You’re viewing a text-only version of this website that uses less data. View the main version of the website including all images and videos.
ਉਹ ਅੰਗਰੇਜ਼ ਕਲਾਕਾਰ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਬਣਾਏ ਅਤੇ ਸਿੱਖਾਂ ਨੂੰ ਵਾਰ-ਵਾਰ 'ਆਕਰਸ਼ਕ' ਕਿਹਾ
- ਲੇਖਕ, ਸੁਧਾ ਜੀ. ਤਿਲਕ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਜਦੋਂ ਫ਼ੋਟੋਗ੍ਰਾਫ਼ੀ ਅਜੇ ਬ੍ਰਿਟਿਸ਼ ਸਾਮਰਾਜ ਲਈ ਲੋਕਾਂ ਅਤੇ ਥਾਵਾਂ ਨੂੰ ਦਰਜ ਕਰਨ ਦਾ ਮੁੱਖ ਸਾਧਨ ਨਹੀਂ ਬਣੀ ਸੀ, ਉਸ ਤੋਂ ਵੀ ਕਾਫ਼ੀ ਪਹਿਲਾਂ ਹੀ ਇੱਕ ਅੰਗਰੇਜ਼ ਔਰਤ ਭਾਰਤ ਦੇ ਲੋਕਾਂ ਦੇ ਸਕੈਚ ਬੇਹੱਦ ਉਤਸੁਕਤਾ, ਧਿਆਨ ਅਤੇ ਬਾਰੀਕੀ ਨਾਲ ਬਣਾ ਰਹੀ ਸੀ।
ਐਮਿਲੀ ਈਡਨ, ਜੋ ਇੱਕ ਬੇਹਤਰੀਨ ਕਲਾਕਾਰ ਅਤੇ ਲੇਖਿਕਾ ਸਨ, ਬ੍ਰਿਟੇਨ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਪਰਿਵਾਰਾਂ ਵਿੱਚੋਂ ਇੱਕ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਨੇ 1830 ਦੇ ਦਹਾਕੇ ਵਿੱਚ ਆਪਣੇ ਭਰਾ ਜਾਰਜ ਈਡਨ (ਆਕਲੈਂਡ ਦੇ ਪਹਿਲੇ ਅਰਲ ਅਤੇ ਭਾਰਤ ਦੇ ਗਵਰਨਰ-ਜਨਰਲ) ਨਾਲ ਪੂਰੇ ਉੱਤਰੀ ਭਾਰਤ ਦੀ ਯਾਤਰਾ ਕੀਤੀ।
ਉਨ੍ਹਾਂ ਨੇ ਰਾਜਕੁਮਾਰਾਂ, ਸੈਨਾਪਤੀਆਂ ਅਤੇ ਦਰਬਾਰੀਆਂ ਦੇ ਨਾਲ-ਨਾਲ ਨੌਕਰਾਂ, ਸਹਾਇਕਾਂ, ਯਾਤਰੀਆਂ, ਫ਼ਕੀਰਾਂ, ਅਫ਼ਗਾਨ ਅਤੇ ਸਿੱਖ ਰਈਸਾਂ, ਅਕਾਲੀ ਯੋਧਿਆਂ, ਪਹਾੜੀ ਭਾਈਚਾਰਿਆਂ ਅਤੇ ਸ਼ਾਹੀ ਯਾਤਰਾਵਾਂ ਵਿੱਚ ਨਾਲ ਚੱਲਣ ਵਾਲੇ ਜਾਨਵਰਾਂ ਦੇ ਵੀ ਸਕੈਚ ਬਣਾਏ।
ਉਨ੍ਹਾਂ ਕੋਲ ਕੋਈ ਅਜਿਹੀ ਨਜ਼ਰ ਅਤੇ ਹੁਨਰ ਸੀ ਜੋ ਉਨ੍ਹਾਂ ਨੂੰ ਆਪਣੇ ਸਮੇਂ ਦੇ ਕਈ ਹੋਰ ਕਲਾਕਾਰਾਂ ਤੋਂ ਵੱਖਰਾ ਬਣਾਉਂਦੀ ਸੀ।
ਉਨ੍ਹਾਂ ਦੇ ਦੋ ਦਰਜਨ ਤੋਂ ਵੱਧ ਸਕੈਚ 1844 ਵਿੱਚ 'ਪੋਰਟਰੇਟ ਆਫ਼ ਦਿ ਪ੍ਰਿੰਸਜ਼ ਐਂਡ ਪੀਪਲ ਆਫ਼ ਇੰਡੀਆ' ਦੇ ਰੂਪ ਵਿੱਚ ਛਪੇ ਸਨ। ਹੁਣ ਇਹ ਸਕੈਚ ਦਿੱਲੀ ਵਿੱਚ ਡੀਏਜੀ ਵਿੱਚ ਲੱਗੀ ਪ੍ਰਦਰਸ਼ਨੀ 'ਪਿੰਸਜ਼ ਐਂਡ ਪੀਪਲ' ਦਾ ਮੁੱਖ ਹਿੱਸਾ ਹਨ।
ਇਸ ਪ੍ਰਦਰਸ਼ਨੀ ਨੂੰ ਕਲਾ ਇਤਿਹਾਸਕਾਰ ਮੈਰੀ ਐਨ ਪ੍ਰਾਇਰ ਨੇ ਤਿਆਰ ਕੀਤਾ ਹੈ ਅਤੇ ਇਸ ਵਿੱਚ ਈਡਨ ਦੇ ਅਸਲੀ ਸਕੈਚਾਂ ਤੋਂ ਬਣੇ ਹੋਏ ਤੇ ਹੱਥ ਨਾਲ ਰੰਗੇ ਹੋਏ ਲਿਥੋਗ੍ਰਾਫ਼ਾਂ ਦੀ ਪੂਰੀ ਲੜੀ ਸੀਰੀਜ਼ ਹੈ।
ਈਡਨ, ਮਾਰਚ 1836 ਵਿੱਚ ਕਲਕੱਤਾ (ਹੁਣ ਕੋਲਕਾਤਾ) ਪਹੁੰਚੇ, ਜਿੱਥੇ ਉਹ ਆਉਂਦਿਆਂ ਹੀ ਸਰਕਾਰੀ ਰੁਝੇਵਿਆਂ 'ਚ ਉਲਝ ਗਏ, ਇਹ ਉਨ੍ਹਾਂ ਲਈ ਇੱਕ ਪੂਰੀ ਤਰ੍ਹਾਂ ਅਣਜਾਣ ਦੁਨੀਆ ਸੀ।
ਘਰ ਦੀ ਬਹੁਤ ਯਾਦ ਆਉਣ ਅਤੇ ਨਵੇਂ ਮਾਹੌਲ ਵਿੱਚ ਢਲਣ ਵਿੱਚ ਮੁਸ਼ਕਲ ਹੋਣ ਕਾਰਨ ਉਨ੍ਹਾਂ ਨੇ ਤਿੰਨ ਹਫ਼ਤਿਆਂ ਤੱਕ ਕੋਈ ਸਕੈਚ ਨਹੀਂ ਬਣਾਇਆ ਅਤੇ ਦੋ ਮਹੀਨਿਆਂ ਤੱਕ ਕੋਈ ਪੇਂਟਿੰਗ ਪੂਰੀ ਨਹੀਂ ਕੀਤੀ।
ਪਰ ਉਨ੍ਹਾਂ ਨਾਲ ਯਾਤਰਾ ਕਰਨ ਵਾਲੇ ਲੋਕਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਸਮੂਹ ਵਿੱਚ ਉਨ੍ਹਾਂ ਦਾ ਭਤੀਜਾ ਵਿਲੀਅਮ, ਭੈਣ ਫੈਨੀ, ਨੌਕਰਾਣੀਆਂ, ਇੱਕ ਆਇਆ, ਇੱਕ ਰਸੋਈਆ, ਇੱਕ ਵੈਲੇ (ਨਿੱਜੀ ਸੇਵਕ), ਇੱਕ ਡਾਕਟਰ ਅਤੇ ਕਈ ਤਰ੍ਹਾਂ ਦੇ ਪਾਲਤੂ ਜਾਨਵਰ ਸ਼ਾਮਲ ਸਨ।
ਕਲਾ ਇਤਿਹਾਸਕਾਰ ਅਤੇ ਲੇਖਿਕਾ ਮੈਰੀ ਐਨ ਪ੍ਰਾਇਰ ਦੱਸਦੇ ਹਨ ਕਿ ਭਾਰਤ ਪਹੁੰਚਣ ਤੋਂ ਪਹਿਲਾਂ ਹੀ ਇਸ ਯਾਤਰਾ ਨੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਦੂਰ ਤੱਕ ਫੈਲਣ ਲੱਗਿਆ ਸੀ, ਕਿਉਂਕਿ ਉਨ੍ਹਾਂ ਨੂੰ ਨਵੇਂ ਲੋਕਾਂ, ਸੱਭਿਆਚਾਰਾਂ ਅਤੇ ਜੀਵਨ-ਸ਼ੈਲੀਆਂ ਦਾ ਅਨੁਭਵ ਹੋ ਰਿਹਾ ਸੀ।
"ਲੋਕਾਂ ਅਤੇ ਥਾਵਾਂ ਦੀ ਵਿਭਿੰਨਤਾ ਨੇ ਐਮਿਲੀ ਦੀ ਕਲਾਤਮਕ ਸਮਰੱਥਾ ਨੂੰ ਪ੍ਰੇਰਿਤ ਕੀਤਾ ਅਤੇ ਹੋਰ ਨਿਖਾਰਿਆ ਅਤੇ ਉਨ੍ਹਾਂ ਦੀ ਕੁਦਰਤੀ ਉਤਸੁਕਤਾ ਨੇ ਅਨੋਖੀਆਂ ਚੀਜ਼ਾਂ ਦੀ ਖੋਜ ਕੀਤੀ। ਉਨ੍ਹਾਂ ਨੇ ਆਪਣੇ ਸਕੈਚਾਂ ਅਤੇ ਪੇਂਟਿੰਗਾਂ ਰਾਹੀਂ ਆਪਣੇ ਦੇਖੇ-ਪਰਖੇ ਤਜਰਬਿਆਂ ਨੂੰ ਬਹੁਤ ਬਾਰੀਕੀ ਨਾਲ ਦਰਜ ਕੀਤਾ।"
ਮਹਿਲਾਂ, ਚਰਚਾਂ ਅਤੇ ਅੰਗਰੇਜ਼ੀ ਨਜ਼ਾਰਿਆਂ ਦੀ ਬਜਾਏ, ਈਡਨ ਦਾ ਧਿਆਨ ਉਨ੍ਹਾਂ ਅਣਜਾਣ ਲੋਕਾਂ, ਪਹਿਰਾਵਿਆਂ, ਵਾਸਤੂਕਲਾ ਅਤੇ ਅਣਦੇਖੇ ਨਜ਼ਾਰਿਆਂ ਵੱਲ ਵਧੇਰੇ ਗਿਆ, ਜੋ ਉਨ੍ਹਾਂ ਨੂੰ ਯਾਤਰਾ ਦੌਰਾਨ ਮਿਲੇ।
1836 ਅਤੇ 1842 ਦੇ ਵਿਚਕਾਰ, ਇਸੇ ਉਤਸੁਕਤਾ ਨੇ ਉਨ੍ਹਾਂ ਨੂੰ ਅਜਿਹੇ ਇਲਾਕੇ ਦੀ ਯਾਤਰਾ ਕਰਵਾਈ ਜੋ ਵੱਡੇ ਸਿਆਸੀ ਬਦਲਾਅ ਦੇ ਦੌਰ ਵਿੱਚੋਂ ਲੰਘ ਰਿਹਾ ਸੀ।
ਉਨ੍ਹਾਂ ਦੇ ਸਕੈਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਇੱਕ ਅਨੋਖੀ ਝਲਕ ਦਿਖਾਉਂਦੇ ਹਨ।
ਮਹਾਰਾਜਾ ਦਾ ਪੰਜਾਬ ਰਾਜ ਉਪ-ਮਹਾਂਦੀਪ ਦੇ ਸਭ ਤੋਂ ਤਾਕਤਵਰ ਰਾਜਾਂ ਵਿੱਚੋਂ ਇੱਕ ਸੀ। ਉਨ੍ਹਾਂ ਦੇ ਸਕੈਚਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਆਖ਼ਰੀ ਦੌਰ ਅਤੇ ਵਿਕਟੋਰੀਅਨ ਯੁੱਗ ਦੀ ਸ਼ੁਰੂਆਤ ਦੀਆਂ ਤਸਵੀਰਾਂ ਮਿਲਦੀਆਂ ਹਨ।
ਈਡਨ ਜਿੰਨੇ ਵਧੀਆ ਕਲਾਕਾਰ ਸਨ, ਓਨੇ ਹੀ ਵਧੀਆ ਲੇਖਿਕਾ ਵੀ ਸਨ। ਉਨ੍ਹਾਂ ਦੀਆਂ ਦਿਲਚਸਪ ਡਾਇਰੀਆਂ ਵਿੱਚ ਹਾਸਾ ਅਤੇ ਬਾਰੀਕੀ ਨਾਲ ਕੀਤੀਆਂ ਗਈਆਂ ਟਿੱਪਣੀਆਂ ਭਰੀਆਂ ਹੁੰਦੀਆਂ ਸਨ, ਉਹ ਅਕਸਰ ਨਾਵਾਂ ਅਤੇ ਥਾਵਾਂ ਦੇ ਸਪੈਲਿੰਗ ਉਸੇ ਤਰ੍ਹਾਂ ਲਿਖਦੇ ਸਨ, ਜਿਵੇਂ ਉਨ੍ਹਾਂ ਨੂੰ ਸੁਣਾਈ ਦਿੰਦੀ ਸੀ।
ਧਾਰਮਿਕ ਸ਼ਹਿਰ ਬਨਾਰਸ (ਹੁਣ ਵਾਰਾਣਸੀ) ਪਹੁੰਚਣ 'ਤੇ, ਈਡਨ ਦਾ ਸਮੂਹ ਗੰਗਾ ਦਰਿਆ ਵਿੱਚ ਕਿਸ਼ਤੀ ਰਾਹੀਂ ਅੱਗੇ ਵਧਿਆ ਅਤੇ ਦੂਜੇ ਪਾਸੇ ਵੱਸੇ ਰਾਮਨਗਰ ਪਹੁੰਚਿਆ, ਜਿੱਥੇ ਰਾਜੇ ਦਾ ਇੱਕ ਕੰਟਰੀ ਹਾਊਸ ਸੀ।
ਇਹ ਨਜ਼ਾਰਾ ਐਮਿਲੀ ਨੂੰ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਲਿਖਿਆ, "ਅਸੀਂ ਆਪਣਾ ਸਟੀਮਰ ਇੱਥੇ ਹੀ ਰੱਖਾਂਗੇ ਅਤੇ ਇਸੇ ਵਿੱਚ ਘੁੰਮਦੇ ਹੋਏ ਸਕੈਚ ਬਣਾਵਾਂਗੇ।"
ਪਰ ਉਨ੍ਹਾਂ ਦਾ ਸਕੈਚ ਬਣਾਉਣ ਦਾ ਇਹ ਜਨੂੰਨ ਤੁਰੰਤ ਨਹੀਂ ਜਾਗਿਆ ਸੀ। ਸ਼ੁਰੂ ਵਿੱਚ, ਇੰਗਲੈਂਡ ਅਤੇ ਭਾਰਤ ਦੇ ਵਿਚਕਾਰ ਸੱਭਿਆਚਾਰਕ ਫ਼ਰਕ ਕਾਰਨ ਈਡਨ ਨੂੰ ਆਪਣੇ ਘਰ ਦੀ ਬਹੁਤ ਯਾਦ ਆਉਂਦੀ ਸੀ।
ਉਨ੍ਹਾਂ ਨੂੰ ਕਈ ਚੀਜ਼ਾਂ ਪਰੇਸ਼ਾਨ ਕਰਦੀਆਂ ਸਨ, ਜਿਵੇਂ- ਬਿਨਾਂ ਬੋਨਟ ਪਹਿਨੇ (ਬਿਨਾਂ ਸਿਰ ਢਕੇ) ਚਰਚ ਜਾਣ ਵਾਲੀਆਂ ਔਰਤਾਂ, ਬਹੁਤ ਜ਼ਿਆਦਾ ਮੱਛਰ, ਲਗਾਤਾਰ ਗਰਮੀ, ਕੁੱਤਿਆਂ, ਕਾਵਾਂ, ਗਿੱਦੜਾਂ ਅਤੇ ਬ੍ਰਾਹਮਣੀ ਚੀਲਾਂ ਦਾ ਸ਼ੋਰ ਅਤੇ ਦਿਨ ਦਾ ਜ਼ਿਆਦਾਤਰ ਸਮਾਂ ਘਰ ਦੇ ਅੰਦਰ ਬਿਤਾਉਣਾ।
ਪਰ ਜਿਵੇਂ-ਜਿਵੇਂ ਮਹੀਨੇ ਬੀਤਦੇ ਗਏ, ਉਨ੍ਹਾਂ ਨੇ ਬਹੁਤ ਸਾਰੇ ਸਕੈਚ ਬਣਾਏ ਅਤੇ ਉਨ੍ਹਾਂ ਦੀਆਂ ਪੇਂਟਿੰਗਾਂ ਜਲਦ ਹੀ ਵਿਕਣ ਲੱਗੀਆਂ। ਉਹ ਸ਼ਿਮਲਾ ਵਿੱਚ ਚੈਰਿਟੀ ਮੇਲਿਆਂ ਵਿੱਚ ਤੇਜ਼ੀ ਨਾਲ ਵਿਕੀਆਂ, ਭਾਰਤ ਵਿੱਚ ਅੰਗਰੇਜ਼ਾਂ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ ਭਾਰਤੀ ਕਲਾਕਾਰਾਂ ਨੇ ਉਨ੍ਹਾਂ ਦੀ ਨਕਲ ਵੀ ਕੀਤੀ।
ਪ੍ਰਾਇਰ ਨੇ ਈਡਨ ਦੇ ਭਾਰਤੀ ਸਕੈਚਾਂ ਨੂੰ ਰੀਜੈਂਸੀ ਅਤੇ ਵਿਕਟੋਰੀਅਨ ਯੁੱਗ ਦੀ ਕਿਸੇ ਵੀ ਬ੍ਰਿਟਿਸ਼ ਔਰਤ ਕਲਾਕਾਰ ਵੱਲੋਂ ਬਣਾਏ ਗਏ ਸਭ ਤੋਂ ਬੇਹਤਰੀਨ ਸਕੈਚਾਂ ਵਿੱਚੋਂ ਇੱਕ ਦਾ ਦਰਜਾ ਦਿੱਤਾ।
ਸਿਰਫ਼ ਸ਼ਾਰਲਟ ਕੈਨਿੰਗ (ਜੋ ਆਪਣੀਆਂ ਬੋਟੈਨਿਕਲ ਪੇਂਟਿੰਗਾਂ ਲਈ ਮਸ਼ਹੂਰ ਸਨ) ਅਤੇ ਬਾਅਦ ਵਿੱਚ ਮੈਰੀਐਨ ਨੌਰਥ ਹੀ ਉਨ੍ਹਾਂ ਦੀ ਬਰਾਬਰੀ ਕਰ ਸਕੀਆਂ।
ਹਾਲਾਂਕਿ, ਈਡਨ ਵਿੱਚ ਚੀਜ਼ਾਂ ਨੂੰ ਬਾਰੀਕੀ ਨਾਲ ਦੇਖਣ ਦੀ ਅਦਭੁੱਤ ਸਮਰੱਥਾ ਸੀ, ਪਰ ਨਾਲ-ਨਾਲ ਉਨ੍ਹਾਂ ਦਾ ਬ੍ਰਿਟੇਨ ਦੇ 'ਸੱਭਿਅਕ ਬਣਾਉਣ ਦੇ ਮਿਸ਼ਨ' 'ਚ ਵੀ ਅਟੱਲ ਵਿਸ਼ਵਾਸ ਸੀ।
ਜਿਵੇਂ ਕਿ ਪ੍ਰਾਇਰ ਲਿਖਦੇ ਹਨ ਕਿ ਉਨ੍ਹਾਂ ਨੂੰ ਭਾਰਤ 'ਚ ਰਹਿਣਾ ਬਹੁਤ ਔਖਾ ਲੱਗਦਾ ਸੀ ਪਰ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਬ੍ਰਿਟੇਨ ਦਾ ਭਾਰਤ ਨੂੰ 'ਸੱਭਿਅਕ' ਬਣਾਉਣਾ ਠੀਕ ਹੈ, ਉਹ ਮੰਨਦੇ ਸਨ ਇਹ ਉਹ ਸਭ ਕੁਝ ਇੱਕ ਵੱਡੇ ਮਕਸਦ ਲਈ ਕਰ ਰਹੇ ਹਨ।
ਈਡਨ ਪਰਿਵਾਰ, 1842 ਵਿੱਚ ਭਾਰਤ ਤੋਂ ਵਾਪਸ ਇੰਗਲੈਂਡ ਚਲਾ ਗਿਆ। ਬ੍ਰਿਟੇਨ ਵਾਪਸ ਪਰਤਣ ਤੋਂ ਬਾਅਦ ਵੀ ਐਮਿਲੀ ਨੇ ਪੇਂਟਿੰਗ ਕਰਨਾ ਜਾਰੀ ਰੱਖੀ, ਹਾਲਾਂਕਿ ਭਾਰਤ ਵਿੱਚ ਅਣਜਾਣ ਨਜ਼ਾਰਿਆਂ ਅਤੇ ਲੋਕਾਂ ਨੂੰ ਦਰਜ ਕਰਨ ਦੀ ਜੋ ਜ਼ਬਰਦਸਤ ਇੱਛਾ-ਸ਼ਕਤੀ ਉਨ੍ਹਾਂ ਵਿੱਚ ਸੀ, ਉਹ ਹੁਣ ਘੱਟ ਹੋ ਗਈ ਸੀ।
ਉਨ੍ਹਾਂ ਦੇ ਬਾਅਦ ਦੇ ਕੰਮ ਘੱਟ ਸਨ ਅਤੇ ਉਨ੍ਹਾਂ ਵਿੱਚ ਜਾਣੇ-ਪਛਾਣੇ ਅੰਗਰੇਜ਼ੀ ਨਜ਼ਾਰੇ ਜ਼ਿਆਦਾ ਸਨ।
ਲਿਖਣਾ ਹੀ ਉਹ ਜ਼ਰੀਆ ਬਣ ਗਿਆ, ਜਿਸ ਰਾਹੀਂ ਭਾਰਤ ਦੇ ਉਨ੍ਹਾਂ ਦੇ ਤਜਰਬੇ ਵੱਧ ਲੋਕਾਂ ਤੱਕ ਪਹੁੰਚੇ। ਭਾਰਤ ਤੋਂ ਲਿਖੇ ਉਨ੍ਹਾਂ ਦੇ ਜੀਵੰਤ ਪੱਤਰਾਂ ਦਾ ਸੰਗ੍ਰਹਿ 'ਅਪ ਦਿ ਕੰਟਰੀ' 1866 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਇਸ ਤੋਂ ਬਾਅਦ 1872 ਵਿੱਚ 'ਲੈਟਰਸ ਫ਼ਰਾਮ ਇੰਡੀਆ' ਪ੍ਰਕਾਸ਼ਿਤ ਹੋਇਆ।
ਹਾਲਾਂਕਿ, ਸ਼ੁਰੂ ਵਿੱਚ ਉਨ੍ਹਾਂ ਦੀ ਪਹਿਚਾਣ ਉਨ੍ਹਾਂ ਦੇ ਪਰਿਵਾਰ ਦੇ ਪਹਿਲੇ ਅਫ਼ਗਾਨ ਯੁੱਧ ਨਾਲ ਸਬੰਧ ਕਾਰਨ ਬਣੀ ਸੀ, ਪਰ ਹੌਲੀ-ਹੌਲੀ ਉਨ੍ਹਾਂ ਦੀ ਪਛਾਣ ਇੱਕ ਲੇਖਿਕਾ ਅਤੇ ਕਲਾਕਾਰ ਵਜੋਂ ਉਨ੍ਹਾਂ ਦੀਆਂ ਆਪਣੀਆਂ ਉਪਲੱਬਧੀਆਂ 'ਤੇ ਆਧਾਰਿਤ ਹੋ ਗਈ। 1869 ਵਿੱਚ ਐਮਿਲੀ ਈਡਨ ਦਾ ਦੇਹਾਂਤ ਹੋ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ