ਪਹੁੰਚਣ ਦੀ ਪ੍ਰਕਿਰਿਆ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ।
ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪ੍ਰਯੋਗ ਇਨਸਾਨੀ ਕੋਸ਼ਿਕਾਵਾਂ ਦੀ ਵਰਤੋਂ ਕਰਕੇ ਨਿਯੰਤਰਿਤ ਸਥਿਤੀਆਂ ਵਿੱਚ ਕੀਤੇ ਜਾ ਰਹੇ ਹਨ। ਇਸ ਲਈ ਇਨ੍ਹਾਂ ਤੋਂ ਅਜਿਹੀਆਂ ਜਾਣਕਾਰੀਆਂ ਮਿਲ ਸਕਦੀਆਂ ਹਨ, ਜਿਨ੍ਹਾਂ ਨੂੰ ਜਾਨਵਰਾਂ 'ਤੇ ਕੀਤੀ ਗਈ ਖੋਜ ਜਾਂ ਅਸਲ ਗਰਭ ਅਵਸਥਾ ਦੌਰਾਨ ਹਾਸਿਲ ਕਰਨਾ ਮੁਸ਼ਕਿਲ ਹੁੰਦਾ ਹੈ।
ਇਸ ਦਾ ਅੰਤਿਮ ਟੀਚਾ ਇਹ ਸਮਝਣਾ ਹੈ ਕਿ ਗਰਭ ਅਵਸਥਾ ਨਾਲ ਜੁੜੀਆਂ ਜਟਿਲਤਾਵਾਂ ਦੇ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਹੀ ਪਲੇਸੈਂਟਾ ਵਿੱਚ ਕੀ ਬਦਲਾਅ ਜਾਂ ਗੜਬੜੀ ਸ਼ੁਰੂ ਹੋ ਜਾਂਦੀ ਹੈ।
ਇਸ ਤਰ੍ਹਾਂ ਦੀ ਜਾਣਕਾਰੀ ਨਾਲ ਭਵਿੱਖ ਵਿੱਚ ਨਵੇਂ ਇਲਾਜ ਵਿਕਸਿਤ ਕਰਨ ਅਤੇ ਮਾਂ ਤੇ ਬੱਚੇ ਦੀ ਸਿਹਤ ਵਾਸਤੇ ਬਿਹਤਰ ਸੁਰੱਖਿਆ ਲਈ ਜ਼ਿਆਦਾ ਪ੍ਰਭਾਵੀ ਉਪਯੋਗ ਲੱਭਣ ਵਿੱਚ ਮਦਦ ਮਿਲ ਸਕਦੀ ਹੈ।
ਇਹ ਤਕਨੀਕ ਦਵਾਈਆਂ ਦੀ ਸੁਰੱਖਿਆ ਜਾਂਚਣ ਵਿੱਚ ਮਦਦ ਕਰ ਸਕਦੀ ਹੈ ?
ਅਸੀਂ ਖੋਜਕਰਤਾਵਾਂ ਤੋਂ ਪੁੱਛਿਆ ਕਿ ਕੀ ਇਹ ਖੋਜ ਭਵਿੱਖ ਵਿੱਚ ਗਰਭ ਅਵਸਥਾ ਦੌਰਾਨ ਦਵਾਈਆਂ ਦੀ ਸੁਰੱਖਿਆ ਜਾਂਚਣ ਵਿੱਚ ਮਦਦ ਕਰ ਸਕਦੀ ਹੈ, ਤਾਂ ਕਿ ਕੇਵਲ ਪਸ਼ੂ ਪ੍ਰੀਖਣਾਂ ਜਾਂ ਗਰਭਵਤੀ ਮਹਿਲਾਵਾਂ 'ਤੇ ਕੀਤੇ ਜਾਣ ਵਾਲੇ ਅਧਿਐਨਾਂ 'ਤੇ ਨਿਰਭਰ ਨਾ ਰਹਿਣਾ ਪਵੇ।
ਪ੍ਰੋਫੈਸਰ ਦੀਪਕ ਮੋਦੀ ਨੇ ਦੱਸਿਆ, "ਗਰਭ ਅਵਸਥਾ ਦੌਰਾਨ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਲੈ ਕੇ ਸਭ ਵੱਡੀ ਚੁਣੌਤੀ ਇਹ ਹੈ ਕਿ ਅਕਸਰ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੁੰਦਾ ਕਿ ਉਹ ਗਰਭ ਵਿੱਚ ਪਲ ਰਹੇ ਬੱਚੇ ਲਈ ਸੁਰੱਖਿਅਤ ਹਨ ਜਾਂ ਨਹੀਂ।"
ਨੈਤਿਕ ਕਾਰਨਾਂ ਕਰਕੇ ਗਰਭਵਤੀ ਮਹਿਲਾਵਾਂ ਨੂੰ ਜ਼ਿਆਦਾਤਰ ਦਵਾਈਆਂ ਦੇ ਕਲੀਨਿਕਲ ਟ੍ਰਾਇਲ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਇਸ ਲਈ ਗਰਭ ਅਵਸਥਾ ਦੌਰਾਨ ਕਈ ਦਵਾਈਆਂ ਕਿਸ ਤਰ੍ਹਾਂ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਦਾ ਬੱਚੇ 'ਤੇ ਕੀ ਅਸਰ ਪੈ ਸਕਦਾ ਹੈ, ਇਸ ਨੂੰ ਸਮਝਣ ਲਈ ਲੋੜੀਂਦੀ ਜਾਣਕਾਰੀ ਮੌਜੂਦ ਨਹੀਂ ਹੁੰਦੀ।
ਉਨ੍ਹਾਂ ਨੇ ਕਿਹਾ, " ਇਹ ਜਾਨਣਾ ਬੇਹਦ ਜ਼ਰੂਰੀ ਹੈ ਕਿ ਕੋਈ ਦਵਾਈ ਪਲੇਸੈਂਟਾ ਨੂੰ ਪਾਰ ਕਰਕੇ ਬੱਚੇ ਤੱਕ ਪਹੁੰਚਦੀ ਹੈ ਜਾਂ ਨਹੀਂ। ਹਾਲੇ ਇਸ ਜਾਣਕਾਰੀ ਲਈ ਮੁੱਖ ਰੂਪ ਵਿੱਚ ਜਾਨਵਰਾਂ 'ਤੇ ਕੀਤੇ ਗਏ ਮਾਡਲ ਦਾ ਇਸਤੇਮਾਲ ਕੀਤਾ ਜਾਂਦਾ ਹੈ।"
ਉਹ ਅੱਗੇ ਕਹਿੰਦੇ ਹਨ, "ਪਰ ਇਨਸਾਨ ਅਤੇ ਜਾਨਵਰਾਂ ਦੇ ਪਲੇਸੈਂਟਾ ਵਿੱਚ ਕਾਫ਼ੀ ਫਰਕ ਹੁੰਦਾ ਹੈ, ਇਸ ਲਈ ਜਾਨਵਰਾਂ 'ਤੇ ਮਿਲੇ ਨਤੀਜੇ ਹਮੇਸ਼ਾ ਇਨਸਾਨੀ ਗਰਭ ਅਵਸਥਾ 'ਤੇ ਸਹੀ ਤਰੀਕੇ ਨਾਲ ਲਾਗੂ ਨਹੀਂ ਹੋ ਸਕਦੇ।"
ਪ੍ਰੋਫੈਸਰ ਦੀਪਕ ਮੋਦੀ ਨੇ ਅੱਗੇ ਕਿਹਾ, "ਮਨੁੱਖੀ ਕੋਸ਼ਿਕਾਵਾਂ 'ਤੇ ਅਧਾਰਿਤ ਪਲੇਸੈਂਟਾ ਆਨ ਚੇਪ ਇਸ ਸਮੱਸਿਆ ਨੂੰ ਹੱਲ ਕਰਨ ਦਾ ਇੱਕ ਨਵਾਂ ਤਰੀਕਾ ਪੇਸ਼ ਕਰਦੀ ਹੈ। ਇਸ ਦੀ ਮਦਦ ਨਾਲ ਅਸੀਂ ਨਿਯੰਤਰਿਤ ਪ੍ਰਯੋਗਸ਼ਾਲਾ ਸਥਿਤੀਆਂ ਵਿੱਚ ਇਹ ਅਧਿਐਨ ਕਰ ਸਕਦੇ ਹਾਂ ਕਿ ਦਵਾਈਆਂ ਮਾਂ ਤੋਂ ਬੱਚੇ ਤੱਕ ਕਿਵੇਂ ਪਹੁੰਚਦੀਆਂ ਹਨ।"
ਉਹ ਕਹਿੰਦੇ ਹਨ, "ਇਸ ਨਾਲ ਦਵਾਈਆਂ ਦੇ ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਇਨਸਾਨਾਂ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ ਅਤੇ ਅੱਗੇ ਦੀ ਜਾਂਚ ਲਈ ਸਭ ਤੋਂ ਬਿਹਤਰ ਦਵਾਈਆਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕਦੀ ਹੈ।"
ਆਈਸੀਐਮਆਰ-ਨੈਸ਼ਨਲ ਇੰਸਟੀਚਿਊਟ ਫਾਰ ਰਿਸਰਚ ਆਨ ਵੂਮਨ ਹੈਲਥ ਦੀ ਨਿਰਦੇਸ਼ਕ ਡਾ. ਗੀਤਾਂਜਲੀ ਸਚਦੇਵਾ ਨੇ ਕਿਹਾ, "ਅਸੀਂ ਇਹ ਦਾਅਵਾ ਨਹੀਂ ਕਰ ਰਹੇ ਹਾਂ ਕਿ ਇਹ ਤਕਨੀਕ ਤੁਰੰਤ ਹੀ ਜਾਨਵਰਾਂ 'ਤੇ ਕੀਤੀ ਜਾਣ ਵਾਲੀ ਖੋਜ ਜਾਂ ਕਲੀਨਿਕਲ ਰਿਸਰਚ ਦੀ ਥਾਂ ਲੈ ਲਵੇਗੀ। ਇਸ ਦਾ ਮਕਸਦ ਮੌਜੂਦਾ ਤਰੀਕਿਆਂ ਦੇ ਨਾਲ-ਨਾਲ ਇਨਸਾਨਾਂ ਨਾਲ ਜੁੜੇ ਵਿਸ਼ੇਸ਼ ਅਤੇ ਉਪਯੋਗੀ ਸਬੂਤ ਉਪਲਬਧ ਕਰਾਉਣਾ ਹੈ।"
ਉਨ੍ਹਾਂ ਕਿਹਾ, "ਭਵਿੱਖ ਵਿੱਚ ਵਿਆਪਕ ਜਾਂਚ ਅਤੇ ਪੁਸ਼ਟੀ ਤੋਂ ਬਾਅਦ ਇਹ ਤਕਨੀਕ ਕੁਝ ਪਸ਼ੂ ਪਰੀਖਣਾਂ ਦੀ ਲੋੜ ਘੱਟ ਕਰ ਸਕਦੀ ਹੈ ਅਤੇ ਗਰਭਵਤੀ ਮਹਿਲਾਵਾਂ ਲਈ ਵੱਖ ਸੁਰੱਖਿਅਤ ਇਲਾਜ ਵਿਕਸਿਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀ ਹੈ।"
ਹਾਲਾਂਕਿ ਇਹ ਤਕਨੀਕ ਹਾਲੇ ਸ਼ੁਰੂਆਤੀ ਪੜਾਅ ਵਿਚ ਹੈ ਪਰ ਪਲੇਸੈਂਟਾ ਆਨ ਏ ਚਿੱਪ ਵਿਗਿਆਨਕਾਂ ਨੂੰ ਗਰਭ ਅਵਸਥਾ ਦੀਆਂ ਲੁਕੀ ਹੋਈਆਂ ਜੈਵਿਕ ਪ੍ਰਕਿਰਿਆਵਾਂ ਨੂੰ ਸਮਝਣ ਲਈ ਇੱਕ ਨਵਾਂ ਰਾਹ ਦਿੰਦੀ ਹੈ।
ਭਵਿੱਖ ਵਿੱਚ ਇਹ ਮਾਂ ਅਤੇ ਬੱਚੇ ਲਈ ਵੱਧ ਸੁਰੱਖਿਅਤ ਦਵਾਈਆਂ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ